ਅਕਾਲੀ ਦਲ ਨਾਲ ਗਠਜੋੜ ‘ਤੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ, ਕਿਹਾ- ਪੁਰਾਣੇ ਵਰਕਰ ਇਕੱਲਿਆਂ ਚੋਣ ਲੜਨ ਦੇ ਹੱਕ ‘ਚ
ਪੰਜਾਬ ਭਾਜਪਾ ਦੇ ਅੰਦਰ ਗਠਜੋੜ ਨੂੰ ਲੈ ਕੇ ਦੋ ਵਿਚਾਰਧਾਰਾਵਾਂ, ਹਰਜੀਤ ਗਰੇਵਾਲ ਨੇ ਦੱਸੀ ਪੁਰਾਣੇ ਆਗੂਆਂ ਦੇ ਦਿਲ ਦੀ ਗੱਲ
ਗਠਜੋੜ ਦਾ ਫੈਸਲਾ ਹਾਈ ਕਮਾਂਡ ਦੇ ਹੱਥ, ਪਰ ਟਕਸਾਲੀ ਵਰਕਰ ਚਾਹੁੰਦੇ ਨੇ ਪੰਜਾਬ ‘ਚ ਬਣੇ ਭਾਜਪਾ ਦੀ ਇਕੱਲਿਆਂ ਦੀ ਸਰਕਾਰ: ਹਰਜੀਤ ਗਰੇਵਾਲ
ਬਾਹਰੋਂ ਆਏ ਆਗੂ ਚਾਹੁੰਦੇ ਨੇ ਗਠਜੋੜ, ਜਦਕਿ 40-50 ਸਾਲਾਂ ਤੋਂ ਜੁੜੇ ਵਰਕਰਾਂ ਦੀ ਇੱਛਾ ਇਕੱਲੇ ਮੈਦਾਨ ‘ਚ ਉਤਰਨ ਦੀ: ਹਰਜੀਤ ਗਰੇਵਾਲ
ਚੰਡੀਗੜ੍ਹ, 14 ਨਵੰਬਰ 2026: ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (BJP) ਦੇ ਸੰਭਾਵੀ ਗਠਜੋੜ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਇੱਕ ਵੱਡਾ ਤੇ ਅਹਿਮ ਬਿਆਨ ਦਿੱਤਾ ਹੈ। ਹਰਜੀਤ ਗਰੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਦੇ ਅੰਦਰ ਗਠਜੋੜ ਨੂੰ ਲੈ ਕੇ ਦੋ ਤਰ੍ਹਾਂ ਦੇ ਵਿਚਾਰ ਚੱਲ ਰਹੇ ਹਨ, ਪਰ ਪਾਰਟੀ ਦੀ ਅਸਲੀ ਕੋਰ ਟੀਮ ਅਤੇ ਪੁਰਾਣੇ ਵਰਕਰ ਕਿਸੇ ਵੀ ਤਰ੍ਹਾਂ ਦੇ ਗਠਜੋੜ ਦੇ ਹੱਕ ਵਿੱਚ ਨਹੀਂ ਹਨ।
ਹਰਜੀਤ ਗਰੇਵਾਲ ਨੇ ਕਿਹਾ ਕਿ ਜਿਹੜੇ ਪੁਰਾਣੇ ਵਰਕਰ ਅਤੇ ਆਗੂ ਪਿਛਲੇ 40 ਤੋਂ 50 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਜਿਨ੍ਹਾਂ ਦੀਆਂ ਦੋ-ਦੋ, ਤਿੰਨ-ਤਿੰਨ ਪੀੜ੍ਹੀਆਂ ਨੇ ਪਾਰਟੀ ਲਈ ਸਖ਼ਤ ਮਿਹਨਤ ਕੀਤੀ ਹੈ, ਉਨ੍ਹਾਂ ਦੇ ਦਿਲ ਦੀ ਇੱਛਾ ਹੈ ਕਿ ਭਾਜਪਾ ਪੰਜਾਬ ਵਿੱਚ ਆਪਣੇ ਦਮ ‘ਤੇ ਇਕੱਲਿਆਂ ਚੋਣ ਲੜੇ ਅਤੇ ਮਜ਼ਬੂਤ ਹੋਵੇ।
ਦੂਜੇ ਪਾਸੇ, ਉਨ੍ਹਾਂ ਕਿਹਾ ਕਿ ਕੁਝ ਅਜਿਹੇ ਆਗੂ ਜੋ ਬਾਹਰਲੀਆਂ ਪਾਰਟੀਆਂ ਤੋਂ ਆਏ ਹਨ ਅਤੇ ਆਮ ਜਨਤਾ ਦਾ ਇੱਕ ਵਰਗ ਇਹ ਮੰਨਦਾ ਹੈ ਕਿ ਜੇਕਰ ਗਠਜੋੜ ਹੁੰਦਾ ਹੈ ਤਾਂ ਚੋਣ ਜਿੱਤਣਾ ਆਸਾਨ ਹੋਵੇਗਾ। ਗਰੇਵਾਲ ਨੇ ਰਾਸ਼ਟਰਵਾਦ ਦੀ ਵਿਚਾਰਧਾਰਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਪੰਜਾਬ ਦੇ ਹਰ ਵਰਗ ਅਤੇ ਹਰ ਇਲਾਕੇ ਵਿੱਚ ਰਾਸ਼ਟਰਵਾਦ ਦੀ ਵਿਚਾਰਧਾਰਾ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ, ਤਾਂ ਹੀ ਪੰਜਾਬ ਦੇਸ਼ ਦੀ ਮੁੱਖ ਧਾਰਾ ਨਾਲ ਜੁੜਿਆ ਰਹਿ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਆਰਥਿਕ ਵਿਕਾਸ ਅਤੇ ਬਿਹਤਰੀ ਲਈ ਸੂਬੇ ਵਿੱਚ ਭਾਜਪਾ ਦੀ ਇਕੱਲਿਆਂ ਦੀ ਸਰਕਾਰ ਬਣਨਾ ਜ਼ਰੂਰੀ ਹੈ, ਕਿਉਂਕਿ ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਦੀ ਆਪਣੀ ਸਰਕਾਰ ਹੈ, ਉੱਥੇ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਹਾਲਾਂਕਿ, ਪਾਰਟੀ ਅਨੁਸ਼ਾਸਨ ਦਾ ਹਵਾਲਾ ਦਿੰਦਿਆਂ ਹਰਜੀਤ ਗਰੇਵਾਲ ਨੇ ਇਹ ਵੀ ਸਾਫ਼ ਕੀਤਾ ਕਿ ਗਠਜੋੜ ਕਰਨਾ ਜਾਂ ਨਾ ਕਰਨਾ ਪਾਰਟੀ ਦੀ ਕੇਂਦਰੀ ਹਾਈ ਕਮਾਂਡ (ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਸੀਨੀਅਰ ਲੀਡਰਸ਼ਿਪ) ਦਾ ਅਧਿਕਾਰ ਖੇਤਰ ਹੈ।
ਉਨ੍ਹਾਂ ਕਿਹਾ ਕਿ ਪੁਰਾਣੇ ਵਰਕਰ ਬਹੁਤ ਅਨੁਸ਼ਾਸਿਤ ਹਨ, ਉਹ ਕਿਸੇ ਵੀ ਫੈਸਲੇ ਦਾ ਵਿਰੋਧ ਨਹੀਂ ਕਰਦੇ ਅਤੇ ਹਾਈ ਕਮਾਂਡ ਜੋ ਵੀ ਫੈਸਲਾ ਲਵੇਗੀ, ਉਸ ਨੂੰ ਸਿਰ-ਮੱਥੇ ਪ੍ਰਵਾਨ ਕਰਨਗੇ। ਪਰ ਉਨ੍ਹਾਂ ਇਹ ਜ਼ਰੂਰ ਮੰਨਿਆ ਕਿ ਪੁਰਾਣੇ ਵਰਕਰਾਂ ਦੇ ਦਿਲ ਵਿੱਚ ਇਹ ਤਮੰਨਾ ਜ਼ਰੂਰ ਹੈ ਕਿ ਭਾਜਪਾ ਆਪਣੀ ਵਿਚਾਰਧਾਰਾ ‘ਤੇ ਚੱਲਦਿਆਂ ਆਪਣੇ ਦਮ ‘ਤੇ ਸੱਤਾ ਵਿੱਚ ਆਵੇ। ਇਸ ਬਿਆਨ ਨੇ ਪੰਜਾਬ ਭਾਜਪਾ ਦੀ ਅੰਦਰੂਨੀ ਸਿਆਸਤ ਅਤੇ ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
















