Weather Update: ਪੰਜਾਬ ‘ਚ ਕੱਲ੍ਹ ਪਵੇਗਾ ਭਾਰੀ ਮੀਂਹ, ਤੇਜ਼ ਤੂਫ਼ਾਨ ਦਾ ਵੀ ਅਲਰਟ! ਭਿਆਨਕ ਗਰਮੀ ਤੋਂ ਮਿਲੇਗੀ ਰਾਹਤ

On: ਅਪ੍ਰੈਲ 25, 2026 10:15 ਬਾਃ ਦੁਃ

 

Weather Update: ਪੰਜਾਬ ਸਮੇਤ 17 ਰਾਜਾਂ ‘ਚ ਭਾਰੀ ਮੀਂਹ ਅਤੇ ਹਨ੍ਹੇਰੀ ਦਾ ਅਲਰਟ- ਭਿਆਨਕ ਗਰਮੀ ਤੋਂ ਮਿਲੇਗੀ ਰਾਹਤ

ਨਵੀਂ ਦਿੱਲੀ/ਚੰਡੀਗੜ੍ਹ 25 ਅਪ੍ਰੈਲ 2026: ਦੇਸ਼ ਦੇ ਕਈ ਹਿੱਸਿਆਂ ਵਿੱਚ ਪੈ ਰਹੀ ਅੱਤ ਦੀ ਗਰਮੀ ਦਰਮਿਆਨ ਮੌਸਮ ਵਿਭਾਗ ਨੇ ਸੁਖਦ ਭਵਿੱਖਬਾਣੀ ਕੀਤੀ ਹੈ। IMD ਅਨੁਸਾਰ 26 ਅਪ੍ਰੈਲ ਤੋਂ ਉੱਤਰ ਪ੍ਰਦੇਸ਼, ਬਿਹਾਰ ਅਤੇ ਪੰਜਾਬ ਸਮੇਤ 17 ਰਾਜਾਂ ਵਿੱਚ ਮੌਸਮ ਕਰਵਟ ਲਵੇਗਾ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਉਮੀਦ ਹੈ।

ਪੰਜਾਬ ਵਿੱਚ 26 ਅਪ੍ਰੈਲ ਨੂੰ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 27 ਅਪ੍ਰੈਲ ਤੋਂ ਹਨ੍ਹੇਰੀ ਅਤੇ ਮੀਂਹ ਦਾ ਵਿਸ਼ੇਸ਼ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਾ ਅਸਰ ਮੁੱਖ ਤੌਰ ‘ਤੇ ਮਾਨਸਾ, ਬਠਿੰਡਾ, ਫਾਜ਼ਿਲਕਾ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਦੇਖਣ ਨੂੰ ਮਿਲੇਗਾ।

ਮੌਸਮ ਵਿਭਾਗ ਨੇ ਹਰਿਆਣਾ, ਰਾਜਸਥਾਨ, ਪੰਜਾਬ, ਜੰਮੂ-ਕਸ਼ਮੀਰ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਸਿੱਕਮ, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਛੱਤੜੀਸਗੜ੍ਹ, ਮੱਧ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਉੱਤਰਾਖੰਡ ਵਿੱਚ ਮੀਂਹ ਅਤੇ ਗਰਜ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਪੂਰਬੀ ਭਾਰਤ ਵਿੱਚ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਜਤਾਈ ਗਈ ਹੈ।

ਦਿੱਲੀ ਵਿੱਚ 26 ਅਪ੍ਰੈਲ ਨੂੰ ਦਿਨ ਵੇਲੇ ਲੂ (Heat wave) ਚੱਲੇਗੀ ਅਤੇ ਤਾਪਮਾਨ 41 ਡਿਗਰੀ ਤੱਕ ਜਾ ਸਕਦਾ ਹੈ, ਪਰ ਸ਼ਾਮ ਨੂੰ ਬੱਦਲ ਛਾਏ ਰਹਿਣ ਨਾਲ ਕੁਝ ਰਾਹਤ ਮਿਲ ਸਕਦੀ ਹੈ।

ਹਰਿਆਣਾ ਵਿੱਚ 27 ਅਤੇ 28 ਅਪ੍ਰੈਲ ਨੂੰ ਪਾਣੀਪਤ, ਸੋਨੀਪਤ ਅਤੇ ਭਿਵਾਨੀ ਸਮੇਤ ਕਈ ਜ਼ਿਲ੍ਹਿਆਂ ਵਿੱਚ 50-60 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਮੀਂਹ ਪੈਣ ਦਾ ਅਲਰਟ ਹੈ।

ਹਿਮਾਚਲ ਪ੍ਰਦੇਸ਼ ਵਿੱਚ ਭਲਕੇ ਮੌਸਮ ਸਾਫ਼ ਰਹੇਗਾ, ਪਰ 28 ਤੋਂ 30 ਅਪ੍ਰੈਲ ਦਰਮਿਆਨ ਸ਼ਿਮਲਾ, ਕੁੱਲੂ ਅਤੇ ਮਨਾਲੀ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।

ਰਾਜਸਥਾਨ ਵਿੱਚ ਭਿਆਨਕ ਗਰਮੀ ਝੱਲ ਰਹੇ ਰਾਜਸਥਾਨ ਵਿੱਚ 27 ਤੋਂ 29 ਅਪ੍ਰੈਲ ਦਰਮਿਆਨ ਜੈਪੁਰ, ਬੀਕਾਨੇਰ ਅਤੇ ਜੈਸਲਮੇਰ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਉਮੀਦ ਹੈ।

ਯੂ.ਪੀ. ਵਿੱਚ 26 ਅਪ੍ਰੈਲ ਨੂੰ ਗਰਮੀ ਦਾ ਕਹਿਰ ਜਾਰੀ ਰਹੇਗਾ, ਪਰ 28 ਅਪ੍ਰੈਲ ਤੋਂ 1 ਮਈ ਦੇ ਵਿਚਕਾਰ ਮੇਰਠ, ਸਹਾਰਨਪੁਰ ਅਤੇ ਬਰੇਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੇ ਆਸਾਰ ਹਨ।

ਬਿਹਾਰ ਦੇ ਪਟਨਾ ਸਮੇਤ ਸੀਤਾਮੜ੍ਹੀ, ਮੁਜ਼ੱਫ਼ਰਪੁਰ ਅਤੇ ਗਿਆ ਵਿੱਚ 26 ਤੋਂ 28 ਅਪ੍ਰੈਲ ਦਰਮਿਆਨ ਤੇਜ਼ ਹਨ੍ਹੇਰੀ ਅਤੇ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।

ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖ਼ਰਾਬ ਮੌਸਮ ਦੌਰਾਨ ਦਰੱਖਤਾਂ ਹੇਠਾਂ ਸ਼ਰਨ ਨਾ ਲੈਣ ਅਤੇ ਬਿਜਲੀ ਦੇ ਉਪਕਰਨਾਂ ਤੋਂ ਦੂਰ ਰਹਿਣ।

 

Join WhatsApp

Join Now

Leave a Comment