ਸਕੂਲ ‘ਚ 4 ਸਾਲਾ ਮਾਸੂਮ ਨਾਲ ‘ਡਿਜੀਟਲ ਰੇਪ’ ਕਰਨ ਵਾਲੇ ਅਧਿਆਪਕ ਨੂੰ 40 ਸਾਲ ਦੀ ਕੈਦ, ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ
ਨਰਸਰੀ ਦੀ ਵਿਦਿਆਰਥਣ ਨਾਲ ਸਕੂਲ ਦੇ ਬਾਥਰੂਮ ‘ਚ ਗਲਤ ਕੰਮ ਕਰਨ ਵਾਲੇ ਟੀਚਰ ਨੂੰ ਮਿਸਾਲੀ ਸਜ਼ਾ, 45 ਹਜ਼ਾਰ ਰੁਪਏ ਜੁਰਮਾਨਾ
4 ਸਾਲਾ ਬੱਚੀ ਦੀ ਗਵਾਹੀ ਨੇ ਪਹੁੰਚਾਇਆ ਜੇਲ੍ਹ: ਪਾਣੀਪਤ ਕੋਰਟ ਵੱਲੋਂ ਡਿਜੀਟਲ ਰੇਪ ਦੇ ਦੋਸ਼ੀ ਸ਼ਰੀਰਕ ਅਧਿਆਪਕ ਨੂੰ 40 ਸਾਲ ਦੀ ਠੋਕੀ ਸਜ਼ਾ
ਚੰਡੀਗੜ੍ਹ, 30 ਜੁਲਾਈ 2026-
ਹਰਿਆਣਾ ਦੇ ਪਾਣੀਪਤ ਸ਼ਹਿਰ ਦੀ ਟੀ.ਡੀ.ਆਈ. ਸਿਟੀ (TDI City) ਸਥਿਤ ਇੱਕ ਨਿੱਜੀ ਸਕੂਲ ਵਿੱਚ ਨਰਸਰੀ ਜਮਾਤ ਵਿੱਚ ਪੜ੍ਹਦੀ 4 ਸਾਲਾ ਮਾਸੂਮ ਵਿਦਿਆਰਥਣ ਨਾਲ ਹੋਏ ਡਿਜੀਟਲ ਰੇਪ (Digital Rape) ਦੇ ਚਰਚਿਤ ਮਾਮਲੇ ਵਿੱਚ ਅਦਾਲਤ ਨੇ ਵੱਡਾ ਅਤੇ ਮਿਸਾਲੀ ਫ਼ੈਸਲਾ ਸੁਣਾਇਆ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੀਯੂਸ਼ ਸ਼ਰਮਾ ਦੀ ਅਦਾਲਤ ਨੇ ਦੋਸ਼ੀ 41 ਸਾਲਾ ਅਧਿਆਪਕ (PTI Teacher) ਸੰਜੋਤ ਨੂੰ ਦੋਸ਼ੀ ਕਰਾਰ ਦਿੰਦਿਆਂ 40 ਸਾਲ ਦੀ ਸਖ਼ਤ ਕੈਦ ਅਤੇ 45 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਦੋਸ਼ੀ ਵੱਲੋਂ ਇਹ ਜੁਰਮਾਨਾ ਰਾਸ਼ੀ ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਉਸ ਨੂੰ 2 ਸਾਲ ਦੀ ਵਾਧੂ ਜੇਲ੍ਹ ਦੀ ਸਜ਼ਾ ਭੁਗਤਣੀ ਪਵੇਗੀ। ਅਦਾਲਤੀ ਕਾਰਵਾਈ ਦੌਰਾਨ 4 ਸਾਲਾ ਮਾਸੂਮ ਬੱਚੀ ਵੱਲੋਂ ਦਿੱਤੀ ਗਈ ਗਵਾਹੀ ਨੂੰ ਸਭ ਤੋਂ ਅਹਿਮ ਮੰਨਿਆ ਗਿਆ, ਜਿਸ ਦੇ ਆਧਾਰ ‘ਤੇ ਅਦਾਲਤ ਨੇ ਇਹ ਸਖ਼ਤ ਫ਼ੈਸਲਾ ਲਿਆ ਹੈ।
ਇਹ ਖ਼ੌਫ਼ਨਾਕ ਘਟਨਾ 16 ਮਈ 2023 ਦੀ ਹੈ। ਸ਼ਹਿਰ ਦੇ ਸੈਕਟਰ-1 ਦੇ ਰਹਿਣ ਵਾਲੇ ਇੱਕ ਡਾਕਟਰ ਪਿਤਾ ਨੇ ਥਾਣਾ ਸੈਕਟਰ-13-17 ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਪੁਲਿਸ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ 4 ਸਾਲ ਦੀ ਧੀ ਟੀ.ਡੀ.ਆਈ. ਸਿਟੀ ਦੇ ਇੱਕ ਨਿੱਜੀ ਸਕੂਲ ਵਿੱਚ ਨਰਸਰੀ ਜਮਾਤ ਵਿੱਚ ਪੜ੍ਹਦੀ ਹੈ। ਬੀਤੇ 20-25 ਦਿਨਾਂ ਤੋਂ ਬੱਚੀ ਦੇ ਵਿਵਹਾਰ ਵਿੱਚ ਕਾਫ਼ੀ ਬਦਲਾਅ ਆ ਗਿਆ ਸੀ। ਉਹ ਅਚਾਨਕ ਚਿੜਚਿੜੀ ਰਹਿਣ ਲੱਗ ਪਈ ਸੀ ਅਤੇ ਜਦੋਂ ਵੀ ਸਕੂਲ ਬੱਸ ਆਉਂਦੀ, ਤਾਂ ਉਹ ਸਹਿਮ ਜਾਂਦੀ ਸੀ ਅਤੇ ਰੋਣ ਲੱਗ ਪੈਂਦੀ ਸੀ।
ਬੱਚੀ ਦੇ ਡਰੇ ਅਤੇ ਬਦਲੇ ਹੋਏ ਵਿਵਹਾਰ ਨੂੰ ਦੇਖ ਕੇ ਪਰਿਵਾਰ ਨੂੰ ਕੁਝ ਗਲਤ ਹੋਣ ਦਾ ਸ਼ੱਕ ਹੋਇਆ। ਇਸ ਤੋਂ ਬਾਅਦ ਬੱਚੀ ਦੀ ਦਾਦੀ ਨੇ ਉਸ ਨੂੰ ਪਿਆਰ ਨਾਲ ਕੋਲ ਬਠਾ ਕੇ ਪੁੱਛਗਿੱਛ ਕੀਤੀ। ਮਾਸੂਮ ਬੱਚੀ ਨੇ ਜੋ ਖੁਲਾਸਾ ਕੀਤਾ, ਉਸ ਨੇ ਪਰਿਵਾਰ ਦੇ ਹੋਸ਼ ਉਡਾ ਦਿੱਤੇ। ਬੱਚੀ ਨੇ ਦੱਸਿਆ ਕਿ ਸਕੂਲ ਵਿੱਚ ‘ਮੁੱਛਾਂ ਵਾਲੇ ਅੰਕਲ’ ਉਸ ਨਾਲ ਗਲਤ ਹਰਕਤਾਂ ਕਰਦੇ ਹਨ ਅਤੇ ਸਕੂਲ ਦੇ ਬਾਥਰੂਮ ‘ਚ ਉਸ ਨਾਲ ਗਲਤ ਕੰਮ ਕਰਦੇ ਹਨ। ਜਦੋਂ ਉਹ ਰੌਲਾ ਪਾਉਂਦੀ ਹੈ ਤਾਂ ਉਸ ਨੂੰ ਟੀਕਾ (ਇੰਜੈਕਸ਼ਨ) ਲਗਾਉਣ ਦੀ ਧਮਕੀ ਦਿੰਦੇ ਹਨ।
ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰ ਵਾਲੇ ਤੁਰੰਤ ਬੱਚੀ ਨੂੰ ਨਾਲ ਲੈ ਕੇ ਸਕੂਲ ਦੇ ਪ੍ਰਿੰਸੀਪਲ ਕੋਲ ਪਹੁੰਚੇ। ਪ੍ਰਿੰਸੀਪਲ ਨੇ ਆਪਣੇ ਮੋਬਾਈਲ ‘ਚ ਸਕੂਲ ਦੇ ਸਮੁੱਚੇ ਸਟਾਫ਼ ਦੀਆਂ ਤਸਵੀਰਾਂ ਬੱਚੀ ਨੂੰ ਦਿਖਾਈਆਂ। ਮਾਸੂਮ ਬੱਚੀ ਨੇ ਤੁਰੰਤ PTI ਅਧਿਆਪਕ ਸੰਜੋਤ ਦੀ ਫ਼ੋਟੋ ਪਛਾਣ ਲਈ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ‘ਤੇ ਹੁਣ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ।
ਜਾਣੋ ਕੀ ਹੁੰਦਾ ਹੈ ‘ਡਿਜੀਟਲ ਰੇਪ’?
ਅਕਸਰ ਲੋਕ ਇੰਟਰਨੈੱਟ ਜਾਂ ਤਕਨਾਲੋਜੀ ਨਾਲ ਜੁੜੇ ਅਪਰਾਧਾਂ ਨੂੰ ‘ਡਿਜੀਟਲ’ ਸਮਝ ਲੈਂਦੇ ਹਨ, ਪਰ ਕਾਨੂੰਨੀ ਭਾਸ਼ਾ ਵਿੱਚ ‘ਡਿਜੀਟਲ ਰੇਪ’ ਦਾ ਅਰਥ ਬਿਲਕੁਲ ਵੱਖਰਾ ਹੈ। ਪਾਣੀਪਤ ਦੇ ਜ਼ਿਲ੍ਹਾ ਅਟਾਰਨੀ (District Attorney) ਸੰਜੀਵ ਕੁਮਾਰ ਨੇ ਦੱਸਿਆ ਕਿ ‘ਡਿਜੀਟਲ ਰੇਪ’ (Digital Rape) ਵਿੱਚ ਵਰਤਿਆ ਜਾਣ ਵਾਲਾ ਸ਼ਬਦ ‘ਡਿਜੀਟਲ’ ਲਾਤੀਨੀ (Latiin) ਭਾਸ਼ਾ ਦੇ ਸ਼ਬਦ ‘ਡਿਜਿਟਸ’ (Digitus) ਤੋਂ ਲਿਆ ਗਿਆ ਹੈ। ਲਾਤੀਨੀ ਭਾਸ਼ਾ ਵਿੱਚ ‘ਡਿਜਿਟਸ’ ਦਾ ਮਤਲਬ ਹੁੰਦਾ ਹੈ ‘ਅੰਗੂਠਾ ਜਾਂ ਉਂਗਲ’ (ਇਹ ਹੱਥ ਜਾਂ ਪੈਰ ਕਿਸੇ ਦੀ ਵੀ ਹੋ ਸਕਦੀ ਹੈ)।
ਕਾਨੂੰਨ ਮੁਤਾਬਕ, ਡਿਜੀਟਲ ਰੇਪ ਉਹ ਜਿਨਸੀ ਅਪਰਾਧ ਹੈ, ਜਿਸ ਵਿੱਚ ਕਿਸੇ ਔਰਤ ਜਾਂ ਬੱਚੀ ਦੀ ਸਹਿਮਤੀ ਤੋਂ ਬਿਨ੍ਹਾਂ ਉਸ ਦੇ ਗੁਪਤ ਅੰਗਾਂ (Private Parts) ਵਿੱਚ ਉਂਗਲ ਜਾਂ ਕੋਈ ਹੋਰ ਚੀਜ਼/ਵਸਤੂ ਪਾਈ ਜਾਂਦੀ ਹੈ। ਅਦਾਲਤ ਵੱਲੋਂ ਸੁਣਾਈ ਗਈ 40 ਸਾਲ ਦੀ ਇਹ ਸਖ਼ਤ ਸਜ਼ਾ ਅਜਿਹੇ ਅਪਰਾਧੀਆਂ ਲਈ ਇੱਕ ਵੱਡੀ ਮਿਸਾਲ ਸਾਬਤ ਹੋਵੇਗੀ ਜੋ ਸਕੂਲਾਂ ਵਰਗੇ ਪਵਿੱਤਰ ਅਦਾਰਿਆਂ ਵਿੱਚ ਮਾਸੂਮ ਬੱਚਿਆਂ ਨੂੰ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾਉਂਦੇ ਹਨ।
















