ਪੰਜਾਬ ‘ਚ ਕਰੋੜਾਂ ਰੁਪਏ ਦੇ ਘੁਟਾਲੇ ਦਾ ਮਾਮਲਾ; ਤਤਕਾਲੀ ADC ਅਤੇ ਮੌਜੂਦਾ ਡਿਪਟੀ ਡਾਇਰੈਕਟਰ ਵਿਜੀਲੈਂਸ ਕੇਸ ‘ਚ ਨਾਮਜ਼ਦ
ਫ਼ਿਰੋਜ਼ਪੁਰ, 13 ਅਗਸਤ 2026- ਬਲਾਕ ਪੰਚਾਇਤ ਅਫ਼ਸਰ ਫ਼ਿਰੋਜ਼ਪੁਰ ਦੇ ਦਫ਼ਤਰ ਨਾਲ ਸਬੰਧਤ ਕਰੀਬ ਇੱਕ ਕਰੋੜ 80 ਲੱਖ ਰੁਪਏ ਦੀਆਂ ਇੰਟਰਲਾਕਿੰਗ ਟਾਈਲਾਂ ਦੀ ਕਥਿਤ ਖੁਰਦ-ਬੁਰਦ ਦਾ ਡੇਢ ਸਾਲ ਪੁਰਾਣਾ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ। ਇਸ ਚਰਚਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਕਾਰਵਾਈ ਕਰਦਿਆਂ ਵਿਜੀਲੈਂਸ ਵਿਭਾਗ ਨੇ ਤਤਕਾਲੀ ਏ.ਡੀ.ਸੀ. (ਡੀ) ਅਤੇ ਮੌਜੂਦਾ ਸਮੇਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਿਪਟੀ ਡਾਇਰੈਕਟਰ ਅਰੁਣ ਸ਼ਰਮਾ ਨੂੰ ਰਸਮੀ ਤੌਰ ‘ਤੇ ਨਾਮਜ਼ਦ ਕਰ ਲਿਆ ਹੈ।
ਇਸ ਨਾਮਜ਼ਦਗੀ ਤੋਂ ਬਾਅਦ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਹਲਕਿਆਂ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਜ਼ੋਰ-ਸ਼ੋਰ ਨਾਲ ਗੂੰਜਿਆ ਸੀ। ਵਿਰੋਧੀ ਧਿਰਾਂ ਨੇ ਪੌਣੇ ਦੋ ਕਰੋੜ ਰੁਪਏ ਦੇ ਇਸ ਵੱਡੇ ਗਬਨ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਸਨ ਅਤੇ ਜਵਾਬਦੇਹੀ ਦੀ ਮੰਗ ਕੀਤੀ ਸੀ। ਸਦਨ ਵਿੱਚ ਹੋਏ ਭਾਰੀ ਹੰਗਾਮੇ ਤੋਂ ਬਾਅਦ ਸਰਕਾਰ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ।
ਇਸ ਤੋਂ ਬਾਅਦ ਪੁਲਿਸ ਥਾਣਾ ਫ਼ਿਰੋਜ਼ਪੁਰ ਸਿਟੀ ਵਿੱਚ ਮੁਕੱਦਮਾ ਦਰਜ ਕਰਕੇ ਬਾਰੀਕੀ ਨਾਲ ਪੜਤਾਲ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਸਨ ਕਿ ਕਰੀਬ 1.80 ਕਰੋੜ ਰੁਪਏ ਦੀ ਰਾਸ਼ੀ ਇੰਟਰਲਾਕਿੰਗ ਟਾਈਲਾਂ ਦੀ ਖਰੀਦ ਅਤੇ ਅਦਾਇਗੀ ਵਜੋਂ ਸਬੰਧਤ ਠੇਕੇਦਾਰ ਦੇ ਖਾਤੇ ਵਿੱਚ ਆਨਲਾਈਨ ਟ੍ਰਾਂਸਫਰ ਕਰ ਦਿੱਤੀ ਗਈ ਸੀ। ਪ੍ਰੰਤੂ, ਸਰਕਾਰੀ ਰਿਕਾਰਡ ਅਤੇ ਜ਼ਮੀਨੀ ਹਕੀਕਤ ਵਿੱਚ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਟਾਈਲਾਂ ਆਖ਼ਰ ਕਿਸ ਪਿੰਡ, ਕਿਹੜੀ ਜਗ੍ਹਾ ਅਤੇ ਕਦੋਂ ਵਰਤੀਆਂ ਗਈਆਂ।
ਕਿਉਂਕਿ ਇਹ ਮਾਮਲਾ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਨਾਲ ਸਬੰਧਤ ਸੀ, ਇਸ ਲਈ ਵਿਜੀਲੈਂਸ ਵਿਭਾਗ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਤੋਂ ਅਗਲੇਰੀ ਜਾਂਚ ਲਈ ਰਸਮੀ ਪ੍ਰਵਾਨਗੀ ਮੰਗੀ ਸੀ। ਪ੍ਰਸ਼ਾਸਨਿਕ ਸਕੱਤਰ ਵੱਲੋਂ 6 ਮਈ, 2026 ਨੂੰ ਜਾਂਚ ਅੱਗੇ ਵਧਾਉਣ ਲਈ ਹਰੀ ਝੰਡੀ ਦਿੱਤੀ ਗਈ। ਪ੍ਰਵਾਨਗੀ ਮਿਲਦਿਆਂ ਹੀ ਵਿਜੀਲੈਂਸ ਨੇ ਜਾਂਚ ਦੀ ਰਫ਼ਤਾਰ ਬਹੁਤ ਤੇਜ਼ ਕਰ ਦਿੱਤੀ।
ਜਾਂਚ ਦੌਰਾਨ ਮਿਲੇ ਠੋਸ ਤੱਥਾਂ ਅਤੇ ਦਸਤਾਵੇਜ਼ੀ ਸਬੂਤਾਂ ਦੇ ਆਧਾਰ ‘ਤੇ ਹੀ ਵਿਜੀਲੈਂਸ ਨੇ 13 ਦਸੰਬਰ, 2024 ਨੂੰ ਦਰਜ ਮੁਕੱਦਮਾ ਨੰਬਰ 434 ਵਿੱਚ ਡਿਪਟੀ ਡਾਇਰੈਕਟਰ ਅਰੁਣ ਸ਼ਰਮਾ ਦਾ ਨਾਮ ਸ਼ਾਮਲ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘੁਟਾਲੇ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੇ ਖੁਲਾਸੇ ਅਤੇ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
















