ETT Teachers Scale Issue! ਪੰਜਾਬ ਦੇ ‘ਬਦਲਾਅ’ ਦਾ ਅਸਲ ਸੱਚ! ਚੰਡੀਗੜ੍ਹ ‘ਚ 180 ETT ਅਧਿਆਪਕਾਂ ‘ਤੇ ਪੁਲਿਸ ਦਾ ਜਬਰ; ਮਨੀਸ਼ ਸਿਸੋਦੀਆ ਦੀ ਰਿਹਾਇਸ਼ ਅੱਗੇ ਟੀਚਰਾਂ ਨੂੰ ਘੜੀਸਿਆ
ਕੇਂਦਰੀ ਤਨਖਾਹ ਸਕੇਲਾਂ ਖਿਲਾਫ਼ ਅਧਿਆਪਕਾਂ ਦਾ ਗੁਪਤ ਐਕਸ਼ਨ: AAP ਸਰਕਾਰ ਦੇ ਵਾਅਦੇ ਨਿਕਲੇ ਫੋਕੇ: ਈਟੀਟੀ ਅਧਿਆਪਕਾਂ ਨੇ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ‘ਤੇ ਲਾਏ ਬੇਵਫਾਈ ਦੇ ਦੋਸ਼
ਅਧਿਆਪਕਾਂ ਨੇ ਲਾਇਆ ਗੰਭੀਰ ਦੋਸ਼- ਸਿਸੋਦੀਆ ਦੀ ਕੋਠੀ ਦੇ ਅੰਦਰੋਂ ਇਸ਼ਾਰਾ ਮਿਲਣ ਤੋਂ ਬਾਅਦ ਹੀ ਪੁਲਿਸ ਉਨ੍ਹਾਂ ‘ਤੇ ਟੁੱਟ ਕੇ ਪਈ
ਚੰਡੀਗੜ੍ਹ, 2 ਅਕਤੂਬਰ 2026- ETT Teachers Scale Issue! AAP ਸਰਕਾਰ ਵੱਲੋਂ ਪੰਜਾਬ ਵਿੱਚ ਲਿਆਂਦੇ ਕਥਿਤ ‘ਬਦਲਾਅ’ ਦੇ ਦਾਅਵਿਆਂ ਵਿਚਕਾਰ ਅੱਜ ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ 180 ਈਟੀਟੀ (ETT) ਅਧਿਆਪਕਾਂ ‘ਤੇ ਸਖ਼ਤ ਕਾਰਵਾਈ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਚੰਡੀਗੜ੍ਹ ਸਥਿਤ ਕੋਠੀ ਅੱਗੇ ਪ੍ਰਦਰਸ਼ਨ ਕਰ ਰਹੇ ਨੌਜਵਾਨ ਅਧਿਆਪਕਾਂ ਅਤੇ ਅਧਿਆਪਕ ਲੜਕੀਆਂ ਦੀ ਪੁਲਿਸ ਵੱਲੋਂ ਰੱਜ ਕੇ ਧੂਹ-ਘੜੀਸ ਕੀਤੀ ਗਈ।
ਇਸ ਧੱਕਾਮੁੱਕੀ ਦੌਰਾਨ ਕਈ ਅਧਿਆਪਕਾਂ ਦੀਆਂ ਦਸਤਾਰਾਂ ਲਹਿ ਗਈਆਂ ਅਤੇ ਮਹਿਲਾ ਅਧਿਆਪਕਾਂ ਦੀਆਂ ਚੁੰਨੀਆਂ ਤੱਕ ਲੱਥ ਗਈਆਂ। ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦੀ ਅਗਵਾਈ ਹੇਠ ਇਕੱਠੇ ਹੋਏ ਇਹ ਅਧਿਆਪਕ ਪਿਛਲੀ ਕਾਂਗਰਸ ਸਰਕਾਰ ਵੱਲੋਂ ਜ਼ਬਰਦਸਤੀ ਥੋਪੇ ਗਏ ਕੇਂਦਰੀ ਤਨਖਾਹ ਸਕੇਲਾਂ ਦੀ ਥਾਂ ਪੰਜਾਬ ਦੇ ਮੁਕੰਮਲ ਸਕੇਲ ਲਾਗੂ ਕਰਨ ਦੀ ਮੰਗ ਕਰ ਰਹੇ ਸਨ।
ਅਧਿਆਪਕਾਂ ਵਿੱਚ ਸਰਕਾਰ ਦੀਆਂ ਨੀਤੀਆਂ ਖਿਲਾਫ਼ ਭਾਰੀ ਰੋਸ ਦੇਖਣ ਨੂੰ ਮਿਲਿਆ, ਜਿਸ ਨੂੰ ਕਾਬੂ ਕਰਨ ਵਿੱਚ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਪ੍ਰਦਰਸ਼ਨਕਾਰੀਆਂ, ਖਾਸ ਕਰਕੇ ਯੂਨੀਅਨ ਆਗੂ ਸੋਹਣ ਸਿੰਘ ਬਰਨਾਲਾ ਅਤੇ ਹੋਰ ਅਧਿਆਪਕਾਂ ਨੂੰ ਚੁੱਕ ਕੇ ਗੱਡੀਆਂ ਵਿੱਚ ਪਾਉਣ ਸਮੇਂ ਪੁਲਿਸ ਮੁਲਾਜ਼ਮਾਂ ਦੇ ਛੱਕੇ ਛੁੱਟ ਗਏ। ਇੱਥੋਂ ਤੱਕ ਕਿ ਇੱਕ ਮਹਿਲਾ ਅਧਿਆਪਕ ਨੂੰ ਹਿਰਾਸਤ ਵਿੱਚ ਲੈਣ ਸਮੇਂ ਮਹਿਲਾ ਪੁਲਿਸ ਕਰਮਚਾਰੀਆਂ ਦਾ ਵੀ ਬੁਰਾ ਹਾਲ ਹੋ ਗਿਆ। ਆਖਰਕਾਰ, ਭਾਰੀ ਨਫ਼ਰੀ ਦੇ ਬਲਬੂਤੇ ਪੁਲਿਸ ਨੇ ਅਧਿਆਪਕਾਂ ਨੂੰ ਧੱਕੇ ਨਾਲ ਬੱਸਾਂ ਵਿੱਚ ਭਰ ਕੇ ਥਾਣੇ ਪਹੁੰਚਾਇਆ।

ਜ਼ਿਕਰਯੋਗ ਹੈ ਕਿ ਇਨ੍ਹਾਂ ਅਧਿਆਪਕਾਂ ਨੇ ਲੰਘੀ 21 ਸਤੰਬਰ ਨੂੰ ਵੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਮੀਟਿੰਗ ਤੈਅ ਕਰਵਾ ਕੇ ਮਸਲੇ ਦੇ ਜਲਦ ਹੱਲ ਦਾ ਭਰੋਸਾ ਦਿੱਤਾ ਗਿਆ ਸੀ। ਹਾਲਾਂਕਿ, ਅਧਿਆਪਕ ਆਗੂਆਂ ਨੇ ਉਦੋਂ ਹੀ ਖ਼ਦਸ਼ਾ ਜਤਾਇਆ ਸੀ ਕਿ ਇਹ ਭਰੋਸਾ ਮਹਿਜ਼ ਲਾਰੇ ਹਨ, ਪਰ ਉਹ ਸਰਕਾਰ ਨੂੰ ਕਿਸੇ ਵੀ ਬਹਾਨੇ ਪਿੱਛੇ ਨਹੀਂ ਹਟਣ ਦੇਣਗੇ। ਲਗਾਤਾਰ ਭਰੋਸਿਆਂ ਦੇ ਬਾਵਜੂਦ ਵੀ ਹੱਥ ਖਾਲੀ ਰਹਿਣ ਤੋਂ ਬਾਅਦ ਅਧਿਆਪਕਾਂ ਨੇ ਅੱਜ ਤੜਕੇ ਹੀ ਗੁਪਤ ਐਕਸ਼ਨ ਤਹਿਤ ਸਿਸੋਦੀਆ ਦੀ ਕੋਠੀ ਵੱਲ ਚਾਲੇ ਪਾ ਦਿੱਤੇ।
ਪੁਲਿਸ ਨੇ ਰਿਹਾਇਸ਼ ਵੱਲ ਜਾਣ ਵਾਲੀ ਸੜਕ ‘ਤੇ ਵੱਡੇ ਬੈਰੀਕੇਡ ਲਗਾਏ ਹੋਏ ਸਨ, ਪਰ ਪ੍ਰਦਰਸ਼ਨਕਾਰੀ ਅਧਿਆਪਕ ਸਭ ਰੁਕਾਵਟਾਂ ਤੋੜ ਕੇ ਕੋਠੀ ਦੇ ਬਾਹਰ ਧਰਨੇ ‘ਤੇ ਬੈਠ ਗਏ ਅਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਅਧਿਆਪਕਾਂ ਨੇ ਗੰਭੀਰ ਦੋਸ਼ ਲਾਇਆ ਕਿ ਕੋਠੀ ਦੇ ਅੰਦਰੋਂ ਇਸ਼ਾਰਾ ਮਿਲਣ ਤੋਂ ਬਾਅਦ ਹੀ ਪੁਲਿਸ ਉਨ੍ਹਾਂ ‘ਤੇ ਟੁੱਟ ਕੇ ਪਈ। ਮਹਿਲਾ ਅਧਿਆਪਕਾਂ ਨੇ ਚੰਡੀਗੜ੍ਹ ਪੁਲਿਸ ਦੀਆਂ ਮਹਿਲਾ ਕਰਮਚਾਰੀਆਂ ‘ਤੇ ਬੇਹੱਦ ਮਾੜੇ ਅਤੇ ਅਣਮਨੁੱਖੀ ਵਤੀਰੇ ਦੇ ਦੋਸ਼ ਲਾਏ।
ਯੂਨੀਅਨ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਨੇ ਇਨ੍ਹਾਂ 180 ਅਧਿਆਪਕਾਂ ਦੀ 5 ਸਾਲ ਦੀ ਰੈਗੂਲਰ ਕਾਨੂੰਨੀ ਨੌਕਰੀ ਨੂੰ ਬਿਨਾਂ ਕਿਸੇ ਕਸੂਰ ਦੇ ਖ਼ਤਮ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਤੋਂ ਨਵੇਂ ਨਿਯੁਕਤੀ ਪੱਤਰ ਦੇ ਕੇ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਧੱਕਾ ਕਰਦਿਆਂ ਨਵਾਂ ਤਨਖਾਹ ਸਕੇਲ ਲਾਗੂ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਤਨਖਾਹਾਂ ਵਿੱਚ ਐਨੀ ਵੱਡੀ ਕਟੌਤੀ ਕੀਤੀ ਗਈ ਹੈ ਕਿ ਅਧਿਆਪਕ ਆਰਥਿਕ ਤੌਰ ‘ਤੇ ਪੂਰੀ ਤਰ੍ਹਾਂ ਕੰਗਾਲ ਹੋ ਚੁੱਕੇ ਹਨ।
ਕਾਂਗਰਸ ਤੋਂ ‘ਆਪ’ ਸਰਕਾਰ ਤੱਕ ਲਮਕਦਾ ਮਸਲਾ!
ਇਹ ਮਾਮਲਾ ਸਾਲ 2016 ਦਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਸਮੇਂ ਈਟੀਟੀ ਅਧਿਆਪਕਾਂ ਦੀ ਭਰਤੀ ਕੀਤੀ ਗਈ ਸੀ। ਬਾਅਦ ਵਿੱਚ 180 ਅਧਿਆਪਕਾਂ ਦੀਆਂ ਸੇਵਾਵਾਂ ਧੱਕੇ ਨਾਲ ਸਮਾਪਤ ਕਰ ਕੇ ਉਨ੍ਹਾਂ ‘ਤੇ ਕੇਂਦਰੀ ਸਕੇਲ ਮੜ੍ਹ ਦਿੱਤੇ ਗਏ। ਪੰਜ ਸਾਲ ਕਾਂਗਰਸ ਸਰਕਾਰ ਖਿਲਾਫ਼ ਸੰਘਰਸ਼ ਕਰਨ ਤੋਂ ਬਾਅਦ ਹੁਣ ਇਹ ਅਧਿਆਪਕ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ਼ ਲੜਾਈ ਲੜਨ ਲਈ ਮਜ਼ਬੂਰ ਹਨ।
ਇੱਥੇ ਇਹ ਵੀ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਕਾਂਗਰਸ ਸਰਕਾਰ ਦੌਰਾਨ 27 ਨਵੰਬਰ 2021 ਨੂੰ ਜਦੋਂ ਆਪਣੀ ਮੰਗ ਲਈ ਇੱਕ ਅਧਿਆਪਕ ਐਮ.ਐਲ.ਏ. ਹੋਸਟਲ ਸਥਿਤ ਮੋਬਾਈਲ ਟਾਵਰ ‘ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹ ਗਿਆ ਸੀ, ਤਾਂ ਉਦੋਂ ਵਿਰੋਧੀ ਧਿਰ ਦੇ ਨੇਤਾ ਅਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੌਕੇ ‘ਤੇ ਪੁੱਜ ਕੇ ‘ਆਪ’ ਦੀ ਸਰਕਾਰ ਆਉਣ ‘ਤੇ ਇਹ ਬੇਇਨਸਾਫ਼ੀ ਦੂਰ ਕਰਨ ਦਾ ਵਾਅਦਾ ਕੀਤਾ ਸੀ। ਪਰ ਹੁਣ ‘ਆਪ’ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਦੇ ਨੇੜੇ ਹੈ ਅਤੇ ਅਜੇ ਤੱਕ ਵੀ ਵਿੱਤ ਮੰਤਰੀ ਨੇ ਆਪਣੇ ਬੋਲ ਨਹੀਂ ਪੁਗਾਏ।
ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੋਹਨ ਸਿੰਘ ਬਰਨਾਲਾ ਨੇ ਦੱਸਿਆ ਕਿ ਸਾਲ 2023 ਵਿੱਚ ਸਿੱਖਿਆ ਸਕੱਤਰ ਅਤੇ ਵਿੱਤ ਸਕੱਤਰ ਦੀਆਂ ਰਿਪੋਰਟਾਂ ਤੋਂ ਸਾਫ਼ ਹੋ ਗਿਆ ਸੀ ਕਿ ਵਿਭਾਗੀ ਅਮਲੇ ਦੀ ਕੋਤਾਹੀ ਕਾਰਨ ਇਹ ਮਾਮਲਾ ਵਿਗੜਿਆ ਹੈ। ਇਸ ਦੇ ਬਾਵਜੂਦ ਦੋਸ਼ੀ ਕਲਰਕ ਖਿਲਾਫ਼ ਕਾਰਵਾਈ ਕਰਨ ਦੀ ਥਾਂ ਉਸ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਆਪਣੀ ਜ਼ਿੰਮੇਵਾਰੀ ਤੋਂ ਭੱਜਦਿਆਂ ਗੇਂਦ ਮੁੱਖ ਮੰਤਰੀ ਦੇ ਪਾਲੇ ਵਿੱਚ ਸੁੱਟ ਰਹੇ ਹਨ। ਅਧਿਆਪਕ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਦਾ ਸੰਘਰਸ਼ ਨਿਰੰਤਰ ਜਾਰੀ ਰਹੇਗਾ।
















