ਅਕਾਲੀ ਦਲ ਨੂੰ ਵੱਡਾ ਝਟਕਾ; ਜਨਰਲ ਸਕੱਤਰ ਨੇ ਸੈਂਕੜੇ ਸਾਥੀਆਂ ਸਮੇਤ ਦਿੱਤਾ ਅਸਤੀਫ਼ਾ

On: ਅਪ੍ਰੈਲ 25, 2026 1:11 ਬਾਃ ਦੁਃ

 

ਅਕਾਲੀ ਦਲ ਨੂੰ ਵੱਡਾ ਝਟਕਾ; ਜਨਰਲ ਸਕੱਤਰ ਨੇ ਸੈਂਕੜੇ ਸਾਥੀਆਂ ਸਮੇਤ ਦਿੱਤਾ ਅਸਤੀਫ਼ਾ

ਖਰੜ/ਮੋਹਾਲੀ, 25 ਅਪ੍ਰੈਲ 2026: ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ। ਅੱਜ ਸ਼੍ਰੋਮਣੀ ਅਕਾਲੀ ਦਲ (ਉਦਯੋਗ ਅਤੇ ਵਪਾਰ ਵਿੰਗ) ਪੰਜਾਬ ਦੇ ਜਨਰਲ ਸਕੱਤਰ ਹਰਜੀਤ ਸਿੰਘ ਪੰਨੂ ਨੇ ਪਾਰਟੀ ਹਾਈਕਮਾਂਡ ‘ਤੇ ਅਣਗੌਲਿਆ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਆਪਣੇ ਅਹੁਦੇ ਅਤੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ।

ਹਰਜੀਤ ਸਿੰਘ ਪੰਨੂ ਨੇ ਪੱਤਰ ਵਿੱਚ ਲਿਖਿਆ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਦੇ ਉੱਚ ਅਹੁਦੇਦਾਰਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਸੀ। ਨਾ ਤਾਂ ਉਨ੍ਹਾਂ ਨੂੰ ਪਾਰਟੀ ਦੀਆਂ ਮੀਟਿੰਗਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ ਅਤੇ ਨਾ ਹੀ ਮੀਟਿੰਗਾਂ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾਂਦਾ ਸੀ।

ਪੰਨੂ ਨੇ ਦੱਸਿਆ ਕਿ ਉਨ੍ਹਾਂ ਨੇ ਖਰੜ ਸ਼ਹਿਰ ਅਤੇ ਹਲਕੇ ਵਿੱਚ ਅਹੁਦੇਦਾਰਾਂ ਦੀ ਨਿਯੁਕਤੀ ਲਈ ਕਈ ਵਾਰ ਲਿਸਟਾਂ ਭੇਜੀਆਂ, ਪਰ ਪਾਰਟੀ ਵੱਲੋਂ ਉਨ੍ਹਾਂ ਦੀ ਇੱਕ ਵੀ ਬੇਨਤੀ ਨਹੀਂ ਸੁਣੀ ਗਈ, ਜਿਸ ਕਾਰਨ ਵਰਕਰਾਂ ਵਿੱਚ ਭਾਰੀ ਨਿਰਾਸ਼ਾ ਸੀ।

ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਦਾ ਮਾੜਾ ਸਮਾਂ ਸੀ ਅਤੇ ਕਈ ਆਗੂ ਪਾਰਟੀ ਛੱਡ ਕੇ ਜਾ ਰਹੇ ਸਨ, ਉਦੋਂ ਉਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਪਾਰਟੀ ਦੀ ਸੇਵਾ ਕੀਤੀ। ਹੜ੍ਹ ਪੀੜਤਾਂ ਦੀ ਸੇਵਾ ਲਈ 11 ਟਰੱਕ ਰਾਸ਼ਨ ਭੇਜਣ ਅਤੇ ਤਰਨ ਤਾਰਨ ਚੋਣਾਂ ਵਿੱਚ ਕੀਤੀ ਮਿਹਨਤ ਦਾ ਵੀ ਜ਼ਿਕਰ ਕੀਤਾ ਗਿਆ, ਪਰ ਪਾਰਟੀ ਦੇ ਕੁਝ ‘ਲੋਭੀ’ ਲੀਡਰਾਂ ਨੇ ਉਨ੍ਹਾਂ ਨੂੰ ਜਾਣਬੁੱਝ ਕੇ ਪਿੱਛੇ ਧੱਕ ਦਿੱਤਾ।

ਪੰਨੂ ਨੇ ਇਲਜ਼ਾਮ ਲਗਾਇਆ ਕਿ ਪਾਰਟੀ ਵਿੱਚ ਉੱਚ ਅਹੁਦੇਦਾਰਾਂ ਵੱਲੋਂ ਵਰਕਰਾਂ ਨਾਲ ਭੇਦਭਾਵ ਵਾਲੀ ਨੀਤੀ ਅਪਣਾਈ ਜਾ ਰਹੀ ਹੈ, ਜੋ ਕਿ ਪਾਰਟੀ ਦੇ ਹਿੱਤ ਵਿੱਚ ਨਹੀਂ ਹੈ।

ਹਰਜੀਤ ਸਿੰਘ ਪੰਨੂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਪਾਰਟੀ ਵਿੱਚ ਉਨ੍ਹਾਂ ਦੇ ਸੁਝਾਵਾਂ ਅਤੇ ਮਿਹਨਤ ਦੀ ਕੋਈ ਅਹਿਮੀਅਤ ਨਹੀਂ ਹੈ, ਤਾਂ ਉਹ ਆਪਣੇ ਸੈਂਕੜੇ ਸਾਥੀਆਂ ਅਤੇ ਸ਼ਹਿਰ ਨਿਵਾਸੀਆਂ ਦੀ ਮਦਦ ਨਾਲ ‘ਆਜ਼ਾਦ’ ਤੌਰ ‘ਤੇ ਕੰਮ ਕਰਨਾ ਬਿਹਤਰ ਸਮਝਣਗੇ।

ਉਨ੍ਹਾਂ ਨੇ ਆਪਣੇ ਅਸਤੀਫ਼ੇ ਦੀਆਂ ਕਾਪੀਆਂ ਐਨ.ਕੇ. ਸ਼ਰਮਾ (ਪ੍ਰਧਾਨ ਵਪਾਰ ਅਤੇ ਉਦਯੋਗ ਵਿੰਗ) ਅਤੇ ਪਰਮਿੰਦਰ ਸਿੰਘ ਸੋਹਾਣਾ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜ਼ਿਲ੍ਹਾ ਮੋਹਾਲੀ) ਨੂੰ ਵੀ ਭੇਜ ਦਿੱਤੀਆਂ ਹਨ। ਇਸ ਅਸਤੀਫ਼ੇ ਨਾਲ ਖਰੜ ਅਤੇ ਮੋਹਾਲੀ ਇਲਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੰਗਠਨ ਨੂੰ ਇੱਕ ਵੱਡਾ ਝਟਕਾ ਲੱਗਾ ਹੈ।

 

Join WhatsApp

Join Now

Leave a Comment