Akali Dal BJP Alliance! ਅਕਾਲੀ-ਭਾਜਪਾ ਗੱਠਜੋੜ ਦੀਆਂ ਅਟਕਲਾਂ ‘ਤੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ? ਹਰਸਿਮਰਤ ਕੌਰ ਬਾਦਲ ਨੇ ਕਿਹਾ- “ਮੈਂ ਗਠਜੋੜ ਨੂੰ ਲੈ ਕੇ ਨਹੀਂ ਦਿੱਤਾ ਕੋਈ ਸੰਕੇਤ, ਬਿਆਨ ਨੂੰ ਗਲਤ ਤਰੀਕੇ ਨਾਲ ਕੀਤਾ ਗਿਆ ਪੇਸ਼”
ਚੰਡੀਗੜ੍ਹ, 6 ਅਕਤੂਬਰ 2026- ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅਲਾਇੰਸ (Akali Dal BJP Alliance) ਨੂੰ ਲੈ ਕੇ ਚੱਲ ਰਹੀਆਂ ਤਮਾਮ ਅਟਕਲਾਂ ‘ਤੇ ਪੂਰਨ ਵਿਰਾਮ ਲਗਾਉਂਦਿਆਂ ਵੱਡੀ ਸਫਾਈ ਦਿੱਤੀ ਹੈ। ਹਰਸਿਮਰਤ ਕੌਰ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਕਿਸੇ ਵੀ ਸੰਭਾਵੀ ਗਠਜੋੜ ਨੂੰ ਲੈ ਕੇ ਕੋਈ ਸੰਕੇਤ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਅਤੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਗਏ ਇੱਕ ਬਿਆਨ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਅਕਾਲੀ ਦਲ ਦੇ ਮੁੜ ਭਾਜਪਾ ਨਾਲ ਗਠਜੋੜ ਕਰਨ ਦੇ ਚਰਚੇ ਤੇਜ਼ ਹੋ ਗਏ ਸਨ। ਇਸ ਬਿਆਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਕਾਰ ਹੋਈ ਮੁਲਾਕਾਤ ਨੂੰ ਲੈ ਕੇ ਵੀ ਕਾਫੀ ਚਰਚਾਵਾਂ ਛਿੜ ਗਈਆਂ ਸਨ।
ਆਪਣੇ ਬਿਆਨ ‘ਤੇ ਸਪੱਸ਼ਟੀਕਰਨ ਦਿੰਦਿਆਂ ਹਰਸਿਮਰਤ ਕੌਰ ਬਾਦਲ ਨੇ ਪੂਰੀ ਘਟਨਾ ਦਾ ਵੇਰਵਾ ਸਾਂਝਾ ਕੀਤਾ। ਉਨ੍ਹਾਂ ਦੱਸਿਆ, “ਅਗਸਤ ਮਹੀਨੇ ਵਿੱਚ ਜਦੋਂ ਸਾਡੇ ਲੌਂਗੋਵਾਲ ਹਲਕੇ ਦੇ ਇੰਚਾਰਜ ਨੇ ਇਲਾਕੇ ‘ਚ ਇੱਕ ਸਿੱਖਿਆ ਅਦਾਰੇ (ਐਜੂਕੇਸ਼ਨਲ ਇੰਸਟੀਚਿਊਟ) ਨੂੰ ਲੈ ਕੇ ਮੇਰੇ ਨਾਲ ਗੱਲਬਾਤ ਕੀਤੀ ਸੀ, ਤਾਂ ਮੈਂ ਸਿਰਫ਼ ਇਹ ਕਿਹਾ ਸੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਆਉਂਦਾ ਹੈ ਤਾਂ ਹਲਕੇ ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ।”
ਉਨ੍ਹਾਂ ਅੱਗੇ ਕਿਹਾ ਕਿ ਗੱਲਬਾਤ ਦੌਰਾਨ ਉਨ੍ਹਾਂ ਨੇ ਸਿਰਫ਼ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਪਹੁੰਚ, ਸਮਰੱਥਾ ਅਤੇ ਕੱਦ ਦਾ ਜ਼ਿਕਰ ਕੀਤਾ ਸੀ। ਪ੍ਰਕਾਸ਼ ਸਿੰਘ ਬਾਦਲ ਆਪਣੀ ਸਾਖ, ਵਿਅਕਤੀਗਤ ਸਬੰਧਾਂ ਅਤੇ ਪ੍ਰਭਾਵ ਦੇ ਆਧਾਰ ‘ਤੇ ਪੰਜਾਬ ਦੇ ਭਲੇ ਲਈ ਵੱਡੇ-ਵੱਡੇ ਪ੍ਰੋਜੈਕਟ ਲਿਆਉਣ ਵਿੱਚ ਹਮੇਸ਼ਾ ਕਾਮਯਾਬ ਰਹਿੰਦੇ ਸਨ। ਭਾਵੇਂ ਕੇਂਦਰ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਕਿਉਂ ਨਾ ਹੋਵੇ, ਬਾਦਲ ਸਾਹਿਬ ਹਮੇਸ਼ਾ ਪੰਜਾਬ ਦੇ ਹੱਕਾਂ ਅਤੇ ਪ੍ਰੋਜੈਕਟਾਂ ਦੀ ਰਾਖੀ ਕਰਦੇ ਹੋਏ ਸੂਬੇ ਲਈ ਸਰਮਾਇਆ ਅਤੇ ਯੋਜਨਾਵਾਂ ਲਿਆਉਂਦੇ ਸਨ।
ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਸਿਰਫ਼ ਇਹ ਸੀ ਕਿ ਜਦੋਂ ਸੂਬੇ ਵਿੱਚ ਸਰਕਾਰ ਬਣਦੀ ਹੈ ਤਾਂ ਕੇਂਦਰ ਨਾਲ ਮਿਲ ਕੇ ਜਾਂ ਤਾਲਮੇਲ ਨਾਲ ਕੰਮ ਕੀਤਾ ਜਾਵੇ ਤਾਂ ਸੂਬੇ ਦੇ ਵਿਕਾਸ ਲਈ ਬਿਹਤਰ ਰਹਿੰਦਾ ਹੈ। ਪ੍ਰੰਤੂ ਉਨ੍ਹਾਂ ਦੇ ਇਸ ਬਿਆਨ ਦਾ ਸਿਆਸੀ ਰੰਗਤ ਦੇ ਕੇ ਗਲਤ ਮਤਲਬ ਕੱਢਿਆ ਗਿਆ ਅਤੇ ਇਸ ਨੂੰ ਗਠਜੋੜ ਨਾਲ ਜੋੜ ਦਿੱਤਾ ਗਿਆ, ਜੋ ਕਿ ਬਿਲਕੁਲ ਤੱਥਾਂ ਤੋਂ ਪਰ੍ਹੇ ਹੈ। ਉਨ੍ਹਾਂ ਦਾ ਸਿਆਸੀ ਗਠਜੋੜ ਨੂੰ ਲੈ ਕੇ ਕੋਈ ਇਰਾਦਾ ਜਾਂ ਸੰਕੇਤ ਨਹੀਂ ਸੀ।
















