Join WhatsApp

Join Now

ਚੱਕਰਵਾਤੀ ਤੂਫਾਨ ਦਾ ਅਲਰਟ ਜਾਰੀ, IMD ਵੱਲੋਂ 3 ਰਾਜਾਂ ਲਈ ਚੇਤਵਾਨੀ

On: September 21, 2026 2:37 PM

 

ਮਾਨਸੂਨ ਦੀ ਵਾਪਸੀ ਨਾਲ ਦੇਸ਼ ‘ਚ ਚੱਕਰਵਾਤੀ ਤੂਫਾਨ ਦਾ ਅਲਰਟ ਜਾਰੀ, IMD ਵੱਲੋਂ 3 ਰਾਜਾਂ ਲਈ ਚੇਤਵਾਨੀ

ਬੰਗਾਲ ਦੀ ਖਾੜੀ ‘ਚ ਬਣ ਰਿਹਾ ਡੀਪ ਡਿਪ੍ਰੈਸ਼ਨ: 40-50 ਕਿਲੋਮੀਟਰ ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ, ਮਛੇਰਿਆਂ ਨੂੰ ਸਮੁੰਦਰ ਤੋਂ ਦੂਰ ਰਹਿਣ ਦੀ ਅਪੀਲ

ਨਵੀਂ ਦਿੱਲੀ:

ਦੇਸ਼ ਵਿੱਚੋਂ ਦੱਖਣ-ਪੱਛਮੀ ਮਾਨਸੂਨ ਦੀ ਵਾਪਸੀ ਦੇ ਨਾਲ ਹੀ ਸਾਲ ਦਾ ਪਹਿਲਾ ਚੱਕਰਵਾਤੀ ਤੂਫਾਨ ‘ਅਰਨਬ’ (Cyclone Arnab) ਦਸਤਕ ਦੇਣ ਜਾ ਰਿਹਾ ਹੈ। ਇਸ ਨੂੰ ਲੈ ਕੇ ਭਾਰਤੀ ਮੌਸਮ ਵਿਭਾਗ (IMD) ਨੇ ਗੰਭੀਰ ਚੇਤਾਵਨੀ ਅਤੇ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਇਸ ਚੱਕਰਵਾਤੀ ਤੂਫਾਨ ਦੀ ਲਪੇਟ ਵਿੱਚ ਮੁੱਖ ਤੌਰ ‘ਤੇ ਦੇਸ਼ ਦੇ ਤਿੰਨ ਰਾਜ ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਅਤੇ ਉੜੀਸਾ ਆ ਸਕਦੇ ਹਨ, ਜਿੱਥੇ ਤੇਜ਼ ਤੂਫਾਨੀ ਹਵਾਵਾਂ ਦੇ ਨਾਲ-ਨਾਲ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

IMD ਦੀ ਡਾਇਰੈਕਟਰ ਮਨੋਰਮਾ ਮੋਹੰਤੀ ਅਨੁਸਾਰ, ਉੱਤਰੀ ਅੰਡਮਾਨ ਸਾਗਰ ਦੇ ਉੱਪਰ ਸਮੁੰਦਰ ਤਲ ਤੋਂ ਲਗਭਗ 7.6 ਕਿਲੋਮੀਟਰ ਦੀ ਉਚਾਈ ‘ਤੇ ਇੱਕ ਸਾਈਕਲੋਨਿਕ ਸਰਕੁਲੇਸ਼ਨ ਬਣਿਆ ਹੋਇਆ ਹੈ। ਇਸ ਦੇ ਪ੍ਰਭਾਵ ਨਾਲ 19 ਸਤੰਬਰ ਦੀ ਸ਼ਾਮ ਤੋਂ ਘੱਟ ਦਬਾਅ ਵਾਲਾ ਖੇਤਰ (Low-Pressure Area) ਬਣਨਾ ਸ਼ੁਰੂ ਹੋਇਆ ਸੀ, ਜੋ ਹੌਲੀ-ਹੌਲੀ ਪੱਛਮ-ਉੱਤਰ-ਪੱਛਮ ਵੱਲ ਵਧਿਆ। ਇਹ ਪ੍ਰਣਾਲੀ 21 ਸਤੰਬਰ ਨੂੰ ਪੂਰਬੀ-ਮੱਧ ਬੰਗਾਲ ਦੀ ਖਾੜੀ ਵਿੱਚ ਅਤੇ 22 ਸਤੰਬਰ ਤੱਕ ਪੱਛਮੀ-ਮੱਧ ਬੰਗਾਲ ਦੀ ਖਾੜੀ ਵਿੱਚ ਇੱਕ ‘ਡੀਪ ਡਿਪ੍ਰੈਸ਼ਨ’ ਵਿੱਚ ਤਬਦੀਲ ਹੋ ਜਾਵੇਗੀ।

ਇਸ ਤੋਂ ਬਾਅਦ ਇਹ ਪੂਰੀ ਤਰ੍ਹਾਂ ਚੱਕਰਵਾਤੀ ਤੂਫਾਨ ਦਾ ਰੂਪ ਧਾਰਨ ਕਰਕੇ ਸਮੁੰਦਰੀ ਤੱਟਾਂ ਨਾਲ ਟਕਰਾਏਗਾ। ਮੌਸਮ ਵਿਭਾਗ ਅਨੁਸਾਰ ਸੋਮਵਾਰ ਰਾਤ ਤੋਂ ਹੀ ਤਿੰਨਾਂ ਰਾਜਾਂ ਵਿੱਚ ਮੀਂਹ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਹੈ, ਜੋ ਸ਼ੁੱਕਰਵਾਰ ਤੱਕ ਜਾਰੀ ਰਹਿਣ ਦੀ ਉਮੀਦ ਹੈ। ਅਗਲੇ 5 ਦਿਨਾਂ ਦੌਰਾਨ ਇਨ੍ਹਾਂ ਖੇਤਰਾਂ ਵਿੱਚ ਗਰਜ-ਚਮਕ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ, ਪੂਰਬੀ ਅਤੇ ਪੱਛਮੀ ਮਿਦਨਾਪੁਰ, ਪੱਛਮੀ ਵਰਧਮਾਨ, ਬੀਰਭੂਮ, ਮੁਰਸ਼ਿਦਾਬਾਦ, ਪੁਰੂਲੀਆ ਅਤੇ ਝਾਰਗ੍ਰਾਮ ਵਰਗੇ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਭਾਰੀ ਮੀਂਹ ਪੈ ਸਕਦਾ ਹੈ। ਦੂਜੇ ਪਾਸੇ, ਉੱਤਰੀ ਬੰਗਾਲ ਵਿੱਚ ਘੱਟ ਮੀਂਹ ਦੀ ਸੰਭਾਵਨਾ ਹੈ। ਮਾਲਦਾ, ਉੱਤਰ ਅਤੇ ਦੱਖਣ ਦਿਨਾਜਪੁਰ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਬੁੱਧਵਾਰ ਅਤੇ ਵੀਰਵਾਰ ਨੂੰ ਜਲਪਾਈਗੁੜੀ ਅਤੇ ਦਾਰਜੀਲਿੰਗ ਵਿੱਚ ਭਾਰੀ ਮੀਂਹ ਪੈਣ ਦੇ ਆਸਾਰ ਹਨ।

ਖਰਾਬ ਮੌਸਮ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਮਛੇਰਿਆਂ, ਆਮ ਨਾਗਰਿਕਾਂ ਅਤੇ ਸੈਲਾਨੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੁੰਦਰੀ ਤੱਟਾਂ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਉੱਥੇ ਜਾਣ ਤੋਂ ਰੋਕਣ, ਕਿਉਂਕਿ ਅਜਿਹੀ ਕੁਦਰਤੀ ਆਫ਼ਤ ਵੇਲੇ ਸਾਵਧਾਨੀ ਹੀ ਸਭ ਤੋਂ ਵੱਡਾ ਬਚਾਅ ਹੈ। ਹਾਲਾਂਕਿ IMD ਅਨੁਸਾਰ ਅਜੇ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋਇਆ ਹੈ ਕਿ ਘੱਟ ਦਬਾਅ ਵਾਲਾ ਖੇਤਰ ਚੱਕਰਵਾਤ ਵਿੱਚ ਬਦਲਣ ਤੋਂ ਬਾਅਦ ਕਿੰਨਾ ਜ਼ਿਆਦਾ ਤਬਾਹੀ ਮਚਾਏਗਾ, ਪਰ ਇਸ ਦਾ ਅਸਰ ਤੱਟਵਰਤੀ ਇਲਾਕਿਆਂ ਵਿੱਚ ਸਾਫ਼ ਦੇਖਣ ਨੂੰ ਮਿਲੇਗਾ।

ਦੇਸ਼ ਵਿੱਚ ਇਸ ਵੇਲੇ ਦੱਖਣ-ਪੱਛਮੀ ਮਾਨਸੂਨ ਪੱਛਮੀ ਰਾਜਸਥਾਨ ਦੇ ਕੁੱਝ ਹਿੱਸਿਆਂ ਤੋਂ ਵਾਪਸੀ ਕਰ ਰਿਹਾ ਹੈ। ਮੌਸਮ ਵਿਭਾਗ ਮੁਤਾਬਕ 25 ਤੋਂ 28 ਸਤੰਬਰ ਦਰਮਿਆਨ ਮਹਾਰਾਸ਼ਟਰ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਾਲ ਪ੍ਰਸ਼ਾਂਤ ਮਹਾਸਾਗਰ ਵਿੱਚ ‘ਐਲ ਨੀਨੋ’ (El Niño) ਸਰਗਰਮ ਹੈ, ਜੋ ਦਸੰਬਰ ਤੱਕ ਹੋਰ ਮਜ਼ਬੂਤ ਹੋ ਸਕਦਾ ਹੈ। ਇਸ ਦੇ ਪ੍ਰਭਾਵ ਨਾਲ ਇਸ ਵਾਰ ਸਰਦੀਆਂ ਦਾ ਮੌਸਮ ਵੀ ਆਮ ਨਾਲੋਂ ਵੱਖਰਾ ਰਹਿ ਸਕਦਾ ਹੈ। ਜਿਵੇਂ ਗਰਮੀਆਂ ਵਿੱਚ ਬਹੁਤ ਜ਼ਿਆਦਾ ਹੁਮਸ ਅਤੇ ਭਾਰੀ ਮੀਂਹ ਨੇ ਤਬਾਹੀ ਮਚਾਈ ਸੀ, ਉਸੇ ਤਰ੍ਹਾਂ ਸਰਦੀਆਂ ਵਿੱਚ ਵੀ ਮੌਸਮ ਦਾ ਮਿਜ਼ਾਜ ਆਮ ਨਾਲੋਂ ਵਧੇਰੇ ਗਰਮ ਜਾਂ ਅਣਕਿਆਸੇ ਬਦਲਾਅ ਵਾਲਾ ਰਹਿਣ ਦੇ ਆਸਾਰ ਹਨ।

 

Leave a Comment