ਦੂਹਰੀਆਂ-ਤੀਹਰੀਆਂ ਡਿਊਟੀਆਂ ਦੀ ਮਾਰੀ ਅਧਿਆਪਕਾ ਗਸ਼ ਖਾ ਕੇ ਡਿੱਗੀ; ਜਨਗਣਨਾ ਤੋਂ ਬਾਅਦ MC ਚੋਣਾਂ ‘ਚ ਨਿਭਾਉਣ ਆਈ ਸੀ ਡਿਊਟੀ
ਆਕੜਖੋਰਾ ਚੋਣ ਕਮਿਸ਼ਨ ਅਧਿਆਪਕਾਂ ਦੀਆਂ ਜਾਨਾਂ ਲੈਕੇ ਹੀ ਸਾਹ ਲਵੇਗਾ!
ਭਿਆਨਕ ਗਰਮੀ ‘ਚ ਗਸ਼ ਖਾ ਕੇ ਡਿੱਗੀ ਅਧਿਆਪਕਾ; ਜਨਗਣਨਾ ਤੋਂ ਬਾਅਦ ਐਮਸੀ ਚੋਣਾਂ ‘ਚ ਡਿਊਟੀ ਨਿਭਾਉਣ ਆਈ ਸੀ ਟੀਚਰ
ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਵਿਰੁੱਧ ਅਧਿਆਪਕਾਂ ਦਾ ਹੱਲਾਬੋਲ; ਚੋਣ ਡਿਊਟੀਆਂ ਦੇ ਨਾਂ ‘ਤੇ ਅਧਿਆਪਕਾਂ ਦੀ ਖੱਜਲ-ਖੁਆਰੀ, ਪ੍ਰਬੰਧਾਂ ਦੀ ਨਿਕਲੀ ਫੂਕ
ਮੋਹਾਲੀ ਦੇ ਫੇਸ-11 ਵਿਖੇ ਤਾਇਨਾਤ ਸਟਾਫ਼ ਦਾ ਫੁੱਟਿਆ ਗੁੱਸਾ; ਨਾ ਬਿਜਲੀ, ਨਾ ਠੰਡਾ ਪਾਣੀ, ਖ਼ਰਾਬ ਖਾਣਾ ਖਾ ਕੇ ਮਹਿਲਾ ਅਧਿਆਪਕ ਹੋਈ ਬੇਹੋਸ਼
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) 25 ਮਈ, 2026
ਪੰਜਾਬ ਦੇ ਅੰਦਰ ਭਲਕੇ 26 ਮਈ ਨੂੰ ਹੋਣ ਜਾ ਰਹੀਆਂ ਨਗਰ ਨਿਗਮ/ਐਮ.ਸੀ. (MC) ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਪੰਜਾਬ ਅਤੇ ਪੰਜਾਬAI Photo ਸਰਕਾਰ ਦੇ ਪ੍ਰਬੰਧਾਂ ਦੀ ਵੱਡੀ ਫੂਕ ਨਿਕਲ ਗਈ ਹੈ। ਚੋਣ ਡਿਊਟੀਆਂ ‘ਤੇ ਤਾਇਨਾਤ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਆਪਣਾ ਦੁਖੜਾ ਰੋਂਦਿਆਂ ਹੋਇਆਂ ਵੱਡੇ ਅਤੇ ਗੰਭੀਰ ਦੋਸ਼ ਲਗਾਏ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ, ਡਿਊਟੀ ਸਥਾਨ ਮੋਹਾਲੀ ਦੇ ਫੇਸ-11 ਵਿਖੇ ਪਰੇਸ਼ਾਨੀ ਅਤੇ ਬਦਇੰਤਜ਼ਾਮੀ ਤੋਂ ਇਲਾਵਾ ਕੁਝ ਵੀ ਹਾਸਲ ਨਹੀਂ ਹੋਇਆ।
ਪੀੜਤ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਪਹਿਲਾਂ ਹੀ ਜਨਗਣਨਾ (Census) ਵਿੱਚ ਡਿਊਟੀਆਂ ਲੱਗੀਆਂ ਹੋਈਆਂ ਹਨ। ਇਸ ਸਬੰਧੀ ਉਨ੍ਹਾਂ ਨੇ ਦੋ ਵਾਰ ਲਿਖਤੀ ਰੂਪ ਵਿੱਚ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੀ ਐਮ.ਸੀ. ਚੋਣਾਂ ਦੀ ਡਿਊਟੀ ਕੱਟੀ ਜਾਵੇ। ਪ੍ਰਸ਼ਾਸਨ ਨੇ ਦੋਵੇਂ ਵਾਰ ਅਰਜ਼ੀਆਂ ਰੱਖ ਤਾਂ ਲਈਆਂ, ਪਰ ਕੋਈ ਕਾਰਵਾਈ ਨਹੀਂ ਕੀਤੀ। ਜ਼ਿੰਮੇਵਾਰੀ ਨਿਭਾਉਂਦੇ ਹੋਏ ਅਧਿਆਪਕ ਲਗਾਤਾਰ ਰਿਹਰਸਲਾਂ ‘ਤੇ ਵੀ ਜਾਂਦੇ ਰਹੇ, ਪਰ ਅੱਜ ਜਦੋਂ ਉਹ ਮੋਹਾਲੀ ਦੇ ਫੇਸ-11 ਵਿਖੇ ਡਿਊਟੀ ਸਟੇਸ਼ਨ ‘ਤੇ ਪਹੁੰਚੇ ਤਾਂ ਉੱਥੇ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਜਾਂ ਰੂਟਿੰਗ ਸਟਾਫ਼ ਉਨ੍ਹਾਂ (ਅਧਿਆਪਕਾਂ) ਨੂੰ ਪੁੱਛਣ ਵਾਲਾ ਨਹੀਂ ਸੀ।
ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਉੱਥੇ ਮੌਜੂਦ ਉੱਚ ਅਧਿਕਾਰੀਆਂ ਵੱਲੋਂ ਅਧਿਆਪਕਾਂ ਨਾਲ ਬੇਹੱਦ ਬਦਤਮੀਜ਼ੀ ਕੀਤੀ ਗਈ। ਇੱਕ ਈ.ਟੀ.ਟੀ. (ETT) ਟੀਚਰ, ਜਿਸ ਨੇ ਕਦੇ ਪਹਿਲਾਂ ਇਹ ਕੰਮ ਨਹੀਂ ਕੀਤਾ ਸੀ, ਉਸ ਨੂੰ ਜ਼ਬਰਦਸਤੀ ਪ੍ਰਜ਼ਾਈਡਿੰਗ ਅਫ਼ਸਰ (PRO) ਲਗਾ ਦਿੱਤਾ ਗਿਆ। ਜਦੋਂ ਅਧਿਆਪਕਾਂ ਨੇ ਕਿਹਾ ਕਿ ਇਹ ਬਹੁਤ ਜ਼ਿੰਮੇਵਾਰੀ ਵਾਲੀ ਡਿਊਟੀ ਹੈ ਅਤੇ ਉਨ੍ਹਾਂ ਨੂੰ ਪੋਲਿੰਗ ਅਫ਼ਸਰ ਵਜੋਂ ਸੇਵਾ ਦੇਣ ਦਿੱਤੀ ਜਾਵੇ, ਤਾਂ ਅੱਗੋਂ ਅਧਿਕਾਰੀਆਂ ਨੇ ਬੇਹੱਦ ਗੰਦੇ ਅਤੇ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ। ਕਾਫੀ ਬੋਲ-ਬੁਲਾਰੇ ਅਤੇ ਬਹਿਸਬਾਜ਼ੀ ਤੋਂ ਬਾਅਦ ਪ੍ਰਸ਼ਾਸਨ ਨੇ ਦੂਜਾ ਪ੍ਰਜ਼ਾਈਡਿੰਗ ਅਫ਼ਸਰ ਦਿੱਤਾ।
ਅਧਿਆਪਕਾਂ ਨੇ ਦੁੱਖੜੇ ਸੁਣਾਉਂਦੇ ਹੋਏ ਦੱਸਿਆ ਕਿ ਅੱਜ ਦੀ ਅੱਤ ਦੀ ਗਰਮੀ ਵਿੱਚ ਚੋਣ ਅਮਲੇ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਸਨ। ਪੂਰੇ ਕੰਪਲੈਕਸ ਵਿੱਚ ਨਾ ਬਿਜਲੀ ਸੀ ਅਤੇ ਨਾ ਹੀ ਗਰਮੀ ਤੋਂ ਬਚਣ ਦਾ ਕੋਈ ਹੋਰ ਸਾਧਨ। ਦੁਪਹਿਰ 3 ਵਜੇ ਤੋਂ ਬਾਅਦ ਜੋ ਖਾਣੇ ਦੇ ਪੈਕੇਟ ਉੱਥੇ ਪਹੁੰਚੇ, ਉਹ ਗਰਮੀ ਕਾਰਨ ਪੂਰੀ ਤਰ੍ਹਾਂ ਉਬਲ ਚੁੱਕੇ ਸਨ ਅਤੇ ਖ਼ਰਾਬ ਹੋ ਚੁੱਕੇ ਸਨ। ਉਹ ਭੋਜਨ ਖਾਣ ਦੇ ਬਿਲਕੁਲ ਯੋਗ ਨਹੀਂ ਸੀ। ਸਟਾਫ਼ ਲਈ ਠੰਡੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ, ਪਾਣੀ ਪੂਰੀ ਤਰ੍ਹਾਂ ਤੱਤਾ ਹੋ ਚੁੱਕਾ ਸੀ।
ਇਸ ਭਿਆਨਕ ਗਰਮੀ, ਭੁੱਖ-ਪਿਆਸ ਅਤੇ ਮਾਨਸਿਕ ਪਰੇਸ਼ਾਨੀ ਨੂੰ ਨਾ ਸਹਾਰਦੇ ਹੋਏ ਉੱਥੇ ਡਿਊਟੀ ‘ਤੇ ਤਾਇਨਾਤ ਇੱਕ ਮਹਿਲਾ ਅਧਿਆਪਕ (ਮੈਡਮ) ਚੱਕਰ ਖਾ ਕੇ ਜ਼ਮੀਨ ‘ਤੇ ਡਿੱਗ ਗਈ। ਚਸ਼ਮਦੀਦਾਂ ਅਨੁਸਾਰ ਉਨ੍ਹਾਂ ਦੇ ਹੱਥ-ਪੈਰ ਮੁੜ ਗਏ (ਅਕੜ ਗਏ) ਅਤੇ ਹਾਲਤ ਬੇਹੱਦ ਗੰਭੀਰ ਹੋ ਗਈ। ਉੱਥੇ ਮੌਜੂਦ ਸਟਾਫ਼ ਨੇ ਤੁਰੰਤ ਉਨ੍ਹਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ।
ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਕੀ ਲੋਕਤੰਤਰ ਦਾ ਤਿਉਹਾਰ ਮੁਲਾਜ਼ਮਾਂ ਦੀਆਂ ਜਾਨਾਂ ਦਾ ਖੌਅ ਬਣ ਕੇ ਮਨਾਇਆ ਜਾਵੇਗਾ? ਜੇਕਰ ਚੋਣ ਡਿਊਟੀ ਦੌਰਾਨ ਕਿਸੇ ਮੁਲਾਜ਼ਮ ਨੂੰ ਕੁਝ ਹੋ ਜਾਂਦਾ ਹੈ, ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ?






