Teacher Protest: ਪੰਜਾਬ ਦੇ 3704 ਅਧਿਆਪਕਾਂ ਵੱਲੋਂ ‘ਯੁੱਧ ਵਿੱਤ ਮੰਤਰੀ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ; ਵੱਡਾ ਅੰਦੋਲਨ ਹਿਲਾਏਗਾ ਸਰਕਾਰ ਦੀਆਂ ਜੜ੍ਹਾਂ
Teacher Protest: 3704 ਅਧਿਆਪਕ ਯੂਨੀਅਨ ਪੰਜਾਬ ਵੱਲੋਂ ”ਯੁੱਧ ਵਿੱਤ ਮੰਤਰੀ ਵਿਰੁੱਧ” ਮੁਹਿੰਮ ਦੀ ਸ਼ੁਰੂਆਤ 20 ਜੂਨ ਨੂੰ ਦਿੜ੍ਹਬਾ ਹਲਕੇ ਤੋਂ ਕੀਤੀ ਜਾਵੇਗੀ- ਦਿੜ੍ਹਬਾ ਹਲਕੇ ਦੇ ਹਰੇਕ ਪਿੰਡ ਵਿੱਚ ਮਾਰਚ ਕਰਕੇ ਵਿੱਤ ਮੰਤਰੀ ਦੀ ਵਾਅਦਾ ਖਿਲਾਫੀ ਤੋਂ ਲੋਕਾਂ ਨੂੰ ਕਰਵਾਇਆ ਜਾਵੇਗਾ ਜਾਣੂ
ਚੰਡੀਗੜ੍ਹ, 12 ਜੂਨ 2026- 3704 ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਜਥੇਬੰਦੀ ਦੁਆਰਾ ਪਿਛਲੇ ਸਮੇਂ ਵਿੱਚ ਕੀਤੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਭਵਿੱਖ ਦੇ ਸੰਘਰਸ਼ਾਂ ਦੀ ਰਣਨੀਤੀ ਨੂੰ ਮੱਦੇਨਜ਼ਰ ਰੱਖਦੇ ਹੋਏ ‘ਯੁੱਧ ਵਿੱਤ ਮੰਤਰੀ ਵਿਰੁੱਧ’ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਪ੍ਰੋਗਰਾਮ ਦੀ ਸ਼ੁਰੂਆਤ 20 ਜੂਨ ਤੋਂ ਦਿੜ੍ਹਬਾ ਹਲਕੇ ਤੋਂ ਕੀਤੀ ਜਾਵੇਗੀ।
ਇਸ ਪ੍ਰੋਗਰਾਮ ਅਨੁਸਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ ਤੋਂ ਹਰੇਕ ਹਫਤੇ ਦਿੜ੍ਹਬਾ ਹਲਕੇ ਦੇ ਚਾਰ ਪਿੰਡਾਂ ਵਿੱਚ ਸਰਕਾਰ ਖਿਲਾਫ ਪੋਲ ਖੋਲ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਇਸ “ਯੁੱਧ ਵਿੱਤ ਮੰਤਰੀ ਵਿਰੁੱਧ” ਪ੍ਰੋਗਰਾਮ ਦੇ ਤਹਿਤ ਦਿੜ੍ਹਬਾ ਹਲਕੇ ਦੇ ਵੱਖ ਵੱਖ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਸਥਾਨਕ ਲੋਕਾਂ ਨੂੰ ਵਿੱਤ ਮੰਤਰੀ ਦੀ ਉਹ ਵਾਅਦਾ ਖਿਲਾਫੀ ਬਾਰੇ ਜਾਣੂ ਕਰਵਾਇਆ ਜਾਵੇਗਾ ਜੋ ਵਾਅਦੇ ਵਿੱਤ ਮੰਤਰੀ ਨੇ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਸਨ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ 3704 ਮਾਸਟਰ ਕੇਡਰ ਭਰਤੀ ਉਪਰ ਪੰਜਾਬ ਦਾ ਪੇਅ ਸਕੇਲ ਲਾਗੂ ਕੀਤਾ ਜਾਵੇਗਾ ਕਿਉਂਕਿ 3704 ਮਾਸਟਰ ਕੇਡਰ ਭਰਤੀ ਦਾ ਇਸ਼ਤਿਹਾਰ ਅਤੇ ਭਰਤੀ ਮਨਜ਼ੂਰੀ ਪੰਜਾਬ ਸਕੇਲਾ ਵਿੱਚ ਸੀ ਅਤੇ 17 ਜੁਲਾਈ 2020 ਦੇ ਕੇਂਦਰੀ ਪੇਅ ਸਕੇਲਾ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਦਾ ਸੀ।
ਸੱਤਾ ਵਿੱਚ ਆਉਣ ਤੋਂ ਬਾਅਦ ਹਰਪਾਲ ਸਿੰਘ ਚੀਮਾ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਮੌਜੂਦਾ ਵਿੱਤ ਮੰਤਰੀ ਹਨ ਪਰ ਲਗਾਤਾਰ ਚਾਰ ਸਾਲ ਜਿੰਨੀਆਂ ਵੀ ਮੀਟਿੰਗਾਂ ਵਿੱਤ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈਆਂ ਉਹਨਾਂ ਨੇ ਹਰ ਵਾਰ ਸਮਾਂ ਮੰਗਿਆ ਤੇ ਇਹ ਕਿਹਾ ਕਿ ਅਸੀਂ ਤੁਹਾਡੇ ਮੁੱਦਾ ਹੱਲ ਕਰਨ ਉਪਰ ਹੀ ਕੰਮ ਕਰ ਰਹੇ ਹਾਂ। ਪਰ ਹੁਣ ਲਗਭਗ ਸਾਢੇ ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਸਾਡੀ ਭਰਤੀ ਉਪਰ ਸਾਡੇ ਭਰਤੀ ਇਸ਼ਤਿਹਾਰ ਅਨੁਸਾਰ ਪੰਜਾਬ ਪੇਅ ਸਕੇਲ ਲਾਗੂ ਨਹੀਂ ਕੀਤਾ ਗਿਆ।
ਜਦੋਂਕਿ ਅਸੀਂ ਸੁਪਰੀਮ ਕੋਰਟ ਤੇ ਹਾਈ ਕੋਰਟ ਤੋਂ ਵੀ ਇਸ ਸਬੰਧੀ ਕੇਸ ਜਿੱਤ ਚੁੱਕੇ ਹਾਂ। ਵਿੱਤ ਮੰਤਰੀ ਤੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਅੱਕ ਕੇ ਲਗਾਤਾਰ ਸਾਢੇ ਚਾਰ ਸਾਲ ਬਾਅਦ ਮੀਟਿੰਗਾਂ ਵਿੱਚੋਂ ਕੋਈ ਹੱਲ ਨਾ ਹੋਣ ਕਾਰਨ ਅੱਜ ਤਰਕਸ਼ੀਲ ਭਵਨ ਬਰਨਾਲਾ ਵਿਖੇ ਮੀਟਿੰਗ ਕਰਕੇ ‘ਯੁੱਧ ਵਿੱਤ ਮੰਤਰੀ ਵਿਰੁੱਧ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਤਹਿਤ ਹਰ ਹਫਤੇ ਦਿੜ੍ਹਬਾ ਹਲਕੇ ਦੇ ਚਾਰ ਪਿੰਡਾਂ ਵਿੱਚ ਜਾ ਕੇ ਵਿੱਤ ਮੰਤਰੀ ਦੁਆਰਾ ਕੀਤਾ ਵਾਅਦਾ-ਖਿਲਾਫੀ ਲੋਕਾਂ ਵਿੱਚੋਂ ਉਜਾਗਰ ਕੀਤਾ ਜਾਵੇਗਾ।
ਇਸ ਸੰਬੰਧੀ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਇਹਨਾਂ ਮਾਰੂ ਸਕੇਲਾਂ ਦੇ ਬੁਰੇ ਪ੍ਰਭਾਵ ਆਉਣ ਵਾਲੀ ਪੀੜੀ ਜਦੋਂ ਸਰਕਾਰੀ ਨੌਕਰੀ ਵਿੱਚ ਆਵੇਗੀ ਤਾਂ ਉਹਨਾਂ ਉਪਰ ਵੀ ਪਵੇਗਾ। ਇਸ ਮੀਟਿੰਗ ਦੌਰਾਨ ਵੱਖ ਵੱਖ ਜ਼ਿਲ੍ਹਿਆਂ ਤੋਂ ਯਾਦਵਿੰਦਰ ਸਿੰਘ ਮੋਗਾ,ਦਵਿੰਦਰ ਸਿੰਘ ਅਲੀਸ਼ੇਰ, ਜਗਜੀਵਨ ਸਿੰਘ ਮਾਨਸਾ, ਗੁਰਤੇਜ ਸਿੰਘ ਲੁਧਿਆਣਾ, ਜਸਵੀਰ ਸਿੰਘ ਪਟਿਆਲਾ, ਕੁਲਦੀਪ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ ਫਾਜਿਲਕਾ, ਰਾਜੇਸ਼ਵਰ ਰਾਏ ਮੁਕਤਸਰ,ਸੁਖਚੈਨ ਸਿੰਘ ਬਰਨਾਲਾ,ਬਲਵੰਤ ਸਿੰਘ ਫਿਰੋਜ਼ਪੁਰ, ਦਵਿੰਦਰ ਖੇੜਾ, ਪ੍ਰਸ਼ਾਂਤ ਖੰਨਾ ਆਦਿ ਆਗੂ ਸ਼ਾਮਿਲ ਹੋਏ।

ਜਥੇਬੰਦੀ ਨੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਤੋਂ ਵੀ ਇਸ “ਯੁੱਧ ਵਿੱਤ ਮੰਤਰੀ ਵਿਰੁੱਧ” ਪ੍ਰੋਗਰਾਮ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ। ਇਸ ਮੌਕੇ ਸਮੂਹ ਸੂਬਾ ਕਮੇਟੀ ਦੇ ਮੈਂਬਰਾਂ ਅਤੇ ਪੂਰੇ ਪੰਜਾਬ ਭਰ ਦੇ 3704 ਯੂਨੀਅਨ ਆਗੂਆਂ ਦੀ ਅਗਵਾਈ ਹੇਠ ਸੂਬਾ ਕਮੇਟੀ ਦੇ ਪੈਨਲ ਵਿੱਚ ਵਾਧਾ ਕਰਦੇ ਹੋਏ ਜਗਜੀਵਨ ਜੋਤ ਸਿੰਘ ਮਾਨਸਾ ਨੂੰ ਸੂਬਾ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ।
















