ਸਮਾਰਟ ਸਕੂਲਾਂ ਦੇ ਦਾਅਵਿਆਂ ਦੀ ਨਿੱਕਲੀ ਫੂਕ! ਚਿੱਪ ਵਾਲੇ ਮੀਟਰ ਨੇ ਖੋਹੀ ਬਿਜਲੀ, ਕਿਤਾਬਾਂ ਨਾਲ ਪੱਖੀ ਝੱਲਣ ਲਈ ਮਜ਼ਬੂਰ ਹੋਏ ਬੱਚੇ
165 ਬੱਚਿਆਂ ਸਿਰ ਸਿਰਫ਼ 1 ਅਧਿਆਪਕਾ, ਬਿਜਲੀ ਬੰਦ ਹੋਣ ਕਾਰਨ ਗੁਆਂਢੀਆਂ ਦੇ ਘਰੋਂ ਪਾਣੀ ਲਿਆ ਕੇ ਬਣ ਰਿਹਾ ਮਿਡ-ਡੇ-ਮੀਲ
ਮਾਛੀਵਾੜਾ ਸਾਹਿਬ / ਖੰਨਾ, 18 ਜੁਲਾਈ 2026- ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ‘ਸਮਾਰਟ ਸਕੂਲ’ ਦਾ ਦਰਜਾ ਦੇ ਕੇ ਉੱਥੇ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਉਲਟ ਹੈ। ਖੰਨਾ ਪੁਲਸ ਜ਼ਿਲ੍ਹਾ ਅਧੀਨ ਪੈਂਦੇ ਇਲਾਕੇ ਮਾਛੀਵਾੜਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੰਬਰ 3 ਤੋਂ ਇੱਕ ਬੇਹੱਦ ਚਿੰਤਾਜਨਕ ਅਤੇ ਵਿਭਾਗ ਦੀ ਨਾਕਾਮੀ ਨੂੰ ਜੱਗ-ਜ਼ਾਹਰ ਕਰਦੀ ਤਸਵੀਰ ਸਾਹਮਣੇ ਆਈ ਹੈ। ਇੱਥੇ ਪਿਛਲੇ ਦੋ ਦਿਨਾਂ ਤੋਂ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੈ, ਜਿਸ ਕਾਰਨ ਪੜ੍ਹਨ ਆਏ ਛੋਟੇ-ਛੋਟੇ ਮਾਸੂਮ ਬੱਚੇ ਇਸ ਹੁੰਮਸ ਭਰੀ ਅੱਤ ਦੀ ਗਰਮੀ ਵਿੱਚ ਹਾਲੋ-ਬੇਹਾਲ ਹੋ ਰਹੇ ਹਨ।
ਪੰਜਾਬ ਵਿੱਚ ਇਸ ਸਮੇਂ ਪੈ ਰਹੀ ਭਾਰੀ ਹੁੰਮਸ ਵਾਲੀ ਗਰਮੀ ਨੇ ਆਮ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਅਜਿਹੇ ਵਿੱਚ ਜਦੋਂ ਮੀਡੀਆ ਕਰਮੀਆਂ ਨੇ ਇਸ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ ਤਾਂ ਉੱਥੋਂ ਦੇ ਹਾਲਾਤ ਦੇਖ ਕੇ ਸਭ ਦੇ ਰੌਂਗਟੇ ਖੜ੍ਹੇ ਹੋ ਗਏ। ਸਕੂਲ ਦੇ ਕਮਰਿਆਂ ਵਿੱਚ ਘੁੱਟਣ ਅਤੇ ਅੰਨ੍ਹੇਰਾ ਸੀ, ਜਿਸ ਕਾਰਨ ਮਾਸੂਮ ਬੱਚੇ ਆਪਣੇ ਹੱਥਾਂ ਵਿੱਚ ਫੜ੍ਹੀਆਂ ਕਿਤਾਬਾਂ ਅਤੇ ਕਾਪੀਆਂ ਨੂੰ ਹੀ ਪੱਖੀਆਂ ਵਾਂਗ ਝੱਲਣ ਲਈ ਮਜ਼ਬੂਰ ਸਨ। ਕਈ ਛੋਟੇ ਬੱਚੇ ਗਰਮੀ ਅਤੇ ਪਸੀਨੇ ਨਾਲ ਪੂਰੀ ਤਰ੍ਹਾਂ ਭਿੱਜੇ ਹੋਏ ਸਨ।
ਸਕੂਲ ਅਧਿਆਪਕਾ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਕੁਝ ਮਹੀਨੇ ਪਹਿਲਾਂ ਸਕੂਲ ਵਿੱਚ ਚਿੱਪ ਵਾਲਾ ਪ੍ਰੀ-ਪੇਡ ਮੀਟਰ ਲਗਾਇਆ ਗਿਆ ਸੀ। ਰੀਚਾਰਜ ਜਾਂ ਤਕਨੀਕੀ ਖ਼ਰਾਬੀ ਕਾਰਨ ਪਿਛਲੇ ਦੋ ਦਿਨਾਂ ਤੋਂ ਬਿਜਲੀ ਸਪਲਾਈ ਬੰਦ ਹੈ, ਜਿਸ ਕਾਰਨ ਨਾ ਤਾਂ ਪੱਖੇ ਚੱਲ ਰਹੇ ਹਨ ਅਤੇ ਨਾ ਹੀ ਲਾਈਟਾਂ। ਬਿਜਲੀ ਨਾ ਹੋਣ ਕਾਰਨ ਸਕੂਲ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਵੀ ਕਿੱਲਤ ਪੈਦਾ ਹੋ ਗਈ ਹੈ।
ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਕੂਲ ਵਿੱਚ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਕੁੱਲ 165 ਵਿਦਿਆਰਥੀ ਪੜ੍ਹਦੇ ਹਨ, ਪਰ ਉਨ੍ਹਾਂ ਨੂੰ ਪੜ੍ਹਾਉਣ ਲਈ ਸਕੂਲ ਵਿੱਚ ਕੇਵਲ ਇੱਕੋ-ਇੱਕ ਅਧਿਆਪਕਾ ਮੌਜੂਦ ਸੀ। ਇੱਕੋ ਅਧਿਆਪਕਾ ਵੱਲੋਂ ਪੰਜ ਜਮਾਤਾਂ ਦੇ ਬੱਚਿਆਂ ਨੂੰ ਸੰਭਾਲਣਾ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਹੈ। ਗਰਮੀ ਕਾਰਨ ਬੱਚੇ ਕਮਰਿਆਂ ਦੇ ਅੰਦਰ ਬੈਠਣ ਦੀ ਬਜਾਏ ਬਾਹਰ ਵਰਾਂਡੇ ਵਿੱਚ ਬੈਠ ਕੇ ਪੜ੍ਹਨ ਲਈ ਮਜ਼ਬੂਰ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਏ.ਸੀ. ਦਫ਼ਤਰਾਂ ਵਿੱਚ ਬੈਠੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਨ੍ਹਾਂ ਗ਼ਰੀਬ ਪਰਿਵਾਰਾਂ ਦੇ ਮਾਸੂਮ ਬੱਚਿਆਂ ਦੀ ਤਕਲੀਫ਼ ਕਿਉਂ ਦਿਖਾਈ ਨਹੀਂ ਦਿੰਦੀ?
ਦੋ ਦਿਨ ਬੀਤ ਜਾਣ ਦੇ ਬਾਵਜੂਦ ਵੀ ਬਿਜਲੀ ਬਹਾਲੀ ਲਈ ਕੋਈ ਤੁਰੰਤ ਕਦਮ ਨਹੀਂ ਚੁੱਕਿਆ ਗਿਆ। ਇਸੇ ਸਕੂਲ ਕੰਪਲੈਕਸ ਦੇ ਅੰਦਰ ਹੀ ਤਿੰਨ ਤੋਂ ਚਾਰ ਸਾਲ ਦੇ ਬੱਚਿਆਂ ਲਈ ਇੱਕ ਆਂਗਣਵਾੜੀ ਸੈਂਟਰ ਵੀ ਚਲਾਇਆ ਜਾ ਰਿਹਾ ਹੈ। ਬਿਜਲੀ ਗੁੱਲ ਹੋਣ ਦਾ ਅਸਰ ਇਨ੍ਹਾਂ ਨਿੱਕੇ-ਨਿੱਕੇ ਬੱਚਿਆਂ ‘ਤੇ ਵੀ ਦੇਖਣ ਨੂੰ ਮਿਲਿਆ। ਸਕੂਲ ਵਿੱਚ ਤਾਇਨਾਤ ਆਂਗਣਵਾੜੀ ਹੈਲਪਰ/ਵਰਕਰ ਇਨ੍ਹਾਂ ਛੋਟੇ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਆਪਣੇ ਹੱਥ ਵਾਲੀ ਪੱਖੀ ਨਾਲ ਹਵਾ ਝੱਲਦੀ ਨਜ਼ਰ ਆਈ। ਇਹ ਮੰਜ਼ਰ ਸਿੱਖਿਆ ਵਿਭਾਗ ਅਤੇ ਸਰਕਾਰ ਦੇ ‘ਸਮਾਰਟ’ ਪ੍ਰਬੰਧਾਂ ‘ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ।
ਬਿਜਲੀ ਸਪਲਾਈ ਠੱਪ ਹੋਣ ਕਾਰਨ ਸਕੂਲ ਦੀ ਮੋਟਰ ਬੰਦ ਹੈ, ਜਿਸ ਕਰਕੇ ਪਾਣੀ ਦੀ ਇੱਕ-ਇੱਕ ਬੂੰਦ ਲਈ ਹਾਹਾਕਾਰ ਮੱਚੀ ਹੋਈ ਹੈ। ਮਿਡ-ਡੇ-ਮੀਲ (ਦੁਪਹਿਰ ਦਾ ਖ਼ਾਣਾ) ਪਕਾਉਣ ਵਾਲੀਆਂ ਮਹਿਲਾ ਵਰਕਰਾਂ ਨੇ ਦੱਸਿਆ ਕਿ ਉਹ ਸਕੂਲ ਦੇ ਆਸ-ਪਾਸ ਦੇ ਘਰਾਂ ਵਿੱਚੋਂ ਬਾਲਟੀਆਂ ਅਤੇ ਡੱਬੇ ਭਰ ਕੇ ਪਾਣੀ ਲਿਆ ਰਹੀਆਂ ਹਨ, ਤਾਂ ਜੋ ਬੱਚਿਆਂ ਲਈ ਖਾਣਾ ਬਣਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਪੀਣ ਲਈ ਪਾਣੀ ਦਿੱਤਾ ਜਾ ਸਕੇ। ਵਰਕਰਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਨੂੰ ਕੇਵਲ 3,000 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਮਿਲਦਾ ਹੈ, ਅਤੇ ਇਸ ਭਿਆਨਕ ਗਰਮੀ ਵਿੱਚ ਉਨ੍ਹਾਂ ਨੂੰ ਦੂਰੋਂ ਪਾਣੀ ਢੋਹ ਕੇ ਕੰਮ ਕਰਨਾ ਪੈ ਰਿਹਾ ਹੈ।
ਜਦੋਂ ਇਸ ਸਾਰੇ ਮਾਮਲੇ ਸਬੰਧੀ ਬਲਾਕ ਸਿੱਖਿਆ ਅਫ਼ਸਰ (BEO) ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਸਕੂਲਾਂ ਵਿੱਚ ਨਵੇਂ ਚਿੱਪ ਵਾਲੇ ਮੀਟਰ ਲੱਗਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜੋ ਸਾਧਾਰਨ ਬਿਜਲੀ ਮੀਟਰ ਸਨ, ਉਨ੍ਹਾਂ ਦੇ ਬਿੱਲ ਵਿਭਾਗ ਵੱਲੋਂ ਸਮੇਂ ਸਿਰ ਭਰ ਦਿੱਤੇ ਜਾਂਦੇ ਸਨ। ਚਿੱਪ ਵਾਲੇ ਮੀਟਰ ਦੀ ਤਕਨੀਕੀ ਸਮੱਸਿਆ ਬਾਰੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਜਲਦ ਹੀ ਸਕੂਲ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ ਤਾਂ ਜੋ ਬੱਚਿਆਂ ਨੂੰ ਰਾਹਤ ਮਿਲ ਸਕੇ।
















