Join WhatsApp

Join Now

‘ਦਿੱਲੀ ਨੂੰ ਬਣਾਇਆ ਕਿਲ੍ਹਾ, ਵੋਟਾਂ ਦੀ ਚੋਰੀ ਵਿਰੁੱਧ ਜੰਗ ਜਾਰੀ’! ਸੁਪਰੀਮ ਕੋਰਟ ਮਾਰਚ ਤੋਂ ਪਹਿਲਾਂ ਗਰਜੇ ਰਾਹੁਲ ਗਾਂਧੀ

On: October 12, 2026 1:41 PM

 

‘ਦਿੱਲੀ ਨੂੰ ਬਣਾਇਆ ਕਿਲ੍ਹਾ, ਵੋਟਾਂ ਦੀ ਚੋਰੀ ਵਿਰੁੱਧ ਜੰਗ ਜਾਰੀ’! ਸੁਪਰੀਮ ਕੋਰਟ ਮਾਰਚ ਤੋਂ ਪਹਿਲਾਂ ਗਰਜੇ ਰਾਹੁਲ ਗਾਂਧੀ

‘ਇੰਡੀਆ’ ਗੱਠਜੋੜ ਦਾ ਸੁਪਰੀਮ ਕੋਰਟ ਵੱਲ ਮਾਰਚ! ਰਾਹੁਲ ਗਾਂਧੀ ਦੇ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ‘ਤੇ ਤਿੱਖੇ ਹਮਲੇ

ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ‘ਤੇ ਰਾਹੁਲ ਦਾ ਵੱਡਾ ਹਮਲਾ: “ਅਸਤੀਫ਼ਾ ਦਿਓ, ਅਸਲ ਗੁਨਾਹਗਾਰ ਮੋਦੀ-ਸ਼ਾਹ”

ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ‘ਇੰਡੀਆ’ ਗੱਠਜੋੜ ਪਹੁੰਚਿਆ ਸੁਪਰੀਮ ਕੋਰਟ, ਦਾਖ਼ਲ ਕੀਤੀ ਪਟੀਸ਼ਨ

“ਕੇਂਦਰੀ ਏਜੰਸੀਆਂ ਦੇ 200 ਅਧਿਕਾਰੀ ਸਾਡੇ ਸੰਪਰਕ ‘ਚ” – ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ਵਾਸਤੇ ਵੱਡਾ ਦਾਅਵਾ

ਨਵੀਂ ਦਿੱਲੀ, 12 ਅਕਤੂਬਰ 2026- ਰਾਜਧਾਨੀ ਦਿੱਲੀ ਵਿੱਚ ਰਾਜਨੀਤਿਕ ਪਾਰਾ ਪੂਰੀ ਤਰ੍ਹਾਂ ਚੜ੍ਹ ਗਿਆ ਹੈ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਅਤੇ ‘ਵੋਟਾਂ ਦੀ ਚੋਰੀ’ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ‘ਇੰਡੀਆ’ (INDIA) ਗੱਠਜੋੜ ਵੱਲੋਂ ਸੁਪਰੀਮ ਕੋਰਟ ਤੱਕ ਵਿਸ਼ਾਲ ਮਾਰਚ ਕੱਢਿਆ ਗਿਆ। ਮਾਰਚ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ, ਭਾਰਤੀ ਚੋਣ ਕਮਿਸ਼ਨ ਅਤੇ ਸੁਰੱਖਿਆ ਏਜੰਸੀਆਂ ‘ਤੇ ਤਿੱਖੇ ਨਿਸ਼ਾਨੇ ਸਾਧੇ।

ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਦਿੱਲੀ ਵਿੱਚ ਵੋਟਾਂ ਦੀ ਚੋਰੀ ਵਿਰੁੱਧ ਕਈ ਦਿਨਾਂ ਤੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ, ਪਰ ਸਰਕਾਰ ਨੇ ਪੂਰੀ ਦਿੱਲੀ ਨੂੰ ਇਕ ਜੇਲ੍ਹ ਅਤੇ ਕਿਲ੍ਹੇ ਵਿੱਚ ਬਦਲ ਦਿੱਤਾ ਹੈ। ਲੋਕਾਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ; ਰੇਲਗੱਡੀਆਂ ਅਤੇ ਬੱਸਾਂ ਦੀ ਚੈਕਿੰਗ ਕਰਕੇ ਆਮ ਨਾਗਰਿਕਾਂ ਨੂੰ ਰੋਕਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ, “ਸਰਕਾਰ ਬਹੁਤ ਵੱਡੀ ਗਲਤੀ ਕਰ ਰਹੀ ਹੈ। ਅਸੀਂ ਦੇਸ਼ ਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਿਆਨੇਸ਼ ਕੁਮਾਰ ਦੀ ਸੁਰੱਖਿਆ ਲਈ 20,000 ਤੋਂ 30,000 ਪੁਲਿਸ ਮੁਲਾਜ਼ਮਾਂ ਨੂੰ ਸੜਕਾਂ ‘ਤੇ ਤਾਇਨਾਤ ਕਰ ਰਹੇ ਹਨ। ਜਿੰਨੀ ਜ਼ਿਆਦਾ ਉਨ੍ਹਾਂ ਦੀ ਸੁਰੱਖਿਆ ਕੀਤੀ ਜਾਵੇਗੀ, ਅਸੀਂ ਅੰਤ ਵਿੱਚ ਉਨ੍ਹਾਂ ਦੇ ਕੰਟਰੋਲਰਾਂ ਤੱਕ ਓਨੀ ਹੀ ਜਲਦੀ ਪਹੁੰਚਾਂਗੇ।”

ਆਪਣੇ ਸੰਬੋਧਨ ਦੌਰਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪੁਲਿਸ ਦੇ 50% ਮੁਲਾਜ਼ਮ ਖੁਦ ਇਸ ਕਾਰਵਾਈ ਤੋਂ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਹਨ। ਪੁਲਿਸ ਕਰਮਚਾਰੀ ਕਹਿ ਰਹੇ ਹਨ ਕਿ ਵਿਰੋਧੀ ਧਿਰ ਜੋ ਕਰ ਰਹੀ ਹੈ ਉਹ ਬਿਲਕੁਲ ਸਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਮੁਲਾਜ਼ਮਾਂ ‘ਤੇ ਨੌਜਵਾਨਾਂ ‘ਤੇ ਲਾਠੀਚਾਰਜ ਕਰਨ ਦਾ ਦਬਾਅ ਪਾਇਆ ਜਾ ਰਹਾ ਹੈ, ਜਦਕਿ ਆਰ.ਐਸ.ਐਸ. (RSS) ਦੇ ਮੈਂਬਰਾਂ ਨੂੰ ਖੁੱਲ੍ਹੀ ਛੋਟ ਦਿੱਤੀ ਜਾ ਰਹੀ ਹੈ।

ਰਾਹੁਲ ਗਾਂਧੀ ਨੇ ਕਿਹਾ, “ਇੱਕ ਪਾਸੇ ਪੁਲਿਸ, ਆਈ.ਟੀ.ਬੀ.ਪੀ., ਸੀ.ਆਰ.ਪੀ.ਐੱਫ. ਅਤੇ ਭਾਰਤ ਦੀ ਆਮ ਜਨਤਾ ਹੈ, ਜਦਕਿ ਦੂਜੇ ਪਾਸੇ ਨਰਿੰਦਰ ਮੋਦੀ, ਅਮਿਤ ਸ਼ਾਹ, ਅਜੀਤ ਡੋਵਾਲ, ਗਿਆਨੇਸ਼ ਕੁਮਾਰ ਅਤੇ ਚੋਣ ਕਮਿਸ਼ਨ ਦੇ 4-5 ਮੈਂਬਰ ਹਨ ਜੋ ਵੋਟਾਂ ਦੀ ਚੋਰੀ ਕਰਕੇ ਦੇਸ਼ ਦੇ ਲੋਕਤੰਤਰ ਨੂੰ ਹਾਈਜੈਕ ਕਰ ਰਹੇ ਹਨ।”

ਕਾਂਗਰਸ ਨੇਤਾ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਅਤੇ ਉਨ੍ਹਾਂ ਨੇ ਭਾਰਤੀ ਲੋਕਤੰਤਰ ਅਤੇ ਚੋਣਾਂ ਦੀ ਨਿਰਪੱਖਤਾ ‘ਤੇ ਹੋ ਰਹੇ ਹਮਲਿਆਂ ਬਾਰੇ ਭਾਰਤ ਦੇ ਚੀਫ਼ ਜਸਟਿਸ (CJI) ਨੂੰ ਚਿੱਠੀ ਲਿਖੀ ਸੀ। ਸੀ.ਜੇ.ਆਈ. ਦੇ ਜਵਾਬ ਤੋਂ ਬਾਅਦ ‘ਇੰਡੀਆ’ ਗੱਠਜੋੜ ਦੇ ਸਾਰੇ ਆਗੂ ਇਕਜੁੱਟ ਹੋ ਕੇ ਸੁਪਰੀਮ ਕੋਰਟ ਵਿੱਚ ਰਸਮੀ ਪਟੀਸ਼ਨ ਦਾਖ਼ਲ ਕਰਨ ਜਾ ਰਹੇ ਹਨ।

ਮੁੱਖ ਚੋਣ ਕਮਿਸ਼ਨਰ ‘ਤੇ ਹਮਲਾ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ, “ਗਿਆਨੇਸ਼ ਕੁਮਾਰ ਜੀ, ਤੁਸੀਂ ਅਪਰਾਧ ਕੀਤਾ ਹੈ, ਪਰ ਤੁਸੀਂ ਇਸ ਦੇ ਅਸਲ ਮਾਸਟਰਮਾਈਂਡ ਨਹੀਂ ਹੋ। ਤੁਹਾਨੂੰ ਪ੍ਰਧਾਨ ਮੰਤਰੀ, ਅਮਿਤ ਸ਼ਾਹ ਅਤੇ ਅਜੀਤ ਡੋਵਾਲ ਦੁਆਰਾ ਮਜਬੂਰ ਕੀਤਾ ਗਿਆ ਸੀ। ਤੁਹਾਡੇ ਲਈ ਸਭ ਤੋਂ ਬਿਹਤਰ ਇਹ ਹੈ ਕਿ ਤੁਸੀਂ ਤੁਰੰਤ ਅਸਤੀਫ਼ਾ ਦਿਓ ਅਤੇ ਰਾਹ ਤੋਂ ਹਟ ਜਾਓ। ਅਸੀਂ ਤੁਹਾਡੇ ਭ੍ਰਿਸ਼ਟਾਚਾਰ ਅਤੇ ਅਤੀਤ ਬਾਰੇ ਸਭ ਜਾਣਦੇ ਹਾਂ, ਤੁਹਾਨੂੰ ਬਖਸ਼ਿਆ ਨਹੀਂ ਜਾਵੇਗਾ।”

ਰਾਹੁਲ ਗਾਂਧੀ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ 200 ਤੋਂ ਵੱਧ ਅਧਿਕਾਰੀ, ਜਿਨ੍ਹਾਂ ਵਿੱਚ ਈ.ਡੀ. (ED), ਸੀ.ਬੀ.ਆਈ. (CBI) ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸ਼ਾਮਲ ਹਨ, ਉਨ੍ਹਾਂ ਦੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਅੰਦਰੂਨੀ ਜਾਣਕਾਰੀਆਂ ਦੇ ਰਹੇ ਹਨ।

ਉਨ੍ਹਾਂ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਹ ਲੜਾਈ ਸੰਵਿਧਾਨ ਨੂੰ ਬਚਾਉਣ ਦੀ ਹੈ ਅਤੇ ਇਹ ਵਿਰੋਧ ਪ੍ਰਦਰਸ਼ਨ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਸਾਰੀਆਂ ਪਾਰਟੀਆਂ ਦੇ ਸਮਰਥਕਾਂ ਅਤੇ ਆਮ ਲੋਕਾਂ ਨੂੰ ਕਨਾਟ ਪਲੇਸ ਦੇ ਬਰਾਖੰਭਾ ਜੰਕਸ਼ਨ ‘ਤੇ ਪਹੁੰਚ ਕੇ ਸੰਵਿਧਾਨ ਦੀ ਰਾਖੀ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ।

 

Leave a Comment