ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਬੰਧੀ ਨਵੇਂ ਹੁਕਮ ਜਾਰੀ! OPS ਤੋਂ ਫੇਰ ਕੀਤਾ ਮੁਕੰਮਲ ਕਿਨਾਰਾ!
ਪੁਰਾਣੀ ਪੈਨਸ਼ਨ ਦੇ ਨਵੇਂ ਨਿਰਦੇਸ਼ਾਂ ਰਾਹੀਂ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਤੋਂ ਕੀਤਾ ਮੁਕੰਮਲ ਕਿਨਾਰਾ, ਮੁਲਾਜ਼ਮਾਂ ਵਿੱਚ ਤਿੱਖਾ ਰੋਸ: ਪੀ.ਪੀ.ਪੀ.ਐੱਫ
ਚੰਡੀਗੜ੍ਹ, 15 ਸਤੰਬਰ 2026- ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਪੁਰਾਣੀ ਪੈਨਸ਼ਨ ਸਬੰਧੀ 18 ਨਵੰਬਰ 2022 ਦੇ ਨੋਟੀਫਿਕੇਸ਼ਨ ਦੀ ਲਗਾਤਾਰਤਾ ਵਿੱਚ ਜਾਰੀ ਕੀਤੇ ਤਾਜ਼ਾ ਹੁਕਮਾਂ ਨੇ ਮੁਲਾਜ਼ਮਾਂ ਵਿੱਚ ਆਪ ਸਰਕਾਰ ਖਿਲਾਫ ਪੱਸਰੇ ਰੋਸ ਨੂੰ ਹੋਰ ਤਿੱਖਾ ਕਰ ਦਿੱਤਾ ਹੈ। ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਪੰਜਾਬ ਸਰਕਾਰ ਦੇ ਇਹਨਾਂ ਹੁਕਮਾਂ ਦੀ ਸਖ਼ਤ ਨਿਖੇਧੀ ਕਰਦਿਆਂ ਆਪ ਸਰਕਾਰ ਤੇ ਪੁਰਾਣੀ ਪੈਨਸ਼ਨ (OPS) ਲਾਗੂ ਕਰਨ ਤੋਂ ਮੁਕੰਮਲ ਪਿੱਛੇ ਹਟਣ ਦਾ ਦੋਸ਼ ਲਗਾਇਆ ਹੈ।

ਫਰੰਟ ਦੇ ਆਗਆਂ ਅਤਿੰਦਰ ਪਾਲ ਸਿੰਘ, ਇੰਦਰਸੁਖਦੀਪ ਸਿੰਘ, ਗਰਬਿੰਦਰ ਸਿੰਘ ਖਹਿਰਾ, ਦਲਜੀਤ ਸਫੀਪੁਰ ਅਤੇ ਜਸਵੀਰ ਭੰਮਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੇ ਚਾਰ ਸਾਲ ਪਹਿਲਾਂ ਜਾਰੀ ਕੀਤੇ ‘ਕਾਗਜ਼ੀ’ ਨੋਟੀਫਿਕੇਸ਼ਨ ਨੂੰ 1972 ਦੇ ਪੈਨਸ਼ਨ ਐਕਟ ਅਨੁਸਾਰ ਲਾਗੂ ਕਰਨ ਦੀ ਬਜਾਏ ਨਵੇਂ ਹੁਕਮਾਂ ਵਿੱਚ ਯੂਪੀਐਸ ਅਤੇ ਹੋਰਨਾਂ ਰਾਜਾਂ ਵੱਲੋਂ ਅਪਣਾਏ ਪੁਰਾਣੀ ਪੈਨਸ਼ਨ ਦੇ ਬਦਲਵੇਂ ਮਾਡਲਾਂ ਨੂੰ ਮੁਲਾਜ਼ਮਾਂ ਦੇ “ਪਰਿਭਾਸ਼ਤ ਯੋਗਦਾਨ” ਵਾਲੇ ਚੌਖਟੇ ਅੰਦਰ ਹੀ ਘੋਖਣ ਦੀ ਤਾਕੀਦ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਇਹਨਾਂ ਨਿਰਦੇਸ਼ਾਂ ਨੂੰ ਆਪ ਸਰਕਾਰ ਵੱਲੋਂ “ਪਰਿਭਾਸ਼ਤ ਲਾਭਾਂ” ਨੂੰ ਯਕੀਨੀ ਬਣਾਉਣ ਵਾਲੀ ਹਕੀਕੀ ਪੁਰਾਣੀ ਪੈਨਸ਼ਨ ਤੋਂ ਮੁਕੰਮਲ ਕਿਨਾਰਾ ਕਰਨ ਦੇ ਅਧਿਕਾਰਤ ਐਲਾਨ ਵੱਜੋਂ ਦੇਖਣਾ ਚਾਹੀਦਾ ਹੈ।
ਪੰਜਾਬ ਦੇ ਮੁਲਾਜ਼ਮ ਕੇਂਦਰ ਸਰਕਾਰ ਵੱਲੋਂ ਲਿਆਂਦੀ ਯੂਨੀਫਾਈਡ ਪੈਨਸ਼ਨ ਸਕੀਮ ਸਮੇਤ ਐੱਨਪੀਐਸ ਦੀ ਤਰਜ਼ ਵਾਲੀ ਕਿਸੇ ਵੀ ਪੈਨਸ਼ਨ ਸਕੀਮ ਨੂੰ ਪਹਿਲਾਂ ਹੀ ਰੱਦ ਕਰ ਚੱਕੇ ਹਨ। ਇਹ ਵੀ ਤੱਥ ਹੈ ਕਿ ਕੇਂਦਰ ਸਰਕਾਰ ਦੇ ਵੱਡੇ ਪ੍ਰਚਾਰ ਦੇ ਬਾਵਜੂਦ ਲਗਭਗ 95 ਪ੍ਰਤੀਸ਼ਤ ਕੇਂਦਰੀ ਮੁਲਾਜ਼ਮਾਂ ਨੇ ਯੂਪੀਐਸ ਸਕੀਮ ਲੈਣ ਤੋਂ ਕਿਨਾਰਾ ਕੀਤਾ ਹੈ।
ਇਸ ਤੋਂ ਇਲਾਵਾ ਉਕਤ ਨੋਟੀਫਿਕੇਸ਼ਨ ਦੇ ਨਿਯਮ ਘੜਨ ਲਈ ਬਣਾਈ ਕਮੇਟੀ, ਜੋ ਪਿਛਲੇ ਚਾਰ ਸਾਲਾਂ ਵਿੱਚ ਪੁਰਾਣੀ ਪੈਨਸ਼ਨ ਦਾ ਵਿਧੀ ਵਿਧਾਨ ਬਣਾਉਣ ਵਿੱਚ ਨਕਾਮ ਸਾਬਤ ਹੋਈ ਹੈ, ਨੂੰ ਹੋਰ ਚਾਰ ਮਹੀਨਿਆਂ ਦੇ ਸਮਾਂ ਦਾ ਵਾਧਾ ਦੇ ਦਿੱਤਾ ਗਿਆ ਹੈ। ਜਿਸ ਰਾਹੀਂ ਆਪ ਸਰਕਾਰ ਨੇ ਅਗਾਮੀ ਵਿਧਾਨ ਸਭਾ ਚੋਣਾਂ ਤੱਕ ਪੁਰਾਣੀ ਪੈਨਸ਼ਨ ਬਹਾਲੀ ਦੇ ਮਾਮਲੇ ਨੂੰ ਠੰਢਾ ਪਾਉਣ ਅਤੇ ਸਮਾਂ ਟਪਾਉਣ ਦਾ ਦੋਹਰਾ ਦਾਅ ਖੇਡਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਡੀਏ ਦੇ ਏਰੀਅਰ,ਪੰਜਾਬ ਪੇ ਸਕੇਲ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ,ਕੱਟੇ ਭੱਤਿਆਂ ਨੂੰ ਲਾਗੂ ਕਰਨ,ਕੱਚੇ ਅਤੇ ਮਾਣਭੱਤਾ ਕਾਮਿਆਂ ਲਈ ਪੱਕੇ ਰੁਜ਼ਗਾਰ ਲਈ ਉੱਠਿਆ ਮੁਲਾਜ਼ਮ ਘੋਲ਼ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਇਹਨਾਂ ਮੁਲਾਜ਼ਮ ਮੰਗਾਂ ਨੂੰ ਜਮਹੂਰੀਅਤ ਦੇ ਤਕਾਜ਼ੇ ਅਤੇ ਨਿਆਂਸੰਗਤ ਪਹੁੰਚ ਅਨੁਸਾਰ ਹੱਲ ਕਰਨ ਦੀ ਬਜਾਏ ਪੰਜਾਬ ਸਰਕਾਰ ਤੱਥਰਹਿਤ ਬਿਆਨਬਾਜ਼ੀ ਅਤੇ ਅਜਿਹੇ ਮਾਰੂ ਪੱਤਰ ਜਾਰੀ ਕਰਕੇ ਮੁਲਾਜ਼ਮ ਸੰਘਰਸ਼ਾਂ ਨੂੰ ਤਾਰਪੀਡੋ ਕਰਨ ਦੇ ਰਾਹ ਪਈ ਹੋਈ ਹੈ। ਫਰੰਟ ਦੇ ਆਗੂਆਂ ਰਮਨਦੀਪ ਸਿੰਗਲਾ, ਜਗਦੀਸ਼ ਸੱਪਾਂਵਾਲੀ, ਮਨਜੀਤ ਸਿੰਘ, ਅੰਮ੍ਰਿਤਪਾਲ ਮਾਨ, ਮਨਦੀਪ ਸਿੰਘ, ਸਤਪਾਲ ਸਿੰਘ, ਜਸਵਿੰਦਰ ਔਜਲਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
















