HP Weather Alert: ਕੁਦਰਤ ਦਾ ਕਹਿਰ, ਲੈਂਡਸਲਾਈਡ ਨਾਲ 177 ਮੌਤਾਂ, 955 ਕਰੋੜ ਤੋਂ ਵੱਧ ਦਾ ਨੁਕਸਾਨ
ਸ਼ਿਮਲਾ, 14 ਅਗਸਤ 2026- ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੌਰਾਨ ਹੜ੍ਹਾਂ, ਜ਼ਮੀਨ ਖਿਸਕਣ ਅਤੇ ਸੜਕ ਹਾਦਸਿਆਂ ਕਾਰਨ ਹਾਲਾਤ ਲਗਾਤਾਰ ਚਿੰਤਾਜਨਕ ਬਣੇ ਹੋਏ ਹਨ। ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਅੰਕੜਿਆਂ ਮੁਤਾਬਕ 30 ਜੂਨ ਤੋਂ 13 ਅਗਸਤ ਤੱਕ ਕੁਦਰਤੀ ਆਫ਼ਤਾਂ ਅਤੇ ਸੜਕ ਹਾਦਸਿਆਂ ਵਿੱਚ 177 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ 955.52 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਮੀਂਹ ਅਤੇ ਲੈਂਡਸਲਾਈਡ ਕਾਰਨ ਸੂਬੇ ਵਿੱਚ 136 ਸੜਕਾਂ ਬੰਦ ਹਨ। ਮੌਸਮ ਵਿਭਾਗ ਨੇ 14 ਤੋਂ 19 ਅਗਸਤ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 14, 17 ਅਤੇ 18 ਅਗਸਤ ਨੂੰ ਕੁਝ ਥਾਵਾਂ ’ਤੇ ਬਹੁਤ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।
14 ਅਗਸਤ ਨੂੰ ਲਾਹੌਲ-ਸਪੀਤੀ, ਕਿਨੌਰ, ਕੁੱਲੂ ਅਤੇ ਊਨਾ ਨੂੰ ਛੱਡ ਕੇ ਹੋਰ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਭਾਰੀ ਮੀਂਹ ਲਈ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਕਿਨੌਰ ਦੀ ਨਿਚਾਰ ਤਹਿਸੀਲ ਅਧੀਨ ਰੂਪੀ ਪੰਚਾਇਤ ਦੇ ਗੁਰਗੁਰੀ ਕੰਡੇ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਦਲੀਪ ਸਿੰਘ ਦੀਆਂ ਕਰੀਬ 150 ਭੇਡਾਂ-ਬੱਕਰੀਆਂ ਮਰ ਗਈਆਂ।
ਧਰਮਸ਼ਾਲਾ ਦੇ ਖਜ਼ਾਂਚੀ ਮੁਹੱਲੇ ਵਿੱਚ ਮੀਂਹ ਦਾ ਪਾਣੀ ਇੱਕ ਮਕਾਨ ਅਤੇ ਚਾਰ ਦੁਕਾਨਾਂ ਵਿੱਚ ਦਾਖ਼ਲ ਹੋ ਗਿਆ, ਜਿਸ ਕਾਰਨ ਸਾਮਾਨ ਨੁਕਸਾਨਿਆ ਗਿਆ। ਖੜਾ ਡੰਡਾ ਮਾਰਗ ’ਤੇ ਪਾਣੀ ਦੇ ਤੇਜ਼ ਵਹਾਅ ਵਿੱਚ ਇੱਕ ਬਾਈਕ ਵੀ ਕੁਝ ਦੂਰ ਤੱਕ ਰੁੜ੍ਹ ਗਈ। ਸ਼ਿਮਲਾ ਦੀ ਢਲੀ ਸਬਜ਼ੀ ਮੰਡੀ ਨੇੜੇ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਇੱਕ ਵਾਹਨ ਨੁਕਸਾਨਿਆ ਗਿਆ।
ਸ਼ਿਮਲਾ ਵਿੱਚ ਜ਼ਮੀਨ ਧਸਣ ਦਾ ਖਤਰਾ
ਸ਼ਿਮਲਾ ਗ੍ਰਾਮੀਣ ਖੇਤਰ ਦੇ ਸ਼ਕਰਾਲਾ-ਮਲਿਆਣਾ ਵਿੱਚ ਜ਼ਮੀਨ ਧਸਣ ਦੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਸਥਾਨਕ ਲੋਕਾਂ ਮੁਤਾਬਕ ਇਲਾਕੇ ਵਿੱਚ 100 ਤੋਂ ਵੱਧ ਇਮਾਰਤਾਂ ਹਨ ਅਤੇ ਕਈ ਮਕਾਨਾਂ ਵਿੱਚ ਦਰਾਰਾਂ ਪੈ ਰਹੀਆਂ ਹਨ। ਇਸ ਕਾਰਨ ਮਾਨਸੂਨ ਦੌਰਾਨ ਮਕਾਨਾਂ ਦੀ ਸੁਰੱਖਿਆ ਨੂੰ ਲੈ ਕੇ ਡਰ ਬਣਿਆ ਹੋਇਆ ਹੈ।
ਐੱਸ.ਡੀ.ਐੱਮ. ਸ਼ਿਮਲਾ ਗ੍ਰਾਮੀਣ ਮਨਜੀਤ ਸ਼ਰਮਾ ਮੁਤਾਬਕ ਪ੍ਰਸ਼ਾਸਨ ਵੱਲੋਂ ਮੌਕੇ ਦਾ ਮੁਆਇਨਾ ਕੀਤਾ ਗਿਆ ਹੈ। ਮੁੱਢਲੀ ਜਾਂਚ ਵਿੱਚ ਤਿੰਨ ਮਕਾਨਾਂ ਵਿੱਚ ਹਲਕੀਆਂ ਦਰਾਰਾਂ ਮਿਲੀਆਂ ਹਨ, ਜਦਕਿ ਵੱਡੇ ਪੱਧਰ ’ਤੇ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ। ਇਲਾਕੇ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਜ਼ਮੀਨ ਧਸਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਯੂਨੀਵਰਸਿਟੀ ਦੇ ਮਾਹਿਰਾਂ ਤੋਂ ਵਿਗਿਆਨਕ ਅਧਿਐਨ ਕਰਵਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ। ਮਾਹਿਰ ਜ਼ਮੀਨ ਦੀ ਸਥਿਤੀ, ਪਾਣੀ ਦੀ ਨਿਕਾਸੀ ਅਤੇ ਭੂਗੋਲਿਕ ਹਾਲਾਤ ਦਾ ਅਧਿਐਨ ਕਰਨਗੇ। ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਜ਼ਮੀਨ ਧਸਣ ਪਿੱਛੇ ਕੁਦਰਤੀ ਕਾਰਨ ਹਨ ਜਾਂ ਮਨੁੱਖੀ ਗਤੀਵਿਧੀਆਂ ਦੀ ਵੀ ਕੋਈ ਭੂਮਿਕਾ ਹੈ।
















