ਪੰਜਾਬ ਵਿੱਚ ਭਾਜਪਾ ਦਾ ਡਬਲ ਇੰਜਣ ਫੇਲ੍ਹ ਹੋਵੇਗਾ, ਅਗਲੀ ਸਰਕਾਰ ਬਣਾਉਣ ਦੀ ਚਾਬੀ ਬੀਆਰਪੀ ਦੇ ਹੱਥ ਹੋਵੇਗੀ: ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ
ਚੰਡੀਗੜ੍ਹ, 5 ਨਵੰਬਰ 2026: ਭਾਰਤੀ ਰਾਸ਼ਟਰਵਾਦੀ ਪਾਰਟੀ (ਬੀਆਰਪੀ) ਦੇ ਕੌਮੀ ਉੱਪ-ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਦੇ ਇੰਚਾਰਜ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿੱਧੀ ਵੰਗਾਰ ਪਾਉਂਦਿਆਂ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਡਬਲ ਇੰਜਣ ਬੁਰੀ ਤਰ੍ਹਾਂ ਫੇਲ੍ਹ ਹੋਵੇਗਾ।
ਗਰੇਵਾਲ ਨੇ ਆਪਣੇ ਐਕਸ ਅਕਾਊਂਟ ਉੱਤੇ ਪਾਈ ਪੋਸਟ ਵਿੱਚ ਕਿਹਾ ਕਿ ਜੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਆਪਣੇ ਪੁਰਾਣੇ ਟਕਸਾਲੀ ਆਗੂਆਂ, ਵਫ਼ਾਦਾਰ ਵਰਕਰਾਂ ਅਤੇ ਜ਼ਮੀਨੀ ਪੱਧਰ ਉੱਤੇ ਪਾਰਟੀ ਲਈ ਸਾਲਾਂਬੱਧੀ ਕੰਮ ਕਰਨ ਵਾਲੇ ਲੋਕਾਂ ਉੱਤੇ ਭਰੋਸਾ ਕੀਤਾ ਹੁੰਦਾ ਤਾਂ ਅੱਜ ਪੰਜਾਬ ਵਿੱਚ ਭਾਜਪਾ ਦੀ ਮਜ਼ਬੂਤ ਜੜ੍ਹ ਹੋ ਸਕਦੀ ਸੀ। ਪਰ ਅਫ਼ਸੋਸ ਕਿ ਆਪਣੇ ਮਿਹਨਤੀ ਆਗੂਆਂ ਅਤੇ ਵਰਕਰਾਂ ਨੂੰ ਸੰਭਾਲਣ ਦੀ ਥਾਂ ਦੂਜੀਆਂ ਪਾਰਟੀਆਂ ਵਿੱਚੋਂ ਆਗੂ ਲਿਆਉਣ ਉੱਤੇ ਕਰੋੜਾਂ ਰੁਪਏ ਅਤੇ ਸਰੋਤ ਖ਼ਰਚ ਕੀਤੇ ਗਏ।
ਉਨ੍ਹਾਂ ਕਿਹਾ, “ਜਿਹੜੀ ਭਾਜਪਾ ਆਪਣਿਆਂ ਟਕਸਾਲੀ ਆਗੂਆਂ ਅਤੇ ਵਫ਼ਾਦਾਰ ਵਰਕਰਾਂ ਉੱਤੇ ਭਰੋਸਾ ਨਹੀਂ ਕਰ ਸਕੀ, ਉਹ ਪੰਜਾਬ ਦੇ ਲੋਕਾਂ ਤੋਂ ਭਰੋਸੇ ਦੀ ਉਮੀਦ ਕਿਵੇਂ ਰੱਖ ਸਕਦੀ ਹੈ? ਪੰਜਾਬ ਕੋਈ ਸਿਆਸੀ ਮੰਡੀ ਨਹੀਂ ਜਿੱਥੇ ਦੂਜੀਆਂ ਪਾਰਟੀਆਂ ਵਿੱਚੋਂ ਆਗੂ ਲਿਆ ਕੇ ਇਕੱਠੇ ਕਰ ਦਿੱਤੇ ਜਾਣ ਅਤੇ ਚੋਣ ਜਿੱਤਣ ਦਾ ਸੁਪਨਾ ਦੇਖ ਲਿਆ ਜਾਵੇ। ਪੰਜਾਬੀ ਹਰ ਸਿਆਸੀ ਖੇਡ ਨੂੰ ਚੰਗੀ ਤਰ੍ਹਾਂ ਸਮਝਦੇ ਹਨ।”
ਗਰੇਵਾਲ ਨੇ ਅੱਗੇ ਕਿਹਾ ਕਿ ਕਿਸਾਨ ਅੰਦੋਲਨ, ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਲੋਕਾਂ ਦੇ ਮਨਾਂ ਵਿੱਚ ਵੱਸੇ ਪੁਰਾਣੇ ਸਵਾਲਾਂ ਨੂੰ ਸਿਰਫ਼ ਦਲ-ਬਦਲੀਆਂ ਜਾਂ ਸਿਆਸੀ ਗੱਠਜੋੜਾਂ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ।
ਆਮ ਆਦਮੀ ਪਾਰਟੀ ਵਿੱਚੋਂ ਭਾਜਪਾ ਵਿੱਚ ਸ਼ਾਮਲ ਹੋਏ ਦਸ ਆਗੂਆਂ ਬਾਰੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਦਸ ਸਿਆਸੀ ਚਿਹਰੇ ਪਾਰਟੀ ਵਿੱਚ ਲੈ ਆਉਣ ਦਾ ਮਤਲਬ ਇਹ ਨਹੀਂ ਕਿ ਦਸ ਨਵੇਂ ਵੋਟ ਬੈਂਕ ਵੀ ਮਿਲ ਗਏ ਹਨ। ਕਿਸੇ ਆਗੂ ਦੀ ਪਛਾਣ ਹੋਣੀ ਵੱਖਰੀ ਗੱਲ ਹੈ ਅਤੇ ਆਪਣੇ ਦਮ ਉੱਤੇ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਦੀ ਤਾਕਤ ਹੋਣੀ ਬਿਲਕੁਲ ਵੱਖਰੀ ਗੱਲ ਹੈ।
ਭਾਜਪਾ ਦੇ ਪਿਛਲੇ ਚੋਣ ਨਤੀਜਿਆਂ ਦਾ ਹਵਾਲਾ ਦਿੰਦਿਆਂ ਗਰੇਵਾਲ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਸਿਰਫ਼ ਦੋ ਸੀਟਾਂ ਜਿੱਤ ਸਕੀ ਸੀ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਫ਼ੀਸਦੀ ਵਧਣ ਦੇ ਬਾਵਜੂਦ ਪੰਜਾਬ ਦੀਆਂ 13 ਸੀਟਾਂ ਵਿੱਚੋਂ ਇੱਕ ਵੀ ਸੀਟ ਨਹੀਂ ਜਿੱਤ ਸਕੀ।

ਗਰੇਵਾਲ ਨੇ ਕਿਹਾ, “ਮੈਂ ਭਾਰਤੀ ਜਨਤਾ ਪਾਰਟੀ ਵਿੱਚ 34 ਸਾਲ ਕੰਮ ਕੀਤਾ ਹੈ। ਮੈਂ ਪਾਰਟੀ ਦੇ ਸੰਗਠਨ, ਅੰਦਰੂਨੀ ਕੰਮਕਾਜ ਅਤੇ ਸਿਆਸੀ ਹਕੀਕਤਾਂ ਨੂੰ ਅੰਦਰੋਂ ਜਾਣਦਾ ਹਾਂ। ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਦਿੱਲੀ ਦੇ ਰਿਮੋਟ ਕੰਟਰੋਲ, ਬਾਹਰੋਂ ਲਿਆਂਦੇ ਆਗੂਆਂ ਅਤੇ ਪੈਸੇ ਦੇ ਜ਼ੋਰ ਨਾਲ ਭਾਜਪਾ ਪੰਜਾਬ ਨਹੀਂ ਜਿੱਤ ਸਕਦੀ।”
ਸਿੱਧੀ ਵੰਗਾਰ ਪਾਉਂਦਿਆਂ ਗਰੇਵਾਲ ਨੇ ਕਿਹਾ, “ਨਿਤਿਨ ਨਵੀਨ ਅਤੇ ਅਮਿਤ ਸ਼ਾਹ, ਮੇਰੀ ਇਸ ਭਵਿੱਖਬਾਣੀ ਨੂੰ ਚਿੱਟੇ ਕਾਗਜ਼ ਉੱਤੇ ਲਿਖ ਕੇ ਆਪਣੇ ਕੋਲ ਸੰਭਾਲ ਕੇ ਰੱਖ ਲਓ। 2027 ਵਿੱਚ ਪੰਜਾਬ ਦੇ ਲੋਕ ਭਾਜਪਾ ਦੇ ਡਬਲ ਇੰਜਣ ਨੂੰ ਰੱਦ ਕਰ ਦੇਣਗੇ। ਤੁਸੀਂ ਜਿੰਨੇ ਮਰਜ਼ੀ ਆਗੂ ਲੈ ਆਓ, ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਨਾਲ ਜਿੰਨੇ ਮਰਜ਼ੀ ਗੱਠਜੋੜ ਕਰ ਲਓ, ਪਰ ਪੰਜਾਬੀਆਂ ਦੀ ਸਿਆਸੀ ਇੱਛਾ-ਸ਼ਕਤੀ ਨੂੰ ਨਹੀਂ ਹਰਾ ਸਕਦੇ।”
ਗਰੇਵਾਲ ਨੇ ਠੋਕ ਵਜਾ ਕੇ ਐਲਾਨ ਕੀਤਾ ਕਿ ਭਾਰਤੀ ਰਾਸ਼ਟਰਵਾਦੀ ਪਾਰਟੀ ਪੰਜਾਬ ਦੀ ਸਿਆਸਤ ਵਿੱਚ ਇੱਕ ਨਿਰਣਾਇਕ ਤਾਕਤ ਬਣ ਕੇ ਉੱਭਰੇਗੀ ਅਤੇ ਪੰਜਾਬ ਵਿੱਚ ਅਗਲੀ ਸਰਕਾਰ ਬਣਾਉਣ ਦੀ ਚਾਬੀ ਬੀਆਰਪੀ ਦੇ ਹੱਥ ਹੋਵੇਗੀ।
ਉਨ੍ਹਾਂ ਕਿਹਾ, “ਪੰਜਾਬ ਵਿੱਚ ਅਗਲੀ ਸਰਕਾਰ ਕਿਸ ਦੀ ਬਣੇਗੀ, ਇਸ ਦਾ ਆਖ਼ਰੀ ਫ਼ੈਸਲਾ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਅਤੇ ਸੋਚ ਮੁਤਾਬਕ ਹੋਵੇਗਾ। ਸਰਕਾਰ ਬਣਾਉਣ ਦੀ ਚਾਬੀ ਬੀਆਰਪੀ ਕੋਲ ਹੋਵੇਗੀ। ਪੰਜਾਬ ਨੂੰ ਕਿਸ ਤਰ੍ਹਾਂ ਦੀ ਸਿਆਸੀ ਦਿਸ਼ਾ ਦੇਣੀ ਹੈ, ਇਸ ਵਿੱਚ ਸਾਡੀ ਪਾਰਟੀ ਨਿਰਣਾਇਕ ਭੂਮਿਕਾ ਨਿਭਾਏਗੀ। 2027 ਦਾ ਸਮਾਂ ਹੁਣ ਦੂਰ ਨਹੀਂ।”
ਗਰੇਵਾਲ ਨੇ ਕਿਹਾ, “ਪੰਜਾਬ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਨਹੀਂ ਚੱਲੇਗਾ। ਪੰਜਾਬੀ ਆਪਣਾ ਫ਼ੈਸਲਾ ਆਪ ਕਰਨਗੇ, ਪੰਜਾਬੀ ਆਪਣਾ ਫ਼ਤਵਾ ਆਪ ਦੇਣਗੇ ਅਤੇ ਭਾਜਪਾ ਨੂੰ ਲੋਕਾਂ ਦੇ ਫ਼ੈਸਲੇ ਅੱਗੇ ਸਿਰ ਝੁਕਾਉਣਾ ਪਵੇਗਾ।”
















