BREAKING- ਭਗਵੰਤ ਮਾਨ ਸਰਕਾਰ ਨੇ ਸੱਦਿਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ, ਪੜ੍ਹੋ ਪੂਰੀ ਖ਼ਬਰ
‘ਆਪਰੇਸ਼ਨ ਲੋਟਸ’ ਵਿਰੁੱਧ ਲਿਆਂਦਾ ਜਾ ਸਕਦੈ ਨਿੰਦਾ ਮਤਾ
ਚੰਡੀਗੜ੍ਹ 28 ਅਪ੍ਰੈਲ 2026- ਆਮ ਆਦਮੀ ਪਾਰਟੀ (AAP) ਦੇ 7 ਰਾਜ ਸਭਾ ਮੈਂਬਰਾਂ ਦੇ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋਣ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦਰਮਿਆਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਲਿਆ ਹੈ।
ਸੂਤਰਾਂ ਅਨੁਸਾਰ, ਇਸ ਸੈਸ਼ਨ ਦਾ ਮੁੱਖ ਏਜੰਡਾ ਮਜ਼ਦੂਰ ਦਿਵਸ ‘ਤੇ ਕੋਈ ਨਵਾਂ ਮਤਾ ਲਿਆਉਣਾ ਹੈ ਅਤੇ ਨਾਲ ਹੀ ਸਰਕਾਰ ਭਾਜਪਾ ਦੇ ਕਥਿਤ ‘ਆਪਰੇਸ਼ਨ ਲੋਟਸ’ ਵਿਰੁੱਧ ਮੋਰਚਾ ਖੋਲ੍ਹਣਾ ਹੈ। ਵਿਧਾਨ ਸਭਾ ਵਿੱਚ ਭਾਜਪਾ ਦੀਆਂ ਨੀਤੀਆਂ ਅਤੇ ਵਿਧਾਇਕਾਂ/ਮੈਂਬਰਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਵਿਰੁੱਧ ਇੱਕ ਨਿੰਦਾ ਮਤਾ ਲਿਆਂਦਾ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਇਸ ਸੈਸ਼ਨ ਰਾਹੀਂ ਆਪਣੀ ਤਾਕਤ ਅਤੇ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਨਿੰਦਾ ਮਤੇ ‘ਤੇ ਹੋਰ ਸਿਆਸੀ ਪਾਰਟੀਆਂ ਦਾ ਕੀ ਸਟੈਂਡ ਰਹਿੰਦਾ ਹੈ?
ਕੀ ਹੈ ਪੂਰਾ ਵਿਵਾਦ?
ਪਿਛਲੇ ਕੁਝ ਦਿਨਾਂ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਸੀ, ਜਦੋਂ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਨੇ ‘ਆਪ’ ਦਾ ਪੱਲਾ ਛੱਡ ਕੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਸੀ।
ਇਸ ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ ਭਾਜਪਾ ‘ਤੇ ਗੰਭੀਰ ਦੋਸ਼ ਲਗਾ ਰਹੀ ਹੈ ਕਿ, ਭਾਜਪਾ ਵੱਲੋਂ ਲੋਕਤੰਤਰ ਦਾ ਘਾਣ ਕਰਦਿਆਂ ਚੁਣੇ ਹੋਏ ਨੁਮਾਇੰਦਿਆਂ ਨੂੰ ਡਰਾ-ਧਮਕਾ ਕੇ ਜਾਂ ਲਾਲਚ ਦੇ ਕੇ ਖ਼ਰੀਦਿਆ ਜਾ ਰਿਹਾ ਹੈ। ਪੰਜਾਬ ਵਿੱਚ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਦੂਜੇ ਪਾਸੇ ਮੰਨਿਆ ਜਾ ਰਿਹਾ ਹੈ ਕਿ, 1 ਮਈ ਨੂੰ ਹੋਣ ਵਾਲਾ ਇਹ ਸੈਸ਼ਨ ਕਾਫ਼ੀ ਹੰਗਾਮੇ ਭਰਪੂਰ ਰਹਿਣ ਦੀ ਉਮੀਦ ਹੈ। ਜਿੱਥੇ ਸੱਤਾਧਾਰੀ ਧਿਰ ‘ਆਪਰੇਸ਼ਨ ਲੋਟਸ’ ਦੇ ਮੁੱਦੇ ‘ਤੇ ਵਿਰੋਧੀ ਧਿਰ ਖ਼ਾਸ ਕਰਕੇ ਭਾਜਪਾ ਨੂੰ ਘੇਰੇਗੀ, ਉੱਥੇ ਹੀ ਵਿਰੋਧੀ ਧਿਰਾਂ ਵੱਲੋਂ ਵੀ ਸਰਕਾਰ ਨੂੰ ਪਾਰਟੀ ਵਿੱਚ ਪੈ ਰਹੀ ਫੁੱਟ ਅਤੇ ਮੌਜੂਦਾ ਹਾਲਾਤਾਂ ‘ਤੇ ਸਵਾਲ ਕੀਤੇ ਜਾ ਸਕਦੇ ਹਨ।






