ਅਧਿਆਪਕਾਂ ਦਾ PSTET ਵਿਰੁੱਧ ਮੋਰਚਾ; ਪੁੱਛਿਆ- ‘ਸਰਵੇ ਕਰੀਏ, ਐਪਾਂ ਚਲਾਈਏ ਜਾਂ TET ਦੀ ਤਿਆਰੀ ਕਰੀਏ?’

 

ਪੰਜਾਬ ਦੀ ‘ਡਿਜੀਟਲ ਸਿੱਖਿਆ ਕ੍ਰਾਂਤੀ’: ਅਧਿਆਪਕ ਹੁਣ ‘ਗੁਰੂ’ ਨਹੀਂ, ‘ਮਲਟੀ-ਟਾਸਕਿੰਗ ਮਸ਼ੀਨਾਂ’ ਅਤੇ ‘ਡਾਟਾ ਐਂਟਰੀ ਆਪਰੇਟਰ’ ਬਣੇ

ਅਧਿਆਪਕਾਂ ਦਾ PSTET ਵਿਰੁੱਧ ਮੋਰਚਾ; ਪੁੱਛਿਆ- ‘ਸਰਵੇ ਕਰੀਏ, ਐਪਾਂ ਚਲਾਈਏ ਜਾਂ TET ਦੀ ਤਿਆਰੀ ਕਰੀਏ?’

19 ਅਪ੍ਰੈਲ ਦਾ PSTET ਅਧਿਆਪਕਾਂ ਦੇ ਜ਼ਖ਼ਮਾਂ ‘ਤੇ ਲੂਣ; ਕਿਹਾ – “ਜੇ ਸਾਰਾ ਦਿਨ ਐਪਾਂ ਚਲਾਉਣੀਆਂ ਤੇ ਸਰਵੇ ਹੀ ਕਰਨੇ ਨੇ, ਤਾਂ ਟੈਸਟ ਕਾਹਦੇ ਲਈ?”

ਅਧਿਆਪਕਾਂ ਨੇ ਲਾਈ ਗੁਹਾਰ, 19 ਅਪ੍ਰੈਲ ਨੂੰ ਲਿਆ ਜਾਣ ਵਾਲਾ ਟੈਸਟ ਮਈ ਦੇ ਆਖਰੀ ਹਫਤੇ ਲਿਆ ਜਾਵੇ!

ਪੰਜਾਬ ਨੈੱਟਵਰਕ

ਚੰਡੀਗੜ੍ਹ, 14 ਅਪ੍ਰੈਲ 2026

ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਵੱਲੋਂ ‘ਸਿੱਖਿਆ ਕ੍ਰਾਂਤੀ’ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਅਧਿਆਪਕਾਂ ਨੂੰ ਪੜ੍ਹਾਉਣ ਦੀ ਬਜਾਏ ਗੈਰ-ਵਿੱਦਿਅਕ ਅਤੇ ਕਲੈਰੀਕਲ ਕੰਮਾਂ ਦੀ ‘ਦਲਦਲ’ ਵਿੱਚ ਫਸਾ ਦਿੱਤਾ ਗਿਆ ਹੈ।

ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦਾ ਢੋਲ ਇੰਨੀ ਜ਼ੋਰ ਨਾਲ ਵਜਾਇਆ ਜਾ ਰਿਹਾ ਹੈ ਕਿ ਉਸ ਦੇ ਸ਼ੋਰ ਵਿੱਚ ਅਧਿਆਪਕਾਂ ਦੀਆਂ ਚੀਕਾਂ ਸੁਣਾਈ ਨਹੀਂ ਦੇ ਰਹੀਆਂ। ਸਰਕਾਰ ਦੇ ‘ਰੰਗਲੇ ਪੰਜਾਬ’ ਵਿੱਚ ਅਧਿਆਪਕ ਹੁਣ ਜਮਾਤਾਂ ਵਿੱਚ ਪੜ੍ਹਾਉਂਦੇ ਘੱਟ ਅਤੇ ਮੋਬਾਈਲ ਐਪਾਂ ਉੱਤੇ ਉਂਗਲਾਂ ਮਾਰਦੇ ਜਾਂ ਘਰ-ਘਰ ਜਾ ਕੇ ਸਰਵੇ ਕਰਦੇ ਜ਼ਿਆਦਾ ਦਿਖਾਈ ਦਿੰਦੇ ਹਨ। ਹੁਣ ਉੱਪਰੋਂ 19 ਅਪ੍ਰੈਲ ਨੂੰ PSTET ਦਾ ‘ਟੈਸਟ-ਬੰਬ’ ਸੁੱਟ ਕੇ ਸਿੱਖਿਆ ਵਿਭਾਗ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਸ ਨੂੰ ਅਧਿਆਪਕਾਂ ਦੀ ਮਾਨਸਿਕ ਹਾਲਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਐਮ.ਸਟਾਰ (M-Star) ਐਪ ਤੋਂ ਲੈ ਕੇ ਘਰ-ਘਰ ਸਰਵੇਖਣ ਤੱਕ ਦੀਆਂ ਡਿਊਟੀਆਂ ਨੇ ਅਧਿਆਪਕਾਂ ਦਾ ਸਾਹ ਸੁਕਾ ਦਿੱਤਾ ਹੈ। ਹੁਣ 19 ਅਪ੍ਰੈਲ ਨੂੰ ਰੱਖੇ ਗਏ PSTET ਟੈਸਟ ਨੇ ਅਧਿਆਪਕਾਂ ਦੇ ਸਬਰ ਦਾ ਬੰਨ੍ਹ ਤੋੜ ਦਿੱਤਾ ਹੈ।

ਅਧਿਆਪਕ ਜਥੇਬੰਦੀਆਂ ਨੇ ਸਰਕਾਰ ਦੀ ਪੋਲ ਖੋਲ੍ਹਦਿਆਂ ਦੱਸਿਆ ਕਿ ਉਹ ਦਿਨ-ਰਾਤ ਗੈਰ ਵਿੱਦਿਅਕ ਕੰਮਾਂ ਵਿੱਚ ਉਲਝੇ ਹੋਏ ਹਨ। ਐਮ.ਸਟਾਰ ਐਪ ‘ਤੇ ਸਰਟੀਫਿਕੇਟ ਜਾਰੀ ਕਰਨੇ, ਨਵੇਂ ਦਾਖਲੇ ਅਪਲੋਡ ਕਰਨੇ, ਈ-ਪੰਜਾਬ ‘ਤੇ ਡਾਟਾ ਅਪਡੇਟ ਕਰਨਾ ਅਤੇ ਅਣਗਿਣਤ ਗੂਗਲ ਸ਼ੀਟਾਂ ਭਰਨੀਆਂ ਆਦਿ, ਜੋ ਕੰਮ ਡਾਟਾ ਐਂਟਰੀ ਆਪਰੇਟਰਾਂ ਦਾ ਹੈ, ਉਹ ਕੰਮ ਉਚ ਡਿਗਰੀਆਂ ਵਾਲੇ ਅਧਿਆਪਕ ਕਰ ਰਹੇ ਨੇ। ਜਿਨਾਂ ਨੇ ਬੱਚਿਆਂ ਨੂੰ ਪੜਾਉਣਾ ਹੈ, ਉਹ ਕਲਰਕਾਂ ਦਾ ਕੰਮ ਸਾਂਭੀ ਬੈਠੇ ਨੇ।

ਅਧਿਆਪਕਾਂ ਨੇ ਵਿਅੰਗ ਕਰਦਿਆਂ ਕਿਹਾ ਕਿ ਉਹ ਹੁਣ ਸਿਰਫ਼ ਇਤਿਹਾਸ ਜਾਂ ਗਣਿਤ ਨਹੀਂ ਪੜ੍ਹਾਉਂਦੇ, ਸਗੋਂ ਉਹ ’ਸਰਕਾਰੀ ਆਲ-ਰਾਊਂਡਰ’ ਬਣ ਚੁੱਕੇ ਹਨ। ਉਨ੍ਹਾਂ ਦੇ ਰੋਜ਼ਾਨਾ ਦੇ ਕੰਮਾਂ ਦੀ ਸੂਚੀ ਕਿਸੇ ਜੰਗੀ ਮੋਰਚੇ ਤੋਂ ਘੱਟ ਨਹੀਂ।

ਗੈਰ-ਵਿੱਦਿਅਕ ਡਿਊਟੀਆਂ, ਜਿਵੇਂ ਬੀ.ਐਲ.ਓ. (BLO) ਡਿਊਟੀ, ਮਰਦਮਸ਼ੁਮਾਰੀ, ਪਾਣੀ ਦੇ ਸੈਂਪਲ ਪਾਸ ਕਰਵਾਉਣੇ ਅਤੇ ਪਿੰਡ-ਪਿੰਡ ਜਾ ਕੇ ਵਿਰਵੇ ਬੱਚਿਆਂ ਦਾ ਸਰਵੇਖਣ ਕਰਨਾ। ਇਹ ਕੰਮ ਸਕੂਲੀ ਅਧਿਆਪਕਾਂ ਦਾ ਨਹੀਂ ਹੈ, ਪਰ ਬਾਵਜੂਦ ਇਸ ਦੇ ਸਰਕਾਰ ਅਧਿਆਪਕਾਂ ਨੂੰ ਪੜ੍ਹਾਉਣ ਤੋਂ ਰੋਕ ਕੇ ਗੈਰ ਵਿਦਿਅਕ ਕੰਮਾਂ ਵਿੱਚ ਲਗਾਈ ਬੈਠੀ ਹੈ।

ਇਸ ਤੋਂ ਇਲਾਵਾ ਸਮੱਰਥ ਟੈਸਟਿੰਗ, ਵਿਦਿਆ ਪ੍ਰਵੇਸ਼ ਟੈਸਟਿੰਗ ਅਤੇ ਹੱਥੀਂ TLM ਬਣਾਉਣ ਦੀਆਂ ਟ੍ਰੇਨਿੰਗਾਂ ਨੇ ਅਧਿਆਪਕਾਂ ਨੂੰ ਜਮਾਤਾਂ ਵਿੱਚੋਂ ਬਾਹਰ ਕਰ ਦਿੱਤਾ ਹੈ।

“ਟੈਸਟ ਤੋਂ ਡਰ ਨਹੀਂ, ਤਿਆਰੀ ਲਈ ਸਮਾਂ ਚਾਹੀਦਾ ਹੈ”

ਅਧਿਆਪਕਾਂ ਨੇ ਸਪੱਸ਼ਟ ਕੀਤਾ ਕਿ ਉਹ ਟੈਸਟਾਂ ਤੋਂ ਨਹੀਂ ਭੱਜਦੇ। 15 ਮਾਰਚ ਨੂੰ ਹੋਏ ਪੀਟੈਟ (PSTET) ਦੇ ਸ਼ਾਨਦਾਰ ਨਤੀਜਿਆਂ ਨੇ ਪੂਰੇ ਭਾਰਤ ਨੂੰ ਦਿਖਾ ਦਿੱਤਾ ਹੈ ਕਿ ਪੁਰਾਣੇ ਅਧਿਆਪਕਾਂ ਦੀ ਕਾਬਲੀਅਤ ਕੀ ਹੈ। ਪਰ, 19 ਅਪ੍ਰੈਲ ਨੂੰ ਰੱਖਿਆ ਗਿਆ ਅਗਲਾ ਟੈਸਟ ਅਧਿਆਪਕਾਂ ਨਾਲ ਸਰਾਸਰ ਧੱਕਾ ਹੈ, ਕਿਉਂਕਿ ਅਧਿਆਪਕਾਂ ਕੋਲ ਪੜ੍ਹਨ ਲਈ ਸਮਾਂ ਹੀ ਨਹੀਂ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਧਿਆਪਕਾਂ ਨੂੰ ਪੜਨ ਅਤੇ ਪੜਾਉਣ ਤੋਂ ਸਰਕਾਰ ਨੇ ਅਸਿੱਧੇ ਤੌਰ ਤੇ ਰੋਕ ਕੇ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾ ਕੇ ਰੱਖਿਆ ਹੋਇਆ ਹੈ।

ਅਧਿਆਪਕਾਂ ਨੇ ਮੰਗ ਕੀਤੀ ਕਿ 19 ਅਪ੍ਰੈਲ ਦੀ ਬਜਾਏ ਇਹ TET ਟੈਸਟ ਮਈ ਦੇ ਆਖਰੀ ਹਫ਼ਤੇ ਵਿੱਚ ਲਿਆ ਜਾਵੇ ਤਾਂ ਜੋ ਅਧਿਆਪਕ ਸਰਕਾਰੀ ਡਿਊਟੀਆਂ ਵਿੱਚੋਂ ਵਿਹਲੇ ਹੋ ਕੇ ਤਿਆਰੀ ਕਰ ਸਕਣ। ਇਸ ਦੇ ਨਾਲ ਹੀ ਅਪਾਰ (APAAR) ਆਈਡੀ ਅਤੇ ਡਾਟਾ ਐਂਟਰੀ ਵਰਗੇ ਕੰਮਾਂ ਤੋਂ ਅਧਿਆਪਕਾਂ ਨੂੰ ਮੁਕਤ ਕਰਕੇ ਸਿਰਫ਼ ਪੜ੍ਹਾਈ ਵੱਲ ਧਿਆਨ ਦੇਣ ਦਿੱਤਾ ਜਾਵੇ।

ਅਧਿਆਪਕਾਂ ਦੀ ਸਰਕਾਰ ਨੂੰ ਗੁਹਾਰ ਹੈ ਕਿ, “ਜੇਕਰ ਸਰਕਾਰ ਸੱਚਮੁੱਚ ਇਨ-ਸਰਵਿਸ ਅਧਿਆਪਕਾਂ ਦੀ ਕਾਬਲੀਅਤ ਪਰਖਣਾ ਚਾਹੁੰਦੀ ਹੈ, ਤਾਂ ਇਹ ਟੈਸਟ ਮਈ ਦੇ ਆਖਰੀ ਹਫ਼ਤੇ ਵਿੱਚ ਲਿਆ ਜਾਵੇ। ਸਾਨੂੰ ਫੋਟੋਆਂ ਖਿਚਵਾਉਣ ਅਤੇ ਡਾਟਾ ਅਪਲੋਡ ਕਰਨ ਤੋਂ ਥੋੜ੍ਹੀ ਦੇਰ ਲਈ ਮੁਕਤ ਕਰੋ ਤਾਂ ਜੋ ਅਸੀਂ ਕਿਤਾਬਾਂ ਖੋਲ੍ਹ ਸਕੀਏ।”

ਆਖ਼ਰ ‘ਤੇ ਅਧਿਆਪਕਾਂ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਇਹ ਉਹੀ ‘ਸਿੱਖਿਆ ਕ੍ਰਾਂਤੀ’ ਹੈ, ਜਿੱਥੇ ਅਧਿਆਪਕ ਦੇ ਹੱਥ ਵਿੱਚ ਚਾਕ ਦੀ ਜਗ੍ਹਾ ‘ਵਾਟਰ ਸੈਂਪਲ’ ਦੀ ਬੋਤਲ ਅਤੇ ਮੋਬਾਈਲ ‘ਤੇ ਗੂਗਲ ਸ਼ੀਟ ਹੈ? ਕੀ 19 ਅਪ੍ਰੈਲ ਦਾ ਟੈਸਟ ਸਿਰਫ਼ ਅਧਿਆਪਕਾਂ ਨੂੰ ਮਾਨਸਿਕ ਤੌਰ ‘ਤੇ ਤੰਗ ਕਰਨ ਲਈ ਰੱਖਿਆ ਗਿਆ ਹੈ?

ਅਧਿਆਪਕਾਂ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ, ਸਰਕਾਰ ਫਲੈਕਸ ਬੋਰਡਾਂ ‘ਤੇ ਸਿੱਖਿਆ ਕ੍ਰਾਂਤੀ ਲਿਆ ਰਹੀ ਹੈ, ਜਦਕਿ ਅਸਲ ਵਿੱਚ ਅਧਿਆਪਕ ਨੂੰ ਇੱਕ ‘ਮਜ਼ਦੂਰ’ ਵਾਂਗ ਸਰਵੇਖਣਾਂ ਅਤੇ ਐਪਾਂ ਵਿੱਚ ਉਲਝਾਇਆ ਹੋਇਆ ਹੈ। ਜੇਕਰ ਅਧਿਆਪਕ ਨੂੰ ਸਾਹ ਲੈਣ ਦਾ ਮੌਕਾ ਨਾ ਦਿੱਤਾ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।”