ਸਿਰਫ਼ ਅਧਿਆਪਕ ਹੀ BLO ਕਿਉਂ? ਬਾਕੀ ਵਿਭਾਗਾਂ ਦੇ ਮੁਲਾਜ਼ਮਾਂ ਦੀ ਵੀ ਬਣਦੀ ਚੋਣ ਡਿਊਟੀ!
ਚੋਣ ਡਿਊਟੀਆਂ ਨੂੰ ਲੈ ਕੇ ਐਲੀਮੈਂਟਰੀ ਅਧਿਆਪਕਾਂ ਨੇ ਘੇਰਿਆ ਚੋਣ ਕਮਿਸ਼ਨ; ਮੁੱਖ ਚੋਣ ਅਫ਼ਸਰ ਅਨੰਦਿਤਾ ਮਿੱਤਰਾ ਨਾਲ ਹੋਈ ਅਹਿਮ ਮੀਟਿੰਗ
ਚੋਣ ਡਿਊਟੀ ਦੌਰਾਨ ਸੁਰੱਖਿਆ ਅਤੇ ਮੁਆਵਜ਼ੇ ਲਈ ਠੋਸ ਨੀਤੀ ਦੀ ਮੰਗ; ਮੋਗਾ ਹਾਦਸੇ ਦਾ ਹਵਾਲਾ ਦੇ ਕੇ ਜਤਾਇਆ ਰੋਸ
ਇਸਤਰੀ ਅਧਿਆਪਕਾਵਾਂ ਨੂੰ ‘ਕਪਲ ਕੇਸ’ (Couple Case) ਵਿੱਚ ਡਿਊਟੀ ਤੋਂ ਛੋਟ ਦੇਣ ਦੀ ਉੱਠੀ ਮੰਗ
ਚੰਡੀਗੜ੍ਹ, 3 ਅਪ੍ਰੈਲ 2026:
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੇ ਇੱਕ ਉੱਚ ਪੱਧਰੀ ਵਫ਼ਦ ਨੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਦੀ ਅਗਵਾਈ ਹੇਠ ਮੁੱਖ ਚੋਣ ਅਫ਼ਸਰ ਪੰਜਾਬ, ਮੈਡਮ ਅਨੰਦਿਤਾ ਮਿੱਤਰਾ ਨਾਲ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਬੀ.ਐਲ.ਓ. (BLO) ਅਤੇ ਚੋਣ ਡਿਊਟੀਆਂ ਦੌਰਾਨ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਗੰਭੀਰ ਮੁਸ਼ਕਿਲਾਂ ‘ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਯੂਨੀਅਨ ਨੇ ਮੰਗ ਕੀਤੀ ਕਿ ਬੀ.ਐਲ.ਓ. ਅਤੇ ਹੋਰ ਚੋਣ ਡਿਊਟੀਆਂ ਦਾ ਸਾਰਾ ਬੋਝ ਸਿਰਫ਼ ਪ੍ਰਾਇਮਰੀ ਅਧਿਆਪਕਾਂ ‘ਤੇ ਨਾ ਪਾਇਆ ਜਾਵੇ। ਪੰਜਾਬ ਦੇ ਦੂਸਰੇ ਵਿਭਾਗਾਂ ਦੇ ਮੁਲਾਜ਼ਮਾਂ ਦੀ ਡਿਊਟੀ ਵੀ ਉਨ੍ਹਾਂ ਦੇ ਬਣਦੇ ਅਨੁਪਾਤ (Ratio) ਅਨੁਸਾਰ ਲਗਾਈ ਜਾਣੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ, ਬੀ.ਐਲ.ਓ. ਦੀ ਦੋਹਰੀ ਚੋਣ ਡਿਊਟੀ ਲਗਾਉਣ ਦਾ ਵੀ ਵਿਰੋਧ ਕੀਤਾ ਗਿਆ।
ਵਫ਼ਦ ਨੇ ਮੋਗਾ ਜ਼ਿਲ੍ਹੇ ਦੇ ਅਧਿਆਪਕ ਜਸਕਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀ ਸੜਕ ਹਾਦਸੇ ਵਿੱਚ ਹੋਈ ਬੇਵਕਤੀ ਮੌਤ ਦਾ ਹਵਾਲਾ ਦਿੰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮੰਗ ਕੀਤੀ ਕਿ, ਚੋਣ ਡਿਊਟੀ ਦੌਰਾਨ ਵਾਪਰਨ ਵਾਲੀ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਠੋਸ ਮੁਆਵਜ਼ਾ ਨੀਤੀ ਬਣਾਈ ਜਾਵੇ। ਅਧਿਆਪਕਾਂ ਦੀਆਂ ਡਿਊਟੀਆਂ ਬਲਾਕ ਪੱਧਰ ‘ਤੇ ਹੀ ਲਗਾਈਆਂ ਜਾਣ ਤਾਂ ਜੋ ਦੂਰ-ਦੁਰਾਡੇ ਜਾਣ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਯੂਨੀਅਨ ਨੇ ਆਉਣ ਵਾਲੀਆਂ ਚੋਣਾਂ ਵਿੱਚ ‘ਕਪਲ ਕੇਸ’ (ਜਿੱਥੇ ਪਤੀ-ਪਤਨੀ ਦੋਵੇਂ ਸਰਕਾਰੀ ਮੁਲਾਜ਼ਮ ਹਨ) ਵਿੱਚ ਇਸਤਰੀ ਅਧਿਆਪਕਾਵਾਂ ਨੂੰ ਚੋਣ ਡਿਊਟੀ ਤੋਂ ਛੋਟ ਦੇਣ ਦੀ ਪੁਰਜ਼ੋਰ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚੋਂ ਘੱਟ ਤੋਂ ਘੱਟ ਸਟਾਫ਼ ਲਿਆ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।
ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਦੇ ਨਾਲ ਗੁਰਿੰਦਰ ਸਿੰਘ ਘੁੱਕੇਵਾਲੀ, ਤਰਸੇਮ ਲਾਲ (ਜਲੰਧਰ), ਹਰਕ੍ਰਿਸ਼ਨ ਸਿੰਘ (ਮੋਹਾਲੀ), ਰਿਸ਼ੀ ਕੁਮਾਰ (ਜਲੰਧਰ), ਜਨਕ ਰਾਜ (ਮੋਹਾਲੀ) ਅਤੇ ਹੋਰ ਸੂਬਾਈ ਆਗੂ ਹਾਜ਼ਰ ਸਨ। ਮੁੱਖ ਚੋਣ ਅਫ਼ਸਰ ਨੇ ਅਧਿਆਪਕਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ।






