ਐਤਵਾਰ, ਮਈ 31, 2026
Home Blog Page 56

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 45 IAS ਅਤੇ PCS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਪੂਰੀ ਲਿਸਟ

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 45 ਆਈਏਐਸ ਅਤੇ ਪੀਸੀਐਸ ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਪੂਰੀ ਲਿਸਟ

ਪੰਜਾਬ ਨੈੱਟਵਰਕ

ਚੰਡੀਗੜ੍ਹ, 1 ਮਈ 2026- ਪੰਜਾਬ ਸਰਕਾਰ ਦੇ ਵੱਲੋਂ ਅੱਜ ਵੱਡਾ ਪ੍ਰਸਾਸ਼ਨਿਕ ਫੇਰਬਦਲ ਕਰਦਿਆ ਹੋਇਆ 45 ਆਈਏਐਸ ਅਤੇ ਪੀਸੀਐਸ ਅਫ਼ਸਰਾਂ ਦਾ ਤਬਾਦਲਾ ਕੀਤਾ ਹੈ।

ਹੇਠਾਂ ਪੜ੍ਹੋ ਲਿਸਟ

 

 

ਗੁਰਦਾਸੀਦੇਵੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ (ਜੀਆਈਐਮਟੀ), ਬੁਢਲਾਡਾ ਦਾ ਸ਼ਾਨਦਾਰ ਨਤੀਜਾ

 

ਗੁਰਦਾਸੀਦੇਵੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ (ਜੀਆਈਐਮਟੀ), ਬੁਢਲਾਡਾ ਦਾ ਸ਼ਾਨਦਾਰ ਨਤੀਜਾ

ਜਸਵੀਰ ਸੋਨੀ ਬੁਢਲਾਡਾ

ਗੁਰਦਾਸੀਦੇਵੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ (ਜੀਆਈਐਮਟੀ), ਬੁਢਲਾਡਾ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਵਾਰ ਫਿਰ ਆਪਣੀ ਉੱਚ ਸਿੱਖਿਆ ਦੀ ਮਿਆਰ ਨੂੰ ਸਾਬਤ ਕੀਤਾ ਹੈ। ਕਾਲਜ ਦੇ ਵਿਦਿਆਰਥੀਆਂ ਨੇ ਉੱਤਮ ਅੰਕ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਬੀ.ਐੱਸ.ਸੀ (ਮਲਟੀਮੀਡੀਆ) ਵਿੱਚ ਜਗਜੀਤ ਸਿੰਘ ਨੇ 84.10% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ।

ਅਮ੍ਰਿਤਪਾਲ ਸਿੰਘ ਨੇ 81.80% ਨਾਲ ਦੂਜਾ ਅਤੇ ਪ੍ਰੀਤਿੰਦਰ ਸਿੰਘ ਨੇ 81.40% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਹਰਵਿੰਦਰ ਸਿੰਘ ਨੇ ਵੀ 79.50% ਅੰਕ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੀ.ਏ. (ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ) ਵਿੱਚ ਸਿਮਰਨ ਨੇ 78.00% ਅੰਕ ਪ੍ਰਾਪਤ ਕਰਕੇ ਆਪਣੀ ਕਾਬਲਿਯਤ ਦਾ ਪ੍ਰਮਾਣ ਦਿੱਤਾ।

ਬੀ.ਕਾਮ ਅਤੇ ਬੀ.ਕਾਮ (ਆਨਰਜ਼) ਵਿੱਚ ਪ੍ਰਿਯੰਕਾ ਰਾਣੀ (73.60%), ਹਰਪਿੰਦਰ ਕੌਰ (72.80%), ਜੀਵਨ ਸਿੰਘ (72.40%), ਸੰਦੀਪ ਸਿੰਘ (68.40%) ਅਤੇ ਤਾਰਨਪ੍ਰੀਤ ਸਿੰਘ (67.20%) ਨੇ ਵੀ ਉੱਤਮ ਨਤੀਜੇ ਹਾਸਲ ਕੀਤੇ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਮਹਿਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ।

ਉਨ੍ਹਾਂ ਕਿਹਾ ਕਿ ਕਾਲਜ ਹਮੇਸ਼ਾਂ ਗੁਣਵੱਤਾ ਵਾਲੀ ਸਿੱਖਿਆ ਦੇਣ ਲਈ ਪ੍ਰਤੀਬੱਧ ਹੈ। ਕਾਲਜ ਦੀ ਪ੍ਰਿੰਸੀਪਲ ਡਾ. ਰੇਖਾ ਨੇ ਵੀ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਫਲਤਾ ਸਾਂਝੀ ਕੋਸ਼ਿਸ਼ ਦਾ ਨਤੀਜਾ ਹੈ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਉੱਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕਰਦੀ ਹੈ। ਕਾਲਜ ਦੇ ਸਮੂਹ ਸਟਾਫ ਅਤੇ ਪ੍ਰਬੰਧਕਾਂ ਨੇ ਇਸ ਉਪਲਬਧੀ ‘ਤੇ ਖੁਸ਼ੀ ਜਤਾਈ ਅਤੇ ਸਾਰੇ ਵਿਦਿਆਰਥੀਆਂ ਦੇ ਚਮਕਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

ਪੰਜਾਬ ‘ਚ ਵੱਡੀ ਗੈਂਗਵਾਰ! ਗੈਂਗਸਟਰ ਸੁੱਖਾ ਕਾਹਲਵਾਂ ਦੇ ਕਰੀਬੀ ਸਾਥੀ ਦਾ ਗੋਲੀਆਂ ਮਾਰ ਕੇ ਕਤਲ

 

ਪੰਜਾਬ ‘ਚ ਵੱਡੀ ਗੈਂਗਵਾਰ! ਗੈਂਗਸਟਰ ਸੁੱਖਾ ਕਾਹਲਵਾਂ ਦੇ ਕਰੀਬੀ ਸਾਥੀ ਦਾ ਗੋਲੀਆਂ ਮਾਰ ਕੇ ਕਤਲ

Punjab Network

ਕਪੂਰਥਲਾ, 1 ਮਈ 2026- ਪੰਜਾਬ ਵਿੱਚ ਗੈਂਗਵਾਰ ਦੀ ਇੱਕ ਹੋਰ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਕਪੂਰਥਲਾ ਵਿੱਚ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਰੀਬੀ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਤਾਬੜਤੋੜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਇਹ ਖੂਨੀ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਗੋਪੀ ਆਪਣੀ ਕਾਰ ਵਿੱਚ ਬੈਠਾ ਸੀ। ਹਮਲਾਵਰਾਂ ਨੇ ਅਚਾਨਕ ਕਾਰ ਨੂੰ ਘੇਰ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਪੀ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਉਸ ਨੇ ਕਾਰ ਦੀ ਸੀਟ ‘ਤੇ ਹੀ ਦਮ ਤੋੜ ਦਿੱਤਾ।

ਗੁਰਪ੍ਰੀਤ ਸਿੰਘ ਗੋਪੀ ਨੂੰ ਸੁੱਖਾ ਕਾਹਲਵਾਂ ਕਤਲ ਕੇਸ ਦਾ ਇੱਕ ਅਹਿਮ ਗਵਾਹ ਮੰਨਿਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਗੋਪੀ ਨੇ ਹੁਣ ਤੱਕ ਅਦਾਲਤ ਵਿੱਚ ਆਪਣੇ ਬਿਆਨਾਂ ਤੋਂ ਪਿੱਛੇ ਹਟਣ ਤੋਂ ਸਾਫ਼ ਇਨਕਾਰ ਕੀਤਾ ਹੋਇਆ ਸੀ, ਜਿਸ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਸੀ।

ਗੈਂਗਸਟਰਾਂ ਵੱਲੋਂ ਜ਼ਿੰਮੇਵਾਰੀ ਲੈਣ ਦਾ ਦਾਅਵਾ

ਸੋਸ਼ਲ ਮੀਡੀਆ ‘ਤੇ ਕੁਝ ਗੈਂਗਸਟਰਾਂ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ, ਪੁਲਿਸ ਵੱਲੋਂ ਅਜੇ ਤੱਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਪੂਰੇ ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।

ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੰਜਾਬ ਵਿੱਚ ਇੱਕ ਵਾਰ ਫਿਰ ਗੈਂਗਵਾਰ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਹੋ ਗਏ ਹਨ।

 

ਭਗਵੰਤ ਮਾਨ ਸਰਕਾਰ ਦਾ ਚੇਹਰਾ ਬੇਨਕਾਬ! ‘ਮਜ਼ਦੂਰ ਦਿਵਸ’ ਮੌਕੇ ਬੇਰੁਜ਼ਗਾਰਾਂ ਨੌਜਵਾਨਾਂ ‘ਤੇ CM ਦੀ ਕੋਠੀ ਅੱਗੇ ਜ਼ਬਰ

 

ਭਗਵੰਤ ਮਾਨ ਸਰਕਾਰ ਦਾ ਚੇਹਰਾ ਬੇਨਕਾਬ! ‘ਮਜ਼ਦੂਰ ਦਿਵਸ’ ਮੌਕੇ ਬੇਰੁਜ਼ਗਾਰਾਂ ਨੌਜਵਾਨਾਂ ‘ਤੇ CM ਦੀ ਕੋਠੀ ਅੱਗੇ ਜ਼ਬਰ

ਗ੍ਰਿਫਤਾਰੀ ਮਗਰੋਂ ਰਿਹਾਅ- ਕੱਪੜੇ ਪਾਟੇ, ਬੇਹੋਸ਼ ਲੜਕੀ ਹਸਪਤਾਲ ਭੇਜੀ

ਦਲਜੀਤ ਕੌਰ

ਸੰਗਰੂਰ, 1 ਮਈ, 2026; ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਨੇੜੇ ਉਸ ਵੇਲੇ ਸਥਿਤੀ ਤਣਾਅ ਪੂਰਨ ਬਣ ਗਈ ਜਦੋਂ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਸੈਂਕੜੇ ਦੇ ਕਰੀਬ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਪਹੁੰਚ ਕੇ ਲੱਗੀਆਂ ਪੁਲਿਸ ਰੋਕਾਂ ਨੂੰ ਟੱਪਣ ਦੀ ਕੋਸਿਸ਼ ਕੀਤੀ।

ਸਥਾਨਕ ਵੇਰਕਾ ਮਿਲਕ ਪਲਾਂਟ ਵਿੱਚ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ,ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਦੀ ਅਗਵਾਈ ਵਿੱਚ ਇਕੱਠੇ ਹੋਕੇ ਬੇਰੁਜ਼ਗਾਰਾਂ ਦੀ ਮੰਗ ਸੀ ਕਿ ਉਹਨਾਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਈ ਜਾਵੇ।

ਲੰਬੀ ਉਡੀਕ ਮਗਰੋਂ ਬਾਅਦ ਦੁਪਹਿਰ ਕਰੀਬ ਡੇਢ ਵਜੇ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਦੀ ਕੋਠੀ ਵੱਲ ਨੂੰ ਮਾਰਚ ਸ਼ੁਰੂ ਕਰ ਦਿੱਤਾ। ਕੋਠੀ ਅੱਗੇ ਪਹੁੰਚਦੇ ਹੀ ਬੇਰੁਜ਼ਗਾਰਾਂ ਦੀ ਪੁਲਿਸ ਨਾਲ ਝੜਪ ਹੋ ਗਈ।

ਜਿਸ ਵਿੱਚ ਕੁਝ ਬੇਰੁਜ਼ਗਾਰਾਂ ਦੇ ਕੱਪੜੇ ਫਟ ਗਏ। ਲੰਬੀ ਜੱਦੋ ਜਹਿਦ ਮਗਰੋਂ ਪ੍ਰਸ਼ਾਸ਼ਨ ਵੱਲੋਂ ਬੇਰੁਜ਼ਗਾਰਾਂ ਦੀ ਮੀਟਿੰਗ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਕਰਵਾਉਣ ਦਾ ਭਰੋਸਾ ਦਿੱਤਾ। ਪ੍ਰੰਤੂ ਲੰਬਾ ਸਮਾਂ ਉਡੀਕ ਮਗਰੋ ਵੀ ਜਦੋਂ ਬੇਰੁਜ਼ਗਾਰਾਂ ਨੂੰ ਮੀਟਿੰਗ ਦੀ ਪੱਤ੍ਰਿਕਾ ਨਾ ਮਿਲੀ ਤਾਂ ਬੇਰੁਜ਼ਗਾਰਾਂ ਨੇ ਮੁੜ ਕੋਠੀ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਬੇਰੁਜ਼ਗਾਰਾਂ ਵਿੱਚੋ ਸੁਖਵਿੰਦਰ ਸਿੰਘ ਢਿੱਲਵਾਂ, ਅਮਨ ਸੇਖਾ, ਗੁਰਪ੍ਰੀਤ ਸਿੰਘ ਪੱਕਾ ਕਲਾਂ, ਸ਼ਿੰਦਰਪਾਲ ਕੌਰ, ਗਗਨਦੀਪ ਕੌਰ, ਬੇਅੰਤ ਕੌਰ, ਕਰਮਜੀਤ ਸਿੰਘ ਜਗਜੀਤਪੁਰਾ, ਸੰਦੀਪ ਮੋਫ਼ਰ, ਲਖਵੀਰ ਬੀਹਲਾ, ਕਮਲ ਲੁਧਿਆਣਾ, ਮੁਨੀਸ਼ ਫਾਜ਼ਿਲਕਾ ਸਮੇਤ ਦਰਜਨ ਭਰ ਬੇਰੁਜ਼ਗਾਰਾਂ ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ। ਇਸ ਮੌਕੇ ਬੇਅੰਤ ਕੌਰ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

ਉੱਧਰ ਬੇਰੁਜ਼ਗਾਰਾਂ ਦੀ ਮੀਟਿੰਗ 13 ਮਈ ਲਈ ਪੰਜਾਬ ਕੈਬਨਿਟ ਸਬ ਕਮੇਟੀ, ਮੁੱਖ ਮੰਤਰੀ ਦੇ ਸਕੱਤਰ, ਸਿੱਖਿਆ ਅਤੇ ਸਿਹਤ ਸਕੱਤਰ ਸਮੇਤ ਪਰਸੋਨਲ ਸਕੱਤਰ ਨਾਲ ਤੈਅ ਕਰਵਾਈ ਗਈ।

ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਤੋਂ ਰੇਸ਼ਮ ਸਿੰਘ ਖੇਮੂਆਣਾ, ਹਰਜੀਤ ਸਿੰਘ ਜੀਦਾ, 4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਤੋਂ ਸੂਬਾ ਪ੍ਰਧਾਨ ਸੰਦੀਪ ਗਿੱਲ, ਬਲਕਾਰ ਸਿੰਘ ਮਾਨਸਾ ਅਤੇ ਜਮਹੂਰੀ ਅਧਿਕਾਰ ਸਭਾ ਤੋਂ ਮਨਧੀਰ ਸਿੰਘ ਤੋਂ ਇਲਾਵਾ ਮਨਜੀਤ ਕੌਰ, ਰਾਜਵੀਰ ਕੌਰ, ਕਰਨ ਸਿੰਘ ਸ੍ਰੀ ਤਰਨਤਾਰਨ ਸਾਹਿਬ, ਇੰਦਰਜੀਤ ਸਿੰਘ ਗੁਰਦਾਸਪੁਰ, ਲਲਿਤਾ ਪਟਿਆਲਾ,ਰਿੰਕੂ ਝਾੜੋਂ, ਜਗਸੀਰ ਸਿੰਘ ਜਲੂਰ, ਹਰਵਿੰਦਰ ਸਿੰਘ, ਸੱਤਪਾਲ ਸਿੰਘ ਕਾਂਗੜ, ਸੁਖਪਾਲ ਖਾਨ, ਕੁਲਦੀਪ ਭੁਟਾਲ, ਮਨਦੀਪ ਕੌਰ ਨਦਾਮਪੁਰ, ਸ਼ਿੰਦਰ ਕੌਰ, ਮਾਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਇਹ ਸਨ ਬੇਰੁਜ਼ਗਾਰਾਂ ਦੀਆਂ ਜਾਇਜ਼ ਮੰਗਾਂ:-

1. ਮਾਸਟਰ ਕੇਡਰ ਅਤੇ ਲੈਕਚਰਾਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਇਸ਼ਤਿਹਾਰ ਜਾਰੀ ਕੀਤਾ ਜਾਵੇ।

2. ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕੀਤੀ ਜਾਵੇ।

3. ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ।

4. ਮਲਟੀ ਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ।

 

ਸਿੱਖਿਆ ਵਿਭਾਗ ਵੱਲੋਂ 3 ਸਕੂਲ ਪ੍ਰਿੰਸੀਪਲਾਂ ਦਾ ਤਬਾਦਲਾ, ਪੜ੍ਹੋ ਲਿਸਟ

 

ਸਿੱਖਿਆ ਵਿਭਾਗ ਵੱਲੋਂ ਤਿੰਨ ਸਕੂਲ ਪ੍ਰਿੰਸੀਪਲਾਂ ਦਾ ਤਬਾਦਲਾ, ਪੜ੍ਹੋ ਲਿਸਟ

ਪੰਜਾਬ ਨੈੱਟਵਰਕ

ਚੰਡੀਗੜ੍ਹ, 1 ਮਈ 2026- ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਤਿੰਨ ਸਕੂਲ ਪ੍ਰਿੰਸੀਪਲਾਂ ਦਾ ਤਬਾਦਲਾ ਕੀਤਾ ਗਿਆ ਹੈ।

ਹੇਠਾਂ ਪੜ੍ਹੋ ਲਿਸਟ

ਸਿੱਖਿਆ ਵਿਭਾਗ ਵੱਲੋਂ 3 ਸਕੂਲ ਪ੍ਰਿੰਸੀਪਲਾਂ ਦਾ ਤਬਾਦਲਾ, ਪੜ੍ਹੋ ਲਿਸਟ

 

ਪੰਜਾਬ ‘ਚ ਨਹੀਂ ਡਿੱਗੇਗੀ ਭਗਵੰਤ ਮਾਨ ਸਰਕਾਰ! ਵਿਧਾਨ ਸਭਾ ‘ਚ ਸਰਬਸੰਮਤੀ ਨਾਲ ਜਿੱਤਿਆ ਭਰੋਸੇ ਦਾ ਵੋਟ

 

ਪੰਜਾਬ ‘ਚ ਨਹੀਂ ਡਿੱਗੇਗੀ ਭਗਵੰਤ ਮਾਨ ਸਰਕਾਰ! ਸਰਬਸੰਮਤੀ ਨਾਲ ਜਿੱਤਿਆ ਭਰੋਸੇ ਦਾ ਵੋਟ

ਭਗਵੰਤ ਮਾਨ ਸਰਕਾਰ ਨੇ ਸਰਬਸੰਮਤੀ ਨਾਲ ਭਰੋਸੇ ਦਾ ਵੋਟ ਜਿੱਤਿਆ

ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਨਾਲ ਅੱਜ ਵੀ ਹੈ ਅਤੇ 2027 ਵਿੱਚ ਵੱਡੀ ਜਿੱਤ ਨਾਲ ਵੀ ਕਾਇਮ ਰਹੇਗਾ – ਭਗਵੰਤ ਸਿੰਘ ਮਾਨ

ਸਦਨ ਤੋਂ ਕਾਂਗਰਸ ਦੀ ਗੈਰਹਾਜ਼ਰੀ ਵੀ ਇੱਕ ਤਰ੍ਹਾਂ ਨਾਲ ਸਰਕਾਰ ਦੇ ਭਰੋਸੇ ਦੇ ਵੋਟ ਦਾ ਸਮਰਥਨ- ਭਗਵੰਤ ਸਿੰਘ ਮਾਨ

ਅਸੀਂ ਸਾਰਿਆਂ ਨੇ ਆਪਣੀ ਮਿਹਨਤ ਅਤੇ ਪਸੀਨੇ ਨਾਲ ਆਮ ਆਦਮੀ ਪਾਰਟੀ ਖੜ੍ਹੀ ਕੀਤੀ ਹੈ ਅਤੇ ਅਸੀਂ ਕੇਜਰੀਵਾਲ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਾਂ – ਭਗਵੰਤ ਸਿੰਘ ਮਾਨ

ਭਾਜਪਾ ਦੇ ਕੋਲ ਆਪਣਾ ਕੁਝ ਨਹੀਂ, ਜਿਸਨੂੰ ਟਿਕਟਾਂ ਲਈ 117 ਉਮੀਦਵਾਰ ਵੀ ਨਹੀਂ ਲੱਭਣਗੇ, ਸੰਸਦ ਵਿੱਚ ਵੀ ਭਾਜਪਾ ਦੇ 240 ਵਿੱਚੋਂ 125 ਚਿਹਰੇ ਕਾਂਗਰਸ ਦੇ ਹਨ – ਭਗਵੰਤ ਸਿੰਘ ਮਾਨ

ਮੈਂ ਭਰੋਸੇ ਦੇ ਵੋਟ ਦੀ ਕਾਪੀ ਲੈ ਕੇ ਸਾਰੇ ਵਿਧਾਇਕਾਂ ਦੇ ਨਾਲ ਰਾਸ਼ਟਰਪਤੀ ਨੂੰ ਮਿਲਾਂਗਾ- ਭਗਵੰਤ ਸਿੰਘ ਮਾਨ

ਪੰਜਾਬ ਪਹਿਲਾ ਰਾਜ ਹੈ ਜਿਸਨੇ ਰਾਸ਼ਟਰਪਤੀ ਤੋਂ ਦਲ ਬਦਲੀ ਵਿਰੋਧੀ ਕਾਨੂੰਨ ਨੂੰ ਸਖ਼ਤ ਕਰਨ ਜਾਂ ਰੀ-ਕਾਲ ਸਬੰਧੀ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ- ਭਗਵੰਤ ਸਿੰਘ ਮਾਨ

ਈ.ਡੀ., ਸੀ.ਬੀ.ਆਈ. ਅਤੇ ਫਰਜ਼ੀ ਵੋਟਰਾਂ ਰਾਹੀਂ ਬਾਬਾ ਸਾਹਿਬ ਦੇ ਸੰਵਿਧਾਨ ਦਾ ਕਤਲ ਕੀਤਾ ਜਾ ਰਿਹੈ- ਭਗਵੰਤ ਸਿੰਘ ਮਾਨ

ਹੰਗਰੀ ਵਿੱਚ ਵੀ ਮੋਦੀ ਵਰਗਾ ਸ਼ਾਸਨ ਚੱਲ ਰਿਹਾ ਸੀ, ਪਰ ਲੋਕਾਂ ਨੇ ਵਿਰੋਧੀ ਧਿਰ ਨੂੰ ਭਾਰੀ ਫਤਵਾ ਦੇ ਕੇ ਆਪਣੀ ਤਾਕਤ ਦਿਖਾਈ- ਭਗਵੰਤ ਸਿੰਘ ਮਾਨ

ਆਮ ਆਦਮੀ ਪਾਰਟੀ ਇੱਕ ਕੌਮੀ ਪਾਰਟੀ ਹੈ, ਦੋ-ਚਾਰ ਦੇ ਜਾਣ ਨਾਲ ਕੁਝ ਨਹੀਂ ਹੋਣ ਵਾਲਾ; ਇਹ ਕੋਈ ਪਾਰਟੀ ਨਹੀਂ, ਸਗੋਂ ਲੋਕਾਂ ਦਾ ਵਿਸ਼ਵਾਸ ਹੈ, ਜਿਸਨੂੰ ਕਦੇ ਤੋੜਿਆ ਨਹੀਂ ਜਾ ਸਕਦਾ: ਭਗਵੰਤ ਸਿੰਘ ਮਾਨ

ਚੰਡੀਗੜ੍ਹ, 1 ਮਈ 2026- 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਫਲੋਰ ਨੂੰ ਰਾਜਨੀਤਿਕ ਅਧਿਕਾਰ ਦੇ ਇੱਕ ਫੈਸਲਾਕੁੰਨ ਦਾਅਵੇ ਵਿੱਚ ਬਦਲ ਦਿੱਤਾ, ਜਿਸ ਵਿੱਚ ਉਨ੍ਹਾਂ ਦੀ ਸਰਕਾਰ ਨੇ ਸਰਬਸੰਮਤੀ ਨਾਲ ਭਰੋਸੇ ਦਾ ਪ੍ਰਸਤਾਵ ਜਿੱਤ ਕੇ ਇੱਕ ਸਪੱਸ਼ਟ ਸੰਦੇਸ਼ ਦਿੱਤਾ ਕਿ ਪੰਜਾਬ ਸਰਕਾਰ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਹਨ।

ਲੋਕਾਂ ਦੇ ਫਤਵੇ ਨੂੰ ਦ੍ਰਿੜ੍ਹ ਵਿਸ਼ਵਾਸ ਦਾ ਪ੍ਰਤੀਕ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਦਾ ਬਹੁਮਤ ਅਧਾਰ ਬਰਕਰਾਰ ਹੈ, ਜੋ 2027 ਵਿੱਚ ਹੋਰ ਵੀ ਵੱਡੇ ਫਤਵੇ ਨਾਲ ਸਪੱਸ਼ਟ ਦਿਖਾਈ ਦੇਵੇਗਾ। ਉਨ੍ਹਾਂ ਨੇ “ਖੂਨ-ਪਸੀਨੇ” ਨਾਲ ਬਣੀ ਪਾਰਟੀ ਦੀ ਜ਼ਮੀਨੀ ਤਾਕਤ ਅਤੇ ਅਰਵਿੰਦ ਕੇਜਰੀਵਾਲ ਨਾਲ ਇਸ ਦੇ ਅਟੁੱਟ ਬੰਧਨ ਨੂੰ ਉਜਾਗਰ ਕੀਤਾ।

ਵਿਰੋਧੀ ਧਿਰ ਦੇ ਸਬੰਧ ਵਿੱਚ ਉਨ੍ਹਾਂ ਨੇ ਸਦਨ ਵਿੱਚ ਕਾਂਗਰਸ ਦੀ ਗੈਰਹਾਜ਼ਰੀ ਨੂੰ ਮੌਨ ਸਮਰਥਨ ਦੱਸਿਆ ਅਤੇ ਭਾਜਪਾ ਦੇ ਸੰਗਠਨਾਤਮਕ ਢਾਂਚੇ ‘ਤੇ ਸਵਾਲ ਉਠਾਏ। ਉਨ੍ਹਾਂ ਨੇ ਨਾਲ ਹੀ ਇਹ ਐਲਾਨ ਕਰਕੇ ਇੱਕ ਵੱਡੀ ਸੰਵਿਧਾਨਕ ਲੜਾਈ ਦਾ ਸੰਕੇਤ ਦਿੱਤਾ ਕਿ ਪੰਜਾਬ ਸਰਕਾਰ ਰਾਸ਼ਟਰਪਤੀ ਕੋਲ ਪਹੁੰਚ ਕਰਕੇ ਦਲ-ਬਦਲੀ ਵਿਰੋਧੀ ਸਖ਼ਤ ਕਾਨੂੰਨੀ ਤਜਵੀਜ਼ਾਂ ਜਾਂ ਰੀ-ਕਾਲ ਦੇ ਅਧਿਕਾਰੀ ਦੀ ਮੰਗ ਕਰੇਗਾ।

AAP ਨੂੰ ਦਲ-ਬਦਲੀ ਤੋਂ ਪ੍ਰਭਾਵਿਤ ਨਾ ਹੋਣ ਵਾਲੀ ਇੱਕ ਟਿਕਾਊ ਕੌਮੀ ਤਾਕਤ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੀ ਪਾਰਟੀ ਲੋਕਾਂ ਦੇ ਵਿਸ਼ਵਾਸ ਦੀ ਨੁਮਾਇੰਦਗੀ ਕਰਦੀ ਹੈ, ਜਿਸ ਨੂੰ ਤੋੜਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਈਡੀ ਅਤੇ ਸੀਬੀਆਈ ਵਰਗੀਆਂ ਸੰਸਥਾਵਾਂ ਦੀ ਦੁਰਵਰਤੋਂ ਵਰਗੇ ਢੰਗ-ਤਰੀਕੇ ਬਾਬਾ ਸਾਹਿਬ ਅੰਬੇਡਕਰ ਦੁਆਰਾ ਬਣਾਏ ਸੰਵਿਧਾਨ ਨੂੰ ਕਮਜ਼ੋਰ ਕਰਦੇ ਹਨ।

ਸਦਨ ਦੀ ਕਾਰਵਾਈ ਦੌਰਾਨ ਕੁੱਲ 88 ‘ਆਪ’ ਵਿਧਾਇਕ ਮੌਜੂਦ ਸਨ, ਜਦੋਂ ਕਿ ‘ਆਪ’ ਦੇ ਦੋ ਵਿਧਾਇਕ ਇਸ ਸਮੇਂ ਵਿਦੇਸ਼ ਵਿੱਚ ਹਨ ਅਤੇ ਦੋ ਜੇਲ੍ਹ ਵਿੱਚ ਹਨ। ਇਸ ਤੋਂ ਇਲਾਵਾ ਦੋ ਵਿਧਾਇਕ ਹਸਪਤਾਲ ਵਿੱਚ ਦਾਖ਼ਲ ਹਨ। ਭਰੋਸੇ ਦੇ ਪ੍ਰਸਤਾਵ ਨੂੰ ਸਦਨ ਵਿੱਚ ਸਰਬਸੰਮਤੀ ਨਾਲ ਸਮਰਥਨ ਪ੍ਰਾਪਤ ਹੋਇਆ, ਜਿਸ ਨੇ ਭਗਵੰਤ ਮਾਨ ਸਰਕਾਰ ਦੀ ਤਾਕਤ ਅਤੇ ਏਕਤਾ ਨੂੰ ਉਜਾਗਰ ਕੀਤਾ।

ਭਰੋਸੇ ਦਾ ਪ੍ਰਸਤਾਵ ਪੇਸ਼ ਕਰਕੇ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਗਲਤ ਤੇ ਗੁੰਮਰਾਹਕੁਨ ਜਾਣਕਾਰੀ ਰਾਹੀਂ ਸਰਕਾਰ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਪੰਜਾਬ ਦੇ ਲੋਕ ਸਰਕਾਰ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ।

ਉਨ੍ਹਾਂ ਕਿਹਾ ਕਿ ਇਨ੍ਹੀਂ ਦਿਨੀਂ ਸੂਬਾ ਸਰਕਾਰ ਨੂੰ ਅਸਥਿਰ ਕਰਨ ਲਈ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਸ ਨਾਲ ਲੋਕਾਂ ਦੇ ਮਨਾਂ ਵਿੱਚ ਸ਼ੱਕ ਦੀ ਭਾਵਨਾ ਪੈਦਾ ਹੋ ਰਹੀ ਹੈ। ਹਾਲਾਂਕਿ, ਪੰਜਾਬ ਦੇ ਲੋਕਾਂ ਨੇ ਵਾਰ-ਵਾਰ ਸਰਕਾਰ ਅਤੇ ਇਸ ਦੀਆਂ ਨੀਤੀਆਂ ਵਿੱਚ ਸਪੱਸ਼ਟ ਵਿਸ਼ਵਾਸ ਦਿਖਾਇਆ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੂਰੀ ਵਿਰੋਧੀ ਧਿਰ ਨਿਰਾਸ਼ਾ ਦੇ ਆਲਮ ਵਿੱਚ ਹੈ ਕਿਉਂਕਿ ਉਨ੍ਹਾਂ ਦੇ ਨਕਾਰਾਤਮਕ ਕੂੜ ਪ੍ਰਚਾਰ ਦੇ ਬਾਵਜੂਦ ਉਨ੍ਹਾਂ ਨੂੰ ਲੋਕਾਂ ਤੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ।

ਵਿਰੋਧੀ ਧਿਰ ਦੇ ਅੰਦਰੂਨੀ ਕਾਟੋ-ਕਲੇਸ਼ ‘ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਧਿਰ ਪੂਰੀ ਤਰ੍ਹਾਂ ਆਪਸ ਵਿੱਚ ਹੀ ਉਲਝੀ ਹੋਈ ਹੈ ਅਤੇ ਉਨ੍ਹਾਂ ਦੀ ਲੀਡਰਸ਼ਿਪ ਸੱਤਾ ਲਈ ਆਪਸ ਵਿੱਚ ਲੜ ਰਹੇ ਆਗੂਆਂ ਨਾਲ ਵੰਡੀ ਹੋਈ ਹੈ। ਵਿਰੋਧੀ ਧਿਰ ਦੇ ਨੇਤਾ ਅਤੇ ਉਨ੍ਹਾਂ ਦਾ ਆਪਣਾ ਭਰਾ ਇੱਕੋ ਘਰ ਵਿੱਚ ਰਹਿੰਦੇ ਹਨ ਪਰ ਉਨ੍ਹਾਂ ਦੀਆਂ ਪਾਰਟੀਆਂ ਦੇ ਝੰਡੇ ਵੱਖ-ਵੱਖ ਹਨ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ‘ਆਪ’ ਸੱਤਾਧਾਰੀ ‘ਆਪ’ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ, ਜਿਸਦਾ ਹਰ ਵਲੰਟੀਅਰ ਪੰਜਾਬ ਦੀ ਤਰੱਕੀ ਲਈ ਠੋਸ ਯਤਨ ਕਰ ਰਿਹਾ ਹੈ।

ਵਿਧਾਨਕ ਅਤੇ ਰਾਜਨੀਤਿਕ ਸਰਗਰਮੀਆਂ ਬਾਰੇ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਇਹ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਪਾਸ ਹੋ ਗਿਆ ਹੈ, ਕਿਉਂਕਿ ਇਹ ਐਕਟ ਉਨ੍ਹਾਂ ਨੂੰ ਆਪਣੇ ਫੁੱਟ ਪਾਊ ਏਜੰਡੇ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਨਹੀਂ ਦੇਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਗੁਜਰਾਤ ਤੋਂ ਲੈ ਕੇ ਦੇਸ਼ ਭਰ ਵਿੱਚ ‘ਆਪ’ ਦੀ ਵਧ ਰਹੀ ਮੌਜੂਦਗੀ ਨੇ ਭਾਜਪਾ ਅਤੇ ਇਸਦੇ ਸਹਿਯੋਗੀਆਂ ਨੂੰ ਬੇਚੈਨੀ ਵਿੱਚ ਪਾ ਦਿੱਤਾ ਹੈ। ‘ਆਪ’ ਹੁਣ ਜੰਮੂ ਤੋਂ ਗੋਆ ਤੱਕ ਫੈਲ ਚੁੱਕੀ ਹੈ, ਜੋ ਭਾਜਪਾ ਅਤੇ ਕਾਂਗਰਸ ਦੋਵਾਂ ਦੀ ਨੀਂਦ ਹਰਾਮ ਕਰ ਰਹੀ ਹੈ, ਕਿਉਂ ਜੋ ਇਹ ਪਾਰਟੀਆਂ ਲੋਕ ਕੇਂਦਰਿਤ ਮੁੱਦਿਆਂ ਨੂੰ ਉਠਾਉਣ ਨਾਲੋਂ ਸੱਤਾ ਦਾ ਦੋਸਤਾਨਾ ਮੈਚ ਖੇਡਣ ਨੂੰ ਤਰਜੀਹ ਦਿੰਦੀਆਂ ਆਈਆਂ ਹਨ।

ਪਾਰਟੀ ਦੀ ਵਿਚਾਰਧਾਰਕ ਤਾਕਤ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਜਾਂ ਭਾਜਪਾ ਦੇ ਉਲਟ, ‘ਆਪ’ ਨੂੰ ਤੋੜਿਆ ਨਹੀਂ ਜਾ ਸਕਦਾ ਕਿਉਂਕਿ ਇਹ ਪਾਰਟੀ ਰਾਜਨੀਤਿਕ ਪ੍ਰਣਾਲੀ ਨੂੰ ਸਾਫ਼ ਕਰਨ ਲਈ ਉਭਰੀ ਹੈ। ਉਨ੍ਹਾਂ ਕਿਹਾ ਕਿ ਕੁਝ ਮੌਕਾਪ੍ਰਸਤ ਆਗੂਆਂ ਦੀ ਵਫ਼ਾਦਾਰੀ ਬਦਲਣ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਪੰਜਾਬ ਦੇ ਲੋਕ ਸਰਕਾਰ ਅਤੇ ਇਸ ਦੀਆਂ ਲੀਹੋਂ ਹਟਵੀਆਂ ਪਹਿਲਕਦਮੀਆਂ ਨਾਲ ਡਟ ਕੇ ਖੜ੍ਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਦਲ-ਬਦਲੂਆਂ ਦੇ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਝੂਠੇ ਦਾਅਵੇ ਕਰ ਰਹੀਆਂ ਸਨ ਕਿ ‘ਆਪ’ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ, ਜਦਕਿ ਉਨ੍ਹਾਂ ਦੇ ਆਪਣੇ ਨੇਤਾ ਹੀ ਇੱਕ-ਦੂਜੇ ਨਾਲ ਅੱਖ ਨਹੀਂ ਮਿਲਾਉਂਦੇ।

ਲੋਕਤੰਤਰੀ ਮਾਹੌਲ ਬਾਰੇ ਚਿੰਤਾਵਾਂ ਜ਼ਾਹਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਤਿ ਦੇਸ਼ ਔਖੇ ਸਮੇਂ ਵਿੱਚੋਂ ਲੰਘ ਰਿਹਾ ਹੈ, ਜਿੱਥੇ ਲੋਕਤੰਤਰੀ ਨਿਯਮਾਂ ਨੂੰ ਖ਼ਤਰੇ ਵਿੱਚ ਪਾਇਆ ਜਾ ਰਿਹਾ ਹੈ ਅਤੇ ਸੰਵਿਧਾਨ ਨੂੰ ਤੋੜਿਆ ਜਾ ਰਿਹਾ ਹੈ। ਇਹ ਸੰਵਿਧਾਨ ਦੇ ਮੁੱਖ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦਾ ਘੋਰ ਅਪਮਾਨ ਹੈ, ਜੋ ਬਿਲਕੁਲ ਵੀ ਬਰਦਾਸ਼ਤ ਯੋਗ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਵੋਟਾਂ ਨੂੰ ਹਾਈਜੈਕ ਕੀਤਾ ਜਾ ਰਿਹਾ ਹੈ ਅਤੇ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।

ਭਾਜਪਾ ਵਿਰੁੱਧ ਆਪਣੀ ਆਲੋਚਨਾ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਿੱਪਣੀ ਕੀਤੀ ਕਿ ਭਾਜਪਾ ਦਾ ਆਪਣਾ ਕੋਈ ਕੇਡਰ ਨਹੀਂ ਹੈ। ਮਸ਼ਹੂਰ ਹਸਤੀਆਂ ਆਉਂਦੀਆਂ ਹਨ, ਚੋਣਾਂ ਲੜਦੀਆਂ ਹਨ ਅਤੇ ਫਿਰ ਚਲੀਆਂ ਜਾਂਦੀਆਂ ਹਨ। ਜੇ ਦੇਖਿਆ ਜਾਵੇ ਤਾਂ ਉਨ੍ਹਾਂ ਦੇ 240 ਸੰਸਦ ਮੈਂਬਰਾਂ ਵਿੱਚੋਂ 125 ਕਾਂਗਰਸ ਦੇ ਹਨ, ਜੋ ਦਰਸਾਉਂਦਾ ਹੈ ਕਿ ਉਨ੍ਹਾਂ ਦਾ ਆਪਣਾ ਕੋਈ ਅਧਾਰ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀਆਂ ਬਦਲਣ ਵਾਲੇ ਆਗੂਆਂ ਨੇ ਲੋਕਾਂ ਅਤੇ ਉਨ੍ਹਾਂ ਦੇ ਫਤਵੇ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਮੈਂ ਭਾਰਤ ਦੇ ਰਾਸ਼ਟਰਪਤੀ ਨੂੰ ਮਿਲ ਕੇ ਸੋਧਾਂ ਦੀ ਮੰਗ ਕਰਾਂਗਾ ਤਾਂ ਜੋ ਅਜਿਹੇ ਆਗੂਆਂ ਨੂੰ ਵਾਪਸ ਬੁਲਾਇਆ ਜਾ ਸਕੇ।

ਸ਼ਾਸਨ ਅਤੇ ਵਿਕਾਸ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੱਡੀ ਸਿੰਚਾਈ ਪਹਿਲਕਦਮੀ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ 1 ਮਈ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਇਸਦਾ ਲਾਭ ਹੋ ਸਕੇ। ਝੋਨੇ ਦੇ ਸੀਜ਼ਨ ਤੋਂ ਪਹਿਲਾਂ 4,000 ਕਿਲੋਮੀਟਰ ਨਵੇਂ ਰਜਵਾਹਿਆਂ ਅਤੇ 3,000 ਕਿਲੋਮੀਟਰ ਪਾਈਪਲਾਈਨਾਂ ਨੂੰ ਚਾਲੂ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਸਟਮ ਦੀ ਜਾਂਚ ਕਰਨ ਅਤੇ ਕਿਸੇ ਵੀ ਕਮੀ ਨੂੰ ਦੂਰ ਕਰਨ ਲਈ 21,000 ਕਿਊਸਿਕ ਪਾਣੀ ਛੱਡਿਆ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ “ਛੱਡਿਆ ਗਿਆ ਪਾਣੀ ਦੋ ਭਾਖੜਾ ਨਹਿਰਾਂ ਦੀ ਸਪਲਾਈ ਦੇ ਬਰਾਬਰ ਹੈ, ਜਿਸਦਾ ਕਿਸਾਨਾਂ ਨੂੰ ਵਧੇਰੇ ਲਾਭ ਹੋਵੇਗਾ। ਇਹ ਸਮਰਪਿਤ ਰੀਚਾਰਜ ਸਕੀਮਾਂ ਰਾਹੀਂ ਭੂਮੀਗਤ ਪਾਣੀ ਨੂੰ ਰੀਚਾਰਜ ਕਰਨ ਵਿੱਚ ਵੀ ਮਦਦ ਕਰੇਗਾ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਭ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਨਹਿਰਾਂ ਅਤੇ ਦਰਿਆਵਾਂ ਵਿੱਚ ਰੀਚਾਰਜ ਪੁਆਇੰਟ ਬਣਾਏ ਗਏ ਹਨ, ਜਿਸ ਨਾਲ ਪਾਣੀ ਦੇ ਪੱਧਰ ਵਿੱਚ ਦੋ ਤੋਂ ਚਾਰ ਮੀਟਰ ਦਾ ਵਾਧਾ ਹੋਇਆ ਹੈ।

ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਫੈਸਲਾ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਹੈ, ਕਿਉਂਕਿ ਪੰਜਾਬ ਦਾ ਵਜੂਦ ਪਾਣੀ ‘ਤੇ ਨਿਰਭਰ ਕਰਦਾ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪਿਛਲੇ ਸਾਲ 21 ਲੱਖ ਘਣ ਮੀਟਰ ਪਾਣੀ ਰੀਚਾਰਜ ਕੀਤਾ ਗਿਆ ਹੈ। ਇਹ ਇਤਿਹਾਸਕ ਪਹਿਲਕਦਮੀ ਧਰਤੀ ਹੇਠਲੇ ਪਾਣੀ ਦੀ ਸੰਭਾਲ ਦੇ ਨਾਲ-ਨਾਲ ਪੰਜਾਬ ਦੇ ਖੇਤੀਬਾੜੀ ਖੇਤਰ ਨੂੰ ਹੋਰ ਮਜ਼ਬੂਤ ਕਰੇਗੀ।

 

NEET Exam 3 ਮਈ ਨੂੰ: ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਲੱਗੀਆਂ ਸਖ਼ਤ ਪਾਬੰਦੀ

 

NEET Exam: ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਲੱਗੀਆਂ ਸਖ਼ਤ ਪਾਬੰਦੀ, ਪ੍ਰੀਖਿਆ 3 ਮਈ ਨੂੰ 

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪਾਬੰਦੀ ਦੇ ਹੁਕਮ ਜਾਰੀ

ਹੁਸ਼ਿਆਰਪੁਰ, 1 ਮਈ 2026: ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਦੱਸਿਆ ਕਿ 3 ਮਈ (ਐਤਵਾਰ) ਨੂੰ ਨੀਟ ਦੀ ਪ੍ਰੀਖਿਆ ਲਈ ਜ਼ਿਲੇ ਵਿੱਚ ਵੱਖ-ਵੱਖ ਬਣੇ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਅੰਦਰ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ ’ਤੇ ਪਾਬੰਦੀ ਰਹੇਗੀ ।

ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਪ੍ਰੀਖਿਆ ਕੇਂਦਰ ਆਰਮੀ ਪਬਲਿਕ ਸਕੂਲ ਉੱਚੀ ਬੱਸੀ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਰੇਲਵੇ ਮੰਡੀ ਹੁਸ਼ਿਆਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਗਪੁਰ ਸਤੌਰ, ਪੀ.ਐਮ. ਸ਼੍ਰੀ ਕੇਂਦਰੀਆ ਵਿਦਿਆਲਿਆ ਗੱਜ ਭੂੰਗਾ ਵਿਖੇ ਹੋਵੇਗੀ।

ਉਨ੍ਹਾਂ ਆਪਣੇ ਜਾਰੀ ਕੀਤੇ ਹੁਕਮਾਂ ਵਿਚ ਇਨ੍ਹਾਂ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਅੰਦਰ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ ’ਤੇ ਪਾਬੰਦੀ ਲਗਾਈ ਹੈ।

ਉਨ੍ਹਾਂ ਦੱਸਿਆ ਕਿ ਪ੍ਰੀਖਿਆਰਥੀਆਂ ਦੇ ਰਿਸ਼ਤੇਦਾਰ ਅਤੇ ਹੋਰ ਵਿਅਕਤੀ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਇੱਕਠੇ ਹੋ ਜਾਂਦੇ ਹਨ, ਜਿਸ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਅਤੇ ਪ੍ਰੀਖਿਆਵਾਂ ਦੀ ਗਰਿਮਾ ਨੂੰ ਢਾਹ ਲੱਗਦੀ ਹੈ।

ਅਜਿਹੇ ਵਿਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਪ੍ਰੀਖਿਆਵਾਂ ਨੂੰ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਨਿਪਟਾਉਣ ਲਈ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਅੰਦਰ ਬੀ.ਐਨ.ਐਸ.ਐਸ. ਦੀ ਧਾਰਾ 163 ਲਗਾਈ ਜਾਵੇ। ਇਹ ਹੁਕਮ ਮਿਤੀ 3 ਮਈ 2026 ਲਈ ਲਾਗੂ ਹੋਵੇਗਾ।

 

PB Cabinet Breaking: ਪੰਜਾਬ ਕੈਬਨਿਟ ਨੇ ਲਏ ਵੱਡੇ ਫ਼ੈਸਲੇ, ਪੜ੍ਹੋ ਪੂਰੀ ਖ਼ਬਰ

File Photo

 

PB Cabinet Breaking: CM ਮਾਨ ਦੀ ਅਗਵਾਈ ਵਿੱਚ ਪੰਜਾਬ ਵਜ਼ਾਰਤ ਵੱਲੋਂ ਡਾਇਰੈਕਟੋਰੇਟ ਆਫ਼ ਫੌਰੈਂਸਿਕ ਸਾਇੰਸ ਸਰਵਿਸਜ਼ ਦੀ ਸਥਾਪਨਾ ਕਰਨ ਨੂੰ ਹਰੀ ਝੰਡੀ

ਫੈਸਲੇ ਨਾਲ ਅਪਰਾਧਿਕ ਜਾਂਚ ਅਤੇ ਸਬੂਤਾਂ ਦੀ ਵਿਵਸਥਾ ਹੋਰ ਮਜ਼ਬੂਤ ਹੋਵੇਗੀ

ਪੰਜਾਬ ਵਿੱਚ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਪੇਂਡੂ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਫਾਰਮ ਸਟੇਅ ਪਾਲਿਸੀ-2026 ’ਤੇ ਮੋਹਰ ਲਾਈ

ਨਵੀਆਂ ਡਿਵੀਜ਼ਨਾਂ, ਮੋਬਾਈਲ ਯੂਨਿਟਾਂ ਅਤੇ ਭਰਤੀਆਂ ਨਾਲ ਫੋਰੈਂਸਿਕ ਬੁਨਿਆਦੀ ਢਾਂਚੇ ਨੂੰ ਮਿਲੇਗਾ ਹੁਲਾਰਾ

ਪੰਜਾਬ ਕੈਬਨਿਟ ਨੇ ਸੁਸਾਇਟੀਜ਼ ਰਜਿਸਟ੍ਰੇਸ਼ਨ (ਪੰਜਾਬ ਸੋਧ) ਬਿੱਲ, 2026 ਨੂੰ ਵਿਧਾਨਕ ਪ੍ਰਵਾਨਗੀ ਲਈ ਮਨਜ਼ੂਰੀ ਦਿੱਤੀ

ਚੰਡੀਗੜ੍ਹ; 1 ਮਈ 2026- 

PB Cabinet Breaking: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਅੱਜ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਰੈਗੂਲੇਟਰੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ‘ਤੇ ਕੇਂਦਰਿਤ ਕਈ ਮਹੱਤਵਪੂਰਨ ਫੈਸਲੇ ਲਏ ਗਏ, ਜਿਨ੍ਹਾਂ ਵਿੱਚ ਨਵੀਂ ਫੌਰੈਂਸਿਕ ਵਿਗਿਆਨ ਪ੍ਰਣਾਲੀ, ਨਵੀਂ ਫਾਰਮ ਸਟੇਅ ਨੀਤੀ ਅਤੇ ਸੁਸਾਇਟੀਜ਼ ਰਜਿਸਟ੍ਰੇਸ਼ਨ ਕਾਨੂੰਨ ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ।

ਇਨ੍ਹਾਂ ਫੈਸਲਿਆਂ ਦਾ ਵੇਰਵਾ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਸਬੂਤਾਂ ਦੀ ਢੁਕਵੀਂ ਪ੍ਰਕਿਰਿਆ ਅਤੇ ਅਪਰਾਧਾਂ ਦੀ ਤੇਜ਼ੀ ਨਾਲ ਜਾਂਚ ਰਾਹੀਂ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਏ ਗਏ ਮਹੱਤਵਪੂਰਨ ਫੈਸਲੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਅੱਜ ਡਾਇਰੈਕਟੋਰੇਟ ਆਫ ਫੌਰੈਂਸਿਕ ਸਾਇੰਸ ਸਰਵਿਸਜ਼ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਸਬੰਧੀ ਫੈਸਲਾ ਮੰਤਰੀ ਪ੍ਰੀਸ਼ਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ।

ਡਾਇਰੈਕਟੋਰੇਟ ਆਫ ਫੌਰੈਂਸਿਕ ਸੇਵਾਵਾਂ (ਡੀ.ਐਫ.ਐਸ.) ਪੰਜਾਬ, ਜਿਸ ਨੂੰ ਪਹਿਲਾਂ ਫੌਰੈਂਸਿਕ ਸਾਇੰਸ ਲੈਬਾਰਟਰੀ, ਪੰਜਾਬ ਵਜੋਂ ਜਾਣਿਆ ਜਾਂਦਾ ਸੀ, ਗ੍ਰਹਿ ਵਿਭਾਗ ਦੇ ਕੰਟਰੋਲ ਅਧੀਨ ਹੋਵੇਗਾ। ਡੀ.ਐਫ.ਐਸ. ਅਧੀਨ ਕੰਮ ਕਰਨ ਵਾਲੀਆਂ ਖੇਤਰੀ ਟੈਸਟਿੰਗ ਫੌਰੈਂਸਿਕ ਸਾਇੰਸ ਲੈਬਾਰਟਰੀਜ਼ ਨੂੰ ਹੁਣ ਰੀਜਨਲ ਫੌਰੈਂਸਿਕ ਸਾਇੰਸ ਲੈਬਾਰਟਰੀਜ਼ ਵਜੋਂ ਜਾਣਿਆ ਜਾਵੇਗਾ, ਜਦੋਂ ਕਿ ਮੁੱਖ ਰਸਾਇਣ ਜਾਂਚ ਪ੍ਰਯੋਗਸ਼ਾਲਾ, ਖਰੜ ਨੂੰ ਡੀ.ਐਫ.ਐਸ. ਵਿੱਚ ਵਿਸ਼ੇਸ਼ ਟੌਕਸੀਕੋਲੌਜੀ ਡਿਵੀਜ਼ਨ ਵਜੋਂ ਜੋੜਿਆ ਜਾਵੇਗਾ।

ਅੰਮ੍ਰਿਤਸਰ, ਬਠਿੰਡਾ ਅਤੇ ਲੁਧਿਆਣਾ ਵਿੱਚ ਕੰਮ ਕਰ ਰਹੀਆਂ ਖੇਤਰੀ ਵਿਗਿਆਨ ਪ੍ਰਯੋਗਸ਼ਾਲਾਵਾਂ ‘ਚ ਡੀ.ਐਨ.ਏ., ਬੈਲਿਸਟਿਕਸ, ਸਾਈਬਰ ਫੌਰੈਂਸਿਕਸ, ਡਾਕੂਮੈਂਟਸ ਅਤੇ ਫਿਜ਼ਿਕਸ/ਆਡੀਓ ਵੌਇਸ ਸਮੇਤ ਨਵੀਂਆਂ ਤਕਨੀਕੀ ਡਵੀਜ਼ਨਾਂ ਦੀ ਸਿਰਜਣਾ ਰਾਹੀਂ ਫੌਰੈਂਸਿਕ ਸਮਰੱਥਾ ਨੂੰ ਮਜ਼ਬੂਤ ਕੀਤਾ ਜਾਵੇਗਾ।

ਇਸ ਦੇ ਨਾਲ ਹੀ 28 ਮੋਬਾਈਲ ਫੌਰੈਂਸਿਕ ਯੂਨਿਟ ਸਥਾਪਤ ਕੀਤੇ ਜਾਣਗੇ, ਜਿਸ ਵਿੱਚ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਇੱਕ ਸਾਇੰਟਿਫਿਕ ਅਫਸਰ (ਕ੍ਰਾਈਮ ਸੀਨ) ਦੀ ਨਿਗਰਾਨੀ ਹੇਠ ਇੱਕ ਮੋਬਾਈਲ ਫੋਰੈਂਸਿਕ ਵੈਨ ਕੰਮ ਕਰੇਗੀ।

ਸਟਾਫਿੰਗ ਦੇ ਮਾਮਲੇ ਵਿੱਚ ਫੌਰੈਂਸਿਕ ਸਾਇੰਸ ਲੈਬਾਰਟਰੀ, ਕੈਮੀਕਲ ਐਗਜ਼ਾਮੀਨਰ ਲੈਬਾਰਟਰੀ ਅਤੇ ਮਨਿਸਟੀਰੀਅਲ ਸਟਾਫ਼ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਡੀ.ਐਫ.ਐਸ. ਵਿੱਚ ਐਡਜਸਟ ਕੀਤਾ ਜਾਵੇਗਾ, ਜਦੋਂ ਕਿ ਤਕਨੀਕੀ ਸਟਾਫ਼ ਦੀਆਂ 266 ਵਾਧੂ ਅਸਾਮੀਆਂ ਅਤੇ ਮਨਿਸਟੀਰੀਅਲ ਸਟਾਫ਼ ਦੀ ਇੱਕ ਅਸਾਮੀ ਸਿੱਧੀ ਭਰਤੀ ਰਾਹੀਂ ਪੜਾਅਵਾਰ ਸਿਰਜੀ ਅਤੇ ਭਰੀ ਜਾਵੇਗੀ।

ਫੌਰੈਂਸਿਕ ਸਾਇੰਸ ਲੈਬਾਰਟਰੀ ਪੰਜਾਬ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਐਸ.ਏ.ਐਸ. ਨਗਰ) ਵਿਖੇ ਵਿਗਿਆਨਕ ਅਧਿਕਾਰੀਆਂ ਅਤੇ ਵਿਗਿਆਨਕ ਸਹਾਇਕਾਂ ਦੀ ਬਹਾਲੀ ਅਤੇ ਸਿੱਧੀ ਭਰਤੀ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲੈਬਾਟਰੀ ਅਸਿਸਟੈਂਟ ਅਤੇ ਲੈਬਾਟਰੀ ਅਟੈਂਡੈਂਟ ਦੀ ਭਰਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਕਿਸਾਨਾਂ ਦੀ ਆਮਦਨ ਵਧਾਉਣ ਅਤੇ ਪੇਂਡੂ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਫਾਰਮ ਸਟੇਅ ਨੀਤੀ-2026 ਨੂੰ ਸਹਿਮਤੀ ਦਿੱਤੀ

ਇੱਕ ਹੋਰ ਅਹਿਮ ਫੈਸਲੇ ਤਹਿਤ ਮੰਤਰੀ ਮੰਡਲ ਨੇ ਕਿਸਾਨਾਂ ਦੀ ਆਮਦਨ ਅਤੇ ਪੇਂਡੂ ਸੈਰ-ਸਪਾਟੇ ਨੂੰ ਵਧਾਉਣ ਲਈ ਫਾਰਮ ਸਟੇਅ ਨੀਤੀ-2026 ਨੂੰ ਸਹਿਮਤੀ ਦੇ ਦਿੱਤੀ ਹੈ। ਇਸ ਨੀਤੀ ਦਾ ਉਦੇਸ਼ ਪੰਜਾਬ ਭਰ ਦੇ ਕਿਸਾਨਾਂ ਲਈ ਆਮਦਨ ਦੇ ਟਿਕਾਊ ਅਤੇ ਨਵੇਂ ਮੌਕੇ ਪੈਦਾ ਕਰਨ ਦੇ ਨਾਲ-ਨਾਲ ਖੇਤੀ-ਅਧਾਰਿਤ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ।

ਫਾਰਮ ਸਟੇਅ ਨੀਤੀ-2026 ਪੰਜਾਬ ਦੇ ਮਜ਼ਬੂਤ ਖੇਤੀਬਾੜੀ ਅਧਾਰ, ਅਮੀਰ ਪੇਂਡੂ ਸੱਭਿਆਚਾਰ ਅਤੇ ਪ੍ਰਾਹੁਣਚਾਰੀ ਰਹੁ-ਰੀਤਾਂ ਕਾਰਨ ਫਾਰਮ ਸਟੇਅ ਨੂੰ ਸਮੂਹਿਕ ਅਤੇ ਸੈਰ-ਸਪਾਟਾ ਵਿਕਾਸ ਦੇ ਥੰਮ੍ਹ ਵਜੋਂ ਸਥਾਪਿਤ ਕਰਦੀ ਹੈ।

ਇਹ ਨੀਤੀ ਕਿਸਾਨ-ਕੇਂਦ੍ਰਿਤ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਇੱਕ ਛੋਟੇ ਜਿਹੇ ਹਿੱਸੇ ਵਿੱਚ ਮੁੱਢਲੇ ਖੇਤੀਬਾੜੀ ਅਭਿਆਸਾਂ ਨੂੰ ਵਿਗਾੜੇ ਬਿਨਾਂ ਅਪਣਾਉਣ, ਖੇਤਾਂ ਵਿੱਚ ਰਿਹਾਇਸ਼, ਦੇਸੀ ਪਕਵਾਨ ਅਤੇ ਸੱਭਿਆਚਾਰਕ ਗਤੀਵਿਧੀਆਂ ਦੀ ਪੇਸ਼ਕਸ਼ ਕਰਦੀ ਤਾਂ ਜੋ ਉਹ ਆਪਣੀ ਜ਼ਰਖੇਜ਼ ਭੋਇੰ ਦਾ ਅਸਲ ਅਰਥਾਂ ਵਿੱਚ ਲਾਹਾ ਲੈ ਸਕਣ।

ਇਕ ਸਮਰੱਥ ਅਤੇ ਸਰਲ ਰੈਗੂਲੇਟਰੀ ਢਾਂਚਾ ਪ੍ਰਦਾਨ ਕਰਵਾ ਕੇ ਇਹ ਨੀਤੀ ਪ੍ਰਕਿਰਿਆਤਮਕ ਰੁਕਾਵਟਾਂ ਨੂੰ ਘਟਾਉਂਦੀ ਹੈ, ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਪੇਂਡੂ ਆਬਾਦੀ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਖੇਤੀ ਦੇ ਨਾਲ-ਨਾਲ ਸੈਰ-ਸਪਾਟੇ ਨਾਲ ਜੁੜੇ ਉੱਦਮਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੀ ਹੈ। ਇਹ ਨੀਤੀ ਵਾਤਾਵਰਣ-ਅਨੁਕੂਲ ਨਿਰਮਾਣ, ਰਹਿੰਦ-ਖੂੰਹਦ ਪ੍ਰਬੰਧਨ, ਪਾਣੀ ਦੀ ਸੁਚੱਜੀ ਸੰਭਾਲ ਅਤੇ ਜੈਵਿਕ ਤੇ ਕੁਦਰਤੀ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਕੇ ਸਥਿਰਤਾ ‘ਤੇ ਜ਼ੋਰ ਦਿੰਦੀ ਹੈ।

ਇਸ ਨੀਤੀ ਦਾ ਉਦੇਸ਼ ਨਾ ਸਿਰਫ਼ ਪੇਂਡੂ ਰੁਜ਼ਗਾਰ ਪੈਦਾ ਕਰਨਾ, ਕਿਸਾਨਾਂ ਦੀ ਆਮਦਨ ਵਧਾਉਣਾ, ਖੇਤੀਬਾੜੀ ਸੰਕਟ ਨੂੰ ਘਟਾਉਣਾ ਅਤੇ ਪਿੰਡ-ਪੱਧਰੀ ਆਰਥਿਕ ਗਤੀਵਿਧੀਆਂ ਪੈਦਾ ਕਰਨਾ ਹੈ, ਸਗੋਂ ਸੈਲਾਨੀਆਂ ਨੂੰ ਪੰਜਾਬ ਦੇ ਪੇਂਡੂ ਇਲਾਕਿਆਂ, ਰਹੁ-ਰੀਤਾਂ ਅਤੇ ਜੀਵਨ ਢੰਗ ਦੇ ਡੂੰਘੇ ਅਨੁਭਵ ਨਾਲ ਰੂਬਰੂ ਕਰਨਾ ਵੀ ਹੈ।

ਸੁਸਾਇਟੀਜ਼ ਰਜਿਸਟ੍ਰੇਸ਼ਨ (ਪੰਜਾਬ ਸੋਧ) ਬਿੱਲ, 2026 ਨੂੰ ਸਹਿਮਤੀ

ਵਿਧਾਨਕ ਸੁਧਾਰਾਂ ‘ਤੇ ਮੰਤਰੀ ਮੰਡਲ ਨੇ ਸੁਸਾਇਟੀ ਰਜਿਸਟ੍ਰੇਸ਼ਨ ਐਕਟ, 1860 ਵਿੱਚ ਸੋਧ ਕਰਕੇ ਸੁਸਾਇਟੀ ਰਜਿਸਟ੍ਰੇਸ਼ਨ (ਪੰਜਾਬ ਸੋਧ) ਬਿੱਲ, 2026 ਨੂੰ ਵੀ ਸਹਿਮਤੀ ਦੇ ਦਿੱਤੀ ਹੈ। ਇਸ ਬਿੱਲ ਨੂੰ ਪੰਜਾਬ ਵਿਧਾਨ ਸਭਾ ਦੀ ਪ੍ਰਵਾਨਗੀ ਲਈ ਸਦਨ ਅੱਗੇ ਪੇਸ਼ ਕੀਤਾ।

 

BREAKING- ਭਗਵੰਤ ਮਾਨ ਵੱਲੋਂ ਕਿਰਤੀਆਂ ਦੇ ਹੱਕ ‘ਚ ਵੱਡਾ ਐਲਾਨ; ਉਜਰਤ ‘ਚ ਕੀਤਾ 15% ਵਾਧਾ

 

CM ਮਾਨ ਨੇ ਮਜ਼ਦੂਰ ਦਿਵਸ ਮੌਕੇ ਕਿਰਤੀਆਂ ਨੂੰ ਦਿੱਤਾ ਤੋਹਫਾ, ਘੱਟੋ-ਘੱਟ ਉਜਰਤ ਵਿੱਚ 15 ਫੀਸਦੀ ਵਾਧੇ ਦਾ ਐਲਾਨ

ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ ਸਾਰੇ ਰਜਿਸਟਰਡ ਕਾਮਿਆਂ ਨੂੰ ਉਜਰਤ ਵਿੱਚ ਵਾਧੇ ਦਾ ਲਾਭ ਹੋਵੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਘੱਟੋ-ਘੱਟ ਉਜਰਤ ਵਿੱਚ 13 ਸਾਲਾਂ ਬਾਅਦ ਹੋਇਆ ਵਾਧਾ, ਪਿਛਲੀਆਂ ਸਰਕਾਰਾਂ ਕਿਰਤੀ ਕਾਮਿਆਂ ਦੀ ਪੀੜਾ ਨੂੰ ਸਮਝਣ ਵਿੱਚ ਨਾਕਾਮ ਰਹੀਆਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਿਰਫ ਮਿਆਰੀ ਸਿੱਖਿਆ ਮਜ਼ਦੂਰਾਂ ਦੇ ਬੱਚਿਆਂ ਦੀ ਜ਼ਿੰਦਗੀ ਬਦਲ ਸਕਦੀ ਹੈ, ‘ਆਪ’ ਸਰਕਾਰ ਸੂਬੇ ਵਿੱਚ ਮਿਆਰੀ ਸਿੱਖਿਆ ਦੇ ਰਹੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਸੈਸ਼ਨ ਵਿੱਚੋਂ ਕਾਂਗਰਸ ਦਾ ਵਾਕਆਊਟ ਕਰਨਾ ਮਜ਼ਦੂਰ ਵਿਰੋਧੀ ਕਦਮ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਗੁਰੂ ਸਾਹਿਬ ਜੀ ਦਾ ਧੰਨਵਾਦ ਕਰਨ ਲਈ ਸ਼ੁਕਰਾਨਾ ਯਾਤਰਾ ਕਰਨਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ)-2026 ਲਾਗੂ ਕਰਨ ਵਿੱਚ ਬਲ ਬਖਸ਼ਣ ਲਈ ਹੋਵੇਗੀ ਸ਼ੁਕਰਾਨਾ ਯਾਤਰਾ

ਚੰਡੀਗੜ੍ਹ, 1 ਮਈ 2026-

ਮਈ ਦਿਵਸ ਮੌਕੇ ਅੱਜ ਪੰਜਾਬ ਵਿਧਾਨ ਸਭਾ ਨੇ 13 ਸਾਲਾਂ ਬਾਅਦ ਘੱਟੋ-ਘੱਟ ਉਜਰਤ ਵਿੱਚ 15 ਫੀਸਦੀ ਵਾਧਾ ਕਰਨ ਲਈ ਸਦਨ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ। ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ ਸਾਰੇ ਰਜਿਸਟਰਡ ਕਾਮਿਆਂ ਨੂੰ ਇਸ ਦਾ ਲਾਭ ਹੋਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਵਾਧੇ ਨੂੰ ਕਿਰਤੀ ਵਰਗ ਦੇ ਯੋਗਦਾਨ ਪ੍ਰਤੀ ਸਤਿਕਾਰ ਦੱਸਿਆ।

ਮੁੱਖ ਮੰਤਰੀ ਨੇ ਸਿੱਖਿਆ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖਿਆ ਹੀ ਕਿਰਤੀਆਂ ਦੀ ਜ਼ਿੰਦਗੀ ਸੰਵਾਰ ਸਕਦੀ ਹੈ ਅਤੇ ‘ਆਪ’ ਦੀ ਅਗਵਾਈ ਵਾਲੀ ਸਰਕਾਰ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਕਰ ਰਹੀ ਹੈ। ਉਨ੍ਹਾਂ ਨੇ ਵਿਸ਼ੇਸ਼ ਇਜਲਾਸ ਵਿੱਚੋਂ ਵਾਕਆਊਟ ਕਰਨ ਲਈ ਕਾਂਗਰਸ ’ਤੇ ਤਿੱਖਾ ਨਿਸ਼ਾਨਾ ਸਾਧਿਆ। ਇਸ ਮੌਕੇ ਉਨ੍ਹਾਂ ਨੇ ਐਲਾਨ ਕੀਤਾ ਕਿ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 ਦੇ ਪਾਸ ਹੋਣ ਨਾਲ ਸ਼ੁਕਰਾਨਾ ਯਾਤਰਾ ਕੱਢੀ ਜਾਵੇਗੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਕਿਰਤੀ ਕਾਮਿਆਂ ਲਈ ਘੱਟੋ-ਘੱਟ ਉਜਰਤ ਦੀ ਮੁਢਲੀ ਦਰ (ਬੇਸ ਰੇਟ) ਆਖਰੀ ਵਾਰ ਸਾਲ 2012 ਵਿੱਚ ਸੋਧੀ ਗਈ ਸੀ। ਭਾਵੇਂ ਕਿ ਸਾਲ 2012 ਤੋਂ ਹੁਣ ਤੱਕ ਮਹਿੰਗਾਈ ਭੱਤਾ ਵਧਦਾ ਰਿਹਾ ਹੈ ਪਰ ਘੱਟੋ-ਘੱਟ ਉਜਰਤ ਦੇ ਬੇਸ ਰੇਟ ਵਿੱਚ ਵਾਧਾ ਨਹੀਂ ਹੋਇਆ। ਮਈ ਦਿਵਸ ਦੇ ਇਸ ਮੁਕੱਦਸ ਦਿਹਾੜੇ ’ਤੇ ਵਿਧਾਨ ਸਭਾ ਦੇ ਇਸ ਵਿਸ਼ੇਸ਼ ਇਜਲਾਸ ਵਿੱਚ ਕਿਰਤੀਆਂ ਦੀਆਂ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕੀਤਾ ਗਿਆ ਹੈ।”

ਇਸ ਵਾਧੇ ਨੂੰ ਮਜ਼ਦੂਰਾਂ ਦੇ ਯੋਗਦਾਨ ਪ੍ਰਤੀ ਸਤਿਕਾਰ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ, “ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਸਹੀ ਮਾਅਨਿਆਂ ਵਿੱਚ ਕਿਰਤੀਆਂ ਪ੍ਰਤੀ ਸੱਚਾ ਸਤਿਕਾਰ ਤੇ ਸਨਮਾਨ ਹੈ ਜੋ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਾ ਹੈ।” ਸਮੁੱਚਾ ਸਦਨ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਕਿਰਤੀ ਕਾਮਿਆਂ ਦੇ ਮਿਸਾਲੀ ਭੂਮਿਕਾ ਨੂੰ ਯਾਦ ਕਰਦਾ ਹੈ। ਭਾਵੇਂ ਕਿ ਇਹ ਵਾਧਾ 13 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਕਿਰਤੀਆਂ ਪ੍ਰਤੀ ਅਸੰਵੇਦਨਸ਼ੀਲ ਰਵੱਈਏ ਸਦਕਾ ਕਿਸੇ ਨੇ ਵੀ ਇਹ ਵਾਧਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

ਪਿਛਲੀਆਂ ਸਰਕਾਰ ਦੀ ਨਾਕਾਮੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਪਿਛਲੀਆਂ ਦੋ ਸਰਕਾਰਾਂ ਦਾ ਕਾਰਜਕਾਲ ਇਨ੍ਹਾਂ ਮਿਹਨਤਕਸ਼ ਲੋਕਾਂ ਲਈ ਉਜਰਤਾਂ ਵਧਾਉਣ ਤੋਂ ਬਿਨਾਂ ਹੀ ਗੁਜ਼ਰ ਗਿਆ ਜਦਕਿ ਇਹ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ ਹੈ। ਆਲਮੀ ਪੱਧਰ ਉਤੇ ਮਜ਼ਦੂਰਾਂ ਦੇ ਸੰਘਰਸ਼ ਦਾ ਪ੍ਰਤੀਕ ਸਮਝੇ ਜਾਂਦੇ ਮਈ ਦਿਵਸ ਮੌਕੇ ਮੈਂ ਉਨ੍ਹਾਂ ਕਿਰਤੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜਿਨ੍ਹਾਂ ਨੇ ਸਾਲ 1886 ਵਿੱਚ ਸ਼ਿਕਾਗੋ ਵਿੱਚ ਕੰਮ ਕਰਨ ਦੀਆਂ ਹਾਲਤਾਂ ਸੁਧਾਰਨ ਦੇ ਮਸਲੇ ’ਤੇ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ ਸਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਕਿਰਤੀ ਅਤੇ ਮਜ਼ਦੂਰ ਵਰਗ ਨੂੰ ਵਿਕਾਸ, ਸ਼ਾਂਤੀ ਅਤੇ ਖੁਸ਼ਹਾਲੀ ਦੇ ਯੁੱਗ ਦੀ ਸ਼ੁਰੂਆਤ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਮਈ ਦਿਵਸ ਨੂੰ ਸਿਰਫ਼ ਇਤਿਹਾਸਕ ਦਿਵਸ ਦੇ ਤੌਰ ‘ਤੇ ਹੀ ਨਹੀਂ ਸਗੋਂ ਆਪਣੇ ਅਧਿਕਾਰਾਂ ਦੀ ਰਾਖੀ ਲਈ ਦ੍ਰਿੜ ਪ੍ਰਣ ਲੈ ਕੇ ਮਨਾਉਣਾ ਚਾਹੀਦਾ ਹੈ। ਸਰਕਾਰ ਨੇ ਇਹ ਇਤਿਹਾਸਕ ਪਹਿਲ ਉਨ੍ਹਾਂ ਦੀ ਭਲਾਈ ਲਈ ਕੀਤੀ ਹੈ ਅਤੇ ਰਜਿਸਟ੍ਰੇਸ਼ਨ ‘ਚ ਵਾਧੇ ਰਾਹੀਂ ਉਨ੍ਹਾਂ ਦੀ ਭਲਾਈ ਨੂੰ ਹੋਰ ਮਜ਼ਬੂਤੀ ਮਿਲੇਗੀ।

ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਸੈਸ਼ਨ ਦੀ ਸ਼ੁਰੂਆਤ ਸੁਹਿਰਦਤਾ ਨਾਲ ਹੋਈ ਪਰ ਕਾਂਗਰਸੀ ਆਗੂ ਇਸ ਨੂੰ ਹਜ਼ਮ ਨਹੀਂ ਕਰ ਸਕੇ ਅਤੇ ਕੋਈ ਮੁੱਦਾ ਨਾ ਹੋਣ ਦੇ ਬਹਾਨੇ ਨਾਲ ਇਸ ਦਾ ਬਾਈਕਾਟ ਕਰ ਦਿੱਤਾ, ਜੋ ਕਿ ਵੱਡੇ ਜ਼ਿਮੀਂਦਾਰਾਂ, ਕਾਰੋਬਾਰੀਆਂ ਅਤੇ ਕੁਲੀਨ ਵਰਗਾਂ ਦੇ ਰੂਪ ਵਿੱਚ ਉਨ੍ਹਾਂ ਦੀ ਤੰਗ ਮਾਨਸਿਕਤਾ ਨੂੰ ਦਰਸਾਉਂਦਾ ਹੈ, ਜਿਨ੍ਹਾਂ ਨੂੰ ਕਿਰਤੀਆਂ ਦੀ ਭਲਾਈ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਦੇ ਉਲਟ ‘ਆਪ’ ਸਰਕਾਰ ਨੇ ਮਜ਼ਦੂਰ ਵਰਗ ਦੇ ਅਧਿਕਾਰਾਂ ਦੀ ਰਾਖੀ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ।

ਸਿੱਖਿਆ ਸੁਧਾਰਾਂ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ‘ਚ ਕ੍ਰਾਂਤੀਕਾਰੀ ਬਦਲਾਅ ਨਾਲ ਸਰਕਾਰੀ ਸਕੂਲਾਂ ਵਿੱਚ ਹੁਣ ਕਮਜ਼ੋਰ ਅਤੇ ਪਛੜੇ ਵਰਗਾਂ ਦੇ ਬੱਚੇ ਵੱਡੀਆਂ ਮੱਲਾਂ ਮਾਰ ਰਹੇ ਹਨ ਅਤੇ ਹਾਲ ਹੀ ਵਿੱਚ 359 ਵਿਦਿਆਰਥੀ ਨੇ ਜੇਈਈ ਮੇਨ ਦੀ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਪਣਾ ਅਨੁਭਵ ਸਾਂਝਾ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ 15 ਵਿੱਚੋਂ 9 ਤੋਂ 10 ਬੱਚੇ ਮਜ਼ਦੂਰਾਂ ਦੇ ਸਨ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਇਨ੍ਹਾਂ ਬੱਚਿਆਂ ਨੂੰ ਚੰਗੀਆਂ ਪਲੇਸਮੈਂਟਾਂ ਮਿਲਣਗੀਆਂ, ਉਨ੍ਹਾਂ ਦੇ ਪਰਿਵਾਰਾਂ ਦੀ ਕਿਸਮਤ ਖੁਦ-ਬ-ਖੁਦ ਬਦਲ ਜਾਵੇਗੀ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗਰੀਬ ਅਤੇ ਪੱਛੜੇ ਵਰਗਾਂ ਦੇ ਪਰਿਵਾਰਾਂ ਨੂੰ ਉੱਚਾ ਚੁੱਕਣ ਲਈ ਸਿੱਖਿਆ ਅਤਿ ਜ਼ਰੂਰੀ ਹੈ। ਇਸੇ ਕਰਕੇ ਸਰਕਾਰ ਨੇ ਇਸ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਮੈਂ ਮਜ਼ਦੂਰਾਂ ਦੇ ਹੱਕਾਂ ਲਈ ਲੜ ਰਹੀਆਂ ਮਜ਼ਦੂਰ ਯੂਨੀਅਨਾਂ ਅਤੇ ਉਨ੍ਹਾਂ ਦੇ ਜੋਸ਼ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਮਜ਼ਦੂਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਦੀ ਰਹੇਗੀ ਤਾਂ ਜੋ ਉਹ ਸੂਬੇ ਅਤੇ ਦੇਸ਼ ਲਈ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਰਹਿਣ।

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੋਧ ਐਕਟ 2026 ਨੂੰ ਲਾਗੂ ਕਰਨ ਦਾ ਬਲ ਬਖ਼ਸ਼ਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਸ਼ੁਕਰਾਨਾ ਯਾਤਰਾ’ ਕਰਨਗੇ

ਕਾਨੂੰਨ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਸਾਨੂੰ ਵਾਹਿਗੁਰੂ ਨੇ ਆਪ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨੂੰ ਸਰਬਸੰਮਤੀ ਨਾਲ ਪਾਸ ਕਰਨ ਦੀ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਕਿਹਾ ਕਿ ਇਸ ਬਿੱਲ ਵਿੱਚ ‘ਬੇਅਦਬੀ’ ਲਈ ਸਖ਼ਤ ਸਜ਼ਾ ਦਾ ਉਪਬੰਧ ਹੈ, ਜੋ ਅਪਰਾਧ ਕਰਨ ਵਾਲਿਆਂ ਵਿੱਚ ਡਰ ਦਾ ਮਾਹੌਲ ਪੈਦਾ ਕਰਕੇ ਅਜਿਹੀਆਂ ਘਟਨਾਵਾਂ ‘ਤੇ ਰੋਕ ਲਾਉਣ ਦੇ ਉਦੇਸ਼ ਨਾਲ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ‘ਬੇਅਦਬੀ’ ਸੂਬੇ ਦੀ ਸ਼ਾਂਤੀ, ਸਦਭਾਵਨਾ, ਭਾਈਚਾਰਕ ਸਾਂਝ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਡੂੰਘੀ ਸਾਜ਼ਿਸ਼ ਸੀ।

ਸਖ਼ਤ ਕਾਰਵਾਈ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਇਹ ਯਕੀਨੀ ਬਣਾਉਂਦਾ ਹੈ ਕਿ ਇਸ ਨਾ-ਮੁਆਫ਼ੀਯੋਗ ਅਪਰਾਧ ਦੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ, ਜੋ ਹੋਰਨਾਂ ਲਈ ਵੀ ਕਰੜਾ ਸਬਕ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਸਿੱਖ ਲਈ ਪਿਤਾ ਸਮਾਨ ਹਨ ਅਤੇ ਉਨ੍ਹਾਂ ਦੀ ਪਵਿੱਤਰਤਾ ਨੂੰ ਯਕੀਨੀ ਬਣਾਉਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਲੋਕ ਇਸ ਇਤਿਹਾਸਕ ਕਦਮ ਲਈ ਖੁਸ਼ੀ ਅਤੇ ਧੰਨਵਾਦ ਜ਼ਾਹਰ ਕਰ ਰਹੇ ਹਨ।

ਯਾਤਰਾ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਮਾਤਮਾ ਦਾ ਧੰਨਵਾਦ ਕਰਨ ਲਈ ਉਹ 6 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਕਰਾਨਾ ਯਾਤਰਾ ਸ਼ੁਰੂ ਹੋ ਕੇ 9 ਮਈ ਤੱਕ ਚੱਲੇਗੀ। ਇਸ ਯਾਤਰਾ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਦਮਦਮਾ ਸਾਹਿਬ, ਮਸਤੂਆਣਾ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਸ਼ੁਕਰਾਨਾ ਕੀਤਾ ਜਾਵੇਗਾ, ਜਿਸ ਦਾ ਇੱਕੋ-ਇੱਕ ਉਦੇਸ਼ ਇਸ ਮਹੱਤਵਪੂਰਨ ਐਕਟ ਨੂੰ ਪਾਸ ਕਰਨ ਲਈ ਸਮਰੱਥਾ ਅਤੇ ਹਿੰਮਤ ਦੇਣ ਲਈ ਅਕਾਲ ਪੁਰਖ ਦਾ ਧੰਨਵਾਦ ਕਰਨਾ ਹੈ।

 

ਠੇਕਾ ਮੁਲਾਜ਼ਮਾਂ ਨੇ ‘ਮਜ਼ਦੂਰ ਦਿਵਸ’ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਸਿਜਦਾ

 

ਠੇਕਾ ਮੁਲਾਜ਼ਮਾਂ ਨੇ ‘ਮਜ਼ਦੂਰ ਦਿਵਸ’ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਸਿਜਦਾ

ਸਮੂਹ ਕਿਰਤੀ ਲੋਕਾਂ ਨੂੰ ਜਥੇਬੰਦ ਹੋਕੇ ਇੱਕ ਸਾਂਝਾ ਥੜਾ ਉਸਾਰਨ ਦੀ ਲੋੜ: ਪ੍ਰਧਾਨ ਜਗਰੂਪ ਸਿੰਘ

ਲਹਿਰਾ ਮੁਹੱਬਤ, 1 ਮਈ 2026– ਜੀ.ਐੱਚ.ਟੀ.ਪੀ. ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਬੈਨਰ ਹੇਠ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ‘ਮਜ਼ਦੂਰ ਦਿਵਸ’ ਮੌਕੇ ਪਲਾਂਟ ਦੇ ਮੁੱਖ ਗੇਟ ਤੇ ਜਥੇਬੰਦੀ ਦਾ ਝੰਡਾ ਬੁਲੰਦ ਕਰਨ ਉਪਰੰਤ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ।

ਇਸ ਸਮੇਂ ਹਾਜ਼ਿਰ ਪ੍ਰਧਾਨ ਜਗਰੂਪ ਸਿੰਘ,ਜ਼ਰਨਲ ਸਕੱਤਰ ਜਗਸੀਰ ਸਿੰਘ ਭੰਗੂ,ਮੀਤ ਪ੍ਰਧਾਨ ਹਰਦੀਪ ਸਿੰਘ ਤੱਗੜ ਅਤੇ ਲਛਮਣ ਸਿੰਘ ਰਾਮਪੁਰਾ ਨੇ ਕਿਹਾ ਕਿ ਅੱਠ ਘੰਟੇ ਕੰਮ-ਦਿਹਾੜੀ ਦੀ ਮੰਗ ਨੂੰ ਲੈਕੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਮਜ਼ਦੂਰਾਂ ਵੱਲੋਂ ਸੰਘਰਸ਼ ਵਿੱਚ ਦਿੱਤੀਆਂ ਅਨੇਕਾਂ ਸ਼ਹੀਦੀਆਂ ਅਤੇ ਕੁਰਬਾਨੀਆਂ ਸਦਕਾ ਪੂਰੇ ਵਿਸ਼ਵ ਵਿੱਚ ਕੰਮ ਦੇ ਅੱਠ ਘੰਟੇ-ਦਿਹਾੜੀ ਦਾ ਕਾਨੂੰਨ ਬਣਿਆ ਅਤੇ ਬਾਅਦ ਵਿੱਚ ਲਗਾਤਾਰ ਸੰਘਰਸ਼ਾਂ ਸਦਕਾ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬ੍ਰਿਟਿਸ਼ ਹਕੂਮਤ ਦੇ ਸਮੇਂ ਅਨੇਕਾਂ ਮਜ਼ਦੂਰ ਪੱਖੀ ਕਾਨੂੰਨ ਬਣਵਾਏ ਗਏ।

ਪਰ ਅੱਜ ਸਦੀਆਂ ਤੋਂ ਬਾਅਦ ਭਾਰਤ ਦੇਸ਼ ਦੇ ਹੁਕਮਰਾਨ ਵਿਸ਼ਵ ਵਪਾਰ ਸੰਸਥਾ ਅਤੇ ਕਾਰਪੋਰੇਟ ਘਰਾਣਿਆਂ ਦੀ ਸ਼ਹਿ ਤੇ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 04 ਲੇਬਰ ਕੋਡਾਂ ਵਿੱਚ ਤਬਦੀਲ ਕਰ ਦਿੱਤਾ ਹੈ,ਇਨ੍ਹਾਂ ਨਵੇਂ ਲੇਬਰ ਕਾਨੂੰਨਾਂ ਦੇ ਲਾਗੂ ਹੋਣ ਨਾਲ ਮਜ਼ਦੂਰ ਅੱਠ-ਘੰਟੇ ਕੰਮ ਦਿਹਾੜੀ ਅਤੇ ਯੂਨੀਅਨ ਬਣਾਉਣ ਦੇ ਹੱਕ ਤੋਂ ਵਾਂਝੇ ਹੋ ਜਾਣਗੇ, ਜਿਸ ਨਾਲ ਕਿਰਤੀ ਵਰਗ ਦੀ ਹਾਲਤ ਹੋਰ ਵੀ ਤਰਸਯੋਗ ਹੋ ਗਈ ਹੈ।

ਅੱਜ ਕੇਂਦਰ ਦੀ ਭਾਜਪਾ ਹਕੂਮਤ ਦੀਆਂ ਕਿਸਾਨ-ਮਜ਼ਦੂਰ-ਮੁਲਾਜ਼ਮ ਅਤੇ ਪੁੰਜੀਵਾਦ ਪੱਖੀ ਨੀਤੀਆਂ ਕਾਰਨ ਅੱਜ ਦੇ ਸਮੇਂ ਵਿੱਚ ਆਮ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਲਗਾਤਾਰ ਵੱਧ ਰਹੀ ਮਹਿੰਗਾਈ ਕਾਰਨ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜ਼ਾ ਰਹੀਆਂ ਹਨ।

ਦੇਸ ਦੇ ਹੁਕਮਰਾਨਾਂ ਵੱਲੋਂ ਪਬਲਿਕ ਸੈਕਟਰ ਵਿੱਚ ਅੰਨ੍ਹੇਵਾਹ ਨਿੱਜੀਕਰਨ ਕਰਨ ਕਰਕੇ ਅੱਜ ਕਰੋੜਾਂ ਲੋਕ ਬੇਰੁਜ਼ਗਾਰ ਹੋ ਗਏ ਹਨ ਅੱਜ ਦੇਸ਼ ਦੀ ਆਬਾਦੀ ਦਾ ਲਗਭਗ ਅੱਧ ਤੋਂ ਵੱਧ ਹਿੱਸਾ ਗਰੀਬੀ ਰੇਖਾਂ ਤੋਂ ਹੇਠਾਂ ਜੀਵਨ ਬਤੀਤ ਕਰਨ ਲਈ ਮਜਬੂਰ ਹੈ ਜਦੋਂ ਕਿ ਇਸਦੇ ਉਲਟ, ਇਸ ਸਮੇਂ ਕਾਰਪੋਰੇਟ ਪੂੰਜੀਪਤੀਆਂ ਦੀਆਂ ਜਾਇਦਾਦਾਂ ਵਿੱਚ ਕਈ ਗੁਣਾ ਜ਼ਿਆਦਾ ਵਾਧਾ ਹੋਇਆ ਹੈ ਅਤੇ ਗਰੀਬੀ-ਅਮੀਰੀ ਦਾ ਇਹ ਪਾੜਾ ਦੇਸ਼ ਨੂੰ ਹੋਰ ਕੰਗਾਲੀ ਅਤੇ ਬਰਬਾਦੀ ਵੱਲ ਲੈਕੇ ਜਾ ਰਿਹਾ ਹੈ ਅਤੇ ਦੇਸ ਦੀ ਭਾਜਪਾ ਹਕੂਮਤ ਭਾਰਤੀ ਲੋਕਾਂ ਨੂੰ ਜਾਤਾਂ-ਧਰਮਾਂ-ਨਸਲਾਂ ਵਿੱਚ ਵੰਡਕੇ ਦੇਸ ਦੇ ਪੈਦਾਵਾਰੀ ਵਸੀਲਿਆਂ ਅਤੇ ਲੋਕ ਸੇਵਾ ਦੇ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਵੱਲ ਤੁਰੀ ਹੋਈ ਹੈ।

ਜਿਸਦੇ ਵਿਰੋਧ ਵਿੱਚ ਦੇਸ ਦੇ ਸਮੁੱਚੇ ਕਿਰਤੀਆਂ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ, ਪੈਦਾਵਾਰੀ ਵਸੀਲਿਆਂ ਅਤੇ ਲੋਕ ਸੇਵਾ ਦੇ ਸਰਕਾਰੀ ਅਦਾਰਿਆਂ ਨੂੰ ਬਚਾਉਣ ਲਈ ਜਥੇਬੰਦ ਹੋਕੇ ਇੱਕ ਸਾਂਝਾ ਥੜਾ ਉਸਾਰਨ ਦੀ ਲੋੜ ਹੈ,ਇਸ ਸਮੇਂ ਹਾਜ਼ਿਰ ਆਗੂਆਂ ਨੇ ਸੂਬਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ,ਕਿਰਤ ਵਿਰੋਧੀ ਚਾਰ ਲੇਬਰ ਕੋਡਾਂ ਨੂੰ ਤੁਰੰਤ ਰੱਦ ਕੀਤਾ ਜਾਵੇ।

ਸਮੂਹ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਪਹਿਲ ਅਤੇ ਤਰਜ਼ਬੇ ਆਧਾਰ ਤੇ ਪੱਕਾ ਕੀਤਾ ਜਾਵੇ,ਪੰਦਰ੍ਹਵੀਂ ਲੇਬਰ ਕਾਨਫਰੰਸ਼ ਦੇ ਫਾਰਮੂਲੇ ਅਤੇ ਮਹਿੰਗਾਈ ਦਰ ਮੁਤਾਬਿਕ ਠੇਕਾ ਮੁਲਾਜ਼ਮਾਂ ਦੀ ਤਨਖ਼ਾਹ ਨਿਸਚਿਤ ਕੀਤੀ ਜਾਵੇ,ਨਵੇਂ ਬਿਜਲੀ ਕਾਨੂੰਨ,ਕਿਰਤ ਕਾਨੂੰਨ, ਜੀ ਰਾਮ ਜੀ ਮਨਰੇਗਾ ਕਾਨੂੰਨ ਅਤੇ ਬੀਜ ਕਾਨੂੰਨਾਂ ਸਮੇਤ ਸਮੂਹ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਪੁਰਾਣੇ ਕਾਨੂੰਨ ਬਹਾਲ ਕੀਤੇ ਜਾਣ,ਸਮੂਹ ਕਿਸਾਨਾਂ,ਮਜ਼ਦੂਰਾਂ,ਰੈਗੂਲਰ/ਪੈਨਸ਼ਨਰਜ਼ ਮੁਲਾਜ਼ਮਾਂ,ਵਿਦਿਆਰਥੀਆਂ,ਬੇਰੁਜ਼ਗਾਰ ਨੌਜਵਾਨਾਂ ਦੀਆਂ ਸਮੂਹ ਮੰਗਾਂ ਨੂੰ ਜਲਦ ਪ੍ਰਵਾਨ ਕੀਤਾ ਜਾਵੇ।