Join WhatsApp

Join Now

ਸਕੂਲੀ ਬੱਚਿਆਂ ਨੂੰ ਆਸਾਰਾਮ ਦੀਆਂ ਕਿਤਾਬਾਂ ਵੰਡਣ ‘ਤੇ ਹੰਗਾਮਾ; ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ

On: November 3, 2026 8:41 PM

 

ਸਕੂਲੀ ਬੱਚਿਆਂ ਨੂੰ ਆਸਾਰਾਮ ਦੀਆਂ ਕਿਤਾਬਾਂ ਵੰਡਣ ‘ਤੇ ਹੰਗਾਮਾ; ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ

ਬਲਰਾਮਪੁਰ ਦੇ ਸਰਕਾਰੀ ਸਕੂਲ ‘ਚ ਵਿਵਾਦਤ ਕਿਤਾਬਾਂ ਵੰਡਣ ਦਾ ਮਾਮਲਾ: ਮਾਪਿਆਂ ਦੇ ਵਿਰੋਧ ਤੋਂ ਬਾਅਦ ਪ੍ਰਿੰਸੀਪਲ ‘ਤੇ ਡਿੱਗੀ ਗਾਜ- ਜਬਰ-ਜਨਾਹ ਦੇ ਦੋਸ਼ੀ ਆਸਾਰਾਮ ਦੀਆਂ ਕਿਤਾਬਾਂ ਵੰਡਣਾ ਪ੍ਰਿੰਸੀਪਲ ਨੂੰ ਪਿਆ ਭਾਰੀ, ਸਿੱਖਿਆ ਵਿਭਾਗ ਨੇ ਕੀਤੀ ਵੱਡੀ ਕਾਰਵਾਈ

ਛੱਤੀਸਗੜ੍ਹ, 3 ਨਵੰਬਰ 2026- ਬਲਰਾਮਪੁਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪ੍ਰਿੰਸੀਪਲ ‘ਤੇ ਦੋਸ਼ ਹੈ ਕਿ ਉਸ ਨੇ ਸਕੂਲ ਦੇ ਮਾਸੂਮ ਬੱਚਿਆਂ ਨੂੰ ਜਬਰ-ਜਨਾਹ ਵਰਗੇ ਗੰਭੀਰ ਅਪਰਾਧਾਂ ਵਿੱਚ ਸਜ਼ਾ ਭੁਗਤ ਰਹੇ ਆਸਾਰਾਮ ਨਾਲ ਜੁੜੀਆਂ ਕਿਤਾਬਾਂ ਵੰਡੀਆਂ ਸਨ।

ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਬਲਰਾਮਪੁਰ ਜ਼ਿਲ੍ਹੇ ਦੇ ਰਘੁਨਾਥਪੁਰ ਪਿੰਡ ਵਿਖੇ ਸਥਿਤ ‘ਸਵਾਮੀ ਆਤਮਾਨੰਦ ਸਰਕਾਰੀ ਅੰਗਰੇਜ਼ੀ ਮਾਧਿਅਮ ਸਕੂਲ’ ਦਾ ਹੈ। ਬੱਚਿਆਂ ਦੇ ਮਾਪਿਆਂ ਅਨੁਸਾਰ, ਲੰਘੀ 26 ਅਕਤੂਬਰ ਨੂੰ ਸਕੂਲ ਵਿੱਚ ਆਸਾਰਾਮ ਦੇ ਕੁਝ ਪੈਰੋਕਾਰ ਆਏ ਸਨ। ਉਨ੍ਹਾਂ ਨੇ ਪ੍ਰਿੰਸੀਪਲ ਦੀ ਸ਼ਹਿ ‘ਤੇ ਵਿਦਿਆਰਥੀਆਂ ਨੂੰ ‘ਸੰਸਕਾਰ ਸਰਿਤਾ’, ‘ਵਰਤ ਨਿਯਮ’ ਅਤੇ ‘ਵਸੁਧੈਵ ਕੁਟੁੰਬਕਮ’ ਵਰਗੀਆਂ ਕਿਤਾਬਾਂ ਵੰਡੀਆਂ।

ਜਦੋਂ ਬੱਚੇ ਇਹ ਕਿਤਾਬਾਂ ਲੈ ਕੇ ਆਪਣੇ ਘਰ ਪਹੁੰਚੇ ਤਾਂ ਪਰਿਵਾਰਕ ਮੈਂਬਰ ਅਤੇ ਮਾਪੇ ਇਹ ਦੇਖ ਕੇ ਹੱਕੇ-ਬੱਕੇ ਰਹਿ ਗਏ। ਮਾਪਿਆਂ ਨੇ ਤੁਰੰਤ ਇਸ ਦਾ ਵਿਰੋਧ ਕੀਤਾ ਅਤੇ ਸਿੱਖਿਆ ਵਿਭਾਗ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ।

ਇਸ ਮਾਮਲੇ ਵਿੱਚ ਇੱਕ ਵਿਦਿਆਰਥੀ ਦੇ ਪਿਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਕਿਤਾਬਾਂ ਆਸਾਰਾਮ ਅਤੇ ਉਸ ਨਾਲ ਜੁੜੀਆਂ ਸੰਸਥਾਵਾਂ ਦਾ ਪ੍ਰਚਾਰ ਕਰਦੀਆਂ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਜਿਹੜਾ ਵਿਅਕਤੀ ਅਦਾਲਤ ਵੱਲੋਂ ਗੰਭੀਰ ਅਪਰਾਧਾਂ ਲਈ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ, ਉਸ ਨਾਲ ਸਬੰਧਤ ਕੋਈ ਵੀ ਸਮੱਗਰੀ ਸਕੂਲਾਂ ਵਰਗੀਆਂ ਪਵਿੱਤਰ ਥਾਵਾਂ ‘ਤੇ ਬੱਚਿਆਂ ਨੂੰ ਕਿਵੇਂ ਵੰਡੀ ਜਾ ਸਕਦੀ ਹੈ? ਮਾਪਿਆਂ ਨੇ ਇਸ ਨੂੰ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਖ਼ਤਰਨਾਕ ਦੱਸਦਿਆਂ ਪ੍ਰਿੰਸੀਪਲ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।

ਮਾਮਲਾ ਤੂਲ ਫੜਦਿਆਂ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ (DEO) ਨਰਿੰਦਰ ਨਿਰਾਪੁਰੇ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਬਲਾਕ ਸਿੱਖਿਆ ਅਧਿਕਾਰੀ ਨੂੰ ਮਾਮਲੇ ਦੀ ਜਾਂਚ ਕਰਕੇ ਜਲਦ ਤੋਂ ਜਲਦ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ।

ਮੁੱਢਲੀ ਜਾਂਚ ਦੌਰਾਨ ਮਾਪਿਆਂ ਦੇ ਦੋਸ਼ ਸੱਚੇ ਪਾਏ ਗਏ। ਇਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਕਾਰਵਾਈ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਮਹੇਸ਼ ਪ੍ਰਜਾਪਤੀ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਹਟਾ ਦਿੱਤਾ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਹੋਰ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਆਸਾਰਾਮ ਇਸ ਵੇਲੇ ਸੰਗੀਨ ਅਪਰਾਧਾਂ ਦੇ ਦੋਸ਼ ਹੇਠ ਜੇਲ੍ਹ ਵਿੱਚ ਬੰਦ ਹੈ। ਗੁਜਰਾਤ ਦੇ ਗਾਂਧੀਨਗਰ ਦੀ ਇੱਕ ਅਦਾਲਤ ਨੇ ਆਸਾਰਾਮ ਨੂੰ ਸਾਲ 2013 ਦੇ ਜਬਰ-ਜਨਾਹ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ, ਉਹ ਰਾਜਸਥਾਨ ਦੇ ਜੋਧਪੁਰ ਸਥਿਤ ਆਪਣੇ ਆਸ਼ਰਮ ਵਿੱਚ ਇੱਕ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿੱਚ ਵੀ ਉਮਰ ਕੈਦ ਦੀ ਕਾਨੂੰਨੀ ਸਜ਼ਾ ਕੱਟ ਰਿਹਾ ਹੈ।

 

More

ਨਵੀਂ ਪੰਜਾਬ ਕਿਸਾਨ ਕ੍ਰੈਡਿਟ ਕਾਰਡ ਨੀਤੀ-2026 ਕਿਸਾਨਾਂ ਲਈ ਮੁਸ਼ਕਲਾਂ ਵਧਾਉਣ ਵਾਲੀ! ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਨੀਤੀ ਰੱਦ ਕਰਨ ਦੀ ਮੰਗ

ਕਾਂਗਰਸ ਵੱਲੋਂ ਕੀਤੇ ‘ਸਿੱਖ ਕਤਲੇਆਮ’ ਦੇ 42 ਸਾਲ ਪੂਰੇ! ਦਰਦ ਦੀ ਕਹਾਣੀ ਕੱਲ੍ਹ ਚੰਡੀਗੜ੍ਹ ‘ਚ ਹੋਵੇਗੀ ਰੂਬਰੂ!

AISA President Neha Bora! ਥੀਏਟਰ ਤੋਂ JNU ਤੱਕ ਦਾ ਸਫ਼ਰ..! ਜਾਣੋ ਕੌਣ ਹੈ ਕਾਮਰੇਡ ਨੇਹਾ ਬੋਰਾ? ਜਿਸਨੇ ਚੋਣ ਕਮਿਸ਼ਨਰ ਵਿਰੁੱਧ ਪ੍ਰਦਰਸ਼ਨ ਕਰਕੇ ਸੈਂਟਰ ਅਤੇ ਗੋਦੀ ਮੀਡੀਆ ਨੂੰ ਵੀ ਪੜ੍ਹਨੇ ਪਾਇਆ

Florida Plane Crash: ਅਮਰੀਕਾ ‘ਚ ਜਹਾਜ਼ ਕ੍ਰੈਸ਼! ਭਾਰਤੀ-ਮੂਲ/ਬ੍ਰਾਜ਼ੀਲਿਅਨ ਕੋ-ਪਾਇਲਟ ਸਮੇਤ 9 ਵਿਅਕਤੀਆਂ ਦੀ ਦਰਦਨਾਕ ਮੌਤ, ਆਖ਼ਰੀ ਆਡੀਓ ਆਈ ਸਾਹਮਣੇ

ਲੁਧਿਆਣਾ ਤੋਂ ਵੱਡੀ ਖ਼ਬਰ: 23 ਸਾਲਾ ਕੁੜੀ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ!

Leave a Comment