Join WhatsApp

Join Now

ਪੰਜਾਬ ‘ਚ “ਅਟੈਚੀਆਂ ਵਾਲਾ ਦੌਰ ਖ਼ਤਮ, ਹੁਣ ਮੈਰਿਟ ‘ਤੇ ਮਿਲ ਰਹੀਆਂ ਨੌਕਰੀਆਂ”- ਭਗਵੰਤ ਮਾਨ ਦਾ ਵੱਡਾ ਦਾਅਵਾ

On: November 3, 2026 1:21 PM

 

ਪੰਜਾਬ ‘ਚ “ਅਟੈਚੀਆਂ ਵਾਲਾ ਦੌਰ ਖ਼ਤਮ, ਹੁਣ ਮੈਰਿਟ ‘ਤੇ ਮਿਲ ਰਹੀਆਂ ਨੌਕਰੀਆਂ”- ਭਗਵੰਤ ਮਾਨ ਦਾ ਵੱਡਾ ਦਾਅਵਾ

ਹੁਣ ਤੱਕ ਦਿੱਤੀਆਂ 71,077 ਸਰਕਾਰੀ ਨੌਕਰੀਆਂ, ਰਿਸ਼ਵਤਖੋਰੀ ਤੇ ਸਿਫ਼ਾਰਿਸ਼ ਦਾ ਸਿਸਟਮ ਕੀਤਾ ਖ਼ਤਮ– ਮੋਹਾਲੀ ਵਿਖੇ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਬੋਲੇ ਮੁੱਖ ਮੰਤਰੀ

ਮੋਹਾਲੀ, 3 ਨਵੰਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੋਹਾਲੀ ਵਿਖੇ ਇੱਕ ਸਮਾਗਮ ਦੌਰਾਨ ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਪਾਰਦਰਸ਼ੀ ਨੀਤੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਨੌਕਰੀਆਂ ਦੇਣ ਲਈ ਰਿਸ਼ਵਤ ਦੇ ਅਟੈਚੀ ਭਰੇ ਜਾਂਦੇ ਸਨ ਅਤੇ 20 ਲੱਖ ਤੋਂ 50 ਲੱਖ ਰੁਪਏ ਤੱਕ ਦੀ ਬੋਲੀ ਲੱਗਦੀ ਸੀ। ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਭ੍ਰਿਸ਼ਟ ਸਿਸਟਮ ਨੂੰ ਪੂਰੀ ਤਰ੍ਹਾਂ ਬਦਲ ਕੇ ਪੂਰੀ ਪਾਰਦਰਸ਼ਤਾ ਨਾਲ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ ਰੁਜ਼ਗਾਰ ਦਿੱਤਾ ਹੈ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅੱਜ 801 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਨਾਲ ਹੀ ਸਰਕਾਰ ਵਲੋਂ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਸਰਕਾਰੀ ਨੌਕਰੀਆਂ ਦੀ ਗਿਣਤੀ 71,077 ਹੋ ਗਈ ਹੈ। ਉਨ੍ਹਾਂ ਨੇ ਮੌਜੂਦ ਇਕੱਠ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸਾਰੇ ਪੰਜਾਬ ਵਿੱਚੋਂ ਇੱਕ ਵੀ ਅਜਿਹਾ ਵਿਅਕਤੀ ਹੱਥ ਖੜ੍ਹਾ ਕਰਕੇ ਦੱਸ ਦੇਵੇ, ਜਿਸ ਨੂੰ ਕਿਸੇ ਮੰਤਰੀ, ਵਿਧਾਇਕ ਜਾਂ ਨੇਤਾ ਦੀ ਸਿਫ਼ਾਰਿਸ਼ ‘ਤੇ ਨੌਕਰੀ ਮਿਲੀ ਹੋਵੇ। ਉਨ੍ਹਾਂ ਕਿਹਾ ਕਿ ਪਹਿਲਾਂ ਚੰਗੇ ਨੰਬਰ ਲੈਣ ਵਾਲੇ ਨੌਜਵਾਨ ਰਹਿ ਜਾਂਦੇ ਸਨ ਅਤੇ ਘੱਟ ਨੰਬਰਾਂ ਵਾਲਿਆਂ ਨੂੰ ਨੇਤਾਵਾਂ ਦੀ ਪਹੁੰਚ ਕਾਰਨ ਨੌਕਰੀ ਮਿਲ ਜਾਂਦੀ ਸੀ, ਪਰ ਹੁਣ ਇਹ ਧਾਂਦਲੀ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ ਹੈ।

ਸਰਕਾਰੀ ਨੌਕਰੀ ਦੀ ਅਹਿਮੀਅਤ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪ੍ਰਾਈਵੇਟ ਖੇਤਰ ਵਿੱਚ ਹਮੇਸ਼ਾ ਨੌਕਰੀ ਛੁੱਟਣ ਦੀ ਤਲਵਾਰ ਲਟਕਦੀ ਰਹਿੰਦੀ ਹੈ, ਜਦਕਿ ਸਰਕਾਰੀ ਨੌਕਰੀ ਨਾਲ ਪੂਰੇ ਪਰਿਵਾਰ ਨੂੰ ਉਮਰ ਭਰ ਦੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਮਿਲਦੀ ਹੈ। ਉਨ੍ਹਾਂ ਖ਼ੁਸ਼ੀ ਜ਼ਾਹਰ ਕੀਤੀ ਕਿ ਅੱਜ ਨੌਜਵਾਨ ਮੁੰਡੇ-ਕੁੜੀਆਂ ਆਪ ਆਪਣੀ ਮਿਹਨਤ ਅਤੇ ਸਰਕਾਰ ਦੀ ਇਮਾਨਦਾਰੀ ਦੀ ਗਵਾਹੀ ਦੇ ਰਹੇ ਹਨ।

ਵਿਰੋਧੀ ਪਾਰਟੀਆਂ ਵਲੋਂ ਲਗਾਏ ਜਾ ਰਹੇ ਦੋਸ਼ਾਂ ਦਾ ਠੋਕਵਾਂ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਕਹਿੰਦੇ ਹਨ ਕਿ ਭਗਵੰਤ ਮਾਨ ਖ਼ਜ਼ਾਨੇ ਦਾ ਪੈਸਾ ਲੁਟਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਪੈਸਾ ਆਮ ਜਨਤਾ ਦਾ ਹੈ ਅਤੇ ਜਨਤਾ ਦਾ ਟੈਕਸ ਦਾ ਪੈਸਾ ਜਨਤਾ ‘ਤੇ ਹੀ ਖ਼ਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਜਨਤਾ ਦਾ ਪੈਸਾ ਲੁੱਟ ਨਹੀਂ ਰਹੇ, ਸਗੋਂ ਪੁਰਾਣੀਆਂ ਸਰਕਾਰਾਂ ਦੇ ਆਗੂਆਂ ਨੇ ਪੰਜਾਬ ਨੂੰ ਬੇਰਹਿਮੀ ਨਾਲ ਲੁੱਟਿਆ ਸੀ, ਜਿਨ੍ਹਾਂ ਦੇ ਸੈਂਕੜੇ ਕਰੋੜ ਰੁਪਏ ਦੇ ਘੁਟਾਲਿਆਂ ਦੇ ਚਲਾਨ ਅਦਾਲਤਾਂ ਵਿੱਚ ਪੇਸ਼ ਕੀਤੇ ਜਾ ਰਹੇ ਹਨ।”

ਉਨ੍ਹਾਂ ਦੱਸਿਆ ਕਿ ਸਰਕਾਰ ਟੈਕਸ ਦੇ ਪੈਸੇ ਨੂੰ ਸ਼ਾਨਦਾਰ ਸਕੂਲਾਂ, ਬਿਹਤਰ ਸੜਕਾਂ, ਆਮ ਆਦਮੀ ਕਲੀਨਿਕਾਂ, 10 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਯੋਜਨਾ, ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਅਤੇ ਖੇਡ ਮੈਦਾਨ ਬਣਾਉਣ ਦੇ ਰੂਪ ਵਿੱਚ ਲੋਕਾਂ ਨੂੰ ਵਾਪਸ ਮੋੜ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਸਿਰਫ਼ ਜ਼ਿੰਦਾਬਾਦ-ਮੁਰਦਾਬਾਦ ਕਰਵਾਉਣਾ ਨਹੀਂ, ਸਗੋਂ ਲੋਕਾਂ ਦੀ ਸੇਵਾ ਅਤੇ ਵਿਕਾਸ ਕਰਨਾ ਹੁੰਦਾ ਹੈ।

ਮੁੱਖ ਮੰਤਰੀ ਨੇ ਸਰਕਾਰੀ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਕਾਰੀਆਂ ਦੀ ਅਣਥੱਕ ਮਿਹਨਤ ਸਦਕਾ ਹੀ ਇਹ ਕੰਮ ਸੰਭਵ ਹੋ ਰਹੇ ਹਨ। ਉਨ੍ਹਾਂ ਖ਼ੁਸ਼ਖ਼ਬਰੀ ਦਿੰਦਿਆਂ ਦੱਸਿਆ ਕਿ ਅਗਲੇ ਹਫ਼ਤੇ ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ। ਉਨ੍ਹਾਂ ਨਵ-ਨਿਯੁਕਤ ਕਰਮਚਾਰੀਆਂ ਨੂੰ ਇਮਾਨਦਾਰੀ ਨਾਲ ਸੇਵਾ ਕਰਨ ਦੀ ਅਪੀਲ ਕੀਤੀ ਅਤੇ ਨੌਜਵਾਨਾਂ ਨੂੰ ਉੱਚੀਆਂ ਪ੍ਰੀਖਿਆਵਾਂ ਜਿਵੇਂ UPSC ਦੀ ਤਿਆਰੀ ਕਰਕੇ ਡੀਸੀ ਅਤੇ ਆਈਪੀਐੱਸ ਅਫ਼ਸਰ ਬਣਨ ਲਈ ਪ੍ਰੇਰਿਤ ਕੀਤਾ।

 

Leave a Comment