ਸੁਖਬੀਰ ਬਾਦਲ ਦਾ ਅੰਮ੍ਰਿਤਪਾਲ ਸਿੰਘ ‘ਤੇ ਵੱਡਾ ਹਮਲਾ! ‘ਦੁਬਈ ਤੋਂ ਆ ਕੇ ‘ਪੰਜਾਬ ਦੇ ਵਾਰਸ ਬਣਨ ਵਾਲੇ ਪਹਿਲਾਂ ਆਪਣਾ ਪਿਛੋਕੜ ਦੱਸਣ’
‘ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾਉਣ ਵਾਲੇ ਪੰਜਾਬ ਦੇ ਵਾਰਸ ਨਹੀਂ ਹੋ ਸਕਦੇ’- ਸੁਖਬੀਰ ਬਾਦਲ
ਅੰਮ੍ਰਿਤਪਾਲ ਸਿੰਘ ‘ਤੇ ਵਰ੍ਹੇ ਸੁਖਬੀਰ ਬਾਦਲ! 1984 ਵਿੱਚ ਵੀ ਕਾਂਗਰਸ ਨਾਲ ਰਿਹਾ ਪਰਿਵਾਰ, ਅਜਾਨਾਲਾ ਕਾਂਡ ਅਤੇ ਹਰੀ ਨੌਂ ਕਤਲਕਾਂਡ ‘ਤੇ ਚੁੱਕੇ ਗੰਭੀਰ ਸਵਾਲ
ਪੰਜਾਬ ਹੁਣ 1980 ਵਾਲਾ ਕਾਲਾ ਦੌਰ ਨਹੀਂ ਚਾਹੁੰਦਾ, ਅਮਨ-ਸ਼ਾਂਤੀ ਲਈ ਅਕਾਲੀ ਦਲ ਦਾ ਸਾਥ ਦਿਓ: ਸੁਖਬੀਰ ਬਾਦਲ
Punjab News-
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ (ਹੁਣ ਡਿਬੜੂਗੜ੍ਹ ਜੇਲ੍ਹ ‘ਚ ਬੰਦ) ‘ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਉਨ੍ਹਾਂ ਦੀ ਭੂਮਿਕਾ ਅਤੇ ਪਿਛੋਕੜ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦਾ ਪਿਛੋਕੜ ਕਿਸੇ ਨੂੰ ਵੀ ਪਤਾ ਨਹੀਂ ਹੈ। ਰਾਤੋ-ਰਾਤ ਦੁਬਈ ਤੋਂ ਪੰਜਾਬ ਆ ਕੇ ਆਪਣੇ ਆਪ ਨੂੰ ‘ਪੰਜਾਬ ਦੇ ਵਾਰਸ’ ਕਹਾਉਣ ਵਾਲੇ ਲੋਕਾਂ ਨੂੰ ਸੂਬੇ ਦੇ ਇਤਿਹਾਸ ਅਤੇ ਪੰਜਾਬੀਆਂ ਦੀਆਂ ਸੰਵੇਦਨਾਵਾਂ ਦੀ ਕੋਈ ਸਮਝ ਨਹੀਂ ਹੈ।
ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ 1984 ਦੇ ਦੌਰ ਵਿੱਚ ਵੀ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਦੇ ਸਬੰਧ ਪੰਜਾਬ ਅਤੇ ਸਿੱਖ ਕੌਮ ਦੇ ਅਰਮਾਨਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਂਗਰਸ ਨਾਲ ਰਹੇ ਹੋਣ, ਉਹ ਅੱਜ ਕੌਮ ਦੇ ਹਮਦਰਦ ਬਣਨ ਦਾ ਦਿਖਾਵਾ ਕਰ ਰਹੇ ਹਨ। ਸੁਖਬੀਰ ਬਾਦਲ ਨੇ ਸਵਾਲ ਕੀਤਾ ਕਿ ਜੋ ਵਿਅਕਤੀ ਅਚਾਨਕ ਬਾਹਰਲੇ ਮੁਲਕ ਤੋਂ ਆ ਕੇ ਪੰਜਾਬ ਦੀ ਸਿਆਸਤ ਅਤੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਲੱਗ ਪਿਆ, ਉਸ ਦੇ ਅਸਲ ਮਨਸੂਬੇ ਕੀ ਹਨ, ਇਹ ਹਰ ਪੰਜਾਬੀ ਨੂੰ ਸੋਚਣ ਦੀ ਲੋੜ ਹੈ।
ਅੰਮ੍ਰਿਤਪਾਲ ਸਿੰਘ ਵਲੋਂ ਚਲਾਈ ਗਈ ਨਸ਼ਾਮੁਕਤੀ ਮੁਹਿੰਮ ‘ਤੇ ਤਨਜ਼ ਕੱਸਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਾਅਵੇ ਵੱਡੇ-ਵੱਡੇ ਕੀਤੇ ਜਾਂਦੇ ਹਨ, ਪਰ ਅਸਲੀਅਤ ਇਹ ਹੈ ਕਿ ਅੰਮ੍ਰਿਤਪਾਲ ਆਪਣੇ ਭਰਾ ਦਾ ਨਸ਼ਾ ਵੀ ਨਹੀਂ ਛੁਡਵਾ ਸਕੇ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਨਸ਼ਾਮੁਕਤੀ ਕੇਂਦਰਾਂ ਦੀ ਆੜ ਹੇਠ ਨੌਜਵਾਨਾਂ ਨੂੰ ਗੁਮਰਾਹ ਕੀਤਾ ਗਿਆ ਅਤੇ ਸੂਬੇ ਦੇ ਅਮਨ-ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।
ਸੁਖਬੀਰ ਬਾਦਲ ਨੇ ਅਜਨਾਲਾ ਥਾਣੇ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਢਾਲ ਬਣਾ ਕੇ ਥਾਣੇ ‘ਤੇ ਹਮਲਾ ਕਰਨ ਵਾਲੇ ਕਦੇ ਵੀ ਪੰਜਾਬ ਦੇ ਸੱਚੇ ਵਾਰਸ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਾਨ ਵਿੱਚ ਇਸ ਤਰ੍ਹਾਂ ਦੀ ਅਣਗਹਿਲੀ ਸਿੱਖ ਮਾਨਸਿਕਤਾ ਨੂੰ ਗਹਿਰੀ ਠੇਸ ਪਹੁੰਚਾਉਂਦੀ ਹੈ। ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਹਰੀ ਨੌਂ ਕਤਲਕਾਂਡ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਅੰਮ੍ਰਿਤਪਾਲ ਸਿੰਘ ਨੇ ਆਪਣੇ ਸਾਥੀਆਂ ਨੂੰ ਭੇਜ ਕੇ ਹਰੀ ਨੌਂ ਦੇ ਨੌਜਵਾਨ ਦਾ ਸ਼ਰੇਆਮ ਕਤਲ ਕਰਵਾਇਆ। ਉਨ੍ਹਾਂ ਕਿਹਾ ਕਿ ਹਿੰਸਾ ਅਤੇ ਖੂਨ-ਖਰਾਬੇ ਦੀ ਰਾਜਨੀਤੀ ਕਰਕੇ ਪੰਜਾਬ ਨੂੰ ਮੁੜ ਅਸ਼ਾਂਤੀ ਵੱਲ ਧੱਕਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ।
ਪੰਜਾਬ ਹੁਣ 1980 ਵਾਲਾ ਕਾਲਾ ਦੌਰ ਨਹੀਂ ਚਾਹੁੰਦਾ
ਸੁਖਬੀਰ ਬਾਦਲ ਨੇ ਚੇਤਾਵਨੀ ਦਿੱਤੀ ਕਿ ਪੰਜਾਬੀਆਂ ਨੇ 1980 ਅਤੇ 1990 ਦੇ ਦਹਾਕੇ ਵਿੱਚ ਅੱਤਵਾਦ ਅਤੇ ਹਿੰਸਾ ਦਾ ਬਹੁਤ ਸੰਤਾਪ ਹੰਢਾਇਆ ਹੈ। ਉਸ ਕਾਲੇ ਦੌਰ ਵਿੱਚ ਪੰਜਾਬ ਦੇ ਹਜ਼ਾਰਾਂ ਨਿਰਦੋਸ਼ ਨੌਜਵਾਨਾਂ ਦੀਆਂ ਜਾਨਾਂ ਗਈਆਂ ਅਤੇ ਸੂਬਾ ਆਰਥਿਕ ਤੌਰ ‘ਤੇ ਪੱਛੜ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਕਿਸੇ ਵੀ ਕੀਮਤ ‘ਤੇ 1980 ਵਾਲਾ ਦੌਰ ਵਾਪਸ ਨਹੀਂ ਆਉਣ ਦੇਣਗੇ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਨੂੰ ਬਦ-ਅਮਨੀ ਦੀ ਨਹੀਂ, ਸਗੋਂ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਅਤੇ ਆਰਥਿਕ ਵਿਕਾਸ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਹੈ, ਜਿਸ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਅਤੇ ਧਾਰਮਿਕ-ਸਮਾਜਿਕ ਸਦਭਾਵਨਾ ਲਈ ਸੰਘਰਸ਼ ਕੀਤਾ ਹੈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਨਫ਼ਰਤ ਅਤੇ ਹਿੰਸਾ ਦੀ ਰਾਜਨੀਤੀ ਤੋਂ ਬਚਾਉਣ ਲਈ ਇਕਜੁੱਟ ਹੋਣ ਅਤੇ ਅਕਾਲੀ ਦਲ ਦਾ ਸਾਥ ਦੇਣ।
















