BLO ਅਧਿਆਪਕ ਪ੍ਰਦੀਪ ਕੁਮਾਰ ਦੀ ਮੌਤ ਦਾ ਮਾਮਲਾ; 1 ਕਰੋੜ ਮੁਆਵਜ਼ੇ ਅਤੇ ਨੌਕਰੀ ਲਈ ਸਨੌਰ ‘ਚ ਨਿਕਲਿਆ ਵਿਸ਼ਾਲ ‘ਕੈਂਡਲ ਮਾਰਚ’

 

BLO ਅਧਿਆਪਕ ਪ੍ਰਦੀਪ ਕੁਮਾਰ ਦੀ ਮੌਤ ਦਾ ਮਾਮਲਾ; 1 ਕਰੋੜ ਮੁਆਵਜ਼ੇ ਅਤੇ ਨੌਕਰੀ ਲਈ ਸਨੌਰ ‘ਚ ਨਿਕਲਿਆ ਵਿਸ਼ਾਲ ‘ਕੈਂਡਲ ਮਾਰਚ’

ਸਨੌਰ (ਪਟਿਆਲਾ), 15 ਅਪ੍ਰੈਲ 2026:

ਸਰਕਾਰੀ ਪ੍ਰਾਇਮਰੀ ਸਕੂਲ ਹਸਨਪੁਰ ਕੰਬੋਆ (ਬਲਾਕ ਦੇਵੀਗੜ੍ਹ) ਵਿਖੇ ਤੈਨਾਤ ਈ.ਟੀ.ਟੀ. ਅਧਿਆਪਕ ਪ੍ਰਦੀਪ ਕੁਮਾਰ, ਜਿਨ੍ਹਾਂ ਦੀ ਬੀਤੇ ਦਿਨੀਂ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਨੂੰ ਇਨਸਾਫ਼ ਦਿਵਾਉਣ ਲਈ ਅੱਜ ਸਨੌਰ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕਾਂ ਅਤੇ ਸਮਾਜਿਕ ਆਗੂਆਂ ਨੇ ਸ਼ਹਿਰ ਦੇ ਬੱਸ ਸਟੈਂਡ ਤੋਂ ਲੈ ਕੇ ਮੁੱਖ ਬਾਜ਼ਾਰਾਂ ਤੱਕ ‘ਕੈਂਡਲ ਮਾਰਚ’ ਕੱਢ ਕੇ ਆਪਣਾ ਰੋਸ ਜ਼ਾਹਰ ਕੀਤਾ।

ਅਧਿਆਪਕ ਆਗੂਆਂ ਜਸਵਿੰਦਰ ਸਿੰਘ ਸਮਾਣਾ ਅਤੇ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਕੋਲ ਬੀ.ਐਲ.ਓ. (BLO) ਦਾ ਵਾਧੂ ਚਾਰਜ ਸੀ। ਉਨ੍ਹਾਂ ‘ਤੇ ਵਿਭਾਗ ਵੱਲੋਂ SIR ਦਾ ਕੰਮ ਜਲਦੀ ਮੁਕੰਮਲ ਕਰਨ ਲਈ ਭਾਰੀ ਮਾਨਸਿਕ ਦਬਾਅ ਪਾਇਆ ਜਾ ਰਿਹਾ ਸੀ। ਇਸੇ ਪਰੇਸ਼ਾਨੀ ਕਾਰਨ 4 ਅਪ੍ਰੈਲ ਨੂੰ ਡਿਊਟੀ ਦੌਰਾਨ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ।

ਮੋਰਚੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਇਸ ਸਬੰਧੀ ਐਸ.ਡੀ.ਐਮ. ਦੁੱਧਨ ਸਾਧਾਂ ਨੂੰ ਪਹਿਲਾਂ ਹੀ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ, ਪਰ ਹੁਣ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ, ਮ੍ਰਿਤਕ ਅਧਿਆਪਕ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਪਰਿਵਾਰ ਦੇ ਇੱਕ ਮੈਂਬਰ ਨੂੰ ਜਲਦ ਤੋਂ ਜਲਦ ਸਰਕਾਰੀ ਨੌਕਰੀ ਦਿੱਤੀ ਜਾਵੇ। ਪਰਿਵਾਰ ਨੂੰ ਬਣਦੇ ਸਾਰੇ ਵਿੱਤੀ ਲਾਭ ਤੁਰੰਤ ਜਾਰੀ ਕੀਤੇ ਜਾਣ।

ਕੈਂਡਲ ਮਾਰਚ ਦੌਰਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਜਲਦੀ ਕੋਈ ਠੋਸ ਕਾਰਵਾਈ ਨਾ ਕੀਤੀ, ਤਾਂ ਆਉਣ ਵਾਲੇ ਦਿਨਾਂ ਵਿੱਚ ਪਟਿਆਲਾ ਜ਼ਿਲ੍ਹੇ ਅੰਦਰ ਵੱਡੇ ਪੱਧਰ ‘ਤੇ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਇਸ ਰੋਸ ਮਾਰਚ ਵਿੱਚ ਪਰਮਿੰਦਰ ਸਿੰਘ ਰਾਠੀਆਂ,ਦੀਦਾਰ ਸਿੰਘ ਪਟਿਆਲਾ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਸ਼ਿਵਪ੍ਰੀਤ ਪਟਿਆਲਾ, ਗੁਰਪ੍ਰੀਤ ਸਿੰਘ ਸਿੱਧੂ, ਮਨਦੀਪ ਸਿੰਘ ਕਾਲੇਕੇ, ਅਮਨਦੀਪ ਸਿੰਘ ਬੋਪਾਰਾਏ, ਗੁਰਵਿੰਦਰ ਸਿੰਘ ਖੰਗੂੜਾ, ਵਰਿੰਦਰ ਸਿੰਘ ਮਰੋੜੀ, ਸੁਖਜਿੰਦਰ ਸਿੰਘ,ਮੇਹਰ ਸਿੰਘ, ਨਰਿੰਦਰ ਸਿੰਘ,ਹਰਪਾਲ ਸਿੰਘ, ਕਾਂਗਰਸ ਪਾਰਟੀ ਤੋਂ ਗੌਰਵ ਸੰਧੂ, ਨੋਜਵਾਨ ਆਗੂ ਸ਼ੈਰੀ ਰਿਆੜ, ਸਮਾਜ ਸੇਵਕ ਰਾਜੇਸ਼ ਬੱਗਾ, ਸਫ਼ਾਈ ਯੂਨੀਅਨ ਨਗਰ ਕੌਂਸਲ ਸਨੋਰ ਦੇ ਪ੍ਰਧਾਨ ਨੰਦ ਲਾਲ, ਹਰਜੀਤ ਟਾਂਕ ਦੇ ਨਾਲ ਪ੍ਰਦੀਪ ਕੁਮਾਰ ਦੇ ਸਾਰੇ ਪਰਿਵਾਰ ਦੇ ਮੈਂਬਰ ਸ਼ਾਮਲ ਹੋਏ। ਪ੍ਰਦੀਪ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਵੀ ਇਸ ਮਾਰਚ ਵਿੱਚ ਹਿੱਸਾ ਲਿਆ ਅਤੇ ਇਨਸਾਫ਼ ਦੀ ਗੁਹਾਰ ਲਗਾਈ।