UK BREAKING: ਪੰਜਾਬੀ ਨੌਜਵਾਨ ਦਾ ਇੰਗਲੈਂਡ ‘ਚ ਕਤਲ!
UK BREAKING: ਖੇਮਕਰਨ ਦੇ ਸਰਹੱਦੀ ਪਿੰਡ ਮਹਿੰਦੀਪੁਰ ਦੇ ਨੌਜਵਾਨ ‘ਤੇ ਸਾਊਥਹਾਲ ਸ਼ਹਿਰ ‘ਚ ਤੇਜ਼ਧਾਰ ਹਥਿਆਰਾਂ ਨਾਲ ਹੋਇਆ ਹਮਲਾ- 4 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼; ਮੌਤ ਦੀ ਖ਼ਬਰ ਨਾਲ ਪਿੰਡ ‘ਚ ਛਾਇਆ ਮਾਤਮ
ਤਰਨਤਾਰਨ/ਖੇਮਕਰਨ, 12 ਜੂਨ 2026-
UK BREAKING: ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ਾਂ ਵਿੱਚ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਦਰਦਨਾਕ ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖੇਮਕਰਨ ਦੇ ਅਧੀਨ ਆਉਂਦੇ ਸਰਹੱਦੀ ਪਿੰਡ ਮਹਿੰਦੀਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਰੋਜ਼ੀ-ਰੋਟੀ ਕਮਾਉਣ ਗਏ ਇੱਕ ਪੰਜਾਬੀ ਨੌਜਵਾਨ ਦਾ ਇੰਗਲੈਂਡ (UK) ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਘਟਨਾ ਦੀ ਜਾਣਕਾਰੀ ਬੀਤੀ ਰਾਤ ਉੱਥੇ ਰਹਿ ਰਹੇ ਹੋਰ ਪੰਜਾਬੀ ਨੌਜਵਾਨਾਂ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ, ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 26 ਸਾਲਾ ਗੁਰਭੇਜ ਸਿੰਘ, ਜੋ ਕਿ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ, ਕਰੀਬ ਚਾਰ ਸਾਲ ਪਹਿਲਾਂ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਇੰਗਲੈਂਡ ਗਿਆ ਸੀ।

ਗੁਰਭੇਜ ਸਿੰਘ ਉੱਥੇ, ਆਪਣੇ ਪਿੰਡ ਦੇ ਅਤੇ ਹੋਰ ਪੰਜਾਬੀ ਨੌਜਵਾਨਾਂ ਨਾਲ ਮਿਲ ਕੇ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਬੀਤੇ ਬੁੱਧਵਾਰ ਨੂੰ ਇੰਗਲੈਂਡ ਦੇ ਸਾਊਥਹਾਲ (Southall) ਸ਼ਹਿਰ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੁਰਭੇਜ ਸਿੰਘ ਦਾ ਕਤਲ ਕਰ ਦਿੱਤਾ।
ਫਿਲਹਾਲ ਇਸ ਅੰਨ੍ਹੇ ਕਤਲ ਦੇ ਮੁੱਖ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਸੂਚਨਾ ਮੁਤਾਬਕ ਸਾਊਥਹਾਲ ਦੀ ਸਥਾਨਕ ਪੁਲਿਸ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਉੱਥੋਂ ਦੇ ਸਥਾਨਕ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
ਇਸ ਦੁਖਦਾਈ ਘਟਨਾ ਤੋਂ ਬਾਅਦ ਪਿੰਡ ਮਹਿੰਦੀਪੁਰ ਦੇ ਵਸਨੀਕਾਂ ਅਤੇ ਪਰਿਵਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਸਿਆਸੀ ਪੱਧਰ ‘ਤੇ ਪ੍ਰਬੰਧ ਕੀਤੇ ਜਾਣ, ਤਾਂ ਜੋ ਬਦਕਿਸਮਤ ਮਾਪੇ ਆਪਣੇ ਇਕਲੌਤੇ ਪੁੱਤਰ ਦਾ ਅੰਤਿਮ ਸੰਸਕਾਰ ਆਪਣੇ ਪਿੰਡ ਵਿੱਚ ਕਰ ਸਕਣ। PK















