Join WhatsApp

Join Now

ਸਿੱਖਿਆ ਕ੍ਰਾਂਤੀ ‘ਤੇ ਉੱਠੇ ਸਵਾਲ! ਪੰਜਾਬ ਸਰਕਾਰ ਨੇ ਬੰਦ ਕੀਤੇ 7 ਸਕੂਲ; ਸਿਰਫ਼ 2 ਹੀ ਨਵੇਂ ਖੋਲ੍ਹੇ

On: ਅਗਸਤ 6, 2026 6:09 ਬਾਃ ਦੁਃ

 

 

ਅਖੌਤੀ ਸਿੱਖਿਆ ਕ੍ਰਾਂਤੀ! ਪੰਜਾਬ ਸਰਕਾਰ ਨੇ ਬੰਦ ਕੀਤੇ 7 ਸਕੂਲ; ਸਿਰਫ਼ 2 ਹੀ ਨਵੇਂ ਖੋਲ੍ਹੇ

ਸਰਕਾਰੀ ਸਕੂਲਾਂ ‘ਚੋਂ ਪੰਜ ਸਾਲਾਂ ‘ਚ 6 ਲੱਖ ਬੱਚੇ ਘਟੇ, 7 ਸਕੂਲ ਹੋਏ ਬੰਦ

ਚੰਡੀਗੜ੍ਹ, 6 ਅਗਸਤ 2026

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਦਾਅਵਿਆਂ ਦੇ ਉਲਟ ਸੂਬੇ ਦੇ ‘ਸਿੱਖਿਆ ਮਾਡਲ’ ਉੱਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਵੱਲੋਂ ਪੁੱਛੇ ਗਏ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਖ਼ੁਲਾਸਾ ਹੋਇਆ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕਰੀਬ 6 ਲੱਖ (5,98,302) ਬੱਚਿਆਂ ਦੇ ਦਾਖ਼ਲੇ ਘਟੇ ਹਨ।

ਸਾਲ 2021-22 ਦੌਰਾਨ ਸਰਕਾਰੀ ਸਕੂਲਾਂ ਵਿੱਚ 29,62,378 ਵਿਦਿਆਰਥੀ ਪੜ੍ਹ ਰਹੇ ਸਨ, ਜਦੋਂ ਕਿ ਸਾਲ 2026-27 ਤੱਕ ਇਹ ਗਿਣਤੀ ਘਟ ਕੇ 23,64,076 ਰਹਿ ਗਈ ਹੈ। ਸਭ ਤੋਂ ਵੱਡੀ ਢਾਹ ਪ੍ਰਾਇਮਰੀ ਸਕੂਲਾਂ ਨੂੰ ਲੱਗੀ ਹੈ।

ਸਦਨ ‘ਚ ਦਿੱਤੇ ਜਵਾਬ ਮੁਤਾਬਕ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਨਵੇਂ ਸਕੂਲ ਖੋਲ੍ਹਣ ਨਾਲੋਂ ਬੰਦ ਹੋਣ ਵਾਲੇ ਸਕੂਲਾਂ ਦੀ ਗਿਣਤੀ ਵੱਧ ਰਹੀ ਹੈ। ਫ਼ਾਜ਼ਿਲਕਾ ਦੇ ਪਿੰਡ ਆਤੂਵਾਲਾ ‘ਚ ਨਵਾਂ ਪ੍ਰਾਇਮਰੀ ਸਕੂਲ ਅਤੇ ਮੁਹਾਲੀ ਦੇ ਫ਼ੇਜ਼ 11 ‘ਚ ਨਵਾਂ ਮਿਡਲ ਸਕੂਲ। ਜਦੋਂਕਿ ਫ਼ਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਕਪੂਰਥਲਾ, ਪਟਿਆਲਾ ਅਤੇ ਰੋਪੜ ਜ਼ਿਲ੍ਹਿਆਂ ‘ਚ ਕੁੱਲ 7 ਸਕੂਲ ਬੰਦ ਕੀਤੇ ਗਏ।

ਸਰਕਾਰ ਨੇ 5 ਸਕੂਲਾਂ ਨੂੰ ਅੱਪਗ੍ਰੇਡ ਕੀਤਾ ਹੈ, ਜਿਨ੍ਹਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਦਾ ਸਕੂਲ ਵੀ ਸ਼ਾਮਲ ਹੈ, ਜਿਸ ਨੂੰ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਦਿੱਤਾ ਗਿਆ ਹੈ। ਇਸ ਵੇਲੇ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ 31,370 ਅਸਾਮੀਆਂ ਖ਼ਾਲੀ ਪਈਆਂ ਹਨ।

ਇਹ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਦੂਜੇ ਪਾਸੇ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਖ਼ਲਿਆਂ ‘ਚ ਆਈ ਕਮੀ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਸਾਢੇ ਤਿੰਨ ਲੱਖ ਫ਼ਰਜ਼ੀ (ਡਮੀ) ਦਾਖ਼ਲੇ ਚੱਲ ਰਹੇ ਸਨ, ਜਿਨ੍ਹਾਂ ਨੂੰ ਰਿਕਾਰਡ ਵਿੱਚੋਂ ਹਟਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕਦਮ ਨਾਲ ਵਰਦੀਆਂ ਅਤੇ ਹੋਰ ਸਰਕਾਰੀ ਰਾਸ਼ੀ ਦੀ ਬਚਤ ਹੋਈ ਹੈ।

ਹਾਲਾਂਕਿ, ਇੱਕ ਪਾਸੇ ਸਰਕਾਰ ‘ਸਕੂਲ ਆਫ਼ ਐਮੀਨੈਂਸ’ ਰਾਹੀਂ ਸਿੱਖਿਆ ਕ੍ਰਾਂਤੀ ਦਾ ਦਾਅਵਾ ਕਰ ਰਹੀ ਹੈ, ਉੱਥੇ ਹੀ ਹਜ਼ਾਰਾਂ ਖ਼ਾਲੀ ਅਸਾਮੀਆਂ ਅਤੇ ਸਕੂਲਾਂ ਦੇ ਬੰਦ ਹੋਣ ਨਾਲ ਸਰਕਾਰੀ ਸਿੱਖਿਆ ਪ੍ਰਣਾਲੀ ਦੇ ਬੁਨਿਆਦੀ ਢਾਂਚੇ ‘ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ।

Leave a Comment