Punjab News: ਭਿਆਨਕ ਜਾਮ ਅਤੇ ਤਪਦੀ ਗਰਮੀ ’ਚ ਸਕੂਲੀ ਬੱਸਾਂ ਅੰਦਰ ਬੇਹਾਲ ਰਹੇ ਬੱਚੇ, ਟ੍ਰੈਫਿਕ ਵਿਵਸਥਾ ’ਤੇ ਉੱਠੇ ਸਵਾਲ!
ਸੁਲਤਾਨਪੁਰ ਲੋਧੀ ਦੀ ਟ੍ਰੈਫਿਕ ਵਿਵਸਥਾ ’ਤੇ ਉੱਠੇ ਸਵਾਲ, ਪੁਲਿਸ ਦੀ ਗੈਰਹਾਜ਼ਰੀ ਤੋਂ ਲੋਕ ਨਾਰਾਜ਼; ਰਿੰਗ ਰੋਡ ਬਣਾਉਣ ਦੀ ਮੰਗ
ਸੁਲਤਾਨਪੁਰ ਲੋਧੀ, 1 ਸਤੰਬਰ 2026: ਇਤਿਹਾਸਕ ਅਤੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਇੱਕ ਹੋਰ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਮੰਗਲਵਾਰ ਦੁਪਹਿਰ ਤਲਵੰਡੀ ਚੌਂਕ ਵਿੱਚ ਕਰੀਬ ਇੱਕ ਘੰਟੇ ਤੱਕ ਲੱਗੇ ਭਿਆਨਕ ਜਾਮ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ। ਜਾਮ ਕਾਰਨ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਾਮ ਦੀ ਸਭ ਤੋਂ ਵੱਧ ਮਾਰ ਸਕੂਲਾਂ ਤੋਂ ਛੁੱਟੀ ਮਗਰੋਂ ਘਰਾਂ ਨੂੰ ਪਰਤ ਰਹੀਆਂ ਸਕੂਲੀ ਬੱਸਾਂ ’ਤੇ ਪਈ। ਤਪਦੀ ਗਰਮੀ ਵਿੱਚ ਬੱਸਾਂ ਅੰਦਰ ਬੈਠੇ ਬੱਚੇ ਕਰੀਬ ਇੱਕ ਘੰਟੇ ਤੱਕ ਬੇਹਾਲ ਰਹੇ। ਬੱਚਿਆਂ ਨੂੰ ਗਰਮੀ ਅਤੇ ਜਾਮ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਮਾਪਿਆਂ ਅਤੇ ਸਥਾਨਕ ਲੋਕਾਂ ਵਿੱਚ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਵੇਖਣ ਨੂੰ ਮਿਲਿਆ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਜਾਮ ਦੌਰਾਨ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਲਵੰਡੀ ਚੌਂਕ ਵਿੱਚ ਕੋਈ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਸੀ। ਲੋਕਾਂ ਦਾ ਕਹਿਣਾ ਹੈ ਕਿ ਸਕੂਲਾਂ ਦੀ ਛੁੱਟੀ ਦੇ ਸਮੇਂ ਚੌਂਕ ਵਿੱਚ ਟ੍ਰੈਫਿਕ ਦਾ ਦਬਾਅ ਅਚਾਨਕ ਵਧ ਜਾਂਦਾ ਹੈ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਜਾਂਦੇ।
ਲੋਕਾਂ ਅਨੁਸਾਰ ਤਲਵੰਡੀ ਚੌਂਕ ਸਮੇਤ ਸ਼ਹਿਰ ਦੀਆਂ ਕਈ ਮੁੱਖ ਸੜਕਾਂ ’ਤੇ ਨਾਜਾਇਜ਼ ਪਾਰਕਿੰਗ ਅਤੇ ਕਥਿਤ ਕਬਜ਼ਿਆਂ ਕਾਰਨ ਆਵਾਜਾਈ ਪਹਿਲਾਂ ਹੀ ਪ੍ਰਭਾਵਿਤ ਹੈ। ਸਕੂਲਾਂ ਦੀ ਛੁੱਟੀ ਅਤੇ ਦਫ਼ਤਰਾਂ ਦੇ ਆਉਣ-ਜਾਣ ਦੇ ਸਮੇਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਇਸ ਕਾਰਨ ਰੋਜ਼ਾਨਾ ਆਵਾਜਾਈ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ।
ਬੱਚਿਆਂ ਦੇ ਮਾਪਿਆਂ ਸੁਖਜੀਤ ਸਿੰਘ ਅਤੇ ਜੋਗਾ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਇੱਕ ਪ੍ਰਮੁੱਖ ਧਾਰਮਿਕ ਅਤੇ ਇਤਿਹਾਸਕ ਸ਼ਹਿਰ ਹੈ, ਜਿੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਬਾਹਰੋਂ ਆਉਣ ਵਾਲੇ ਵਾਹਨਾਂ ਦਾ ਸ਼ਹਿਰ ਦੇ ਅੰਦਰ ਦਾਖ਼ਲ ਹੋਣਾ ਟ੍ਰੈਫਿਕ ਦਾ ਦਬਾਅ ਹੋਰ ਵਧਾ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦਾ ਸਥਾਈ ਹੱਲ ਕਰਨ ਲਈ ਰਿੰਗ ਰੋਡ ਬਣਾਉਣ ਦੀ ਯੋਜਨਾ ਨੂੰ ਤਰਜੀਹ ਦਿੱਤੀ ਜਾਵੇ, ਤਾਂ ਜੋ ਬਾਹਰੀ ਵਾਹਨਾਂ ਨੂੰ ਸ਼ਹਿਰ ਦੇ ਅੰਦਰੋਂ ਲੰਘਣ ਦੀ ਲੋੜ ਨਾ ਪਵੇ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਨਾਜਾਇਜ਼ ਪਾਰਕਿੰਗ ਅਤੇ ਕਬਜ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ, ਸਕੂਲਾਂ ਦੀ ਛੁੱਟੀ ਸਮੇਂ ਮੁੱਖ ਚੌਂਕਾਂ ’ਤੇ ਟ੍ਰੈਫਿਕ ਪੁਲਿਸ ਦੀ ਤਾਇਨਾਤੀ ਯਕੀਨੀ ਬਣਾਉਣ ਅਤੇ ਰਿੰਗ ਰੋਡ ਦੇ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਮੰਗ ਕੀਤੀ ਹੈ।
















