ਅਗਲੇ ਮਹੀਨਿਆਂ ‘ਚ ਬੱਬਰਾਂ ਦੇ ਪਿੰਡਾਂ ਤੱਕ ਕਮੇਟੀ ਦਾ ਵਫ਼ਦ/ਕਾਫ਼ਲਾ ਜੋ ਸੰਭਵ ਹੋਇਆ ਉਹ ਵੀ ਲਿਜਾਣ ਦਾ ਯਤਨ ਹੋਏਗਾ
ਸਭਿਆਚਾਰਕ ਵਿੰਗ ਦੀ ਮੀਟਿੰਗ ‘ਚ ਹੱਥ ਲਈਆਂ ਅਗਲੇ ਮਹੀਨਿਆਂ ਦੀਆਂ ਅਹਿਮ ਸਰਗਰਮੀਆਂ
ਜਲੰਧਰ, 13 ਜੂਨ 2026: ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੀ ਵਿਸ਼ਾਲ ਮੀਟਿੰਗ ਵਿੱਚ ਗੰਭੀਰ ਵਿਚਾਰ ਵਟਾਂਦਰੇ ਉਪਰੰਤ ਅਗਲੇ ਅਰਸੇ ਦੀਆਂ ਸਰਗਰਮੀਆਂ ਅਤੇ ਹੱਥ ਲਏ ਜਾਣ ਵਾਲੇ ਕਾਰਜਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਦ੍ਰਿੜਤਾ ਪੂਰਵਕ ਅਹਿਦ ਲਿਆ ਗਿਆ।
ਮੀਟਿੰਗ ਦਾ ਆਗਾਜ਼ ਜੂਨ ਮਹੀਨੇ ਦੀਆਂ ਆਜ਼ਾਦੀ ਸੰਗਰਾਮ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਅਤੇ ਨਾਇਕਾਂ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਮੀਟਿੰਗ ਦੀ ਤਰਫ਼ੋਂ ਸਿਜਦਾ ਕਰਨ ਨਾਲ ਹੋਇਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਆਜ਼ਾਦੀ ਤਵਾਰੀਖ਼ ਦੇ ਅਨਮੋਲ ਵਰਕੇ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਮੁਹਿੰਮ ਨੂੰ ਭਰਵਾਂ ਬਣਾਉਣ ਲਈ ਜਨਤਕ ਸਮਰਥਨ ਹਾਸਲ ਕਰਨ ਲਈ ਅਗਲੇ ਮਹੀਨਿਆਂ ਵਿੱਚ ਹੋਣ ਵਾਲੀਆਂ ਸਰਗਰਮੀਆਂ ਦੇ ਵਿਸ਼ੇ ਵਸਤੂ ਅਤੇ ਕਲਾ ਰੂਪਾਂ ਦੀਆਂ ਵੰਨ-ਸੁਵੰਨੀਆਂ ਵੰਨਗੀਆਂ ਉਪਰ ਜ਼ੋਰ ਦਿੱਤਾ।

ਅੱਜ ਦੀ ਮੀਟਿੰਗ ‘ਚ 27 ਜੂਨ ਦਿਨ ਸ਼ਨਿਚਰਵਾਰ ਸਵੇਰੇ 11 ਵਜੇ ਬੱਬਰ ਅਕਾਲੀ ਲਹਿਰ ਨਾਲ ਸਬੰਧਤ ਆਜ਼ਾਦੀ ਸੰਗਰਾਮੀਆਂ ਦੀ ਵਿਸ਼ੇਸ਼ ਮੀਟਿੰਗ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਬੁਲਾਉਣ ਦਾ ਫੈਸਲਾ ਕੀਤਾ ਗਿਆ। ਅਗਲੇ ਮਹੀਨਿਆਂ ‘ਚ ਬੱਬਰਾਂ ਦੇ ਪਿੰਡਾਂ ਤੱਕ ਕਮੇਟੀ ਦਾ ਵਫ਼ਦ/ਕਾਫ਼ਲਾ ਜੋ ਸੰਭਵ ਹੋਇਆ ਉਹ ਵੀ ਲਿਜਾਣ ਦਾ ਯਤਨ ਹੋਏਗਾ। ਅਗਲੇ ਮਹੀਨਿਆਂ ਦੀਆਂ ਸਰਗਰਮੀਆਂ ‘ਚ ਬੱਬਰ ਇਤਿਹਾਸ ਤੋਂ ਰੌਸ਼ਨੀ ਲੈਣ ਦਾ ਸਿਖ਼ਰ ਸ਼ਹਾਦਤ ਸ਼ਤਾਬਦੀ ਨੂੰ ਸਮਰਪਤ ਪਹਿਲੀ ਨਵੰਬਰ ‘ਮੇਲਾ ਗ਼ਦਰੀ ਬਾਬਿਆਂ ਦਾ’ ਹੋਏਗਾ।
ਅੱਜ ਦੀ ਮੀਟਿੰਗ ‘ਚ ਇਹ ਫੈਸਲਾ ਵੀ ਕੀਤਾ ਗਿਆ ਕਿ ਸਿਖਿਆਰਥੀ ਚੇਤਨਾ ਕੈਂਪ 28, 29, 30 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਹੋਏਗਾ। ਇਸਦੇ ਵਿਸ਼ੇ ਅਤੇ ਬੁਲਾਰੇ ਆਦਿ 4 ਜੁਲਾਈ ਨੂੰ ਹੋਣ ਵਾਲੀ ਬੋਰਡ ਆਫ਼ ਟਰੱਸਟ ਦੀ ਮੀਟਿੰਗ ‘ਚ ਤੈਅ ਕੀਤੇ ਜਾਣਗੇ। ਇਉਂ ਹੀ ਸਤੰਬਰ ਮਹੀਨੇ ‘ਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਉਹਨਾਂ ਦੀ ਇਨਕਲਾਬ ਦੇ ਸੂਹੇ ਚਿੰਨ੍ਹ ਵਜੋਂ ਅਦੁੱਤੀ ਦੇਣ ‘ਤੇ ਵਿਚਾਰ-ਚਰਚਾ ਹੋਏਗੀ।
ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਨਿਰੰਤਰ ਵਿਚਾਰ-ਚਰਚਾ, ਪੁਸਤਕ ਜਾਣ-ਪਹਿਚਾਣ ਅਤੇ ਮੰਥਨ, ਗੀਤ-ਸੰਗੀਤ, ਰੰਗ ਮੰਚ, ਚਿੱਤਰ ਅਤੇ ਫੋਟੋ ਕਲਾ, ਬਾਲ ਮਿਲਣੀਆਂ, ਵਿਦਿਅਕ ਅਦਾਰਿਆਂ ‘ਚ ਪਹੁੰਚ ਕਰਨ ਅਤੇ ਉਹਨਾਂ ਨੂੰ ਦੇਸ਼ ਭਗਤ ਯਾਦਗਾਰ ਹਾਲ ਬੁਲਾਵਾ ਦੇਣ, ਫ਼ਿਲਮ ਸ਼ੋਅ ਅਤੇ ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਅਤੇ ਹਾਲ ਅੰਦਰ ਬਣੇ ਥੀਏਟਰ ‘ਚ ਸਰਗਰਮੀਆਂ ਉਪਰ ਧਿਆਨ ਦਿੱਤਾ ਜਾਏਗਾ।
ਵਿਚਾਰ-ਚਰਚਾ ‘ਚ ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਡਾ. ਸੈਲੇਸ਼, ਪ੍ਰੋ. ਤੇਜਿੰਦਰ ਵਿਰਲੀ, ਹਰਮੇਸ਼ ਮਾਲੜੀ, ਸੁਵਰਨ ਸਿੰਘ ਵਿਰਕ, ਅਮਰੀਕ ਸਿੰਘ, ਆਰਟਿਸਟ ਇੰਦਰਜੀਤ ਜਲੰਧਰ, ਮਾਸਟਰ ਮੁਨੀ ਲਾਲ, ਕਿਸ਼ੋਰ ਕੁਮਾਰ, ਬੂਟਾ ਸਿੰਘ ਮਹਿਮੂਦਪੁਰ, ਦੀਪ ਦਿਲਬਰ ਨੇ ਆਪਣੇ ਅਮੁੱਲੇ ਵਿਚਾਰ ਅਤੇ ਸੁਝਾਅ ਰੱਖੇ।
ਵਿਚਾਰ-ਚਰਚਾ ਦਾ ਨਿਤਰਵਾਂ ਅਤੇ ਨਿਚੋੜਵਾਂ ਪੱਖ ਇਹ ਕੇਂਦਰਤ ਰੂਪ ਵਿੱਚ ਸਾਹਮਣੇ ਆਇਆ ਕਿ ਦੇਸ਼ ਭਗਤ ਯਾਦਗਾਰ ਹਾਲ ਅੰਦਰ ਇਤਿਹਾਸਕ, ਪੁਸਤਕ ਚਰਚਾਵਾਂ, ਵਿਚਾਰ-ਗੋਸ਼ਟੀਆਂ, ਗੀਤ-ਸੰਗੀਤ, ਫ਼ਿਲਮ ਅਤੇ ਰੰਗ ਮੰਚੀ ਸਰਗਰਮੀਆਂ ਲਈ ਪੱਕਾ ਸਰੋਤਾ/ਦਰਸ਼ਕ ਘੇਰਾ ਸਿਰਜਣ ਉਪਰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਭਿਆਚਾਰਕ ਵਿੰਗ ਦੀ ਮੀਟਿੰਗ ਨੂੰ ਜਿਵੇਂ ਭਰਵਾਂ ਹੁੰਗਾਰਾ ਮਿਲਿਆ ਅਤੇ ਕੀਮਤੀ ਸੁਝਾਅ ਸਾਹਮਣੇ ਆਏ ਇਹ ਭਵਿੱਖ਼ ਵਿੱਚ ਸਰਗਰਮੀਆਂ ਵਿੱਚ ਸਿਫ਼ਤੀ ਰੰਗ ਖਿੜਨ ਦੀ ਆਸ ਬੰਨ੍ਹਾਉਂਦੇ ਹਨ।

















