Join WhatsApp

Join Now

ਰੋਜ਼ੀ-ਰੋਟੀ ਲਈ ਵਿਦੇਸ਼ ਗਏ ਪੰਜਾਬੀ ਵਿਅਕਤੀ ਦੀ ਮੌਤ! ਆਬੂਧਾਬੀ ‘ਚ ਲਏ ਆਖ਼ਰੀ ਸਾਹ

On: ਸਤੰਬਰ 8, 2026 12:59 ਬਾਃ ਦੁਃ

 

ਰੋਜ਼ੀ ਰੋਟੀ ਲਈ ਵਿਦੇਸ਼ ਗਏ ਪੰਜਾਬੀ ਵਿਅਕਤੀ ਦੀ ਮੌਤ! ਆਬੂਧਾਬੀ ‘ਚ ਲਏ ਆਖ਼ਰੀ ਸਾਹ

ਆਬੂਧਾਬੀ ’ਚ ਤਲਵੰਡੀ ਚੌਧਰੀਆਂ ਦੇ 55 ਸਾਲਾ ਵਿਅਕਤੀ ਦੀ ਮੌਤ, ਪਰਿਵਾਰ ’ਚ ਛਾਇਆ ਮਾਤਮ

ਸੁਲਤਾਨਪੁਰ ਲੋਧੀ, 8 ਸਤੰਬਰ 2026: ਆਪਣੇ ਅਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਦੀ ਆਸ ਲੈ ਕੇ ਵਿਦੇਸ਼ਾਂ ਵਿੱਚ ਮਿਹਨਤ-ਮਜ਼ਦੂਰੀ ਕਰਨ ਵਾਲੇ ਪੰਜਾਬੀਆਂ ਨੂੰ ਕਈ ਵਾਰ ਅਜਿਹੇ ਦੁਖਦਾਈ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਪਿੱਛੇ ਰਹਿ ਗਏ ਪਰਿਵਾਰਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਅਜਿਹਾ ਹੀ ਦੁਖਦਾਈ ਮਾਮਲਾ ਤਲਵੰਡੀ ਚੌਧਰੀਆਂ ਦੇ ਇੱਕ ਗਰੀਬ ਪਰਿਵਾਰ ਨਾਲ ਸਾਹਮਣੇ ਆਇਆ ਹੈ।

ਪਿੰਡ ਦੇ 55 ਸਾਲਾ ਸੁੱਖਾ ਪੁੱਤਰ ਬਾਵਾ ਦੀ ਆਬੂਧਾਬੀ ਵਿੱਚ ਬੀਤੀ ਰਾਤ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਸੁੱਖਾ ਕਰੀਬ 14 ਮਹੀਨੇ ਪਹਿਲਾਂ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਮਿਹਨਤ-ਮਜ਼ਦੂਰੀ ਕਰਨ ਵਾਸਤੇ ਆਬੂਧਾਬੀ ਗਿਆ ਸੀ। ਉਹ ਉੱਥੇ ਆਪਣੇ ਸਾਥੀਆਂ ਨਾਲ ਇੱਕ ਕਮਰੇ ਵਿੱਚ ਰਹਿ ਰਿਹਾ ਸੀ।

ਸੁੱਖੇ ਦੇ ਪਿਤਾ ਬਾਵਾ ਅਤੇ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਕਮਰੇ ਵਿੱਚ ਉਸ ਦੇ ਨਾਲ ਰਹਿੰਦੇ ਵਿਅਕਤੀਆਂ ਨੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਸੁੱਖਾ ਰੋਜ਼ਾਨਾ ਦੀ ਤਰ੍ਹਾਂ ਕੰਮ ਤੋਂ ਵਾਪਸ ਆਇਆ ਅਤੇ ਰੋਟੀ ਖਾਣ ਮਗਰੋਂ ਬੈੱਡ ’ਤੇ ਲੇਟ ਗਿਆ। ਇਸ ਦੌਰਾਨ ਉਸ ਨੇ ਆਪਣੇ ਕੁਝ ਭੈਣ-ਭਰਾਵਾਂ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ। ਇਸ ਤੋਂ ਕੁਝ ਸਮੇਂ ਬਾਅਦ ਉਸ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਸ ਨੇ ਬੇਚੈਨੀ ਮਹਿਸੂਸ ਕੀਤੀ।

ਸਾਥੀਆਂ ਵੱਲੋਂ ਸੁੱਖੇ ਨੂੰ ਤੁਰੰਤ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਉਸ ਦੀ ਦੇਹ ਆਬੂਧਾਬੀ ਦੀ ਮੋਰਚਰੀ ਵਿੱਚ ਰੱਖਵਾ ਦਿੱਤੀ ਗਈ ਹੈ।

ਮੇਵਾ ਸਿੰਘ ਵਾਲਾ ਦੇ ਜਸਜੀਤ ਸਿੰਘ ਨੇ ਦੱਸਿਆ ਕਿ ਸੁੱਖਾ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਸੀ ਅਤੇ ਪਰਿਵਾਰ ਦੀ ਰੋਜ਼ੀ-ਰੋਟੀ ਚਲਾਉਣ ਲਈ ਹੀ ਉਹ ਵਿਦੇਸ਼ ਗਿਆ ਸੀ। ਉਨ੍ਹਾਂ ਦੱਸਿਆ ਕਿ ਸੁੱਖੇ ਦੀ ਦੇਹ ਨੂੰ ਤਲਵੰਡੀ ਚੌਧਰੀਆਂ ਲਿਆਉਣ ਲਈ ਲੋੜੀਂਦੀ ਕਾਗਜ਼ੀ ਕਾਰਵਾਈ ਤਿਆਰ ਕਰਵਾਈ ਜਾ ਰਹੀ ਹੈ। ਪਰਿਵਾਰ ਵੱਲੋਂ ਮ੍ਰਿਤਕ ਦੀ ਦੇਹ ਜਲਦ ਪਿੰਡ ਲਿਆਂਦੇ ਜਾਣ ਦੀ ਉਡੀਕ ਕੀਤੀ ਜਾ ਰਹੀ ਹੈ।

 

Leave a Comment