ਬਹਿਰੀਨ ਵਾਲੀ ਬੀਬੀ ਨਾਲ ਬਲਾਤਕਾਰ ਦਾ ਮਾਮਲਾ; AAP ਦਾ ਅਕਾਲੀ ਦਲ ‘ਤੇ ਤਿੱਖਾ ਹਮਲਾ, ਕਿਹਾ- “ਪੀੜਤਾ ਦੀ ਕਿਰਦਾਰ ਕੁਸ਼ੀ ਕਰ ਰਹੇ ਨੇ SAD ਆਗੂ”
SGPC ਪ੍ਰਧਾਨ ਧਾਮੀ ਸਾਹਿਬ ਸਭ ਜਾਣਦੇ ਹਨ ਕਿ, ਬੀਬੀ ਨੂੰ ਸਰਾਂ ਵਿੱਚ ਕਿਸਨੇ ਰਖਵਾਇਆ: AAP ਦਾ ਵੱਡਾ ਦਾਅਵਾ
ਚੰਡੀਗੜ੍ਹ, 23 ਸਤੰਬਰ 2026- ਐਸ.ਜੀ.ਪੀ.ਸੀ. (SGPC) ਮੈਂਬਰ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਕਥਿਤ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਇਸ ਮਾਮਲੇ ‘ਚ ਆਮ ਆਦਮੀ ਪਾਰਟੀ (AAP) ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਅਤੇ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਰੁੱਧ ਤਿੱਖਾ ਮੋਰਚਾ ਖੋਲ੍ਹ ਦਿੱਤਾ ਹੈ। AAP ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਦੋਸ਼ ਲਾਇਆ ਕਿ ਅਕਾਲੀ ਆਗੂ ਆਪਣਾ ਪੱਖ ਰੱਖਣ ਜਾਂ ਸਪਸ਼ਟੀਕਰਨ ਦੇਣ ਦੀ ਬਜਾਏ ਪੀੜਤ ਔਰਤ ਦੀ ਕਿਰਦਾਰ ਕੁਸ਼ੀ (Character Assassination) ਕਰਨ ‘ਤੇ ਉਤਾਰੂ ਹੋ ਚੁੱਕੇ ਹਨ, ਜੋ ਕਿ ਬਹੁਤ ਹੀ ਨੀਵੇਂ ਪੱਧਰ ਦੀ ਰਾਜਨੀਤੀ ਹੈ।
ਬਲਤੇਜ ਪੰਨੂ ਨੇ ਆਖਿਆ ਕਿ ਅਕਾਲੀ ਦਲ ਦੇ ਜੋ ਆਗੂ ਬਿਨਾਂ ਵਜ੍ਹਾ ਹਰ ਛੋਟੀ-ਮੋਟੀ ਗੱਲ ‘ਤੇ ਪ੍ਰੈੱਸ ਕਾਨਫ਼ਰੰਸਾਂ ਕਰਦੇ ਸਨ, ਅੱਜ ਇਸ ਗੰਭੀਰ ਮੁੱਦੇ ‘ਤੇ ਉਨ੍ਹਾਂ ਦੀ ਜ਼ੁਬਾਨ ਬਿਲਕੁਲ ਬੰਦ ਹੈ। ਉਨ੍ਹਾਂ ਸਵਾਲ ਕੀਤਾ ਕਿ ਪਾਰਟੀ ਦੇ ਮੁਖੀ ਸੁਖਬੀਰ ਸਿੰਘ ਬਾਦਲ ਹਾਲੇ ਤੱਕ ਇਸ ਮਾਮਲੇ ‘ਤੇ ਚੁੱਪ ਕਿਉਂ ਬੈਠੇ ਹਨ? ਉਨ੍ਹਾਂ ਕਿਹਾ ਕਿ ਪੀੜਤਾ ਨੇ ਵੀਡੀਓ ਜਾਰੀ ਕਰਕੇ ਵਿਰਸਾ ਸਿੰਘ ਵਲਟੋਹਾ ਅਤੇ ਯੂਥ ਅਕਾਲੀ ਦਲ ਦੇ ਆਗੂ ਦੇ ਨਾਮ ਵੀ ਜਨਤਕ ਕੀਤੇ ਹਨ, ਪਰ ਇਸ ਦੇ ਬਾਵਜੂਦ ਇਨ੍ਹਾਂ ਆਗੂਆਂ ਵੱਲੋਂ ਮਾਮਲੇ ਦੀ ਜਾਂਚ ‘ਚ ਸਹਿਯੋਗ ਕਰਨ ਜਾਂ ਕੋਈ ਸਪੱਸ਼ਟ ਜਵਾਬ ਦੇਣ ਦੀ ਥਾਂ ਪੀੜਤ ਔਰਤ ਵਿਰੁੱਧ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ।
ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਐਡਵੋਕੇਟ ਧਾਮੀ ਦਾ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ‘ਆਪ’ ਆਗੂਆਂ ਅਨੁਸਾਰ ਧਾਮੀ ਸਾਹਿਬ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਰਾਂ ਵਿੱਚ ਬੀਬੀ ਨੂੰ ਕਿਸ ਨੇ ਰਖਵਾਇਆ ਸੀ ਅਤੇ ਕਿਸ ਦੇ ਕਹਿਣ ‘ਤੇ ਉਹ ਉੱਥੇ ਠਹਿਰੀ ਸੀ। ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਵਰਗੀ ਮਹਾਨ ਸੰਸਥਾ ਦੇ ਪ੍ਰਬੰਧਕਾਂ ਨੂੰ ਅਜਿਹੇ ਮਾਮਲਿਆਂ ‘ਤੇ ਪਰਦਾ ਪਾਉਣ ਥਾਂ ਸੱਚਾਈ ਦਾ ਸਾਥ ਦੇਣਾ ਚਾਹੀਦਾ ਹੈ।
ਕੀ ਹੈ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਐਸ.ਜੀ.ਪੀ.ਸੀ. ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਖ਼ਿਲਾਫ਼ ਇੱਕ ਔਰਤ ਨੇ ਬਲਾਤਕਾਰ ਦੇ ਗੰਭੀਰ ਦੋਸ਼ ਲਗਾਉਂਦਿਆਂ ਸ਼੍ਰੀ ਅਨੰਦਪੁਰ ਸਾਹਿਬ ਪੁਲਿਸ ਥਾਣੇ ਵਿਖੇ ਮੁਕਦਮਾ ਦਰਜ ਕਰਵਾਇਆ ਸੀ। ਹਾਲਾਂਕਿ ਇਹ ਮਾਮਲਾ/ਐਫ.ਆਈ.ਆਰ. ਪਿਛਲੇ ਅਗਸਤ ਮਹੀਨੇ ਵਿੱਚ ਦਰਜ ਕੀਤੀ ਗਈ ਸੀ, ਪਰ ਇਸ ਦੀ ਕਾਪੀ ਕਰੀਬ 25 ਦਿਨਾਂ ਦੇ ਲੰਬੇ ਸਮੇਂ ਬਾਅਦ ਜਨਤਕ ਹੋਈ।
ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਤੱਕ ਐਫ.ਆਈ.ਆਰ. ਦੀ ਕਾਪੀ ਸਾਹਮਣੇ ਆਈ ਅਤੇ ਮਾਮਲਾ ਮੀਡੀਆ ‘ਚ ਉਛਲਿਆ, ਉਦੋਂ ਤੱਕ ਅਮਰਜੀਤ ਸਿੰਘ ਚਾਵਲਾ ਭਾਰਤ ਛੱਡ ਕੇ ਕੈਨੇਡਾ ਫਰਾਰ ਹੋ ਚੁੱਕਾ ਸੀ। ਇਸ ਗੱਲ ਨੂੰ ਲੈ ਕੇ ਵੀ ਪ੍ਰਸ਼ਾਸਨ ਅਤੇ ਸਬੰਧਤ ਧਿਰਾਂ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਚਾਵਲਾ ਨੂੰ ਦੇਸ਼ ਛੱਡ ਕੇ ਜਾਣ ਦਾ ਮੌਕਾ ਕਿਵੇਂ ਮਿਲਿਆ?
ਜੇ ਬੀਬੀ ਨੇ ਪਹਿਲਾਂ ਸਿੱਧੇ ਤੌਰ ‘ਤੇ ਉਨ੍ਹਾਂ ਨਾਲ ਗੱਲ ਕੀਤੀ ਹੁੰਦੀ, ਤਾਂ ਉਹ ਕਦੇ ਵੀ ਚੁੱਪ ਨਹੀਂ ਸੀ ਬੈਠਦੇ- SGPC ਪ੍ਰਧਾਨ ਦਾ ਦਾਅਵਾ
ਦੂਜੇ ਪਾਸੇ, ਬੀਤੇ ਦਿਨ ਐਸ.ਜੀ.ਪੀ.ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਆਪਣਾ ਪੱਖ ਰੱਖਿਆ ਸੀ। ਧਾਮੀ ਨੇ ਕਿਹਾ ਸੀ ਕਿ ਜੇਕਰ ਪੀੜਤ ਬੀਬੀ ਨੇ ਪਹਿਲਾਂ ਸਿੱਧੇ ਤੌਰ ‘ਤੇ ਉਨ੍ਹਾਂ ਨਾਲ ਗੱਲ ਕੀਤੀ ਹੁੰਦੀ, ਤਾਂ ਉਹ ਕਦੇ ਵੀ ਚੁੱਪ ਨਹੀਂ ਬੈਠਦੇ ਅਤੇ ਤੁਰੰਤ ਕਾਰਵਾਈ ਕਰਦੇ। ਉਨ੍ਹਾਂ ਦਾਅਵਾ ਕੀਤਾ ਸੀ ਕਿ ਬੀਬੀ ਕਿੱਥੋਂ ਆਈ, ਕਦੋਂ ਆਈ ਅਤੇ ਉਸ ਨੂੰ ਸਰਾਂ ‘ਚ ਕੌਣ ਲੈ ਕੇ ਆਇਆ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਧਾਮੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਪੂਰੇ ਮਾਮਲੇ ਦੀ ਅੰਦਰੂਨੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਜਾਂਚ ਦੀ ਰਿਪੋਰਟ ਦੇ ਆਧਾਰ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਮੈਂ ਸਰਕਾਰ ਨੂੰ ਨਹੀਂ, ਸੰਗਤ ਨੂੰ ਜਵਾਬਦੇਹ ਹਾਂ; ਸਰਕਾਰ ਇਲਜ਼ਾਮ ਸਾਬਤ ਕਰਕੇ ਵਿਖਾਵੇ: ਝਿੰਜਰ
ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਇੱਕ ਬਹੁਤ ਵੱਡਾ ਅਤੇ ਤਿੱਖਾ ਬਿਆਨ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ (AAP) ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਕੇਸ ਨਾਲ ਜੋੜ ਕੇ ਅਕਾਲੀ ਆਗੂਆਂ ‘ਤੇ ਲਗਾਏ ਜਾ ਰਹੇ ਗੰਭੀਰ ਦੋਸ਼ਾਂ ‘ਤੇ ਆਪਣਾ ਵਿਰੋਧ ਦਰਜ ਕਰਵਾਉਂਦੇ ਹੋਏ ਝਿੰਜਰ ਨੇ ਸਰਕਾਰ ਵਿਰੁੱਧ ਹਿੱਕ ਠੋਕ ਕੇ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ, “ਮੈਂ ਨਾ ਡਰਾਂਗਾ ਤੇ ਨਾ ਹੀ ਝੁਕਾਂਗਾ। ਤੁਹਾਡੇ ਹਰ ਵਾਰ ਦਾ ਡੱਟ ਕੇ ਮੁਕਾਬਲਾ ਕਰਾਂਗਾ।”
ਸਰਬਜੀਤ ਸਿੰਘ ਝਿੰਜਰ ਨੇ AAP ਸਰਕਾਰ ‘ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਸੂਬੇ ਦੀ ਮੌਜੂਦਾ ‘ਆਪ’ ਸਰਕਾਰ ਆਪਣੇ ਨਾਕਾਮੀਆਂ ਅਤੇ ਘੁਟਾਲਿਆਂ ਨੂੰ ਛੁਪਾਉਣ ਦੇ ਲਈ ਅਜਿਹੀਆਂ ਨੀਚ ਰਾਜਨੀਤਿਕ ਚਾਲਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਅਤੇ ਪ੍ਰਸ਼ਾਸਨਿਕ ਘੁਟਾਲਿਆਂ ਤੋਂ ਭਟਕਾਉਣ ਲਈ ਅਕਾਲੀ ਦਲ ਦੇ ਸੀਨੀਅਰ ਅਤੇ ਯੂਥ ਆਗੂਆਂ ਦੀ ਕਿਰਦਾਰਕੁਸ਼ੀ (Character Assassination) ਕੀਤੀ ਜਾ ਰਹੀ ਹੈ। ‘ਸਾਮ, ਦਾਨ, ਦੰਡ, ਭੇਦ’ ਦੀ ਨੀਤੀ ਅਪਣਾ ਕੇ ਇਹ ਭ੍ਰਿਸ਼ਟ ਸਰਕਾਰ ਆਪਣੀ ਸੱਤਾ ਚਲਾ ਰਹੀ ਹੈ।
ਝਿੰਜਰ ਨੇ ਅੱਗੇ ਬੋਲਦਿਆਂ ਕਿਹਾ, “ਮੈਂ ਇਸ ਭ੍ਰਿਸ਼ਟ ਸਰਕਾਰ ਨੂੰ ਨਹੀਂ, ਸਗੋਂ ਗੁਰੂ ਰੂਪੀ ਸਾਧ ਸੰਗਤ ਨੂੰ ਜਵਾਬਦੇਹ ਹਾਂ। ਜੇਕਰ ਸਰਕਾਰ ਜਾਂ ਸੱਤਾਧਾਰੀ ਧਿਰ ਕੋਲ ਕੋਈ ਸਬੂਤ ਹਨ ਤਾਂ ਉਹ ਸਾਬਤ ਕਰਕੇ ਵਿਖਾਵੇ।” ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਸਾਰਾ ਘਟਨਾਕ੍ਰਮ ਇੱਕ ਡੂੰਘੀ ਸਾਜ਼ਿਸ਼ ਦੇ ਤਹਿਤ ਰਚਿਆ ਗਿਆ ਹੈ ਤਾਂ ਜੋ ਸਰਕਾਰ ਵਿਰੁੱਧ ਉੱਠ ਰਹੀਆਂ ਆਵਾਜ਼ਾਂ ਨੂੰ ਦਬਾਇਆ ਜਾ ਸਕੇ।
















