ਕੱਚੇ ਅਧਿਆਪਕਾਂ ਨੇ ਗੰਭੀਰਪੁਰ ਦੀਆਂ ਗਲੀਆਂ ‘ਚ ਕੀਤੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਭਾਲ- ਦਿੱਤੀ ਭੁੱਖ ਹੜਤਾਲ ਦੀ ਚੇਤਾਵਨੀ!
ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਖ਼ਿਲਾਫ਼ ਮੋਰਚਾ; ਗੰਭੀਰਪੁਰ ‘ਚ ਲਾਇਆ ਪੱਕਾ ਧਰਨਾ- “ਮੁੱਖ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਸਿੱਖਿਆ ਮੰਤਰੀ ਰੋਕ ਰਹੇ ਨੇ ਸਾਡੀ ਬਹਾਲੀ” – ਵਿਕਾਸ ਸਾਹਨੀ
ਮੰਗਾਂ ਨਾ ਮੰਨੀਆਂ ਤਾਂ ਧਰਨੇ ਨੂੰ ਭੁੱਖ ਹੜਤਾਲ ਵਿੱਚ ਬਦਲਣ ਅਤੇ ਤਿੱਖੇ ਘਿਰਾਓ ਦੀ ਦਿੱਤੀ ਚੇਤਾਵਨੀ- ਸਿੱਖਿਆ ਮੰਤਰੀ ਦੇ ਹਲਕੇ ਅਨੰਦਪੁਰ ਸਾਹਿਬ ‘ਚ ਰੋਸ ਪ੍ਰਦਰਸ਼ਨ ਤੋਂ ਬਾਅਦ ਅਧਿਆਪਕਾਂ ਨੇ ਲਾਇਆ ਪੱਕਾ ਮੋਰਚਾ
ਗੰਭੀਰਪੁਰ/ਅਨੰਦਪੁਰ ਸਾਹਿਬ, 28 ਜੂਨ 2026- ਆਪਣੀਆਂ ਹੱਕੀ ਮੰਗਾਂ ਅਤੇ ਮੁੜ ਬਹਾਲੀ ਨੂੰ ਲੈ ਕੇ ‘ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ’ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਗੰਭੀਰਪੁਰ ਵਿਖੇ ਪੱਕਾ ਮੋਰਚਾ (ਧਰਨਾ) ਲਗਾ ਦਿੱਤਾ ਗਿਆ ਹੈ। ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ‘ਸਿੱਖਿਆ ਮੰਤਰੀ ਦੀ ਭਾਲ ਜਾਰੀ ਹੈ’ ਦੇ ਨਾਅਰੇ ਬੁਲੰਦ ਕੀਤੇ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਖ਼ੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੱਚੇ ਅਧਿਆਪਕਾਂ ਦੀ ਬਹਾਲੀ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਇਸ ਫਾਈਲ ਨੂੰ ਰੋਕ ਕੇ ਰੱਖਿਆ ਗਿਆ ਹੈ ਅਤੇ ਬਹਾਲੀ ਵਿੱਚ ਜਾਣਬੁੱਝ ਕੇ ਅਣਗਹਿਲੀ ਵਰਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਨੂੰ ਆਪਣੇ ਹੀ ਵਿਭਾਗ ਦੇ ਅਹਿਮ ਕੰਮਾਂ ਨੂੰ ਕਰਨ ਦੀ ਵਿਹਲ ਨਹੀਂ ਹੈ।
ਸੂਬਾ ਪ੍ਰਧਾਨ ਨੇ ਆਖਿਆ ਕਿ ਸਿੱਖਿਆ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ, ਜਿਸ ਨੂੰ ਅਧਿਆਪਕ ਜਥੇਬੰਦੀ ਹੁਣ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਿੱਖਿਆ ਮੰਤਰੀ ਨੇ ਤੁਰੰਤ ਅਣਗਹਿਲੀ ਛੱਡ ਕੇ ਕੰਮ ਨਾ ਕੀਤਾ, ਤਾਂ ਇਸ ਪੱਕੇ ਧਰਨੇ ਨੂੰ ਜਲਦ ਹੀ ਮਰਨ ਵਰਤ/ਭੁੱਖ ਹੜਤਾਲ ਵਿੱਚ ਬਦਲ ਦਿੱਤਾ ਜਾਵੇਗਾ ਅਤੇ ਸੂਬੇ ਵਿੱਚ ਹਰ ਜਗ੍ਹਾ ਸਿੱਖਿਆ ਮੰਤਰੀ ਦਾ ਤਿੱਖਾ ਘਿਰਾਓ ਕੀਤਾ ਜਾਵੇਗਾ।
ਯੂਨੀਅਨ ਆਗੂ ਮਨਿੰਦਰ ਕੁਮਾਰ ਬਰੇਟਾ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਰੋਸ ਪ੍ਰਦਰਸ਼ਨ ਅਤੇ ਧਰਨੇ ਵਿੱਚ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਵਲੰਟੀਅਰ ਅਤੇ ਕੱਚੇ ਅਧਿਆਪਕ ਪਹੁੰਚੇ ਹੋਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵਿੰਦਰ ਕੌਰ, ਗੁਰਪ੍ਰੀਤ ਸਿੰਘ, ਅਮਨਦੀਪ ਕੌਰ, ਵਰੁਣ, ਗੁਰਸੇਵਕ ਸਿੰਘ, ਵੀਰਪਾਲ ਕੌਰ, ਨਵਦੀਪ ਸਿੰਘ, ਦਰਸ਼ਨ ਸਿੰਘ, ਪਰਮਜੀਤ ਕੌਰ, ਮਨਿੰਦਰ ਮਾਨਸਾ, ਰਣਜੀਤ ਕੌਰ ਰੋਪੜ, ਸੁਖਦੀਪ ਹੁਸ਼ਿਆਰਪੂਰ, ਰੋਜ਼ੀ ਸੰਗਰੂਰ, ਕਿਰਨਪਾਲ ਕੌਰ, ਬਲਵਿੰਦਰ ਕੌਰ, ਰਾਜ ਰਾਣੀ, ਕੁਲਵਿੰਦਰ ਕੌਰ, ਅਮਨਦੀਪ ਕੌਰ ਬਠਿੰਡਾ, ਰਾਜਿੰਦਰ ਕੌਰ ਬਠਿੰਡਾ, ਅਮਰਜੀਤ ਕੌਰ ਸਮੇਤ ਸਮੂਹ ਜ਼ਿਲ੍ਹਿਆਂ ਦੇ ਅਧਿਆਪਕ ਆਗੂ ਅਤੇ ਵਲੰਟੀਅਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

















