ਅੰਮ੍ਰਿਤਸਰ ‘ਚ ਦਿਨ-ਦਿਹਾੜੇ ਸਕੂਲ ਅਧਿਆਪਕ ਦਾ ਬੇਰਹਿਮੀ ਨਾਲ ਕਤਲ; DTF ਨੇ ਕਾਨੂੰਨ ਵਿਵਸਥਾ ‘ਤੇ ਚੁੱਕੇ ਸਵਾਲ- ਘਟਨਾ ਦੀ ਸਖ਼ਤ ਸ਼ਬਦਾਂ ‘ਚ ਕੀਤੀ ਨਿੰਦਾ

 

ਅੰਮ੍ਰਿਤਸਰ ‘ਚ ਦਿਨ-ਦਿਹਾੜੇ ਸਕੂਲ ਅਧਿਆਪਕ ਦਾ ਬੇਰਹਿਮੀ ਨਾਲ ਕਤਲ; DTF ਨੇ ਪੁਲਿਸ ‘ਤੇ ਚੁੱਕੇ ਸਵਾਲ; ਸਖ਼ਤ ਸ਼ਬਦਾਂ ‘ਚ ਕੀਤੀ ਨਿੰਦਾ

ਡੀ.ਟੀ.ਐੱਫ. ਨੇ ਮਾਨ ਸਰਕਾਰ ਦੀ ਕਾਨੂੰਨ ਵਿਵਸਥਾ ‘ਤੇ ਚੁੱਕੇ ਸਵਾਲ- “ਕੀ ਪੁਲਿਸ ਸਿਰਫ਼ ਨੇਤਾਵਾਂ ਦੀ ਸੁਰੱਖਿਆ ਲਈ ਹੈ?”

ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਨਾ ਕਰਨ ‘ਤੇ ਅੰਮ੍ਰਿਤਸਰ ‘ਚ ਵੱਡੇ ਸੰਘਰਸ਼ ਦੀ DTF ਨੇ ਦਿੱਤੀ ਚੇਤਾਵਨੀ

ਅੰਮ੍ਰਿਤਸਰ/ਜੰਡਿਆਲਾ ਗੁਰੂ:

ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੈਹਿਰੀ ਮੰਡੀ ਵਿਖੇ ਬਤੌਰ ਆਰਟ ਐਂਡ ਕਰਾਫਟ ਅਧਿਆਪਕ ਵਜੋਂ ਤਾਇਨਾਤ ਜਗਦੀਪ ਸਿੰਘ ਦਾ ਅੱਜ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਇਹ ਵਾਰਦਾਤ ਉਸ ਸਮੇਂ ਪਿੰਡ ਰਾਣਾ ਕਾਲਾ ਨੇੜੇ ਵਾਪਰੀ, ਜਦੋਂ ਜਗਦੀਪ ਸਿੰਘ ਆਪਣੀ ਬੇਟੀ ਨੂੰ ਟਿਊਸ਼ਨ ‘ਤੇ ਛੱਡ ਕੇ, ਜਡਿਆਲਾ ਗੁਰੂ ਤੋਂ ਵਾਪਸ ਆਪਣੇ ਪਿੰਡ ਤਲਵੰਡੀ ਨੂੰ ਆ ਰਹੇ ਸਨ। ਇਸੇ ਦੌਰਾਨ ਹੀ ਰਸਤੇ ਵਿੱਚ ਪਹਿਲਾਂ ਹੀ ਖੜ੍ਹੇ ਗੁੰਡਾ ਅਨਸਰਾਂ ਨੇ ਉਨ੍ਹਾਂ ਨੂੰ (ਜਗਦੀਪ ਸਿੰਘ) ਨਿਸ਼ਾਨਾ ਬਣਾਇਆ।

ਇਸ ਮੰਦਭਾਗੀ ਅਤੇ ਦਿਲ ਕੰਬਾਊ ਘਟਨਾ ‘ਤੇ ਡੈਮੋਕਰੇਟਿਕ ਟੀਚਰਜ਼ ਫਰੰਟ (DTF) ਪੰਜਾਬ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੇ ਸੂਬਾ ਵਿੱਤ ਸਕੱਤਰ ਕਮ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵਸਥੀ, ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਡੀਐਮਐਫ਼ ਦੇ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਢੀ, ਵਿੱਤ ਸਕੱਤਰ ਹਰਜਾਪ ਸਿੰਘ ਬੱਲ, ਪ੍ਰੈੱਸ ਸਕੱਤਰ ਰਾਜੇਸ਼ ਪਰਾਸ਼ਰ ਅਤੇ ਨਿਰਮਲ ਸਿੰਘ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਹੋਇਆ ਕਿਹਾ ਕਿ ਜਗਦੀਪ ਸਿੰਘ ਇੱਕ ਬਹੁਤ ਹੀ ਹੋਣਹਾਰ ਅਧਿਆਪਕ ਅਤੇ ਕਲਾ ਪ੍ਰੇਮੀ ਇਨਸਾਨ ਸਨ।

ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਗੁੰਡਾ ਅਨਸਰਾਂ ‘ਤੇ ਪੁਲਿਸ ਦਾ ਕੰਟਰੋਲ ਲਗਾਤਾਰ ਖੁੱਸਦਾ ਜਾ ਰਿਹਾ ਹੈ ਅਤੇ ਅਪਰਾਧੀਆਂ ਦੇ ਮਨਾਂ ਵਿੱਚੋਂ ਕਾਨੂੰਨ ਦਾ ਡਰ ਪੂਰੀ ਤਰ੍ਹਾਂ ਨਿਕਲ ਚੁੱਕਾ ਹੈ।

ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਅੱਜ ਸ਼ਾਇਦ ਪੁਲਿਸ ਪ੍ਰਸ਼ਾਸਨ ਦਾ ਪੂਰਾ ਜ਼ੋਰ (ਬਿਕਰਮ ਸਿੰਘ) ਮਜੀਠੀਆ ਨੂੰ ਫੜਨ ਵੱਲ ਲੱਗਿਆ ਹੋਇਆ ਸੀ, ਜਿਸ ਕਾਰਨ ਆਮ ਲੋਕਾਂ ਦੀ ਸੁਰੱਖਿਆ ਰੱਬ ਆਸਰੇ ਛੱਡ ਦਿੱਤੀ ਗਈ ਹੈ ਅਤੇ ਅਜਿਹੀਆਂ ਖ਼ੌਫਨਾਕ ਵਾਰਦਾਤਾਂ ਸ਼ਰੇਆਮ ਵਾਪਰ ਰਹੀਆਂ ਹਨ।

ਡੀ.ਟੀ.ਐੱਫ. ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਦਿਆਂ ਸਵਾਲ ਕੀਤਾ ਕਿ ਪੰਜਾਬ ਦਾ ਆਮ ਸ਼ਹਿਰੀ ਹੁਣ ਕਿੱਥੇ ਸੁਰੱਖਿਅਤ ਹੈ? ਜੇਕਰ ਦੁਕਾਨ ‘ਤੇ ਬੈਠਾ ਵਿਅਕਤੀ ਜਾਂ ਸੜਕ ‘ਤੇ ਲੰਘ ਰਿਹਾ ਰਾਹਗੀਰ ਸੁਰੱਖਿਅਤ ਨਹੀਂ ਹੈ, ਤਾਂ ਪੁਲਿਸ ਫੋਰਸ ਦਾ ਕੀ ਫਾਇਦਾ? ਕੀ ਇਹ ਫੋਰਸ ਸਿਰਫ਼ ਸਿਆਸਤਦਾਨਾਂ ਦੀ ਰੱਖਿਆ ਲਈ ਹੀ ਰਾਖਵੀਂ ਹੈ?

ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਅਧਿਆਪਕ ਦੇ ਪਰਿਵਾਰ ਅਤੇ ਉਨ੍ਹਾਂ ਦੀ ਮਾਸੂਮ ਛੋਟੀ ਧੀ ਨੂੰ ਇਨਸਾਫ਼ ਦਿਵਾਉਣ ਲਈ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਵੇ।

ਜਥੇਬੰਦੀ ਨੇ ਪੁਲਿਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਗਦੀਪ ਸਿੰਘ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ, ਤਾਂ ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਹੋਰਨਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੇ ਵਿੱਚ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਆਗੂਆਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਖ਼ੀਰ ਤੱਕ ਸੰਘਰਸ਼ ਦੀ ਲੜਾਈ ਲੜੀ ਜਾਵੇਗੀ।