Australia: ਪੰਜਾਬੀ ਕੁੜੀ ਦੀ ਸੜਕ ਹਾਦਸੇ ‘ਚ ਮੌਤ
10 ਮਹੀਨੇ ਪਹਿਲਾਂ ਹੀ ਨਰਸਿੰਗ ਦੀ ਉਚੇਰੀ ਪੜ੍ਹਾਈ ਲਈ ਆਸਟ੍ਰੇਲੀਆ ਗਈ ਸੀ ਕੋਮਲਪ੍ਰੀਤ ਕੌਰ
ਪਾਰਟ-ਟਾਈਮ ਡਿਊਟੀ ਤੋਂ ਪਰਤਦਿਆਂ ਤੇਜ਼ ਰਫ਼ਤਾਰ ਬਲੂ ਹੁੰਡਈ ਕਾਰ ਨੇ ਮਾਰੀ ਜ਼ਬਰਦਸਤ ਟੱਕਰ
ਭਾਰਤੀ ਫ਼ੌਜ ਦੇ ਸੇਵਾਮੁਕਤ ਸੂਬੇਦਾਰ ਅਮਰੀਕ ਸਿੰਘ ਦੀ ਧੀ ਦੀ ਮੌਤ ਨਾਲ ਪਿੰਡ ਕਲਸੀਆਂ ‘ਚ ਛਾਇਆ ਮਾਤਮ
ਆਸਟ੍ਰੇਲੀਆ (Australia), 19 ਮਈ 2026: ਰੋਜ਼ੀ-ਰੋਟੀ ਅਤੇ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਵਿਦੇਸ਼ਾਂ ਦੀ ਧਰਤੀ ‘ਤੇ ਜਾਣ ਵਾਲੇ ਪੰਜਾਬੀ ਨੌਜਵਾਨਾਂ ਨਾਲ ਵਾਪਰ ਰਹੇ ਮੰਦਭਾਗੇ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਆਸਟ੍ਰੇਲੀਆ (Australia) ਦੇ ਪਰਥ ਸ਼ਹਿਰ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ (ਹਲਵਾਰਾ) ਨੇੜਲੇ ਪਿੰਡ ਕਲਸੀਆਂ ਦੀ 19 ਸਾਲਾ ਪੰਜਾਬੀ ਮੁਟਿਆਰ ਕੋਮਲਪ੍ਰੀਤ ਕੌਰ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕਾ ਭਾਰਤੀ ਫ਼ੌਜ ਦੇ ਸੇਵਾਮੁਕਤ ਸੂਬੇਦਾਰ ਅਮਰੀਕ ਸਿੰਘ ਦੀ ਪੁੱਤਰੀ ਸੀ।
ਨਰਸਿੰਗ ਦੀ ਪੜ੍ਹਾਈ ਦੇ ਨਾਲ ਕਰਦੀ ਸੀ ਪਾਰਟ-ਟਾਈਮ ਨੌਕਰੀ ਪ੍ਰਾਪਤ ਜਾਣਕਾਰੀ ਅਨੁਸਾਰ, ਕੋਮਲਪ੍ਰੀਤ ਕੌਰ ਅਜੇ ਮਹਿਜ਼ 10 ਮਹੀਨੇ ਪਹਿਲਾਂ ਹੀ ਸਟੂਡੈਂਟ ਵੀਜ਼ੇ ‘ਤੇ ਨਰਸਿੰਗ ਦੀ ਉੱਚ ਪੜ੍ਹਾਈ (ਸਟੇਨਲੇ ਕਾਲਜ) ਲਈ ਆਸਟ੍ਰੇਲੀਆ ਗਈ ਸੀ।
ਆਪਣੀ ਪੜ੍ਹਾਈ ਅਤੇ ਰਹਿਣ-ਸਹਿਣ ਦੇ ਖਰਚੇ ਚੁੱਕਣ ਲਈ ਉਹ ਕੈਨਿੰਗਵੇਲ (Canningvale) ਇਲਾਕੇ ਵਿੱਚ ਪਾਰਟ-ਟਾਈਮ ਕੰਮ ਵੀ ਕਰ ਰਹੀ ਸੀ। ਰੋਜ਼ਾਨਾ ਦੀ ਤਰ੍ਹਾਂ ਸ਼ਨੀਵਾਰ ਦੇਰ ਰਾਤ ਜਦੋਂ ਉਹ ਆਪਣੀ ਨਾਈਟ ਸ਼ਿਫਟ ਖ਼ਤਮ ਕਰਕੇ ਘਰ ਪਰਤ ਰਹੀ ਸੀ, ਤਾਂ ਉਸ ਨਾਲ ਇਹ ਭਾਣਾ ਵਾਪਰ ਗਿਆ।
ਪਲਾਜ਼ਾ ਦੀ ਕਾਰ ਪਾਰਕਿੰਗ ‘ਚ ਵਾਪਰਿਆ ਭਾਣਾ ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ (ਰਾਤ ਲਗਭਗ 11:30 ਵਜੇ) ਕੋਮਲਪ੍ਰੀਤ ਜੌਨ ਸਟਰੀਟ ਨੇੜੇ ਅਲਬਾਨੀ ਹਾਈਵੇਅ ‘ਤੇ ਸਥਿਤ ਬੈਂਟਲੇ ਪਲਾਜ਼ਾ ਸ਼ਾਪਿੰਗ ਸੈਂਟਰ ਕੋਲ ਮੌਜੂਦ ਸੀ।
ਜਦੋਂ ਉਹ ਪਲਾਜ਼ਾ ਵਿੱਚ ਪੈਦਲ ਚੱਲ ਰਹੀ ਸੀ, ਤਾਂ ਕਾਰ ਪਾਰਕ ਵਿੱਚ ਇੱਕ ਤੇਜ਼ ਰਫ਼ਤਾਰ ਨੀਲੇ ਰੰਗ ਦੀ ‘ਹੁੰਡਈ ਆਈ30’ (Hyundai i30) ਹੈਚਬੈਕ ਕਾਰ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਕੋਮਲਪ੍ਰੀਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਹਾਦਸੇ ਵਾਲੀ ਥਾਂ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ‘ਰਾਇਲ ਪਰਥ ਹਸਪਤਾਲ’ (Royal Perth Hospital) ਲਿਜਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਦੀ ਮੌਤ ਹੋ ਗਈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਪਰਥ ਪੁਲਿਸ ਮੁਤਾਬਕ ਹਾਦਸਾਗ੍ਰਸਤ ਕਾਰ ਦਾ ਡਰਾਈਵਰ ਵੀ ਇੱਕ 19 ਸਾਲਾ ਨੌਜਵਾਨ ਹੈ, ਜੋ ਜਾਂਚ ਵਿੱਚ ਪੁਲਿਸ ਦਾ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਫਿਲਹਾਲ ਉਸ ‘ਤੇ ਕੋਈ ਦੋਸ਼ ਤੈਅ ਨਹੀਂ ਕੀਤੇ ਗਏ ਹਨ। ‘ਮੇਜਰ ਕਰੈਸ਼ ਇਨਵੈਸਟੀਗੇਸ਼ਨ ਸਕੁਐਡ’ ਦੇ ਅਧਿਕਾਰੀਆਂ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਘਟਨਾ ਦੇ ਚਸ਼ਮਦੀਦਾਂ, ਡੈਸ਼ਕੈਮ ਫੁਟੇਜ ਜਾਂ ਮੋਬਾਈਲ ਵੀਡੀਓ ਰੱਖਣ ਵਾਲੇ ਲੋਕਾਂ ਨੂੰ ਜਾਂਚ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।
ਇਸ ਮੰਦਭਾਗੀ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੰਜਾਬ ਵਿੱਚ ਰਹਿੰਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।






