Manpreet Ayali ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਜ਼ਿੰਮੇਵਾਰੀ ਤੋਂ ਹੋਇਆ ਭਗੌੜਾ!

On: ਜੂਨ 9, 2026 7:38 ਬਾਃ ਦੁਃ

 

ਮਨਪ੍ਰੀਤ ਇਆਲੀ (Manpreet Ayali) ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਜ਼ਿੰਮੇਵਾਰੀ ਤੋਂ ਹੋਇਆ ਭਗੌੜਾ!

ਚੰਡੀਗੜ੍ਹ, 9 ਜੂਨ 2026- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਕੋਰ ਕਮੇਟੀ ਮੈਂਬਰ ਸੁੱਚਾ ਸਿੰਘ ਛੋਟੇਪੁਰ ਨੇ ਮਨਪ੍ਰੀਤ ਸਿੰਘ ਇਆਲੀ (Manpreet Ayali) ਦੇ ਬਿਆਨ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਇਆਲੀ ਦਾ “ਵਾਰਿਸ ਪੰਜਾਬ ਦੇ” ‘ਚ ਜਾਣ ਦਾ ਫੈਸਲਾ ਸ੍ਰੀ ਅਕਾਲ ਤਖ਼ਤ ਤੋਂ ਸਿਰਜੇ ਪਲੇਟਫਾਰਮ ਨੂੰ ਪਿੱਠ ਦਿਖਾਉਣਾ ਹੈ। ਕਿਉਂਕਿ 2 ਦਸੰਬਰ ਨੂੰ ਸਿਰਜੇ ਇਸ ਪਲੇਟਫਾਰਮ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਜਿਸ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਲਗਾਈ ਸੀ, ਉਸਦਾ ਇਆਲੀ ਵੀ ਮੈਂਬਰ ਸੀ। ਇਸ ਪੰਜ ਮੈਂਬਰੀ ਕਮੇਟੀ ਦੁਆਰਾ ਹੋਈ ਭਰਤੀ ਨਾਲ ਹੀ ਅਕਾਲੀ ਦਲ ਪੁਨਰ-ਸੁਰਜੀਤ ਹੋਇਆ ਸੀ।

ਉਸ ਭਰਤੀ ਤੋਂ ਬਾਅਦ ਚੁਣੇ ਹੋਏ ਡੈਲੀਗੇਟਾਂ ਦੁਆਰਾ ਜਰਨਲ ਇਜਲਾਸ ਵਿੱਚ ਜਿਸ ਦਿਨ ਗਿਆਨੀ ਹਰਪ੍ਰੀਤ ਸਿੰਘ ਪਾਰਟੀ ਪ੍ਰਧਾਨ ਬਣੇ ਹਨ, ਉਸੇ ਦਿਨ ਤੋਂ ਹੀ ਇਆਲੀ ਪਾਰਟੀ ‘ਤੇ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਆ ਰਹੇ ਹਨ ਕਿ ਮੇਰਾ ਸੀ.ਐੱਮ. ਦਾ ਚਿਹਰਾ ਅਨਾਉਂਸ ਕੀਤਾ ਜਾਵੇ। ਉਹਨਾਂ ਦੀ ਸ਼ਰਤ ਨਾ ਮੰਨਣ ਕਰਕੇ ਹੀ ਉਹ ਹਮੇਸ਼ਾਂ ਪਾਰਟੀ ਗਤੀਵਿਧੀਆਂ ਤੋਂ ਦੂਰੀ ਬਣਾ ਕੇ ਰੱਖਦੇ ਰਹੇ। ਉਹਨਾਂ ਨੇ ਆਪਣੇ ਜ਼ਿਲ੍ਹੇ ਲੁਧਿਆਣਾ ਅਤੇ ਮੋਗਾ ਦੇ ਅਹੁਦੇਦਾਰਾਂ ਦੀ ਚੋਣ ਤੱਕ ਵੀ ਨਾ ਕਰਵਾਈ। ਜਦਕਿ ਉਹ ਦੂਜੇ ਜ਼ਿਲ੍ਹਿਆਂ ‘ਚ ਜਾ ਕੇ ਹੋਰ ਪਾਰਟੀ ਦੀਆਂ ਮੀਟਿੰਗਾਂ ਕਰਦੇ ਦਿਖਾਈ ਦਿੱਤੇ।

ਦੋਹਾਂ ਆਗੂਆਂ ਨੇ ਕਿਹਾ ਕਿ ਇਆਲੀ ਦੇ ਇਹ ਇਲਜ਼ਾਮ ਕਿ, “ਪਾਰਟੀ ਨੇ ਮੇਰੇ ਤੋਂ ਕੋਈ ਕੰਮ ਨਹੀਂ ਲਿਆ” ਸਰਾਸਰ ਗਲਤ ਹਨ। ਜਿਹਨਾਂ ਜ਼ਿਲ੍ਹਿਆਂ ‘ਚ ਪ੍ਰਧਾਨ ਬਣਾਉਣ ਲਈ ਉਸਦੀ ਬਤੌਰ ਆਬਜ਼ਰਵਰ ਡਿਊਟੀ ਲਗਾਈ ਗਈ ਸੀ, ਪਾਰਟੀ ਦਫ਼ਤਰ ਵੱਲੋਂ ਵਾਰ-ਵਾਰ ਕਹਿਣ ‘ਤੇ ਵੀ ਉਹ ਨਹੀਂ ਨਿਭਾਈ। ਪਾਰਟੀ ਵੱਲੋਂ ਇਆਲੀ ਨੂੰ ਤਾਲਮੇਲ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ, ਉਹ ਤਾਲਮੇਲ ਕਮੇਟੀ ਦਾ ਕਨਵੀਨਰ ਬਣ ਗਿਆ, ਪ੍ਰੰਤੂ ਤਾਲਮੇਲ ਕਮੇਟੀ ਦਾ ਕਨਵੀਨਰ ਬਣਨ ਉਪਰੰਤ ਵੀ ਇਆਲੀ ਵੱਲੋਂ ਕਿਸੇ ਹੋਰ ਪੰਥਕ ਆਗੂ ਜਾਂ ਪੰਥਕ ਧਿਰ ਨਾਲ ਕਦੇ ਤਾਲਮੇਲ ਨਹੀਂ ਕੀਤਾ ਗਿਆ।

ਉਲਟਾ, ਜਿਸ ਧਿਰ ਨਾਲ ਗੱਲ ਕਰਨ ਗਿਆ ਸੀ, ਅੱਜ ਆਪਣੀ ਪਾਰਟੀ ਛੱਡ ਕੇ ਸਿਆਸੀ ਲਾਹਾ ਲੈਣ ਅਤੇ ਸ਼ੋਹਰਤ ਹਾਸਲ ਕਰਨ ਲਈ ਉਸੇ ਪਾਰਟੀ ‘ਚ ਹੀ ਸ਼ਾਮਲ ਹੋ ਗਿਆ। ਦੋਹਾਂ ਆਗੂਆਂ ਨੇ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਤਾਲਮੇਲ ਕਮੇਟੀ ਦਾ ਮੈਂਬਰ ਬਣਨ ਤੋਂ ਬਾਅਦ ਪਾਰਟੀ ਦਾ ਜਰਨਲ ਹਾਊਸ 15 ਮਈ ਨੂੰ ਜਲੰਧਰ ਵਿਖੇ ਬੁਲਾਇਆ ਗਿਆ ਸੀ, ਜਿੱਥੇ ਇਆਲੀ ਨੂੰ ਵੀ ਸੱਦਾ ਦਿੱਤਾ ਗਿਆ ਸੀ ਤਾਂ ਜੋ ਉਹ ਆ ਕੇ ਤਾਲਮੇਲ ਕਮੇਟੀ ਦੀ ਰਿਪੋਰਟ ਪਾਰਟੀ ਨੂੰ ਦੇਵੇ। ਪਰ ਉਹ ਨਹੀਂ ਆਇਆ।

ਉਲਟਾ ਇਸਦੇ ਅਗਲੇ ਦਿਨ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਗਠਜੋੜ ਹੀ ਤੋੜ ਦਿੱਤਾ ਗਿਆ ਅਤੇ ਦੋ ਦਿਨ ਬਾਅਦ ਹੀ ਗਿਣੀ-ਮਿੱਥੀ ਸਾਜਿਸ਼ ਅਧੀਨ ਇਆਲੀ ਨੇ ਵੀ ਬੇਬੁਨਿਆਦ ਇਲਜ਼ਾਮ ਲਾ ਕੇ ਪਾਰਟੀ ਛੱਡ ਦਿੱਤੀ। ਸਰਕਾਰ ਵੱਲੋਂ ਵੀ ਇਆਲੀ ‘ਤੇ ਪੂਰਾ ਦਬਾਅ ਪਾਇਆ ਜਾ ਰਿਹਾ ਹੈ ਕਿ ਪੰਥਕ ਏਕਤਾ ਨਾ ਹੋਵੇ। ਇਸੇ ਕਰਕੇ ਜਦੋਂ ਕੋਈ ਤਾਲਮੇਲ ਕਮੇਟੀ ਆਗੂ ਕਿਸੇ ਹੋਰ ਪੰਥਕ ਆਗੂ ਕੋਲ ਜਾਂਦਾ ਤਾਂ ਇਆਲੀ ਵਿਰੋਧ ਕਰਦਾ ਸੀ।

ਇਸ ਕਾਰਜ ਲਈ ਸਰਕਾਰ ਵੱਲੋਂ ਇੱਕ ਸੀਨੀਅਰ ਅਧਿਕਾਰੀ ਦੀ ਡਿਊਟੀ ਵੀ ਇਆਲੀ (Manpreet Ayali) ਨਾਲ ਲਾਈ ਗਈ ਹੈ ਜੋ ਕਿ ਮੀਟਿੰਗਾਂ ‘ਚ ਵੀ ਹਾਜ਼ਰ ਰਹਿੰਦਾ ਸੀ। ਇਹਨਾਂ ਆਗੂਆਂ ਨੇ ਕਿਹਾ ਕਿ ਇਆਲੀ ਨੇ ਅੱਜ ਜੋ ਇਲਜ਼ਾਮ ਲਾਏ ਹਨ ਉਹ ਸਰਾਸਰ ਗਲਤ ਹਨ। ਇਆਲੀ ਹਮੇਸ਼ਾਂ ਹੀ ਸਿਆਸੀ ਲਾਲਸਾ ਤਹਿਤ ਪਾਰਟੀ ਨੂੰ ਬਦਨਾਮ ਕਰਨ ਅਤੇ ਪੰਥਕ ਏਕਤਾ ਨੂੰ ਰੋਕਣ ਦੇ ਸਰਕਾਰੀ ਏਜੰਡੇ ‘ਤੇ ਕੰਮ ਕਰਦੇ ਰਹੇ ਹਨ, ਜਦਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਹਮੇਸ਼ਾ ਪੰਥਕ ਏਕਤਾ ਨੂੰ ਤਰਜੀਹ ਦਿੱਤੀ ਹੈ।

ਇੱਥੇ ਇਹ ਵੀ ਵਰਨਣਯੋਗ ਹੈ ਕਿ ਵਾਰਿਸ ਪੰਜਾਬ ਵੱਲੋਂ ਗਠਜੋੜ ਤੋੜਨ ਤੋਂ ਬਾਅਦ ਵੀ ਪਾਰਟੀ ਪ੍ਰਧਾਨ ਤੇ ਸੀਨੀਅਰ ਲੀਡਰਸ਼ਿਪ ਵੱਲੋਂ ਪੰਥਕ ਏਕਤਾ ਲਈ ਯਤਨ ਜਾਰੀ ਰੱਖੇ ਹੋਏ ਹਨ। ਇਆਲੀ ਦੀਆਂ ਇਹਨਾਂ ਸਿਆਸੀ ਕੁਚਾਲਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਮੰਨਣ ਵਾਲਾ ਕੋਈ ਸੱਚਾ ਸਿੱਖ ਕਦੇ ਮੁਆਫ਼ ਨਹੀਂ ਕਰੇਗਾ। ਪ੍ਰੈੱਸ ਦੇ ਨਾਂ ਇਹ ਬਿਆਨ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂੰ ਦੁਆਰਾ ਜਾਰੀ ਕੀਤਾ ਗਿਆ।

 

Join WhatsApp

Join Now

1 thought on “Manpreet Ayali ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਜ਼ਿੰਮੇਵਾਰੀ ਤੋਂ ਹੋਇਆ ਭਗੌੜਾ!”

Leave a Comment