ਆਜ਼ਾਦੀ ਦਿਹਾੜੇ ‘ਤੇ ਪੰਜਾਬ ‘ਚ ਲੋਕਤੰਤਰਿਕ ਹੱਕਾਂ ਦਾ ਘਾਣ; ਇਨਸਾਫ਼ ਮੰਗਦੇ ਅਧਿਆਪਕਾਂ ਨੂੰ ਪੁਲਿਸ ਨੇ ਕੀਤਾ ਥਾਣੇ ਚ ਨਜ਼ਰਬੰਦ
ਭਗਵੰਤ ਮਾਨ ਨੂੰ ਸ਼ੀਸ਼ਾ ਵਿਖਾਉਣ ਆਏ ਅਧਿਆਪਕਾਂ ਨੂੰ ਪੁਲਿਸ ਨੇ ਕੀਤਾ ਡਿਟੇਨ, ਫਿਰੋਜ਼ਪੁਰ ਵਿਖੇ 1158 ਸਹਾਇਕ ਪ੍ਰੋਫੈਸਰਾਂ/ਲਾਇਬ੍ਰੇਰੀਅਨਾਂ, ਕੰਪਿਊਟਰ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੂੰ ਡਿਟੇਨ ਕਰਨ ਦੀ ਕਾਰਵਾਈ ਲੋਕਤੰਤਰਿਕ ਹੱਕਾਂ ਦੇ ਵਿਰੁੱਧ: ਜੋਆਇੰਟ ਐਕਸ਼ਨ ਕਮੇਟੀ
ਚੰਡੀਗੜ੍ਹ, 15 ਅਗਸਤ 2026-
ਆਜ਼ਾਦੀ ਦਿਹਾੜੇ ਮੌਕੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਆਵਾਜ਼ ਬੁਲੰਦ ਕਰ ਰਹੇ 1158 ਸਹਾਇਕ ਪ੍ਰੋਫੈਸਰਾਂ/ਲਾਇਬ੍ਰੇਰੀਅਨਾਂ ਅਤੇ ਕੰਪਿਊਟਰ ਅਧਿਆਪਕਾਂ, ਕੱਚੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੂੰ ਫਿਰੋਜ਼ਪੁਰ ਵਿਖੇ ਪੁਲਿਸ ਵੱਲੋਂ ਡਿਟੇਨ ਕੀਤੇ ਜਾਣ ਦੀ ਜੋਆਇੰਟ ਐਕਸ਼ਨ ਕਮੇਟੀ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।
ਜਥੇਬੰਦੀ ਨੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਆਵਾਜ਼ ਉਠਾਉਣਾ ਹਰ ਨਾਗਰਿਕ ਦਾ ਸੰਵਿਧਾਨਕ ਅਤੇ ਜਮਹੂਰੀ ਹੱਕ ਹੈ। ਆਜ਼ਾਦੀ ਦਿਹਾੜੇ ਵਰਗੇ ਮਹੱਤਵਪੂਰਨ ਮੌਕੇ ’ਤੇ ਆਪਣੇ ਹੱਕਾਂ ਅਤੇ ਮੰਗਾਂ ਲਈ ਆਵਾਜ਼ ਉਠਾ ਰਹੇ ਅਧਿਆਪਕਾਂ ਨੂੰ ਡਿਟੇਨ ਕਰਨਾ ਲੋਕਤੰਤਰਿਕ ਕਦਰਾਂ-ਕੀਮਤਾਂ ਅਤੇ ਅਭਿਵਿਅਕਤੀ ਦੀ ਆਜ਼ਾਦੀ ਦੀ ਭਾਵਨਾ ਦੇ ਵਿਰੁੱਧ ਹੈ।
ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਸੰਧਾ, ਸੂਬਾ ਆਗੂ ਵਰਿੰਦਰ ਸਿੰਘ ਅਤੇ ਜਨਕ ਸਿੰਘ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡਿਟੇਨ ਕੀਤੇ ਗਏ ਸਾਰੇ ਅਧਿਆਪਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਦਬਾਅ ਜਾਂ ਧੱਕੇਸ਼ਾਹੀ ਦੀ ਬਜਾਏ ਗੱਲਬਾਤ ਅਤੇ ਸੁਹਿਰਦ ਵਾਰਤਾਲਾਪ ਰਾਹੀਂ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਨਾਲ ਗੱਲਬਾਤ ਕਰਕੇ ਮਸਲਿਆਂ ਦਾ ਸਥਾਈ ਹੱਲ ਕੱਢਣਾ ਚਾਹੀਦਾ ਹੈ। ਜਥੇਬੰਦੀ ਨੇ ਸਪੱਸ਼ਟ ਕੀਤਾ ਕਿ ਮੁਲਾਜ਼ਮਾਂ ਦੇ ਜਮਹੂਰੀ ਹੱਕਾਂ ਦੀ ਰੱਖਿਆ ਲਈ ਸੰਘਰਸ਼ ਜਾਰੀ ਰਹੇਗਾ।
















