ਮੌਜੂਦਾ ਫਾਸ਼ੀਵਾਦੀ ਦੌਰ ‘ਚ ਜਮਹੂਰੀ ਅਧਿਕਾਰਾਂ ਨੂੰ ਚੁਣੌਤੀਆਂ! ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ
ਸੰਗਰੂਰ, 21 ਸਤੰਬਰ 2026- ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ, ਜਮਹੂਰੀ ਅਧਿਕਾਰ ਸਭਾ ਪੰਜਾਬ (ਇਕਾਈ ਸੰਗਰੂਰ) ਵੱਲੋਂ ਅੱਜ ਅਗਰਵਾਲ ਧਰਮਸ਼ਾਲਾ, ਵੱਡਾ ਚੌਂਕ, ਸੰਗਰੂਰ ਵਿਖੇ ਇੱਕ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਗਈ। ਇਸ ਵਿਚਾਰ ਚਰਚਾ ਵਿੱਚ ਵੱਡੀ ਗਿਣਤੀ ਵਿਚ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਅਤੇ ਇਨਸਾਫ਼ ਪਸੰਦ ਵਿਅਕਤੀਆਂ ਭਾਗ ਲਿਆ। ਵਿਚਾਰ ਚਰਚਾ ਨੂੰ ਸ਼ੁਰੂ ਕਰਦਿਆਂ ਸਭਾ ਦੇ ਜ਼ਿਲ੍ਹਾ ਪ੍ਰਧਾਨ
ਜਗਜੀਤ ਭੁਟਾਲ ਨੇ ਬੁਲਾਰੇ,ਮੈਬਰਾਂ,ਜਥੇਬੰਦੀਆ ਤੇ ਇਨਸਾਫ ਪਸੰਦ ਹਾਜਰੀਨ ਨੂੰ ਜੀ ਆਇਆ ਕਿਹਾ। ਅਤੇ ਵਿਚਾਰ ਚਰਚਾ ਲਈ ਰੱਖੇ ਵਿਸ਼ਿਆਂ ਦੀ ਅਹਿਮੀਅਤ ਵਾਰੇ ਚਾਨਣਾ ਪਾਇਆ “ਮੌਜੂਦਾ ਫਾਸ਼ੀਵਾਦੀ ਦੌਰ ਵਿੱਚ ਜਮਹੂਰੀ ਅਧਿਕਾਰਾਂ ਨੂੰ ਚੁਣੌਤੀਆਂ” ਦੇ ਵਿਸੇ ਤੇ ਸੰਬੋਧਨ ਕਰਦਿਆਂ ਪ੍ਰਸਿੱਧ ਚਿੰਤਕ ਤੇ ਸਭਾ ਦੇ ਸੂਬਾ ਆਗੂ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੋਲਣ ਦੀ ਆਜ਼ਾਦੀ, ਵਿਰੋਧ ਕਰਨ ਦੇ ਹੱਕ ਅਤੇ ਜਮਹੂਰੀ ਕਦਰਾਂ-ਕੀਮਤਾਂ ਤੇ ਲਗਾਤਾਰ ਹਮਲੇ ਹੋ ਰਹੇ ਹਨ। ਸਤਾ ਵਲੋਂ ਸਮਾਜਿਕ ਧਰੁਵੀਕਰਨ, ਘੱਟ ਗਿਣਤੀਆਂ ਨੂੰ ਦੁਸ਼ਮਣਾਂ ਦੇ ਕਟਹਿਰੇ ਵਿੱਚ ਖੜਾ ਕੇ ਕੀਤੇ ਜਾ ਰਹੇ ਹਮਲਿਆਂ, ਦੇਸ਼ ਦੇ ਮਾਲ ਖਜ਼ਾਨਿਆਂ ਦੀ ਕਾਰਪੋਰੇਟ ਕੰਪਨੀਆਂ ਤੇ ਧਨ ਕੁਬੇਰਾਂ ਦੇ ਹਵਾਲੇ ਕਰਨ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਇਸ ਦਾ ਵਿਰੋਧ ਕਰਨ ਵਾਲੀਆਂ ਜਨਤਕ ਜਮਹੂਰੀ ਜਥੇਬੰਦੀਆਂ, ਲੇਖਕਾਂ, ਪੱਤਰਕਾਰਾਂ, ਵਿਦਿਆਰਥੀਆਂ, ਤੇ ਬੁਧੀਜੀਵੀਆਂ ਨੂੰ ਕਲਮ ਵਾਲੇ ਨਕਸਲੀ, ਸ਼ਹਿਰੀ ਨਕਸਲੀ ਜਾਂ ਦਿਮਾਗੀ ਨਕਸਲੀ ਗ਼ਰਦਾਨ ਕੇ ਸਿਧੇ ਹਕੂਮਤੀ ਹਮਲੇ ਹੇਠ ਲਿਆ ਹੋਇਆ ਹੈ।
ਸ਼ਹੀਦ ਭਗਤ ਸਿੰਘ ਨੇ ਜਿਸ ਇਨਸਾਫ ਪਸੰਦ ਅਤੇ ਬਰਾਬਰੀ ਵਾਲੇ ਸਮਾਜ ਦਾ ਸੁਪਨਾ ਲਿਆ ਸੀ, ਉਸਨੂੰ ਬਚਾਉਣ ਲਈ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਇੱਕਜੁੱਟ ਹੋਣਾ ਪਵੇਗਾ। ਦੇਸ਼ ਦੇ ਕਿਰਤੀ ਲੋਕਾਂ ਸ਼ਹੀਦ ਭਗਤ ਸਿੰਘ ਦੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਵਰਗੇ ਵਿਚਾਰਾਂ ਦੀ ਰਾਖੀ ਲਈ ਫਾਸ਼ੀਵਾਦੀ ਵਿਰੋਧੀ ਤਾਕਤਾਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ। “ਭਾਰਤ ਵਿੱਚ ਨਾਗਰਿਕਤਾ ਦਾ ਸਵਾਲ ਤੇ ਜਮਹੂਰੀ ਅਧਿਕਾਰ” ਤੇ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਕਮੇਟੀ ਦੇ ਮੈਂਬਰ ਸਵਰਨਜੀਤ ਸਿੰਘ ਸੰਗਰੂਰ ਨੇ ਕਿਹਾ ਕਿ ਨਾਗਰਿਕਤਾ ਦਾ ਮੁੱਦਾ ਸਿਰਫ ਕਾਗਜ਼ਾਂ ਦਾ ਮੁੱਦਾ ਨਹੀਂ, ਸਗੋਂ ਇਹ ਹਰ ਵਿਅਕਤੀ ਦੇ ਜਿਉਣ, ਬਰਾਬਰੀ, ਇਨਸਾਫ਼, ਅਧਿਕਾਰਾਂ ਨੂੰ ਮਾਨਣ ਤੇ ਸਨਮਾਨ ਨਾਲ ਜੁੜਿਆ ਹੋਇਆ ਹੈ।
ਸੀ ਸੀ ਏ/ ਐਨ ਆਰ ਸੀ ਦੇ ਵਿਰੋਧ ਵਿਚ ਸਮੁੱਚੇ ਦੇਸ਼ ਦੇ ਲੋਕਾਂ ਦੇ ਇਕ ਜੁੱਟ ਵਿਰੋਧ ਕਾਰਨ ਪਿਛੇ ਹਟੇ ਹਾਕਮਾਂ ਨੇ ਸਾਜ਼ਿਸ਼ ਅਧੀਨ ਚੋਣ ਕਮਿਸ਼ਨ ਰਾਹੀਂ ਐਸ ਆਈ ਆਰ ਮੜ ਕੇ ਗਰੀਬ ਲੋਕਾਂ ਘੱਟ ਗਿਣਤੀਆਂ, ਦਲਿਤਾਂ ਔਰਤਾਂ ਦੀਆਂ ਵੋਟਾਂ ਨੂੰ ਦੀ ਸੁਧਾਈ ਦੇ ਨਾ ਤੇ ਕੱਟ ਕੇ ਲੋਕਾਂ ਦੀ ਨਾਗਰਿਕਤਾ ਉੱਪਰ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ।
ਇਸ ਨਾਲ ਇਕ ਪਾਸੇ ਮੌਜੂਦਾ ਹਾਕਮਾਂ ਆਪਣੀ ਸਤਾ ਨੂੰ ਪੱਕੇ ਪੈਰੀਂ ਕਰਨ ਲਈ ਮਨਮਰਜ਼ੀ ਦੀਆਂ ਵੋਟਰ ਸੂਚੀਆਂ ਬਨਵਾ ਰਹੇ ਹਨ ਤੇ ਦੂਜੇ ਪਾਸੇ ਅਸਿਧੇ ਰੂਪ ਵਿੱਚ ਐਨ ਆਰ ਸੀ ਕਰਨ ਦੇ ਵਰਤਾਰੇ ਅਧੀਨ ਆਪਣੇ ਹਿੰਦੂ ਤਵੀ ਮਨੂਵਾਦੀ ਏਜੰਡੇ ਨੂੰ ਲਾਗੂ ਕਰਦਿਆਂ ਦੇਸ਼ ਦੇ ਗਰੀਬ ਲੋਕਾਂ, ਦਲਿਤਾਂ, ਆਦਿ ਵਾਸੀਆਂ, ਔਰਤਾਂ ਤੋਂ ਨਾਗਰਿਕਤਾ ਖੋਹਣ ਦੀ ਤਲਵਾਰ ਲਟਕਾ ਕੇ ਉਨ੍ਹਾਂ ਨੂੰ ਸਤਾ ਦੀ ਰਜ਼ਾ ਵਿਚ ਰਹਿਣ ਲਈ ਮਜਬੂਰ ਕਰਨ ਵਾਲਾ ਮਹੌਲ ਬਣਾ ਰਹੇ ਹਨ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਵਿੱਤ ਸਕੱਤਰ ਤਰਸੇਮ ਧੂਰੀ ਨੇ ਵੀ ਇਹਨਾਂ ਵਿਸ਼ਿਆਂ ਤੇ ਆਪਣੇ ਵੀ ਵਿਚਾਰ ਸਾਂਝੇ ਕੀਤੇ।
ਕੁਲਵਿੰਦਰ ਸਿੰਘ ਬੰਟੀ ਵੱਲੋਂ ਪੇਸ਼ ਕੀਤੇ ਐਸ ਆਈ ਆਰ ਨੂੰ ਬੰਦ ਕਰਨ, ਅਮਰੀਕਾ ਭਾਰਤ ਬੇਮੇਚਾ ਵਪਾਰ ਸਮਝੌਤੇ ਦੀ ਪ੍ਰਕਿਰਿਆ ਬੰਦ ਕਰਨ, ਉਮਰ ਖਾਲਿਦ, ਸਰਜੀਲ ਇਮਾਮ ਸਮੇਤ ਝੂਠੇ ਕੇਸਾਂ ਵਿੱਚ ਬੰਦ ਆਗੂਆਂ, ਬੁਧੀਜੀਵੀਆਂ, ਕਾਰਕੁਨਾਂ ਨੂੰ ਰਿਹਾ ਕਰਨ, ਜਹਾਂਗੀਰ ਇਥਨੋਲ ਫੈਕਟਰੀ ਬੰਦ ਕਰਨ, ਪੁਲਿਸ ਦੀਆਂ ਗੱਡੀਆਂ ਤੋਂ ਪਸਤੌਲ ਦੀ ਤਸਵੀਰ ਹਟਾਉਣ, ਲੇਬਰ ਕੋਡ ਰੱਦ ਕਰਨ, ਵੀਬੀ ਜੀ ਰਾਮ ਜੀ ਰੱਦ ਕਰਕੇ ਮਨਰੇਗਾ ਕਾਨੂੰਨ ਬਹਾਲ ਕਰਨ, ਦਿੜ੍ਹਬਾ ਖੁਦਕੁਸ਼ੀ ਕੇਸ ਵਿੱਚ ਵਿਤ ਮੰਤਰੀ ਨੂੰ ਨਾਮਜ਼ਦ ਕਰਨ ਤੇ ਸ਼ੇਰੋਂ ਕੇਸ ਵਿੱਚ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਕੇਸ ਦਰਜ ਕਰਨ, ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦੇ ਮਤਿਆਂ ਨੂੰ ਹਾਊਸ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ। ਕੁਲਦੀਪ ਸਿੰਘ ਸਕੱਤਰ ਨੇ ਸਟੇਜ਼ ਸੰਚਾਲਨ ਬਾਖੂਬੀ ਨਿਭਾਈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਲੌਂਗੋਵਾਲ ਦਰਸ਼ਨ ਕੁਨਰਾ, ਅਵਤਾਰ ਸਿੰਘ ਸਾਹੋਕੇ,ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਰੋਹੀ ਸਿੰਘ ਮੰਗਵਾਲ, ਤਰਕਸ਼ੀਲ ਸੁਸਾਇਟੀ ਦੇ ਪਰਮ ਵੇਦ,ਸੁਰਿੰਦਰ ਪਾਲ,ਭਾਰਤੀ ਕਿਸਾਨ ਯੂਨੀਅਨ ਡਕੋਦਾ ਬੁਰਜਗਿਲ ਦੇ ਆਗੂ ਧੀਰਾ ਸਿੰਘ ਭੱਟੀਵਾਲ,ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਆਗੂ ਹਰਮੇਲ ਸਿੰਘ ਮਹਿਰੋਕ,ਭਾਰਤੀ ਕਿਸਾਨ ਯੂਨੀਅਨ ਧਨੇਰ ਦੇ ਆਗੂ ਜਗਤਾਰ ਸਿੰਘ ਦੁੱਗਾ, ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿਲਵਾਂ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਚਰਨ ਸਿੰਘ ਫੌਜੀ ਘਰਾਚੋਂ,ਜਸਵੀਰ ਕੌਰ,ਨਰਸਿੰਗ ਐਸੋਸੀਏਸ਼ਨ ਦੀ ਆਗੂ ਯੋਗਤਾ, ਪੀ ਐਸ ਐਸ ਐਫ,ਵਿਗਿਆਨਕ ਫੈਡਰੇਸ਼ਨ ਦੇ ਆਗੂ ਅਸ਼ੋਕ ਕੁਮਾਰ ਐਸ ਆਈ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਰਮ ਦਿਓਲ,ਮਨਪ੍ਰੀਤ ਛਾਜਲੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਸੰਜੀਵ ਮਿੱਟੂ ਦੇ ਆਗੂ ਮੇਜਰ ਉਪਲੀ,ਕਿਸਾਨ ਵਿਕਾਸ ਫਰੰਟ ਦੇ ਆਗੂ ਮਹਿੰਦਰ ਸਿੰਘ ਭੱਠਲ,ਗੁਰਚਰਨ ਸਿੰਘ,ਪਿੰਡ ਬਚਾਓ ਪੰਜਾਬ ਬਚਾਓ ਦੇ ਆਗੂ ਫਲਜੀਤ ਸਿੰਘ,ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਆਗੂ ਰਜਿੰਦਰ ਰਾਜਨ,ਟੈਕਨੀਕਲ ਐਡ ਮਕੈਨੀਕਲ ਇੰਪਲਾਈ ਯੂਨੀਅਨ ਦੇ ਆਗੂ ਬੱਬਨ ਪਾਲ ਅਤੇ ਗੁਰਚਰਨ ਸਿੰਘ ਅਕੋਈ,ਕੇਂਦਰੀ ਲੇਖਕ ਸਭਾ ਦੇ ਡਾਕਟਰ ਭਗਵੰਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਇਨਸਾਫ ਤੇ ਜਮਹੂਰੀਅਤ ਪਸੰਦ ਲੋਕਾਂ, ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਅਤੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਜਮਹੂਰੀ ਅਧਿਕਾਰ ਸਭਾ ਇਕਾਈ ਦੇ ਕਾਰਜਕਾਰੀ ਕਮੇਟੀ ਮੈਂਬਰ ਗੁਰਜੰਟ ਸਿੰਘ ਬਡਰੁੱਖਾਂ, ਰਘਵੀਰ ਭੁਟਾਲ, ਕਮਲਜੀਤ ਸਿੰਘ,ਚੰਦ ਸਿੰਘ ਧੂਰੀ,ਸੁਖਚੈਨ ਸਿੰਘ ਕਲੇਰਾਂ, ਅਮਰੀਕ ਖੋਖਰ,ਇਕਬਾਲ ਕੌਰ,ਡਾਕਟਰ ਕਿਰਨਪਾਲ ਕੌਰ ਅਤੇ ਹਰਪ੍ਰੀਤ ਕੌਰ ਹਾਜ਼ਰ ਸਨ। ਅੰਤ ਵਿੱਚ ਜਥੇਬੰਦੀ ਦੇ ਮੀਤ ਬਸੇਸਰ ਰਾਮ ਨੇ ਆਏ ਹੋਏ ਸਾਰੇ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ “ਜਮਹੂਰੀ ਹੱਕਾਂ ਦੀ ਰੱਖਿਆ ਸਭ ਦੀ ਜ਼ਿੰਮੇਵਾਰੀ ਹੈ” ਦੇ ਨਾਅਰੇ ਤਹਿਤ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕੀਤੇ ਜਾਂਦੇ ਰਹਿਣਗੇ।
















