ਪੰਜਾਬ ਸਰਕਾਰ ਵੱਲੋਂ ਟ੍ਰੇਨਿੰਗਾਂ ਦੇ ਨਾਮ ‘ਤੇ ਸਕੂਲਾਂ ਨੂੰ ਤਾਲੇ ਲਾਉਣ ਦੀ ਤਿਆਰੀ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਪੰਜਾਬ ਸਰਕਾਰ ਤੋਂ ਹਾਰ ਚੁੱਕੀ ਸਿੱਖਿਆ ਕ੍ਰਾਂਤੀ- ਜਸਵਿੰਦਰ ਸਿੰਘ ਸਮਾਣਾ
ਪੰਜਾਬ ਦੀ ਨੌਜਵਾਨੀ ਦਾ ਭਵਿੱਖ ਦਾਅ ਤੇ ਲਾਇਆ- ਪਰਮਜੀਤ ਸਿੰਘ ਪਟਿਆਲਾ
ਪਟਿਆਲਾ 02 ਮਈ 2026: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੰਜਾਬ ਸਰਕਾਰ , ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਅਤੇ ਸਿੱਖਿਆ ਵਿਭਾਗ ਵੱਲੋਂ ਜਨਗਣਨਾ ਦੀਆਂ ਟ੍ਰੇਨਿੰਗਾਂ ਦੇ ਨਾਂ ਤੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਉਜਾੜਾ ਕਰਨ ਦਾ ਮਨ ਬਣਾ ਲਿਆ ਹੈ।
ਆਗੂਆਂ ਨੇ ਦੱਸਿਆ ਕਿ ਲਗਭਗ ਇੱਕ ਮਹੀਨੇ ਤੋਂ ਜਨਗਣਨਾ ਦੀਆਂ ਟ੍ਰੇਨਿੰਗਾਂ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਵਿਭਾਗ ਦੇ ਅਧਿਆਪਕਾਂ ਨੂੰ ਵੱਡੀ ਪੱਧਰ ਤੇ ਟ੍ਰੇਨਿੰਗਾਂ ਵਿੱਚ ਬੁਲਾਇਆ ਜਾ ਰਿਹਾ। ਉਹਨਾਂ ਕਿਹਾ ਕਿ 95 ਪ੍ਰਤੀਸ਼ਤ ਦੇ ਕਰੀਬ ਪ੍ਰਾਇਮਰੀ ਸਕੂਲ ਨੂੰ ਜਨਗਣਨਾ ਦੌਰਾਨ ਤਾਲੇ ਲੱਗ ਜਾਣਗੇ। ਉਹਨਾਂ ਕਿਹਾ ਕਿ ਸਕੂਲ ਵਿੱਚ ਇੱਕ ਵੀ ਅਧਿਆਪਕ ਨੂੰ ਨਹੀਂ ਛੱਡਿਆ ਜਾ ਰਿਹਾ।
ਆਗੂਆਂ ਨੇ ਕਿਹਾ ਕਿ ਇਸ ਤੋਂ ਸਾਫ ਝਲਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਸਿੱਖਿਆ ਕ੍ਰਾਂਤੀ ਦਾ ਨਾਅਰਾ ਲਾ ਕੇ ਸੱਤਾ ਵਿੱਚ ਆਈ ਸੀ ਉਸ ਪੰਜਾਬ ਸਰਕਾਰ ਤੋਂ ਸਿੱਖਿਆ ਕ੍ਰਾਂਤੀ ਪੂਰੀ ਤਰ੍ਹਾਂ ਹਾਰ ਚੁੱਕੀ ਹੈ। ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਅੰਦਰ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਪੰਜਾਬ ਸਰਕਾਰ ਦਾਅ ਤੇ ਲਾ ਚੁੱਕੀ ਹੈ।
ਜਦੋਂ ਸਕੂਲਾਂ ਵਿੱਚ ਅਧਿਆਪਕ ਨਹੀਂ ਹੋਣਗੇ ਤਾਂ ਬੱਚਿਆਂ ਦੀ ਪੜ੍ਹਾਈ ਕਿਵੇਂ ਚੱਲੇਗੀ। ਇਹਨਾਂ ਸਰਕਾਰੀ ਸਕੂਲਾਂ ਅੰਦਰ ਗਰੀਬ ਪਰਿਵਾਰਾਂ ਮਜ਼ਦੂਰਾਂ ਦੇ ਬੱਚੇ ਵੱਡੀ ਗਿਣਤੀ ਵਿੱਚ ਪੜ੍ਹਦੇ ਹਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਇਹਨਾਂ ਦੇ ਬੱਚੇ ਪੜ੍ਹ ਲਿਖ ਕੇ ਕਿਤੇ ਆਪਦੇ ਚੰਗੇ ਕੰਮ ਕਰਨ ਜਾਂ ਕਿਸੇ ਸਰਕਾਰੀ ਨੌਕਰੀ ਵਿੱਚ ਲੱਗਣ।
ਉਹਨਾਂ ਕਿਹਾ ਕਿ ਇਸ ਜਨਗਣਨਾ ਡਿਊਟੀ ਦੇ ਨਾਲ ਨਾਲ ਅਧਿਆਪਕਾਂ ਦੀ ਵੱਡੇ ਪੱਧਰ ਤੇ ਬੀਐਲਓ ਡਿਊਟੀ, ਪਰਾਲੀ ਸਾੜਨ ਸਬੰਧੀ, ਸਿਹਤ ਬੀਮਾ ਕਾਰਡ ਹੋਰ ਅਨੇਕਾਂ ਗੈਰ ਵਿੱਦਿਅਕ ਡਿਊਟੀਆਂ ਦਾ ਸਦਕਾ ਮਾਨਸਿਕ ਦਬਾਅ ਬਣਿਆ ਹੋਇਆ ਹੈ।
ਅਨੇਕਾਂ ਪ੍ਰਕਾਰਾਂ ਦੀਆਂ ਗੈਰ ਵਿਦਿਅਕ ਡਿਊਟੀਆਂ ਕਾਰਨ ਹਜ਼ਾਰਾਂ ਦੀ ਤਾਦਾਦ ਵਿੱਚ ਅਧਿਆਪਕ ਸਕੂਲੋਂ ਬਾਹਰ ਹੋ ਚੁੱਕੇ ਹਨ ਉਹਨਾਂ ਦੱਸਿਆ ਕਿ 13 ਮਈ ਤੋਂ ਸ਼ੁਰੂ ਹੋਣ ਜਾ ਰਹੇ ਜਨਗਣਨਾ ਦੇ ਪ੍ਰੋਗਰਾਮ ਵਿੱਚ 90% ਸਕੂਲਾਂ ਨੂੰ ਤਾਲੇ ਲੱਗ ਜਾਣਗੇ ਪਰ ਪੰਜਾਬ ਸਰਕਾਰ ਅਤੇ ਸਿੱਖਿਆਂ ਵਿਭਾਗ ਦਾ ਇਸ ਪ੍ਰਤੀ ਬਿਲਕੁਲ ਵੀ ਕੋਈ ਧਿਆਨ ਨਹੀਂ ਹੈ।
ਹੁਣ ਸਾਰਾ ਅਪ੍ਰੈਲ ਦੇ ਮਹੀਨੇ ਵਿੱਚ ਬੱਚੇ ਆਪਣੇ ਅਧਿਆਪਕਾਂ ਤੋਂ ਵਾਂਝੇ ਹੀ ਰਹੇ ਹਨ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਇਸ ਤਰ੍ਹਾਂ ਦਾ ਗੈਰ ਵਿੱਦਿਅਕ ਮਾਹੌਲ ਪੈਦਾ ਕਰ ਰਹੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਇਸ ਦੇ ਸਿੱਟੇ ਵੀ ਭੁਗਤਣ ਲਈ ਤਿਆਰ ਰਹੇ।
ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ , ਗੁਰਵਿੰਦਰ ਸਿੰਘ ਖੰਗੂੜਾ, ਜੁਗਪਗਟ ਸਿੰਘ, ਹਰਵਿੰਦਰ ਸਿੰਘ ਖੱਟੜਾ , ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ ਸਾਥੀ ਹਾਜ਼ਰ ਰਹੇ।






