ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਮਸਲੇ ਅਣਸੁਲਝੇ!! ਰੈਗੂਲਰ ਆਰਡਰ ਮਿਲਣ ਦੇ ਬਾਵਜੂਦ ਸਹੂਲਤਾਂ ਤੋਂ ਵਾਂਝੇ ਐਸੋਸੀਏਟ ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੇ DPI ਦਫ਼ਤਰ ਦਾ ਕੀਤਾ ਘੇਰਾਓ
ਐਸੋਸੀਏਟ ਪ੍ਰੀ-ਪ੍ਰਾਇਮਰੀ ਅਧਿਆਪਕਾਂ ਵੱਲੋਂ ਮੰਗਾਂ ਨੂੰ ਲੈ ਕੇ ਡੀਪੀਆਈ ਦਫ਼ਤਰ ਵਿਖੇ ਜ਼ਬਰਦਸਤ ਰੋਸ ਧਰਨਾ, ਨਾਅਰੇਬਾਜ਼ੀ
ਚੰਡੀਗੜ੍ਹ, 4 ਅਗਸਤ 2026- ਐਸੋਸੀਏਟ ਪ੍ਰੀ-ਪ੍ਰਾਇਮਰੀ ਅਧਿਆਪਕਾਂ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਅਤੇ ਵਿਭਾਗੀ ਅਣਦੇਖੀ ਤੋਂ ਤੰਗ ਆ ਕੇ ਡੀਪੀਆਈ (DPI) ਦਫ਼ਤਰ ਵਿਖੇ ਇਕੱਠੇ ਹੋ ਕੇ ਵਿਭਾਗ ਅਤੇ ਸਰਕਾਰ ਵਿਰੁੱਧ ਰੋਸ ਵਜੋਂ ਜ਼ਬਰਦਸਤ ਧਰਨਾ ਦਿੱਤਾ ਗਿਆ। ਇਸ ਦੌਰਾਨ ਰੋਸ ਵਿੱਚ ਆਏ ਅਧਿਆਪਕਾਂ ਨੇ ਡੀਪੀਆਈ ਦਫ਼ਤਰ ਦਾ ਘੇਰਾਓ ਕਰਦਿਆਂ ਸਰਕਾਰ ਦੀ ਟਾਲ-ਮਟੋਲ ਨੀਤੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਮੁਕਤਸਰ, ਸੂਬਾ ਕਮੇਟੀ ਮੈਂਬਰ ਕੁਲਵੀਰ ਸਿੰਘ ਮਲੇਰਕੋਟਲਾ ਅਤੇ ਅੰਮ੍ਰਿਤਪਾਲ ਸਿੰਘ ਹੁਸ਼ਿਆਰਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੈਲਫੇਅਰ ਪਾਲਿਸੀ ਤਹਿਤ ਜਿਨ੍ਹਾਂ ਅਧਿਆਪਕਾਂ ਦੀ 10 ਸਾਲ ਦੀ ਸੇਵਾ ਪੂਰੀ ਹੁੰਦੀ ਸੀ, ਉਨ੍ਹਾਂ ਨੂੰ 28 ਜੁਲਾਈ 2023 ਵਿੱਚ ਰੈਗੂਲਰ ਕਰਨ ਦੇ ਆਰਡਰ ਜਾਰੀ ਕੀਤੇ ਗਏ ਸਨ। ਪ੍ਰੰਤੂ ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਆਰਡਰ ਸਿਰਫ਼ ਕਾਗਜ਼ੀ ਹੀ ਸਾਬਤ ਹੋਏ, ਕਿਉਂਕਿ ਰੈਗੂਲਰ ਆਰਡਰ ਜਾਰੀ ਕਰਨ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਨੂੰ ਬਾਕੀ ਸਰਕਾਰੀ ਮੁਲਾਜ਼ਮਾਂ ਵਾਂਗ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ।
ਆਗੂਆਂ ਨੇ ਦੱਸਿਆ ਕਿ ਤਿੰਨ ਸਾਲ ਦਾ ਸਮਾਂ ਪੂਰਾ ਹੋਣ ਦੇ ਬਾਵਜੂਦ ਵੀ ਇਨ੍ਹਾਂ ਅਧਿਆਪਕਾਂ ‘ਤੇ ਕੋਈ ਵੀ ਸੀਐਸਆਰ (CSR) ਰੂਲ ਲਾਗੂ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਹੋਰ ਵਿੱਤੀ ਲਾਭ ਜਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਦੇ ਇਸ ਰਵੱਈਏ ਕਾਰਨ ਅਧਿਆਪਕਾਂ ਵਿੱਚ ਭਾਰੀ ਮਾਨਸਿਕ ਅਤੇ ਵਿੱਤੀ ਪਰੇਸ਼ਾਨੀ ਪਾਈ ਜਾ ਰਹੀ ਹੈ।
ਇਸ ਇਨਸਾਫ਼ ਦੀ ਲੜਾਈ ਲਈ ਅਧਿਆਪਕਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਗਿਆ ਸੀ। ਹਾਈਕੋਰਟ ਨੇ ਸਿਵਲ ਰਿਟ ਪਟੀਸ਼ਨ ਨੰਬਰ 14477/26 (ਕੁਲਬੀਰ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ) ਦਾ ਫੈਸਲਾ ਸੁਣਾਉਂਦੇ ਹੋਏ 11 ਮਈ 2026 ਨੂੰ ਸਿੱਖਿਆ ਵਿਭਾਗ ਨੂੰ ਸਪੱਸ਼ਟ ਹੁਕਮ ਜਾਰੀ ਕੀਤੇ ਸਨ ਕਿ ਇਨ੍ਹਾਂ ਅਧਿਆਪਕਾਂ ਦੇ ਸਾਰੇ ਮਸਲਿਆਂ ਦਾ ਨਿਪਟਾਰਾ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਸਪੀਕਿੰਗ ਆਰਡਰ (Speaking Orders) ਜਾਰੀ ਕਰਕੇ ਕੀਤਾ ਜਾਵੇ।
ਪ੍ਰੰਤੂ ਵਿਭਾਗ ਦੀ ਵੱਡੀ ਲਾਪਰਵਾਹੀ ਉਦੋਂ ਸਾਹਮਣੇ ਆਈ ਜਦੋਂ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਰਡਰਾਂ ਵਿੱਚ ਇਨ੍ਹਾਂ ਪਟੀਸ਼ਨਰ ਅਧਿਆਪਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਕਿਸੇ ਹੋਰ ਹੀ ਕੈਟਾਗਰੀ ਦਾ ਜ਼ਿਕਰ ਕਰ ਦਿੱਤਾ ਗਿਆ। ਵਿਭਾਗ ਦੀ ਇਸ ਵੱਡੀ ਗਲਤੀ ਅਤੇ ਬੇਧਿਆਨੀ ਕਾਰਨ ਸਮੂਹ ਅਧਿਆਪਕਾਂ ਵਿੱਚ ਭਾਰੀ ਰੋਸ ਅਤੇ ਰੋਸ ਦੀ ਲਹਿਰ ਫੈਲ ਗਈ।
ਇਸੇ ਅਣਦੇਖੀ ਤੋਂ ਖਫ਼ਾ ਹੋ ਕੇ ਸਮੂਹ ਅਧਿਆਪਕ ਪਟੀਸ਼ਨਰਾਂ ਨੇ ਡੀਪੀਆਈ ਦਫ਼ਤਰ ਵਿਖੇ ਪਹੁੰਚ ਕੇ ਦਫ਼ਤਰ ਦਾ ਘੇਰਾਓ ਕੀਤਾ ਅਤੇ ਨਾਅਰੇਬਾਜ਼ੀ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਪ੍ਰਦਰਸ਼ਨ ਦੀ ਗੰਭੀਰਤਾ ਨੂੰ ਦੇਖਦਿਆਂ ਡੀਪੀਆਈ ਮੈਡਮ ਵੱਲੋਂ ਅਧਿਆਪਕ ਆਗੂਆਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਕਿ ਪਹਿਲਾਂ ਜਾਰੀ ਕੀਤੇ ਗਏ ਸਪੀਕਿੰਗ ਆਰਡਰਾਂ ਦੀ ਤਰੁੱਟੀ ਨੂੰ ਸੁਧਾਰ ਕੇ ਮੁੜ ਤੋਂ ਸਹੀ ਤਰੀਕੇ ਨਾਲ ਨਵੇਂ ਆਰਡਰ ਜਾਰੀ ਕੀਤੇ ਜਾਣਗੇ।
ਡੀਪੀਆਈ ਵੱਲੋਂ ਮਿਲੇ ਇਸ ਪੂਰੇ ਵਿਸ਼ਵਾਸ ਤੋਂ ਬਾਅਦ ਅਧਿਆਪਕਾਂ ਵੱਲੋਂ ਫਿਲਹਾਲ ਲਈ ਧਰਨਾ ਸਮਾਪਤ ਕੀਤਾ ਗਿਆ, ਪਰ ਅਧਿਆਪਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਮਸਲਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਵੀਰਪਾਲ ਖੰਨਾ, ਜਗਵਿੰਦਰ ਸਿੰਘ ਖੰਨਾ, ਮੁਹੰਮਦ ਤਾਹਿਰ, ਮੁਹੰਮਦ ਅਖਤਰ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਸਮੀਮ, ਕਮਲਜੀਤ ਕੌਰ, ਸਤਿਆ ਦੇਵੀ, ਕਿਰਨਪਾਲ ਕੌਰ, ਨਵਜੋਤ ਕੌਰ, ਜਸਵਿੰਦਰ ਕੌਰ, ਜਸਵੀਰ ਕੌਰ, ਕੁਲਬੀਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਚਰਨ ਸਿੰਘ ਤਰਨ ਤਾਰਨ ਤੋਂ ਇਲਾਵਾ ਬਹੁਤ ਸਾਰੇ ਪਟੀਸ਼ਨਰ ਅਧਿਆਪਕ ਹਾਜ਼ਰ ਸਨ।
















