ਪੰਜਾਬ ਯੂਨੀਵਰਸਿਟੀ ਵਿਖੇ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਗੂੰਜੀਆਂ ਕਵਿਤਾਵਾਂ; ਸਵਰਨਜੀਤ ਸਵੀ ਤੇ ਜੀ.ਐੱਸ. ਔਜਲਾ ਨੇ ਵਧਾਈ ਰੌਣਕ

 

ਪੰਜਾਬ ਯੂਨੀਵਰਸਿਟੀ ਵਿਖੇ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਗੂੰਜੀਆਂ ਕਵਿਤਾਵਾਂ; ਸਵਰਨਜੀਤ ਸਵੀ ਤੇ ਜੀ.ਐੱਸ. ਔਜਲਾ ਨੇ ਵਧਾਈ ਰੌਣਕ

ਪੰਜਾਬੀ ਵਿਸ਼ਵ ਦੀ 9ਵੀਂ ਵੱਡੀ ਭਾਸ਼ਾ, ਪਰ ਰੋਜ਼ਗਾਰ ਤੇ ਪ੍ਰਸ਼ਾਸਨ ‘ਚ ਬਣਦੀ ਥਾਂ ਨਾ ਮਿਲਣਾ ਫ਼ਿਕਰਮੰਦੀ ਵਾਲੀ ਗੱਲ: ਪ੍ਰੋ. ਯੋਗਰਾਜ

ਚੰਡੀਗੜ੍ਹ, 20 ਫਰਵਰੀ 2026: ਪੰਜਾਬੀ ਸਾਹਿਤ ਸਭਾ ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਮਨਾਉਂਦਿਆਂ ਅੱਜ ਮਿਤੀ 20 ਫਰਵਰੀ 2026 ਨੂੰ ਕਵੀ ਦਰਬਾਰ ਅਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਮਾਤ ਭਾਸ਼ਾ ਦੇ ਮਹੱਤਵ ਉੱਪਰ ਭਾਵਪੂਰਤ ਲੈਕਚਰ ਦਿੱਤਾ। ਪੰਜਾਬ ਪੁਲਿਸ ਦੇ ਸਾਬਕਾ ਮੁਖੀ ਜੀ. ਐੱਸ. ਔਜਲਾ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਹਾਜ਼ਰ ਰਹੇ।

ਪ੍ਰੋਗਰਾਮ ਦੀ ਸ਼ੁਰੂਆਤ ਵਿਭਾਗ ਦੇ ਚੇਅਰਪਰਸਨ ਪ੍ਰੋ. ਯੋਗਰਾਜ ਵੱਲੋਂ ਸੁਆਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਨੇ ਮੁੱਖ ਬੁਲਾਰੇ ਅਤੇ ਵੱਖ ਵੱਖ ਵਿਭਾਗਾਂ ਤੋਂ ਆਏ ਵਿਦਿਆਰਥੀ ਕਵੀਆਂ ਦਾ ਨਿੱਘਾ ਸਵਾਗਤ ਕਰਦਿਆਂ ਮਾਂ ਬੋਲੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਅੱਜ ਇਹ ਜ਼ੁਬਾਨ ਵਿਸ਼ਵ ਦੀ ਨੌਵੀਂ ਵੱਡੀ ਭਾਸ਼ਾ ਬਣ ਚੁੱਕੀ ਹੈ। ਵਿਸ਼ਵ ਪੱਧਰ ‘ਤੇ ਵੱਖ ਵੱਖ ਦੇਸ਼ਾਂ ਵਿੱਚ ਇਕੱਤੀ ਕਰੋੜ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਹੈ। ਇਸ ਦੇ ਨਾਲ-ਨਾਲ ਉਹਨਾਂ ਪੰਜਾਬੀ ਦੇ ਰੋਜ਼ਗਾਰ ਅਤੇ ਪ੍ਰਸ਼ਾਸ਼ਨ ਦੇ ਖੇਤਰ ਵਿੱਚ ਬਣਦੀ ਥਾਂ ਨਾ ਪ੍ਰਾਪਤ ਕਰਨ ‘ਤੇ ਫਿਕਰ ਵੀ ਜ਼ਾਹਿਰ ਕੀਤਾ।

ਮੁੱਖ ਵਕਤਾ ਸਵਰਨਜੀਤ ਸਵੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮਾਤ ਭਾਸ਼ਾ ਵਿਅਕਤੀ ਦੀ ਪਹਿਚਾਣ ਅਤੇ ਆਪਣੇ ਸੱਭਿਆਚਾਰ ਨਾਲ ਜੁੜਨ ਲਈ ਬੁਨਿਆਦ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਕਵਿਤਾਵਾਂ ਅਤੇ ਰਚਨਾਤਮਕ ਲਿਖਤ ਰਾਹੀਂ ਆਪਣੇ ਵਿਚਾਰ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਹ ਵੀ ਉਲੇਖ ਕੀਤਾ ਕਿ ਨੌਜਵਾਨ ਲੇਖਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਮਕਾਲੀ ਸਮਾਜਿਕ ਮੁੱਦਿਆਂ ਨੂੰ ਆਪਣੀ ਰਚਨਾ ਰਾਹੀਂ ਸਾਹਿਤ ਵਿੱਚ ਥਾਂ ਦੇਣ।

ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਜੀ. ਐੱਸ. ਔਜਲਾ ਨੇ ਜਿੱਥੇ ਵਿਦਿਆਰਥੀਆਂ ਨੂੰ ਖੂਬਸੂਰਤ ਕਵਿਤਾਵਾਂ ਪੇਸ਼ ਕਰਨ ‘ਤੇ ਵਧਾਈ ਦਿੱਤੀ ਉੱਥੇ ਉਨ੍ਹਾਂ ਨੂੰ ਆਪਣੀ ਮਾਤ ਭਾਸ਼ਾ ਦੀ ਤਾਕਤ ਪਛਾਨਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ।

ਪ੍ਰੋਗਰਾਮ ਦਾ ਮੁੱਖ ਆਕਰਸ਼ਣ ਕਵੀ ਦਰਬਾਰ ਰਿਹਾ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੰਦੀ ਅਤੇ ਪੰਜਾਬੀ ਵਿੱਚ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਹਨਾਂ ਕਵਿਤਾਵਾਂ ਵਿੱਚ ਸਮਾਜਿਕ ਸਰੋਕਾਰਾਂ, ਸਾਂਸਕ੍ਰਿਤਿਕ ਮੁੱਲਾਂ ਅਤੇ ਨਿੱਜੀ ਅਨੁਭਵਾਂ ਦੀ ਭਾਵਪੂਰਤ ਪੇਸ਼ਕਾਰੀ ਹੋਈ।

ਪੰਜਾਬੀ ਸਾਹਿਤ ਸਭਾ ਦੀ ਅਧਿਆਪਕ ਇੰਚਾਰਜ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾ. ਪਰਮਜੀਤ ਕੌਰ ਸਿੱਧੂ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਵਿਦਿਆਰਥੀ ਕਵੀਆਂ ਅਤੇ ਮੁਖ ਵਕਤਾ ਦਾ ਧੰਨਵਾਦ ਕੀਤਾ ਅਤੇ ਪੰਜਾਬੀ ਸਾਹਿਤ ਸਭਾ ਨੂੰ ਇਹ ਪ੍ਰੋਗਰਾਮ ਆਯੋਜਿਤ ਕਰਨ ‘ਤੇ ਮੁਬਾਰਕਵਾਦ ਦਿੱਤੀ।

ਉਨ੍ਹਾਂ ਮਾਤ ਭਾਸ਼ਾ ਦੀ ਸੰਸਕ੍ਰਿਤਿਕ, ਬੌਧਿਕ ਅਤੇ ਭਾਵਨਾਤਮਕ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਸ਼ਾ ਕੇਵਲ ਸੰਚਾਰ ਦਾ ਸਾਧਨ ਹੀ ਨਹੀਂ, ਸਗੋਂ ਇਹ ਸਾਡੀ ਸਭਿਆਚਾਰਕ ਪਹਿਚਾਣ ਅਤੇ ਸਮਾਜਿਕ ਮੁੱਲਾਂ ਦੀ ਵਾਹਕ ਵੀ ਹੁੰਦੀ ਹੈ।

ਇਸ ਪ੍ਰੋਗਰਾਮ ਦੇ ਮੰਚ ਸੰਚਾਲਨ ਦੀ ਜਿੰਮੇਵਾਰੀ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਦਇਆ ਸਿੰਘ ਨੇ ਸੁਚਾਰੂ ਢੰਗ ਨਾਲ ਨਿਭਾਈ। ਜੇਤੂ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਸਰਟੀਫਿਕੇਟ ਦਿੱਤੇ ਗਏ। ਪ੍ਰੋਗਰਾਮ ਦੇ ਅਖੀਰ ਵਿੱਚ ਪੰਜਾਬੀ ਸਾਹਿਤ ਸਭਾ ਵੱਲੋਂ ਮੁਖ ਵਕਤਾ ਨੂੰ ਸਿਮਰਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਪੰਜਾਬੀ ਕਹਾਣੀਕਾਰ ਹਰਪ੍ਰੀਤ ਚੰਨੂੰ, ਪੰਜਾਬੀ ਕਵੀ ਕਮਲਜੀਤ, ਵਿਭਾਗ ਦੇ ਪ੍ਰੋ. ਡਾ. ਅਕਵਿੰਦਰ ਕੌਰ ਤਨਵੀ, ਡਾ. ਪਵਨ ਕੁਮਾਰ, ਰਵੀ ਕੁਮਾਰ ਅਤੇ ਜਸਪਾਲ ਸਿੰਘ, ਖੋਜਾਰਥੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।