Join WhatsApp

Join Now

526 kg of drugs seized in Gujarat! ਅਮਿਤ ਸ਼ਾਹ ਪੰਜਾਬ ‘ਚ ਨਸ਼‍ਿਆਂ ਦਾ ਰੌਲਾ ਪਾਉਂਦੇ ਰਹਿ ਗਏ… ਓਧਰ ਗੁਜਰਾਤ ‘ਚੋਂ ਫੜੀ ਗਈ 3000 ਕਰੋੜ ਰੁਪਏ ਦੀ ਡਰੱਗਸ

On: ਸਤੰਬਰ 30, 2026 8:09 ਬਾਃ ਦੁਃ

 

526 kg of drugs seized in Gujarat! ਅਮਿਤ ਸ਼ਾਹ ਪੰਜਾਬ ‘ਚ ਨਸ਼‍ਿਆਂ ਦਾ ਰੌਲਾ ਪਾਉਂਦੇ ਰਹਿ ਗਏ… ਓਧਰ ਗੁਜਰਾਤ ‘ਚੋਂ ਫੜੀ ਗਈ 526 ਕਿੱਲੋ ਡਰੱਗਸ

ਗੁਜਰਾਤ ਬਣਿਆ ਡਰੱਗਜ਼ ਦਾ ਗੇਟਵੇਅ: ATS ਅਤੇ ICG ਨੇ ਅਰਬ ਸਾਗਰ ‘ਚ 526 ਕਿੱਲੋ ਨਸ਼ੀਲੇ ਪਦਾਰਥਾਂ ਸਮੇਤ ਈਰਾਨੀ ਬੇੜੀ ਜ਼ਬਤ ਕੀਤੀ; ਹਾਜੀ ਸਲੀਮ ਦੇ ਅੰਤਰਰਾਸ਼ਟਰੀ ਨੈੱਟਵਰਕ ਦੀ ਜਾਂਚ ਸ਼ੁਰੂ- ਨਸ਼ੇ ਦੀ ਬਰਾਮਦਗੀ ਤੋਂ ਬਾਅਦ AAP ਦਾ ਕੇਂਦਰ ਅਤੇ ਭਾਜਪਾ ‘ਤੇ ਤਿੱਖਾ ਹਮਲਾ

ਖੇਪ ਪ੍ਰਾਪਤ ਕਰਨ ਤੋਂ ਬਾਅਦ ਇਸ ਨੂੰ ਤਾਮਿਲਨਾਡੂ ਦੇ ਤੱਟਵਰਤੀ ਇਲਾਕਿਆਂ ਰਾਹੀਂ ਭਾਰਤ ਦੇ ਉੱਤਰੀ ਰਾਜਾਂ, ਵਿਸ਼ੇਸ਼ ਤੌਰ ‘ਤੇ ਪੰਜਾਬ ਵੱਲ ਸਪਲਾਈ ਕੀਤਾ ਜਾਣਾ ਸੀ

ਅਹਿਮਦਾਬਾਦ/ਚੰਡੀਗੜ੍ਹ, 30 ਸਤੰਬਰ 2026- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਵਿੱਚ ਨਸ਼ਾ ਮੁਕਤੀ ਯਾਤਰਾ ਦੇ ਸਮਾਪਨ ਮੌਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਪਹੁੰਚੇ, ਉੱਥੇ ਅੱਜ ਹੀ ਗੁਜਰਾਤ ਵਿੱਚੋਂ ਅਰਬਾਂ ਰੁਪਏ ਦਾ ਨਸ਼ਾ ਫੜ੍ਹ ਲਿਆ ਗਿਆ। ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਭਾਰਤੀ ਸਮੁੰਦਰੀ ਸੀਮਾ ਵਿੱਚ ਨਸ਼ਾ ਤਸਕਰੀ ਵਿਰੁੱਧ ਚਲਾਈ ਗਈ ਇੱਕ ਬਹੁਤ ਹੀ ਗੁਪਤ ਅਤੇ ਵੱਡੀ ਸਾਂਝੀ ਮੁਹਿੰਮ ਦੌਰਾਨ, ਗੁਜਰਾਤ ਐਂਟੀ-ਟੈਰਰਿਸਟ ਸਕੁਐਡ (ATS) ਅਤੇ ਭਾਰਤੀ ਕੋਸਟ ਗਾਰਡ (ICG) ਨੇ ਅਰਬ ਸਾਗਰ ਵਿੱਚ ਇੱਕ ਈਰਾਨੀ ਬੇੜੀ ਨੂੰ ਘੇਰ ਕੇ 526 ਕਿੱਲੋਗ੍ਰਾਮ ਨਸ਼ੀਲੇ ਪਦਾਰਥ (ਮੈਥਾਮਫੇਟਾਮਾਈਨ ਅਤੇ ਹੀਰੋਇਨ) ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਖੇਪ ਦੇ ਅੰਤਰਰਾਸ਼ਟਰੀ ਡਰੱਗ ਮਾਫੀਆ ਅਤੇ ਖਤਰਨਾਕ ਕਿੰਗਪਿਨ ਹਾਜੀ ਸਲੀਮ ਦੇ ਗਿਰੋਹ ਨਾਲ ਸਬੰਧ ਹੋਣ ਦਾ ਖੁਲਾਸਾ ਹੋਇਆ ਹੈ।

ਜ਼ਬਤ ਕੀਤੀ ਗਈ ਈਰਾਨੀ ਬੇੜੀ ਦਾ ਨਾਮ ‘ਜ਼ਾਦ’ ਦੱਸਿਆ ਜਾ ਰਿਹਾ ਹੈ, ਜਿਸ ਵਿੱਚੋਂ ਲਗਭਗ 400 ਕਿੱਲੋਗ੍ਰਾਮ ਮੈਥਾਮਫੇਟਾਮਾਈਨ (Methamphetamine) ਅਤੇ 126 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਮੌਕੇ ‘ਤੇ ਹੀ ਬੇੜੀ ‘ਚ ਸਵਾਰ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹੰਮਦ ਯਾਕੂਬ ਬਲੋਚੀ, ਸ਼ਾਕਿਰੁੱਲਾ, ਫਰੀਦੁੱਲਾ, ਅਹਿਮਦ ਖਾਨ ਅਤੇ ਵਹੀਦੁੱਲਾ ਖਾਨ ਵਜੋਂ ਹੋਈ ਹੈ, ਜਿਨ੍ਹਾਂ ਕੋਲੋਂ ਪੁਲਿਸ ਵੱਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਗੁਜਰਾਤ ਏ.ਟੀ.ਐੱਸ. ਦੇ ਸੁਪਰਡੈਂਟ ਆਫ ਪੁਲਿਸ (SP) ਕੇ. ਸਿਧਾਰਥ ਨੇ ਇਸ ਪੂਰੇ ਆਪ੍ਰੇਸ਼ਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਸਤੰਬਰ ਨੂੰ ਪੁਲਿਸ ਇੰਸਪੈਕਟਰ ਜਤਿਨ ਪਟੇਲ ਨੂੰ ਅਹਿਮਦਾਬਾਦ ਵਿੱਚ ਹੋਈ ਇੱਕ ਗੁਪਤ ਮੀਟਿੰਗ ਬਾਰੇ ਪੱਕੀ ਸੂਚਨਾ ਮਿਲੀ ਸੀ। ਇਸ ਮੀਟਿੰਗ ਵਿੱਚ ਇੱਕ ਨਾਈਜੀਰੀਅਨ ਨਾਗਰਿਕ ਅਤੇ ਐਨ.ਡੀ.ਪੀ.ਐਸ. (NDPS) ਕੇਸ ਦੇ ਇੱਕ ਲੋੜੀਂਦੇ ਮੁਲਜ਼ਮ ਦਾ ਸਾਥੀ ਸ਼ਾਮਲ ਸੀ। ਇਸ ਖੁਫੀਆ ਜਾਣਕਾਰੀ ਤੋਂ ਪਤਾ ਲੱਗਿਆ ਸੀ ਕਿ ਨਸ਼ਾ ਤਸਕਰ ਹਾਜੀ ਸਲੀਮ ਦਾ ਨੈੱਟਵਰਕ ਭਾਰਤ ‘ਚ ਨਸ਼ਿਆਂ ਦੀ ਵੱਡੀ ਖੇਪ ਭੇਜਣ ਦੀ ਯੋਜਨਾ ਬਣਾ ਰਿਹਾ ਹੈ।

ਤਸਕਰਾਂ ਦੀ ਯੋਜਨਾ ਈਰਾਨ ਤੋਂ ਆ ਰਹੀ ਬੇੜੀ ‘ਜ਼ਾਦ’ ਨੂੰ ਕੋਚੀ, ਲਕਸ਼ਦੀਪ ਅਤੇ ਮੁੰਬਈ ਦੇ ਨੇੜਲੇ ਸਮੁੰਦਰੀ ਖੇਤਰਾਂ ਵਿੱਚ ਲਿਆ ਕੇ, ਖੁੱਲ੍ਹੇ ਸਮੁੰਦਰ ਦੇ ਵਿਚਕਾਰ ਹੀ ਨਸ਼ੇ ਦੀ ਖੇਪ ਨੂੰ ਤਾਮਿਲਨਾਡੂ ਦੀ ਇੱਕ ਸਥਾਨਕ ਮੱਛੀ ਫੜਨ ਵਾਲੀ ਕਿਸ਼ਤੀ ਵਿੱਚ ਟ੍ਰਾਂਸਫਰ ਕਰਨ ਦੀ ਸੀ। ਇਸ ਕੰਮ ਲਈ ਤਸਕਰਾਂ ਵੱਲੋਂ ਅਡਵਾਂਸ ਪੇਮੈਂਟ ਵੀ ਦਿੱਤੀ ਜਾ ਚੁੱਕੀ ਸੀ। ਖੇਪ ਪ੍ਰਾਪਤ ਕਰਨ ਤੋਂ ਬਾਅਦ ਇਸ ਨੂੰ ਤਾਮਿਲਨਾਡੂ ਦੇ ਤੱਟਵਰਤੀ ਇਲਾਕਿਆਂ ਰਾਹੀਂ ਭਾਰਤ ਦੇ ਉੱਤਰੀ ਰਾਜਾਂ, ਵਿਸ਼ੇਸ਼ ਤੌਰ ‘ਤੇ ਪੰਜਾਬ ਵੱਲ ਸਪਲਾਈ ਕੀਤਾ ਜਾਣਾ ਸੀ।

ਇਸ ਠੋਸ ਜਾਣਕਾਰੀ ਦੇ ਆਧਾਰ ‘ਤੇ ਏ.ਟੀ.ਐੱਸ. ਨੇ ਕੇਂਦਰੀ ਖੁਫੀਆ ਏਜੰਸੀਆਂ ਅਤੇ ਭਾਰਤੀ ਕੋਸਟ ਗਾਰਡ ਨਾਲ ਤਾਲਮੇਲ ਬਣਾਇਆ। 14 ਸਤੰਬਰ ਨੂੰ ਗੁਜਰਾਤ ਏ.ਟੀ.ਐੱਸ. ਦੇ ਦੋ ਸੀਨੀਅਰ ਇੰਸਪੈਕਟਰ ਕੋਚੀ ਪਹੁੰਚੇ ਅਤੇ ਕੋਸਟ ਗਾਰਡ ਦੇ ਜਹਾਜ਼ ਵਿੱਚ ਸਵਾਰ ਹੋ ਕੇ ਸਮੁੰਦਰ ਵਿੱਚ ਲਗਾਤਾਰ ਨਿਗਰਾਨੀ ਅਤੇ ਗਸ਼ਤ ਸ਼ੁਰੂ ਕਰ ਦਿੱਤੀ।

ਲਗਾਤਾਰ 11 ਦਿਨਾਂ ਦੀ ਸਮੁੰਦਰੀ ਨਿਗਰਾਨੀ ਤੋਂ ਬਾਅਦ, 25 ਸਤੰਬਰ ਦੀ ਸ਼ਾਮ ਨੂੰ ਸਾਂਝੀ ਟੀਮ ਨੇ ਸ਼ੱਕੀ ਈਰਾਨੀ ਬੇੜੀ ‘ਜ਼ਾਦ’ ਨੂੰ ਦੇਖਿਆ ਅਤੇ ਘੇਰਾਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ‘ਤੇ ਬੇੜੀ ਵਿੱਚੋਂ 526 ਕਿੱਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਹੋਏ। ਇਸ ਤੋਂ ਬਾਅਦ ਬੇੜੀ ਅਤੇ ਇਸ ਦੇ ਚਾਲਕ ਦਲ ਨੂੰ ਮੁੰਬਈ ਲਿਆਂਦਾ ਗਿਆ, ਜਿੱਥੇ ਬੁੱਧਵਾਰ ਸਵੇਰੇ ਜ਼ਬਤੀ ਦੀਆਂ ਅਧਿਕਾਰਤ ਕਾਰਵਾਈਆਂ ਪੂਰੀਆਂ ਕੀਤੀਆਂ ਗਈਆਂ। ਹੁਣ ਭਾਰਤ ਦੇ ਸਥਾਨਕ ਨੈੱਟਵਰਕ ਦਾ ਪਤਾ ਲਗਾਉਣ ਲਈ ਅੱਗੇ ਦੀ ਜਾਂਚ ਜਾਰੀ ਹੈ।

ਇਸ ਵੱਡੀ ਬਰਾਮਦਗੀ ਤੋਂ ਬਾਅਦ ਦੇਸ਼ ਵਿੱਚ ਰਾਜਨੀਤੀ ਵੀ ਗਰਮਾ ਗਈ ਹੈ। ਆਮ ਆਦਮੀ ਪਾਰਟੀ (AAP) ਨੇ ਭਾਰਤੀ ਜਨਤਾ ਪਾਰਟੀ (BJP) ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ‘ਆਪ’ ਨੇ ਦੋਸ਼ ਲਾਇਆ ਕਿ ਗੁਜਰਾਤ ਹੁਣ ਭਾਰਤ ਵਿੱਚ ਡਰੱਗਜ਼ ਦਾ ਮੁੱਖ ਪ੍ਰਵੇਸ਼ ਦੁਆਰ (Gateway for Drugs) ਬਣ ਚੁੱਕਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਇੱਕ ਪੋਸਟ ਪਾ ਕੇ ਆਮ ਆਦਮੀ ਪਾਰਟੀ ਨੇ ਲਿਖਿਆ, “ਹੁਣ ਕਿਸੇ ਹੋਰ ਸਬੂਤ ਦੀ ਲੋੜ ਨਹੀਂ ਹੈ। ਇਹ ਬਿਲਕੁਲ ਸਾਫ਼ ਹੋ ਗਿਆ ਹੈ ਕਿ ਗੁਜਰਾਤ ਭਾਰਤ ਵਿੱਚ ਡਰੱਗਜ਼ ਦਾ ਗੇਟਵੇਅ ਹੈ। ਅਸੀਂ ਇਹ ਗੱਲ ਪਹਿਲਾਂ ਵੀ ਕਹੀ ਸੀ ਅਤੇ ਇਸ ਬਰਾਮਦਗੀ ਨੇ ਇਸ ਨੂੰ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ।”

‘ਆਪ’ ਨੇ ਭਾਜਪਾ ‘ਤੇ ਪੰਜਾਬ ਨੂੰ ਬਦਨਾਮ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਡਰੱਗਜ਼ ਗੁਜਰਾਤ ਰਾਹੀਂ ਭਾਜਪਾ ਸ਼ਾਸਿਤ ਰਾਜਾਂ ਤੋਂ ਹੁੰਦੇ ਹੋਏ ਪੰਜਾਬ ਪਹੁੰਚਦੇ ਹਨ, ਜਿਸ ਨਾਲ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਹੈ। ਪਾਰਟੀ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਬਦਨਾਮ ਕਰਨ ਲਈ ਝੂਠੀਆਂ ਯਾਤਰਾਵਾਂ ਕੱਢਣ ਵਿੱਚ ਮਸਰੂਫ ਹੈ। ਕੇਂਦਰੀ ਗ੍ਰਹਿ ਮੰਤਰੀ ‘ਤੇ ਨਿਸ਼ਾਨਾ ਸਾਧਦਿਆਂ ਆਮ ਆਦਮੀ ਪਾਰਟੀ ਨੇ ਅਪੀਲ ਕੀਤੀ ਕਿ ਜ਼ਬਤ ਕੀਤੇ ਗਏ ਨਸ਼ਿਆਂ ਨੂੰ ਸਹੀ ਤਰੀਕੇ ਨਾਲ ਨਸ਼ਟ ਕੀਤਾ ਜਾਵੇ, ਤਾਂ ਜੋ ਬਾਅਦ ਵਿੱਚ ਅਧਿਕਾਰੀ ਇਹ ਬਹਾਨਾ ਨਾ ਬਣਾਉਣ ਕਿ ਨਸ਼ੇ ਨੂੰ ‘ਚੂਹੇ ਖਾ ਗਏ’।

 

Leave a Comment