ETT ਅਧਿਆਪਕਾਂ ਨੇ ਵਿੱਤ ਮੰਤਰੀ ਹਰਪਾਲ ਚੀਮਾ ਖ਼ਿਲਾਫ਼ ਖੋਲ੍ਹਿਆ ਮੋਰਚਾ; ਦਿੜ੍ਹਬਾ ਦੇ ਪਿੰਡਾਂ ‘ਚ ਕੀਤਾ ਭੰਡੀ ਪ੍ਰਚਾਰ

On: ਜੂਨ 8, 2026 1:55 ਬਾਃ ਦੁਃ

 

ETT ਅਧਿਆਪਕਾਂ ਨੇ ਦਿੜ੍ਹਬਾ ਦੇ ਵੱਖ ਵੱਖ ਪਿੰਡਾਂ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਖਿਲਾਫ ਭੰਡੀ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਜਾਣੂੰ ਕਰਵਾਇਆ ਕਿ, ਇਸ ਹਲਕੇ ‘ਚੋਂ ਜਿੱਤ ਕੇ ਕਿਸ ਤਰਾਂ ਚੀਮਾ ਲੋਕਾਂ ਨੂੰ ਲਾਰਿਆਂ ਨਾਲ ਟਰਕਾ ਰਹੇ ਹਨ

ਅਸ਼ੋਕ ਵਰਮਾ

ਦਿੜ੍ਹਬਾ, 8 ਜੂਨ 2026 : ਈਟੀਟੀ (ETT) ਟੈਟ ਪਾਸ ਅਧਿਆਪਕ ਐਸੋਸੀਏਸ਼ਨ ਜੈ ਸਿੰਘ ਵਾਲਾ ਦੀ ਅਗਵਾਈ ਹੇਠ 180 ਈ ਟੀ ਟੀ ਅਧਿਆਪਕਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਹਲਕਾ ਦਿੜ੍ਹਬਾ ਦੇ ਵੱਖ ਵੱਖ ਪਿੰਡਾਂ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਖਿਲਾਫ ਭੰਡੀ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਜਾਣੂੰ ਕਰਵਾਇਆ ਕਿ ਇਸ ਹਲਕੇ ‘ਚੋਂ ਜਿੱਤ ਕੇ ਕਿਸ ਤਰਾਂ ਚੀਮਾ ਲੋਕਾਂ ਨੂੰ ਲਾਰਿਆਂ ਨਾਲ ਟਰਕਾ ਰਹੇ ਹਨ।

ਅੱਗ ਵਰ੍ਹਾਉਂਦੀ ਗਰਮੀ ਦੇ ਬਾਵਜੂਦ ਇੰਨ੍ਹਾਂ ਅਧਿਆਪਕਾਂ ਨੇ ਲੋਕਾਂ ਨੂੰ ਦੱਸਿਆ ਕਿ ਕਿਸ ਤਰਾਂ ਛਲਾਵਾਪੂਰਨ ਵਾਅਦਿਆਂ ਨਾਲ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਲੋਕਾਂ ਨੂੰ ਗੁੰਮਰਾਹ ਕਰਨ ’ਚ ਲੱਗੇ ਹੋਏ ਹਨ। ਅਧਿਆਪਕਾਂ ਨੇ ਪਿੰਡ ਛਾਜਲਾ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਅਤੇ ਇਸ ਮੌਕੇ ਕੀਤੇ ਰੋਸ ਮਾਰਚ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ।

ਅਧਿਆਪਕਾਂ ਮੁਤਾਬਕ ਕਾਂਗਰਸ ਸਰਕਾਰ ਦੌਰਾਨ 180 ਅਧਿਆਪਕਾਂ ਦੀਆਂ ਦੀਆਂ ਸੇਵਾਵਾਂ ਸਮਾਪਤ ਕਰਕੇ ਧੱਕੇ ਨਾਲ ਕੇਂਦਰੀ ਸਕੇਲ ਲਾਗੂ ਕਰ ਦਿੱਤੇ ਸਨ ਜੋ ਸਾਰੇ ਪੁਆੜੇ ਦੀ ਜੜ੍ਹ ਅਤੇ ਸੰਘਰਸ਼ ਦਾ ਮੁੱਖ ਕਾਰਨ ਹੈ। ਇਸ ਤੋਂ ਮਗਰੋਂ ਅਧਿਆਪਕਾਂ ਨੇ ਪੰਜ ਸਾਲ ਕਾਂਗਰਸ ਸਰਕਾਰ ਨਾਲ ਲਗਾਤਾਰ ਲੜਾਈ ਲੜੀ।

ਆਪਣੇ ਸੰਘਰਸ਼ ਦੌਰਾਨ ਈ ਟੀ ਟੀ ਅਧਿਆਪਕ ਸੋਹਣ ਸਿੰੰਘ 27 ਨਵੰਬਰ 2021 ਨੂੰ ਪੰਜਾਬ ਅਤੇ ਚੰਡੀਗੜ੍ਹ ਦੀਆਂ ਖੁਫੀਆ ਏਜੰਸੀਆਂ ਦੇ ਅੱਖੀਂ ਘੱਟਾ ਪਾਕੇ ਐਮ ਐਲ ਏ ਹੋਸਟਲ ਵਿਚਲੇ ਮੋਬਾਈਲ ਟਾਵਰ ’ਤੇ ਪੈਟਰੋਲ ਦੀ ਬੋਤਲ ਸਮੇਤ ਚੜ੍ਹ ਗਿਆ ਸੀ। ਉਦੋਂ ਵਿਰੋਧੀ ਧਿਰ ਦੇ ਨੇਤਾ ਅਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਰਕਾਰ ਆਉਣ ’ਤੇ ਅਧਿਆਪਕਾਂ ਨਾਲ ਹੋਈ ਬੇਇਨਸਾਫੀ ਦੂਰ ਕਰਨ ਦਾ ਵਾਅਦਾ ਕੀਤਾ ਸੀ। ਅਧਿਆਪਕ ਆਖਦੇ ਹਨ ਕਿ ਪੰਜ ਸਾਲ ਦਾ ਸਮਾਂ ਹੋਣ ਵਾਲਾ ਹੈ ਪਰ ਵੱਡੇ ਬਹੁਮੱਤ ਨਾਲ ਬਣੀ ਸਰਕਾਰ ਨੇ ਵਾਅਦਾ ਨਹੀਂ ਨਿਭਾਇਆ ਹੈ।

ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਸਕੂਲਾਂ ਨੂੰ ਪ੍ਰਫੁੱਲਤ ਕਰਨ ਦੇ ਦਮਗਜੇ ਮਾਰ ਰਹੀ ਹੈ ਜਦੋਂਕਿ ਦੂਸਰੀ ਤਰਫ ਅਧਿਆਪਕਾਂ ਨੂੰ ਇੱਕ ਸਜਿਸ਼ ਤਹਿਤ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਕੀਤਾ ਜਾ ਰਿਹਾ ਹੈ। ਇਸ ਮੌਕੇ ਅਧਿਆਪਕਾਂ ਨੇ ਪਿੰਡਾਂ ’ਚ ਲੋਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ 2022 ਵਿੱਚ ਹਰਪਾਲ ਚੀਮਾ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਬੇਹਤਰ ਪੰਜਾਬ ਸਿਰਜਣ ਦਾ ਵਾਅਦਾ ਕੀਤਾ ਸੀ ਉਹ ਵਾਅਦਾ ਝੂਠਾ ਨਿਕਲਿਆ ਹੈ।

ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਕਿਸਾਨਾਂ ਨੂੰ ਤੇ ਪੰਜ ਮਿੰਟ ਵਿੱਚ ਐਮ ਐਸ ਪੀ ਦੇਣ ਜਾਂ ਮਰੀ ਮੁਰਗੀ ਦੇ ਤੱਕ ਦੇ ਵੀ ਪੈਸੇ ਦੇਣ ਦੇ ਵਾਅਦੇ ਕੀਤੇ ਗਏ ਸੀ ਪਰ ਨਿਕਲਿਆ ਕੀ ਇਹ ਸਭ ਦੇ ਸਾਹਮਣੇ ਹੈ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ ਇਹ ਮੁਹਿੰਮ ਮਸਲਾ ਹੱਲ ਹੋਣ ਤੱਕ ਲਗਾਤਾਰ ਜਾਰੀ ਰਹੇਗੀ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਜਿਲ੍ਹਾ ਜਨਰਲ ਸਕੱਤਰ ਦਿਲਬਾਰਾ ਸਿੰਘ ਛਾਜਲਾ, ਇਕਾਈ ਪ੍ਰਧਾਨ ਪਾਲ ਸਿੰਘ, ਖਜਾਨਚੀ ਗੁਰਮੀਤ ਸਿੰਘ ਅਤੇ ਇਕਾਈ ਪ੍ਰਧਾਨ ਉਗਰਾਹਾਂ ਰਾਮਸਰ ਸਿੰਘ ਤੋਂ ਇਲਾਵਾ ਪਿੰਡ ਮੈਦੇਵਾਸ, ਉਗਰਾਹਾਂ, ਭੈਣੀ ਗੰਢੂਆਂ ਆਦਿ ਪਿੰਡਾਂ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਅਤੇ ਕਾਰਕੁੰਨਾਂ ਨੇ ਇਸ ਭੰਡੀ ਪ੍ਰਚਾਰ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਇਸ ਮੁਹਿੰਮ ਦੌਰਾਨ ਸੂਬਾ ਜਨਰਲ ਸਕੱਤਰ ਸੋਹਣ ਸਿੰਘ ਬਰਨਾਲਾ ਸੂਬਾ ਖਜਾਨਚੀ ਗੁਰਮਖ ਸਿੰਘ ਪਟਿਆਲਾ, ਗੁਰਪ੍ਰੀਤ ਸਿੱਧੂ ਪਟਿਆਲਾ, ਗੁਰਮੁਖ ਸਿੰਘ ਸਿਰਸਾ ਅਤੇ ਸਮੂਹ 180 ਅਧਿਆਪਕ ਪਰਿਵਾਰਾਂ ਸਮੇਤ ਹਾਜ਼ਰ ਸਨ।

 

Join WhatsApp

Join Now

Leave a Comment