Breaking: ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵਾਪਰਿਆ ਵੱਡਾ ਹਾਦਸਾ, ਸੜਕ ਦੁਰਘਟਨਾ ਦਾ ਹੋਏ ਸ਼ਿਕਾਰ
ਪਟਿਆਲਾ, 16 ਅਗਸਤ 2026
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਐਤਵਾਰ ਨੂੰ ਪਟਿਆਲਾ-ਚੰਡੀਗੜ੍ਹ ਰੋਡ ’ਤੇ ਗਗਨ ਫੈਕਟਰੀ ਨੇੜੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਝਿੰਜਰ ਨਾਲ ਜਾ ਰਹੀਆਂ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਸਰਬਜੀਤ ਸਿੰਘ ਝਿੰਜਰ ਸਮੇਤ ਦੋਵੇਂ ਗੱਡੀਆਂ ਵਿੱਚ ਸਵਾਰ ਉਨ੍ਹਾਂ ਦੇ ਸਾਥੀ ਵਾਲ-ਵਾਲ ਬਚ ਗਏ ਅਤੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਮਿਲੀ ਜਾਣਕਾਰੀ ਮੁਤਾਬਕ ਸਰਬਜੀਤ ਸਿੰਘ ਝਿੰਜਰ ਰਾਜਪੁਰਾ ਸਥਿਤ ਨੀਲਮ ਹਸਪਤਾਲ ਤੋਂ ਆਪਣੇ ਕਿਸੇ ਨਜ਼ਦੀਕੀ ਦਾ ਹਾਲ ਚਾਲ ਜਾਣ ਕੇ ਆਪਣੇ ਹਲਕੇ ਘਨੌਰ ਵੱਲ ਜਾ ਰਹੇ ਸਨ। ਇਸ ਦੌਰਾਨ ਪਟਿਆਲਾ-ਚੰਡੀਗੜ੍ਹ ਰੋਡ ’ਤੇ ਗਗਨ ਫੈਕਟਰੀ ਦੇ ਨੇੜੇ ਉਨ੍ਹਾਂ ਦੀ ਗੱਡੀ ਦੇ ਅੱਗੇ ਅਚਾਨਕ ਇੱਕ ਵਾਹਨ ਆ ਗਿਆ। ਉਸ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਝਿੰਜਰ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਕਾਰਨ ਝਿੰਜਰ ਦੀਆਂ ਦੋਵੇਂ ਗੱਡੀਆਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਹਾਦਸੇ ਤੋਂ ਬਾਅਦ ਮੌਕੇ ’ਤੇ ਕੁਝ ਸਮੇਂ ਲਈ ਹਫ਼ੜਾ-ਦਫ਼ੜੀ ਵਾਲਾ ਮਾਹੌਲ ਬਣ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਗੱਡੀਆਂ ਵਿੱਚ ਸਵਾਰ ਕਿਸੇ ਵੀ ਵਿਅਕਤੀ ਨੂੰ ਗੰਭੀਰ ਸੱਟ ਨਹੀਂ ਲੱਗੀ ਅਤੇ ਵੱਡਾ ਹਾਦਸਾ ਟਲ ਗਿਆ।
ਹਾਦਸੇ ਤੋਂ ਬਾਅਦ ਸਰਬਜੀਤ ਸਿੰਘ ਝਿੰਜਰ ਵੱਲੋਂ ਇਸ ਸਬੰਧੀ ਰਾਜਪੁਰਾ ਪੁਲਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੇ ਕਾਰਨਾਂ ਅਤੇ ਇਸ ਵਿੱਚ ਸ਼ਾਮਲ ਵਾਹਨਾਂ ਸਬੰਧੀ ਪੁਲਸ ਵੱਲੋਂ ਤੱਥ ਇਕੱਠੇ ਕੀਤੇ ਜਾ ਰਹੇ ਹਨ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋਣ ਕਾਰਨ ਝਿੰਜਰ ਦੇ ਸਮਰਥਕਾਂ ਅਤੇ ਜਾਣਕਾਰਾਂ ਨੇ ਵੀ ਰਾਹਤ ਦਾ ਸਾਹ ਲਿਆ ਹੈ। ਫਿਲਹਾਲ ਮਾਮਲਾ ਪੁਲਸ ਜਾਂਚ ਅਧੀਨ ਹੈ।
















