Join WhatsApp

Join Now

“ਟਰਾਲੀ ਚੋਰੋ, ਸ਼ੰਭੂ-ਖਨੌਰੀ ਤੋਂ ਲੁੱਟਿਆ ਸਾਮਾਨ ਮੋੜੋ”! ਪੰਜਾਬ ਦੇ ਪਿੰਡ-ਪਿੰਡ ਲੱਗਣਗੇ CM ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਫੋਟੋਆਂ ਵਾਲੇ ਪੋਸਟਰ

On: ਅਗਸਤ 25, 2026 3:22 ਬਾਃ ਦੁਃ

 

“ਟਰਾਲੀ ਚੋਰੋ, ਸ਼ੰਭੂ-ਖਨੌਰੀ ਤੋਂ ਲੁੱਟਿਆ ਸਾਮਾਨ ਮੋੜੋ”! ਪੰਜਾਬ ਦੇ ਪਿੰਡ-ਪਿੰਡ ਲੱਗਣਗੇ CM ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਫੋਟੋਆਂ ਵਾਲੇ ਪੋਸਟਰ

ਸ਼ੰਭੂ ਮੋਰਚੇ ਤੋਂ ਲੁੱਟੇ ਕਰੋੜਾਂ ਦੇ ਸਾਮਾਨ ਦਾ ਹਿਸਾਬ ਮੰਗੇਗੀ BKU (ਅਜ਼ਾਦ), 5 ਸਤੰਬਰ ਨੂੰ ਮਨਾਇਆ ਜਾਵੇਗਾ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਕਲਾਂ ਦਾ ਸ਼ਹੀਦੀ ਦਿਵਸ

ਪਿੰਡ ਦੌਧਰ / ਮੋਗਾ, 25 ਅਗਸਤ 2026- ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ ਹੈ। ਪਿੰਡ ਦੌਧਰ ਵਿੱਚ ਇਕਾਈ ਪ੍ਰਧਾਨ ਸਤਨਾਮ ਸਿੰਘ ਅਤੇ ਸੁਖਜੀਤ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੀ ਇਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂ ਲਖਵੀਰ ਸਿੰਘ (ਜੰਗ) ਦੌਧਰ ਨੇ ਸਰਕਾਰ ਦੀਆਂ ਨੀਤੀਆਂ ਅਤੇ ਪੁਲੀਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਸੂਬਾ ਆਗੂ ਲਖਵੀਰ ਸਿੰਘ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਅੱਜ ਤੋਂ ਪੰਜਾਬ ਦੇ ਪਿੰਡ-ਪਿੰਡ ਵਿੱਚ ਵੱਡੇ ਪੱਧਰ ‘ਤੇ ਪੋਸਟਰ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਹਨਾਂ ਪੋਸਟਰਾਂ ’ਤੇ ਵਿਸ਼ੇਸ਼ ਲੋਗੋ ਛਾਪਿਆ ਗਿਆ ਹੈ, ਜਿਸ ’ਤੇ ਲਿਖਿਆ ਹੈ – “ਟਰਾਲੀ ਚੋਰੋ, ਸ਼ੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ”। ਇਹਨਾਂ ਪੋਸਟਰਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ।

ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਲੱਗੇ ਮੋਰਚੇ ਕੇਂਦਰ ਸਰਕਾਰ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ ਲਗਾਏ ਗਏ ਸਨ। ਪ੍ਰੰਤੂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪੁਲੀਸ ਜਬਰ ਦਾ ਸਹਾਰਾ ਲੈਂਦਿਆਂ ਇਹਨਾਂ ਮੋਰਚਿਆਂ ਨੂੰ ਜਬਰਦਸਤੀ ਖਦੇੜ ਦਿੱਤਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਟਰਾਲੀਆਂ ਅਤੇ ਹੋਰ ਜ਼ਰੂਰੀ ਸਾਮਾਨ ਦੀ ਲੁੱਟਖੋਹ ਕੀਤੀ ਗਈ। ਕਿਸਾਨ ਆਗੂਆਂ ਅਨੁਸਾਰ ਇਕੱਲੇ ਸ਼ੰਭੂ ਬਾਰਡਰ ਤੋਂ ਹੀ 3 ਕਰੋੜ 77 ਲੱਖ 948 ਰੁਪਏ ਦਾ ਸਾਮਾਨ ਲੁੱਟਿਆ ਗਿਆ ਸੀ, ਜਿਸ ਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਨਹੀਂ ਕੀਤੀ ਗਈ।

ਇਸੇ ਵਾਅਦਾਖ਼ਿਲਾਫ਼ੀ ਅਤੇ ਧੱਕੇਸ਼ਾਹੀ ਦੇ ਰੋਸ ਵਜੋਂ ਹੁਣ ਪੂਰੇ ਪੰਜਾਬ ਦੇ ਪਿੰਡਾਂ ਅੰਦਰ ਸਰਕਾਰ ਖ਼ਿਲਾਫ਼ ਇਹ ਪੋਸਟਰ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਮੀਟਿੰਗ ਦੌਰਾਨ ਆਗੂਆਂ ਨੇ ਅਗਲੇ ਸੰਘਰਸ਼ੀ ਪ੍ਰੋਗਰਾਮਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ 31 ਅਗਸਤ ਨੂੰ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ (DC) ਦੇ ਦਫ਼ਤਰਾਂ ਅੱਗੇ ਵਿਸ਼ਾਲ ਇਕੱਠ ਕੀਤੇ ਜਾਣਗੇ। ਇਹਨਾਂ ਧਰਨਿਆਂ ਦੌਰਾਨ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਨਾਲ ਸਬੰਧਿਤ ਮੰਗ ਪੱਤਰ ਸੌਂਪੇ ਜਾਣਗੇ।

ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਆਉਣ ਵਾਲੀ 14 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼/ਗੇਟ ਅੱਗੇ ਟਰੈਕਟਰ-ਟਰਾਲੀਆਂ ਸਮੇਤ 5 ਦਿਨਾਂ ਦਾ ਵਿਸ਼ਾਲ ਪੱਕਾ ਮੋਰਚਾ ਲਾਇਆ ਜਾਵੇਗਾ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸ਼ੰਭੂ-ਖਨੌਰੀ ਮੋਰਚੇ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਨਾ ਕੀਤੀ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ, ਤਾਂ ਇਸ ਸੰਘਰਸ਼ ਨੂੰ ਹੋਰ ਵੀ ਵਿਆਪਕ ਅਤੇ ਤਿੱਖਾ ਰੂਪ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।

ਮੀਟਿੰਗ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ 5 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਦੇ ਪਹਿਲੇ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਕਲਾਂ ਦਾ ਸ਼ਹੀਦੀ ਦਿਵਸ ਮੰਡੇਰ ਕਲਾਂ ਦੀ ਅਨਾਜ ਮੰਡੀ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਹਰਦੀਪ ਸਿੰਘ ਦੀਪ, ਕੇਵਲ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ, ਨੋਨੀ, ਬਲਜਿੰਦਰ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਜਥੇਬੰਦੀ ਦੇ ਵਰਕਰ ਹਾਜ਼ਰ ਸਨ।

 

More

ED ਦੇ ਐਕਸ਼ਨ ‘ਤੇ AAP ਦਾ ਵੱਡਾ ਦਾਅਵਾ; ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਨਹੀਂ ਲਿਆ ਗਮਾਡਾ ਅਫ਼ਸਰਾਂ ਦੀ ਮੀਟਿੰਗ ‘ਚ ਹਿੱਸਾ! ਕਿਹਾ- ਘੁਟਾਲੇ ਦਾ ਦੋਸ਼ ਬਿਲਕੁਲ ਫਰਜ਼ੀ

Govt Job: ਪੰਜਾਬ ਸਰਕਾਰ ਵੱਲੋਂ 450 ਮੁਲਾਜ਼ਮਾਂ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

ਪੰਜਾਬ ਸਰਕਾਰ ਵੱਲੋਂ ਜੂਨੀਅਰ ਰੈਜ਼ੀਡੈਂਟ ਦੀਆਂ 110 ਨਵੀਆਂ ਅਸਾਮੀਆਂ ਨੂੰ ਪ੍ਰਵਾਨਗੀ

ਵੱਡੀ ਖ਼ਬਰ: ED ਨੂੰ ਪੰਜਾਬ ‘ਚ 10000 ਕਰੋੜ ਰੁਪਏ ਦਾ ਘੁਟਾਲੇ ਦਾ ਸ਼ੱਕ; 5 IAS/PCS ਅਫ਼ਸਰ ਵੀ ਜਾਂਚ ਦੇ ਘੇਰੇ ‘ਚ

ਜੰਡਿਆਲਾ ਗੁਰੂ ਬਲਾਕ ਦੀਆਂ ਲਗਭਗ ਸੈਂਕੜੇ ਤੋਂ ਵੱਧ ਵਰਕਰਾਂ ਸਰਵ ਆਂਗਣਵਾੜੀ ਯੂਨੀਅਨ ‘ਚ ਸ਼ਾਮਲ, ਮਾਝੇ ‘ਚ ਹੋਰ ਵਧਿਆ ਜਥੇਬੰਦੀ ਦਾ ਗ੍ਰਾਫ!

ਵਾਅਦਿਆਂ ਤੋਂ ਭੱਜੀ ਭਗਵੰਤ ਮਾਨ ਸਰਕਾਰ; ਪੁਲਿਸ ਨੇ ਪਾਵਰਕਾਮ ਐਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਦੇ ਪ੍ਰਧਾਨ ਬਲਿਹਾਰ ਸਿੰਘ ਨੂੰ ਘਰ ‘ਚ ਕੀਤਾ ਨਜ਼ਰਬੰਦ!

Leave a Comment