Join WhatsApp

Join Now

ਪੰਜਾਬ ‘ਚ ਬਿਜਲੀ ਦੀ ਮੰਗ ਨੇ ਤੋੜੇ ਸਾਰੇ ਰਿਕਾਰਡ; 16,893 ਮੈਗਾਵਾਟ ‘ਤੇ ਪੁੱਜੀ ਖਪਤ! ਮਾਨ ਸਰਕਾਰ ਮੁਸੀਬਤ ‘ਚ ਫਸੀ

On: September 14, 2026 12:36 PM

 

ਪੰਜਾਬ ‘ਚ ਬਿਜਲੀ ਦੀ ਮੰਗ ਨੇ ਤੋੜੇ ਸਾਰੇ ਰਿਕਾਰਡ; 16,893 ਮੈਗਾਵਾਟ ‘ਤੇ ਪੁੱਜੀ ਖਪਤ! ਮਾਨ ਸਰਕਾਰ ਮੁਸੀਬਤ ‘ਚ ਫਸੀ

ਲਹਿਰਾ ਮੁਹੱਬਤ, 14 ਸਤੰਬਰ 2026

ਪੰਜਾਬ ਵਿੱਚ ਭਾਰੀ ਤਪਸ਼ ਅਤੇ ਝੋਨੇ ਦੀ ਫ਼ਸਲ ਲਈ ਸਿੰਚਾਈ ਦੀ ਲੋੜ ਕਰਕੇ ਬਿਜਲੀ ਦੀ ਮੰਗ ਇਤਿਹਾਸਕ ਪੱਧਰ ‘ਤੇ ਪਹੁੰਚ ਗਈ ਹੈ। ਇਸ ਮੰਗ ਨੇ ਮਾਨ ਸਰਕਾਰ ਦੀ ਮੁਸੀਬਤ ਹੋਰ ਵਧਾ ਦਿੱਤੀ ਹੈ।।ਪੰਜਾਬ ਪਾਵਰਕਾਮ ਵੱਲੋਂ ਖੇਤੀਬਾੜੀ, ਘਰੇਲੂ ਖਪਤਕਾਰਾਂ ਅਤੇ ਸਨਅਤੀ ਖੇਤਰ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਭਰਪੂਰ ਯਤਨ ਕੀਤੇ ਜਾ ਰਹੇ ਹਨ।

ਪਰ ਬਿਜਲੀ ਦੀ ਮੰਗ 16,893.48 ਮੈਗਾਵਾਟ ਦੇ ਸਰਵ-ਉੱਚ ਰਿਕਾਰਡ ਨੂੰ ਛੂਹ ਚੁੱਕੀ ਹੈ। ਇਸ ਬੇਮਿਸਾਲ ਵਾਧੇ ਨੇ ਬਿਜਲੀ ਨਿਗਮ ਦੇ ਪ੍ਰਬੰਧਾਂ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ।

ਮੀਂਹ ਘੱਟ ਪੈਣ ਕਾਰਨ ਸਤੰਬਰ ਦੇ ਮਹੀਨੇ ਵਿੱਚ ਪਈ ਅੱਗ ਵਰਾਊ ਗਰਮੀ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਾਲ 2025 ਦੌਰਾਨ ਪੰਜਾਬ ਵਿੱਚ ਸਭ ਤੋਂ ਵੱਧ ਬਿਜਲੀ ਦੀ ਮੰਗ 16,670 ਮੈਗਾਵਾਟ ਦਰਜ ਕੀਤੀ ਗਈ ਸੀ, ਜੋ ਇਸ ਵਾਰ ਬਹੁਤ ਪਿੱਛੇ ਛੁੱਟ ਗਈ ਹੈ।

ਮੌਜੂਦਾ ਸਮੇਂ ਪੰਜਾਬ ਦਾ ਆਪਣਾ ਕੁੱਲ ਬਿਜਲੀ ਉਤਪਾਦਨ ਮਹਿਜ਼ 5,759 ਮੈਗਾਵਾਟ ਹੈ। ਇਸ ਵਿਸ਼ਾਲ ਪਾੜੇ ਨੂੰ ਪੂਰਨ ਲਈ ਪਾਵਰਕਾਮ ਵੱਲੋਂ ਕੇਂਦਰੀ ਪੂਲ ਅਤੇ ਬਾਹਰੀ ਸਰੋਤਾਂ ਤੋਂ ਵੱਡੇ ਪੱਧਰ ‘ਤੇ ਬਿਜਲੀ ਖ਼ਰੀਦੀ ਜਾ ਰਹੀ ਹੈ।

ਪੰਜਾਬ ਉੱਤਰੀ ਭਾਰਤ ਦੇ 7 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਸਭ ਤੋਂ ਵੱਧ 11,135.19 ਮੈਗਾਵਾਟ ਬਿਜਲੀ ਬਾਹਰੋਂ ਪ੍ਰਾਪਤ ਕਰਕੇ ਸਿਖ਼ਰ ‘ਤੇ ਆ ਗਿਆ ਹੈ।

ਇੰਨੇ ਵਿਸ਼ਾਲ ਪ੍ਰਬੰਧਾਂ ਦੇ ਬਾਵਜੂਦ, ਬਿਜਲੀ ਦੀ ਘਾਟ ਕਾਰਨ ਨਿਗਮ ਨੂੰ ਵੱਖ-ਵੱਖ ਖੇਤਰਾਂ ਵਿੱਚ ਬਿਜਲੀ ਕੱਟ ਲਗਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਕੱਟਾਂ ਕਾਰਨ ਆਮ ਜਨ-ਜੀਵਨ ਅਤੇ ਆਰਥਿਕ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ।

ਬਿਜਲੀ ਦੇ ਕੱਟਾਂ ਕਾਰਨ ਫ਼ਸਲਾਂ ਦੇ ਸੁੱਕਣ ਦੇ ਡਰ ਅਤੇ ਭਾਰੀ ਗਰਮੀ ਕਾਰਨ ਲੋਕਾਂ ਦਾ ਜੀਉਣਾ ਦੁਭਰ ਹੋ ਗਿਆ ਹੈ, ਜਿਸ ਕਰਕੇ ਰੋਸ ਵਿੱਚ ਆਏ ਲੋਕ ਸੜਕਾਂ ‘ਤੇ ਉੱਤਰ ਕੇ ਧਰਨੇ-ਪ੍ਰਦਰਸ਼ਨ ਕਰ ਰਹੇ ਹਨ। ਬਿਜਲੀ ਸਪਲਾਈ ਠੱਪ ਹੋਣ ਕਾਰਨ ਕਾਰਖਾਨਿਆਂ ਵਿੱਚ ਉਤਪਾਦਨ ਰੁਕ ਗਿਆ ਹੈ। ਉਦਯੋਗਪਤੀਆਂ ਨੂੰ ਜਨਰੇਟਰਾਂ ਅਤੇ ਵਾਧੂ ਖ਼ਰਚਿਆਂ ਦਾ ਬੋਝ ਝੱਲਣਾ ਪੈ ਰਿਹਾ ਹੈ, ਜਿਸ ਨਾਲ ਆਰਥਿਕ ਨੁਕਸਾਨ ਵਧ ਰਿਹਾ ਹੈ।

ਦੂਜੇ ਪਾਸੇ ਪਾਵਰਕਾਮ ਲਈ ਬਿਜਲੀ ਦੀ ਇਸ ਅਥਾਹ ਮੰਗ ਅਤੇ ਸੀਮਤ ਉਤਪਾਦਨ ਵਿਚਕਾਰ ਸੰਤੁਲਨ ਬਣਾਉਣਾ ਇੱਕ ਵੱਡੀ ਸਿਰਦਰਦੀ ਬਣ ਚੁੱਕਾ ਹੈ।

Leave a Comment