ਐਤਵਾਰ, ਮਈ 31, 2026
Home Blog Page 61

ਵੱਡੀ ਖ਼ਬਰ: ਕਾਲਜ ਪ੍ਰੋਫੈਸਰਾਂ ਨੂੰ ਨੌਕਰੀ ਤੋਂ ਕੱਢਿਆ, ਪੜ੍ਹੋ ਮੈਨੇਜਮੈਂਟ ਦਾ ਪੱਖ

 

ਵੱਡੀ ਖ਼ਬਰ: ਕਾਲਜ ਪ੍ਰੋਫੈਸਰਾਂ ਨੂੰ ਨੌਕਰੀ ਤੋਂ ਕੱਢਿਆ! ਪੜ੍ਹੋ ਮੈਨੇਜਮੈਂਟ ਦਾ ਪੱਖ

ਟੀਚਰ ਯੂਨੀਅਨ ਵੱਲੋਂ ਕੈਂਡਲ ਮਾਰਚ ਤੇ ਨਹਿਰ ਦੇ ਪੁਲ ‘ਤੇ ਚੱਕਾ ਜਾਮ

ਕਾਲਜ ਮੈਨੇਜਮੈਂਟ ਵੱਲੋਂ ਟੀਚਰ ਯੂਨੀਅਨ ਵਿਰੁੱਧ ਮਾਣਹਾਨੀ ਕੇਸ ਕਰਨ ਦੀ ਚੇਤਾਵਨੀ

ਧਾਰੀਵਾਲ/ਗੁਰਦਾਸਪੁਰ 30 ਅਪ੍ਰੈਲ 2026: ਧਾਰੀਵਾਲ ਦੇ ਮਸ਼ਹੂਰ ਪ੍ਰਾਈਵੇਟ ਮਹਿਲਾ ਕਾਲਜ, ਹਿੰਦੂ ਕੰਨਿਆ ਮਹਾਂ ਵਿਦਿਆਲੇ ਵਿੱਚ ਮੈਨੇਜਮੈਂਟ ਅਤੇ ਪ੍ਰੋਫੈਸਰਾਂ ਦਰਮਿਆਨ ਚੱਲ ਰਿਹਾ ਵਿਵਾਦ ਹੁਣ ਸੜਕਾਂ ‘ਤੇ ਆ ਗਿਆ ਹੈ।

ਦੋ ਪ੍ਰੋਫੈਸਰਾਂ ਨੂੰ ਨੌਕਰੀ ਤੋਂ ਕੱਢੇ ਜਾਣ ਦੇ ਵਿਰੋਧ ਵਿੱਚ ਅਧਿਆਪਕ ਯੂਨੀਅਨ ਨੇ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਿਆ ਅਤੇ ਚੱਕਾ ਜਾਮ ਕੀਤਾ।

ਪੰਜਾਬ ਚੰਡੀਗੜ੍ਹ ਅਧਿਆਪਕ ਯੂਨੀਅਨ ਦੇ ਸੈਂਕੜੇ ਮੈਂਬਰਾਂ ਨੇ ਕਾਲਜ ਤੋਂ ਕੈਂਡਲ ਮਾਰਚ ਸ਼ੁਰੂ ਕੀਤਾ, ਜੋ ਮੈਨੇਜਮੈਂਟ ਕਮੇਟੀ ਦੇ ਸੈਕਟਰੀ ਰਮੇਸ਼ ਕੋਹਲੀ ਦੇ ਘਰ ਤੱਕ ਪਹੁੰਚਿਆ।

ਪ੍ਰਦਰਸ਼ਨਕਾਰੀਆਂ ਨੇ ਸੈਕਟਰੀ ਦੇ ਘਰ ਦੇ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਇਹ ਮਾਰਚ ਬੱਸ ਸਟੈਂਡ ਹੁੰਦਾ ਹੋਇਆ ਧਾਰੀਵਾਲ ਨਹਿਰ ਦੇ ਪੁਲ ‘ਤੇ ਪਹੁੰਚਿਆ, ਜਿੱਥੇ ਯੂਨੀਅਨ ਨੇ ਜਾਮ ਲਗਾ ਦਿੱਤਾ। ਇਸ ਕਾਰਨ ਕਾਫ਼ੀ ਸਮਾਂ ਆਵਾਜਾਈ ਪ੍ਰਭਾਵਿਤ ਰਹੀ।

ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ, ਮੈਨੇਜਮੈਂਟ ਜਾਣਬੁੱਝ ਕੇ ਸਾਜ਼ਿਸ਼ ਤਹਿਤ ਪ੍ਰੋਫੈਸਰਾਂ ਨੂੰ ਨੌਕਰੀ ਤੋਂ ਕੱਢ ਰਹੀ ਹੈ। ਸਮਝੌਤੇ ਦੀ ਗੱਲਬਾਤ ਚੱਲਣ ਦੇ ਬਾਵਜੂਦ, ਮੈਨੇਜਮੈਂਟ ਨੇ ਯੂਨੀਵਰਸਿਟੀ ਅਤੇ DPI ਨੂੰ ਪ੍ਰੋਫੈਸਰਾਂ ਨੂੰ ਹਟਾਉਣ ਲਈ ਚਿੱਠੀਆਂ ਲਿਖ ਦਿੱਤੀਆਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪ੍ਰੋਫੈਸਰਾਂ ਨਾਲ ਹੁੰਦਾ ਧੱਕਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਦੂਜੇ ਪਾਸੇ ਕਾਲਜ ਮੈਨੇਜਮੈਂਟ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਆਪਣਾ ਪੱਖ ਪੇਸ਼ ਕੀਤਾ; ਮੈਨੇਜਮੈਂਟ ਨੇ ਕਿਹਾ ਕਿ ਸਾਰੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ।

ਮੈਨੇਜਮੈਂਟ ਮੁਤਾਬਕ, ਇਹ ਪ੍ਰੋਫੈਸਰ ਨਵੇਂ ਦਾਖਲੇ (Admissions) ਕਰਵਾਉਣ ਵਿੱਚ ਨਾਕਾਮ ਰਹੇ ਹਨ ਅਤੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਕਾਰਨ ਉਨ੍ਹਾਂ ਨੂੰ ਪੀਰੀਅਡ ਨਹੀਂ ਦਿੱਤੇ ਜਾ ਸਕਦੇ।

ਮੈਨੇਜਮੈਂਟ ਨੇ ਸੈਕਟਰੀ ਦੇ ਘਰ ਦੇ ਬਾਹਰ ਹੋਈ ਨਾਅਰੇਬਾਜ਼ੀ ਨੂੰ ਗਲਤ ਦੱਸਦਿਆਂ ਯੂਨੀਅਨ ਵਿਰੁੱਧ ਮਾਣਹਾਨੀ (Defamation) ਦਾ ਕੇਸ ਕਰਨ ਦੀ ਗੱਲ ਕਹੀ ਹੈ। ਇਸ ਘਟਨਾਕ੍ਰਮ ਤੋਂ ਬਾਅਦ ਪੂਰੇ ਧਾਰੀਵਾਲ ਸ਼ਹਿਰ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਅਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

 

ਲਓ ਜੀ! ਪੰਜਾਬ ਦੇ ਕੰਪਿਊਟਰ ਅਧਿਆਪਕ ਦਿੱਲੀ ‘ਚ ਕੇਜਰੀਵਾਲ ਨਾਲ ਕਰਨਗੇ ‘ਸਤਿਆਗ੍ਰਹਿ’

 

ਲਓ ਜੀ! ਪੰਜਾਬ ਦੇ ਕੰਪਿਊਟਰ ਅਧਿਆਪਕ ਦਿੱਲੀ ਚ ਕੇਜਰੀਵਾਲ ਨਾਲ ਕਰਨਗੇ ‘ਸਤਿਆਗ੍ਰਹਿ’

ਜਿੱਥੇ ਜਾਣਗੇ ਕਨਵੀਨਰ ਉੱਥੇ ਹੀ ਪਹੁੰਚਣਗੇ ਅਧਿਆਪਕ

ਚੰਡੀਗੜ੍ਹ, 30 ਅਪ੍ਰੈਲ 2026 – ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਤਾਇਨਾਤ ਕੰਪਿਊਟਰ ਅਧਿਆਪਕਾਂ ਨਾਲ ਕੀਤੀ ਜਾ ਰਹੀ ਵਾਅਦਾ-ਖਿਲਾਫ਼ੀ ਦੀ ਆਵਾਜ਼ ਹੁਣ ਦਿੱਲੀ ਦੀਆਂ ਸੜਕਾਂ ‘ਤੇ ਗੂੰਜੇਗੀ।

ਕੰਪਿਊਟਰ ਫੈਕਲਟੀ ਐਸੋਸੀਏਸ਼ਨ ਪੰਜਾਬ ਨੇ ਇੱਕ ਵੱਡਾ ਰਣਨੀਤਕ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਉਹ ਹੁਣ ਦਿੱਲੀ ਜਾ ਕੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ‘ਸਤਿਆਗ੍ਰਹਿ’ ਸ਼ੁਰੂ ਕਰਨਗੇ।

ਜਿਸ ਤਰ੍ਹਾਂ ਕੇਜਰੀਵਾਲ ਨੇ ਅਦਾਲਤੀ ਕਾਰਵਾਈ ਦੇ ਖਿਲਾਫ਼ ਇਨਸਾਫ਼ ਨਾ ਮਿਲਣ ਦਾ ਹਵਾਲਾ ਦਿੰਦੇ ਹੋਏ ‘ਸਤਿਆਗ੍ਰਹਿ’ ਦਾ ਰਾਹ ਚੁਣਿਆ ਹੈ, ਉਸੇ ਤਰਜ਼ ‘ਤੇ ਹੁਣ ਕੰਪਿਊਟਰ ਅਧਿਆਪਕ ਵੀ ਉਨ੍ਹਾਂ ਦੇ ਹਰ ਪ੍ਰੋਗਰਾਮ ਵਿੱਚ ਪਹੁੰਚ ਕੇ ਆਪਣਾ ਵਿਰੋਧ ਦਰਜ ਕਰਵਾਉਣਗੇ।

ਰੋਜ਼ਾਨਾ ਪੰਜਾਬ ਦੇ ਇੱਕ ਜ਼ਿਲ੍ਹੇ ਤੋਂ ਅਧਿਆਪਕਾਂ ਦਾ ਜਥਾ ਦਿੱਲੀ ਰਵਾਨਾ ਹੋਵੇਗਾ ਅਤੇ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨਾਲ ਕੀਤੇ ਗਏ ਅਨਿਆਂ ਦੀ ਕਹਾਣੀ ਜਨਤਾ ਨੂੰ ਸੁਣਾਏਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਪ੍ਰਦੀਪ ਕੁਮਾਰ ਮਲੂਕਾ, ਜਸਪਾਲ ਫ਼ਤਹਿਗੜ੍ਹ ਸਾਹਿਬ, ਲਖਵਿੰਦਰ ਸਿੰਘ ਫ਼ਿਰੋਜ਼ਪੁਰ, ਪਰਮਵੀਰ ਸਿੰਘ ਪੰਮੀ, ਹਰਚਰਨ ਸਿੰਘ, ਅਤੇ ਜਤਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਕੇਜਰੀਵਾਲ ਆਪਣੇ ਅਧਿਕਾਰਾਂ ਅਤੇ ਇਨਸਾਫ਼ ਲਈ ਤਾਂ ਸਤਿਆਗ੍ਰਹਿ ਕਰ ਰਹੇ ਹਨ।

ਪਰ ਉਨ੍ਹਾਂ ਦੀ ਆਪਣੀ ਸਰਕਾਰ ਪੰਜਾਬ ਵਿੱਚ ਹਜ਼ਾਰਾਂ ਕੰਪਿਊਟਰ ਅਧਿਆਪਕਾਂ ਦੇ ਅਧਿਕਾਰਾਂ ਦਾ ਗਲਾ ਘੁੱਟ ਰਹੀ ਹੈ। ਹੁਣ ਅਧਿਆਪਕ ਕੇਜਰੀਵਾਲ ਦੇ ਨਾਲ-ਨਾਲ ਚੱਲ ਕੇ ਦੁਨੀਆ ਨੂੰ ਦਿਖਾਉਣਗੇ ਕਿ ‘ਆਪ’ ਸਰਕਾਰ ਦੀ ਕਥਨੀ ਅਤੇ ਕਰਨੀ ਵਿੱਚ ਕਿੰਨਾ ਵੱਡਾ ਅੰਤਰ ਹੈ।

2022 ਦੇ ਵਾਅਦੇ ਭੁੱਲੀ ‘ਆਪ’ ਸਰਕਾਰ, ਅਧਿਕਾਰਾਂ ਦਾ ਹੋ ਰਿਹਾ ਘਾਣ

ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ 2022 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਅਧਿਆਪਕਾਂ ਦੇ ਭਵਿੱਖ ਨੂੰ ਸੰਵਾਰਨ ਦੇ ਜੋ ਵਾਅਦੇ ਕੀਤੇ ਸਨ, ਸੱਤਾ ਮਿਲਦਿਆਂ ਹੀ ਉਨ੍ਹਾਂ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ।

ਕੇਜਰੀਵਾਲ ਖ਼ੁਦ ਤਾਂ ਨਿਆਂਪਾਲਿਕਾ ‘ਤੇ ਸਵਾਲ ਉਠਾ ਕੇ ਸਤਿਆਗ੍ਰਹਿ ਕਰ ਰਹੇ ਹਨ, ਪਰ ਪੰਜਾਬ ਦੇ 6640 ਕੰਪਿਊਟਰ ਅਧਿਆਪਕਾਂ ਨੂੰ ਇਨਸਾਫ਼ ਦੇਣ ਦੇ ਸਵਾਲ ‘ਤੇ ਉਨ੍ਹਾਂ ਦੀ ਪਾਰਟੀ ਦੇ ਆਗੂ ਚੁੱਪ ਧਾਰ ਲੈਂਦੇ ਹਨ। ਆਗੂਆਂ ਨੇ ਕਿਹਾ ਕਿ ਹੁਣ ਉਹ ਹਰ ਉਸ ਜਗ੍ਹਾ ਪਹੁੰਚਣਗੇ ਜਿੱਥੇ ਕੇਜਰੀਵਾਲ ਮੌਜੂਦ ਹੋਣਗੇ ਅਤੇ ਉਨ੍ਹਾਂ ਦੇ ਸਤਿਆਗ੍ਰਹਿ ਦੇ ਨਾਲ ਆਪਣਾ ਹੱਕ ਮੰਗਣਗੇ।

ਸਿੱਖਿਆ ਮੰਤਰੀ ਦਾ ‘ਦੀਵਾਲੀ ਗਿਫ਼ਟ’ ਨਿਕਲਿਆ ਮਹਿਜ਼ ਜੁਮਲਾ

ਆਗੂਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ 15 ਸਤੰਬਰ 2022 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਗਿਫ਼ਟ ਵਜੋਂ ਵਿਭਾਗ ਵਿੱਚ ਸ਼ਿਫ਼ਟ ਕੀਤਾ ਜਾਵੇਗਾ ਅਤੇ ਛੇਵਾਂ ਪੇ-ਕਮਿਸ਼ਨ ਲਾਗੂ ਹੋਵੇਗਾ।

ਪਰ ਅੱਜ ਸਾਲ ਬੀਤ ਜਾਣ ਦੇ ਬਾਵਜੂਦ ਉਹ ਐਲਾਨ ਸਿਰਫ਼ ਇੱਕ ਸਿਆਸੀ ਜੁਮਲਾ ਅਤੇ ਛਲਾਵਾ ਹੀ ਸਾਬਤ ਹੋਇਆ ਹੈ। ਸਕੂਲਾਂ ਵਿੱਚ ਪਿਛਲੇ 21 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਅਧਿਆਪਕ ਅੱਜ ਵੀ ਆਪਣੇ ਜਾਇਜ਼ ਹੱਕ ਲਈ ਸੜਕਾਂ ‘ਤੇ ਧੱਕੇ ਖਾਣ ਲਈ ਮਜਬੂਰ ਹਨ।

ਵਿਭਾਗ ਵਿੱਚ ਮਰਜ ਕਰਨ ਅਤੇ ਛੇਵੇਂ ਪੇ-ਕਮਿਸ਼ਨ ਦੀ ਮੁੱਖ ਮੰਗ

ਆਗੂਆਂ ਨੇ ਆਪਣੀਆਂ ਮੁੱਖ ਮੰਗਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਅਤੇ ਛੇਵੇਂ ਪੇ-ਕਮਿਸ਼ਨ ਦਾ ਲਾਭ ਦਿੱਤਾ ਜਾਵੇ। ਨਾਲ ਹੀ, ਮ੍ਰਿਤਕ ਅਧਿਆਪਕਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਦਿੱਲੀ ਵਿੱਚ ਕੇਜਰੀਵਾਲ ਦੇ ਨਾਲ-ਨਾਲ ਚੱਲਣ ਵਾਲਾ ਇਹ ਸਤਿਆਗ੍ਰਹਿ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜਲਦ ਹੀ ਸੰਗਰੂਰ ਦੀਆਂ ਸੜਕਾਂ ‘ਤੇ ਵੀ ਵੱਡਾ ਸੰਘਰਸ਼ ਛਿੜੇਗਾ।

 

ਹਾਲ-ਏ-ਬਦਲਾਅ! ਰੁਜ਼ਗਾਰ ਮੰਗਣ ਲਈ ਬੇਰੁਜ਼ਗਾਰ ਘੇਰਨਗੇ ਭਗਵੰਤ ਮਾਨ ਦੀ ਰਿਹਾਇਸ਼

 

ਹਾਲ-ਏ-ਬਦਲਾਅ! ਰੁਜ਼ਗਾਰ ਮੰਗਣ ਲਈ ਬੇਰੁਜ਼ਗਾਰ ਘੇਰਨਗੇ ਭਗਵੰਤ ਮਾਨ ਦੀ ਰਿਹਾਇਸ਼

ਬੇਰੁਜ਼ਗਾਰ ਸਾਂਝਾ ਮੋਰਚਾ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਘੇਰਕੇ ਮੰਗੇਗਾ ਰੁਜ਼ਗਾਰ

ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਚਲਦਾ ਪੱਕਾ ਮੋਰਚਾ 126ਵੇਂ ਦਿਨ ਵੀ ਜਾਰੀ

ਦਲਜੀਤ ਕੌਰ

ਸੰਗਰੂਰ, 30 ਅਪ੍ਰੈਲ, 2026: ਪਿਛਲੇ ਚਾਰ ਸਾਲਾਂ ਤੋਂ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਮਜ਼ਦੂਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਕੋਠੀ ਦਾ ਘਿਰਾਓ ਕਰਨਗੇ।

ਇਹ ਜਾਣਕਾਰੀ ਦਿੰਦਿਆਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਉਹ ਜਿੱਥੇ ਪਿਛਲੇ ਚਾਰ ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਭਟਕ ਰਹੇ ਹਨ,ਉਥੇ ਪਿਛਲੇ ਸਾਲ 25 ਦਸੰਬਰ ਤੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸ਼ਾਂਤਮਈ ਪੱਕਾ ਮੋਰਚਾ ਲਗਾ ਕੇ ਰੁਜ਼ਗਾਰ ਦੀ ਮੰਗ ਕਰਦੇ ਆ ਰਹੇ ਹਨ। ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਨਰਸਰੀ ਤੋਂ ਈਟੀਟੀ, ਮਾਸਟਰ ਕੇਡਰ, ਲੈਕਚਰਾਰ ਅਤੇ ਸਹਾਇਕ ਪ੍ਰੋਫ਼ੈਸਰ ਦੀ ਇੱਕ ਅਸਾਮੀ ਚਾਰ ਸਾਲਾਂ ਵਿੱਚ ਨਹੀਂ ਭਰੀ।

ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਨੇਕਾਂ ਵਾਰ ਐਲਾਨ ਕੀਤਾ ਸੀ ਕਿ ਰੁਜ਼ਗਾਰ ਉਡੀਕਦੇ ਓਵਰਏਜ਼ ਹੋ ਚੁੱਕੇ ਬੇਰੁਜ਼ਗਾਰਾਂ ਲਈ ਉਹਨਾਂ ਦੀ ਸਰਕਾਰ ਭਰਤੀ ਹੋਣ ਉਪਰਲੀ ਉਮਰ ਸੀਮਾ ਵਿੱਚ ਛੋਟ ਦੇਵੇਗੀ, ਪ੍ਰੰਤੂ ਵਾਪਰਿਆ ਬਿਲਕੁਲ ਉਲਟ ਕਿ ਪਿਛਲੀਆਂ ਸਰਕਾਰਾਂ ਮੌਕੇ ਓਵਰਏਜ਼ ਹੋ ਚੁੱਕੇ ਬੇਰੁਜ਼ਗਾਰਾਂ ਨੂੰ ਛੱਡੋ ਸਗੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੰਘੇ ਚਾਰ ਸਾਲਾਂ ਵਿੱਚ ਹਜ਼ਾਰਾਂ ਹੋਰ ਬੇਰੁਜ਼ਗਾਰ ਓਵਰ ਏਜ਼ ਹੋ ਚੁੱਕੇ ਹਨ, ਜਿੰਨਾ ਦੇ ਭਵਿੱਖ ਤਬਾਹ ਕਰਨ ਦੀ ਜ਼ਿੰਮੇਵਾਰ ਮਾਨ ਦੀ ਅਗਵਾਈ ਵਾਲੀ ਸਰਕਾਰ ਹੈ।

ਉਹਨਾਂ ਅੱਗੇ ਦੱਸਿਆ ਕਿ ਸਾਲ 2018 ਵਿੱਚ ਕਾਂਗਰਸ ਸਰਕਾਰ ਨੇ ਸਿੱਖਿਆ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਤਰਕਹੀਣ ਸੋਧ ਕਰਕੇ ਮਾਸਟਰ ਕੇਡਰ ਵਿੱਚ ਭਰਤੀ ਹੋਣ ਲਈ ਉਮੀਦਵਾਰਾਂ ਲਈ ਜਰੂਰੀ ਕੀਤਾ ਸੀ ਕਿ ਬੀ ਐਡ ਅਤੇ ਟੈੱਟ ਪਾਸ ਜਨਰਲ ਸ੍ਰੇਣੀਆਂ ਦੇ ਉਮੀਦਵਾਰਾਂ ਦੇ ਗ੍ਰੈਜੂਏਸ਼ਨ ਵਿੱਚੋ ਪ੍ਰਾਪਤ ਅੰਕਾਂ ਦੀ ਪ੍ਰਤੀਸ਼ਤਤਾ 55 ਫੀਸਦੀ ਲਾਜ਼ਮੀ ਹੋਣੀ ਚਾਹੀਦੀ ਹੈ ਅਤੇ ਰਾਖਵੀਆਂ ਸ੍ਰੇਣੀਆਂ ਲਈ 5 ਫ਼ੀਸਦੀ ਅੰਕਾਂ ਦੀ ਛੋਟ ਭਾਵ 50 ਫੀਸਦੀ ਰੱਖੀ ਗਈ ਸੀ।

ਉਸ ਮੌਕੇ ਬੇਰੁਜ਼ਗਾਰਾਂ ਨੇ ਇਸ ਬੇਤੁਕੀ ਸ਼ਰਤ ਦਾ ਵਿਰੋਧ ਕਰਕੇ ਇਸਨੂੰ ਰੱਦ ਕਰਵਾਇਆ ਸੀ। ਇਸੇ ਮਾਰੂ ਸ਼ਰਤ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੜ ਲਾਗੂ ਕਰ ਦਿੱਤਾ ਹੈ।ਇਸ ਲਈ ਇਸਨੂੰ ਰੱਦ ਕਰਵਾਉਣ, ਮਾਸਟਰ ਕੇਡਰ ਦੀਆਂ ਸਾਰੀਆਂ ਖਾਲੀ ਪਈਆਂ ਅਸਾਮੀਆਂ ਦਾ ਉਮਰ ਹੱਦ ਛੋਟ ਸਮੇਤ ਇਸ਼ਤਿਹਾਰ ਜਾਰੀ ਕਰਵਾਉਣ।

ਸਕੂਲ ਲੈਕਚਰਾਰ ਦੀਆਂ ਰੱਦ ਕੀਤੀਆਂ 343 ਅਸਾਮੀਆਂ ਵਿੱਚ ਬਾਕੀ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਜੋੜ ਕੇ ਖਾਲੀ ਪਈਆਂ ਸਾਰੀਆਂ ਅਸਾਮੀਆਂ ਨੂੰ ਉਮਰ ਹੱਦ ਛੋਟ ਸਮੇਤ ਭਰਨ ਦੀ ਮੰਗ ਪੂਰੀ ਕਰਵਾਉਣ, ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਕਰਵਾਉਣ ਅਤੇ ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਸਾਰੀਆਂ ਖਾਲੀ ਅਸਾਮੀਆਂ ਜਾਰੀ ਕਰਵਾਉਣ ਲਈ ਮੁੜ ਮਜ਼ਦੂਰ ਦਿਵਸ ਮੌਕੇ ਮੁੱਖ ਮੰਤਰੀ ਦੀ ਸਥਾਨਕ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਸਿੱਖਿਆ ਅਤੇ ਸਿਹਤ ਕ੍ਰਾਂਤੀ ਮਹਿਜ਼ ਡਰਾਮੇਬਾਜ਼ੀ ਹੈ ਜਦਕਿ ਜ਼ਮੀਨੀ ਹਕੀਕਤਾਂ ਬਿਲਕੁਲ ਉਲਟ ਹਨ। ਉਹਨਾਂ ਪੰਜਾਬ ਸਰਕਾਰ ਵੱਲੋਂ 65000 ਸਰਕਾਰੀ ਨੌਕਰੀਆਂ ਦੇਣ ਅਤੇ ਸਿੱਖਿਆ ਵਿਭਾਗ ਵਿੱਚ 17000 ਕਰੀਬ ਅਧਿਆਪਕ ਭਰਤੀ ਕਰਨ ਦੇ ਦਾਅਵਿਆਂ ਨੂੰ ਝੂਠ ਦਾ ਪੁਲੰਦਾ ਆਖਦੇ ਹੋਏ ਉਕਤ ਮੁੱਦਿਆਂ ਉੱਤੇ ਜਨਤਕ ਬਹਿਸ ਦਾ ਸੱਦਾ ਦਿੱਤਾ। ਇੱਧਰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਚਲਦਾ ਪੱਕਾ ਮੋਰਚਾ 126ਵੇਂ ਦਿਨ ਵੀ ਜਾਰੀ ਹੈ।

ਇਸ ਮੌਕੇ ਅਮਨਦੀਪ ਕੌਰ, ਗੁਰਪ੍ਰੀਤ ਸਿੰਘ ਪੱਕਾ ਕਲਾਂ, ਹਰਵਿੰਦਰ ਸਿੰਘ, ਗੁਰਮੁਖ ਸਿੰਘ, ਰੁਪਿੰਦਰ ਸੁਨਾਮ, ਲਖਵੀਰ ਸਿੰਘ ਬੀਹਲਾ ਅਤੇ ਭੁਪਿੰਦਰ ਸਿੰਘ, ਮਨਜੀਤ ਕੌਰ, ਰਾਜਵੀਰ ਕੌਰ ਅਤੇ ਰਿੰਕੂ ਝਾੜੋਂ ਆਦਿ ਹਾਜ਼ਰ ਸਨ।

 

ਵੱਡੀ ਖ਼ਬਰ: ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

 

ਵੱਡੀ ਖ਼ਬਰ: ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

ਬੈਂਗਲੁਰੂ 29 ਅਪ੍ਰੈਲ 2026: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਅੱਜ ਇੱਕ ਬੇਹੱਦ ਦੁਖਦਾਈ ਹਾਦਸਾ ਵਾਪਰਿਆ ਹੈ। ਇੱਥੋਂ ਦੇ ਬੋਵਰਿੰਗ ਹਸਪਤਾਲ (Bowring Hospital) ਦੇ ਨੇੜੇ ਇੱਕ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਸੁਰੱਖਿਆ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਹਨ। ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਚਲਾਏ ਜਾ ਰਹੇ ਹਨ।

ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੰਧ ਡਿੱਗਣ ਦਾ ਅਸਲ ਕਾਰਨ ਕੀ ਸੀ, ਪਰ ਮੌਕੇ ‘ਤੇ ਮੌਜੂਦ ਟੀਮਾਂ ਸਥਿਤੀ ਦਾ ਜਾਇਜ਼ਾ ਲੈ ਰਹੀਆਂ ਹਨ।

ਸੁਰੱਖਿਆ ਟੀਮਾਂ ਵੱਲੋਂ ਇਲਾਕੇ ਨੂੰ ਘੇਰ ਲਿਆ ਗਿਆ ਹੈ ਤਾਂ ਜੋ ਬਚਾਅ ਕਾਰਜਾਂ ਵਿੱਚ ਕੋਈ ਰੁਕਾਵਟ ਨਾ ਆਵੇ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ।

ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਘਟਨਾ ਬਾਰੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

 

BREAKING- ਆਨਲਾਈਨ ਗੇਮਿੰਗ ‘ਚ ਲੱਖਾਂ ਰੁਪਏ ਗਵਾਉਣ ਵਾਲੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ; ਜੇਬ ‘ਚੋਂ ਮਿਲਿਆ ਸੁਸਾਈਡ ਨੋਟ

 

ਆਨਲਾਈਨ ਗੇਮਿੰਗ ‘ਚ ਲੱਖਾਂ ਰੁਪਏ ਗਵਾਉਣ ਵਾਲੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ; ਜੇਬ ‘ਚੋਂ ਮਿਲਿਆ ਸੁਸਾਈਡ ਨੋਟ

ਫਰੀਦਾਬਾਦ 29 ਅਪ੍ਰੈਲ 2026: ਹਰਿਆਣਾ ਦੇ ਫਰੀਦਾਬਾਦ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਸਥਿਤ ਜੇ.ਸੀ. ਬੋਸ YMCA ਯੂਨੀਵਰਸਿਟੀ ਦੇ ਬੀ.ਐੱਸ.ਸੀ. ਅੰਤਿਮ ਸਾਲ ਦੇ ਇੱਕ ਵਿਦਿਆਰਥੀ ਨੇ ਆਨਲਾਈਨ ਗੇਮਿੰਗ (ਜੂਏ) ਵਿੱਚ ਲੱਖਾਂ ਰੁਪਏ ਹਾਰਨ ਕਾਰਨ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਮ੍ਰਿਤਕ ਦੀ ਪਛਾਣ ਆਦਿਤਿਆ ਠਾਕੁਰ ਵਜੋਂ ਹੋਈ ਹੈ, ਜੋ ਸੈਕਟਰ-77 ਦੀ ਜਲ ਵਿਹਾਰ ਵੈਲਫੇਅਰ ਸੁਸਾਇਟੀ ਦਾ ਰਹਿਣ ਵਾਲਾ ਸੀ। ਪੁਲਿਸ ਅਨੁਸਾਰ, ਆਦਿਤਿਆ ਆਨਲਾਈਨ ਗੇਮਿੰਗ ਵਿੱਚ ਲੱਖਾਂ ਰੁਪਏ ਹਾਰ ਚੁੱਕਾ ਸੀ।

ਹਾਰੇ ਹੋਏ ਪੈਸੇ ਵਾਪਸ ਜਿੱਤਣ ਦੇ ਲਾਲਚ ਵਿੱਚ ਉਹ ਵਾਰ-ਵਾਰ ਖੇਡਦਾ ਰਿਹਾ ਅਤੇ ਕਰਜ਼ੇ ਦੇ ਜਾਲ ਵਿੱਚ ਫਸ ਗਿਆ। ਇਸ ਮਾਨਸਿਕ ਪਰੇਸ਼ਾਨੀ ਕਾਰਨ ਉਸ ਨੇ ਅੱਜ ਆਪਣੇ ਘਰ ਦੇ ਬਾਥਰੂਮ ਵਿੱਚ ਜਾ ਕੇ ਖ਼ੁਦ ਨੂੰ ਗੋਲੀ ਮਾਰ ਲਈ।

ਘਟਨਾ ਦੇ ਸਮੇਂ ਆਦਿਤਿਆ ਦੀ ਮਾਂ ਅਤੇ ਉਸ ਦਾ ਛੋਟਾ ਭਰਾ ਘਰ ਵਿੱਚ ਹੀ ਮੌਜੂਦ ਸਨ। ਉਸ ਨੇ ਆਪਣੇ ਤਾਇਆ ਸਤੀਸ਼ (ਜੋ ਫੌਜ ਤੋਂ ਸੇਵਾਮੁਕਤ ਹਨ) ਦੀ ਲਾਇਸੈਂਸੀ ਰਿਵਾਲਵਰ ਦੀ ਵਰਤੋਂ ਕੀਤੀ।

ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰਕ ਮੈਂਬਰ ਬਾਥਰੂਮ ਵੱਲ ਭੱਜੇ ਤਾਂ ਆਦਿਤਿਆ ਖੂਨ ਨਾਲ ਲੱਥਪੱਥ ਪਿਆ ਸੀ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੂੰ ਮ੍ਰਿਤਕ ਦੀ ਜੇਬ ਵਿੱਚੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਆਨਲਾਈਨ ਗੇਮਿੰਗ ਵਿੱਚ ਪੈਸੇ ਹਾਰਨ ਅਤੇ ਮਾਨਸਿਕ ਦਬਾਅ ਦਾ ਜ਼ਿਕਰ ਕੀਤਾ ਹੈ।

ਪੁਲਿਸ ਬੁਲਾਰੇ ਯਸ਼ਪਾਲ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਾਬਾਦ ਦੇ ਬਾਦਸ਼ਾਹ ਖਾਨ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਹਰ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਨੌਜਵਾਨਾਂ ਵਿੱਚ ਵਧ ਰਹੀ ਆਨਲਾਈਨ ਜੂਏ ਦੀ ਲਤ ਅਤੇ ਇਸ ਦੇ ਮਾਰੂ ਨਤੀਜਿਆਂ ਵੱਲ ਇਸ਼ਾਰਾ ਕਰਦੀ ਹੈ।

 

ਸਿੱਖਿਆ ਕ੍ਰਾਂਤੀ: ਸਰਕਾਰੀ ਮਿਡਲ ਸਕੂਲ ਬੇਦਾਦਪੁਰ ਵਿਖੇ ਨਵੀਂ ਕੰਪਿਊਟਰ ਲੈਬ ਦਾ ਉਦਘਾਟਨ

 

ਸਿੱਖਿਆ ਕ੍ਰਾਂਤੀ: ਸਰਕਾਰੀ ਮਿਡਲ ਸਕੂਲ ਬੇਦਾਦਪੁਰ ਵਿਖੇ ਨਵੀਂ ਕੰਪਿਊਟਰ ਲੈਬ ਦਾ ਉਦਘਾਟਨ

ਸਰਪੰਚ ਅਜਮੇਰ ਸਿੰਘ ਨੇ ਕੀਤਾ ਉਦਘਾਟਨ; ਵਿਦਿਆਰਥੀਆਂ ਨੂੰ ਵੰਡੀਆਂ ਪਾਣੀ ਦੀਆਂ ਬੋਤਲਾਂ ਅਤੇ ਸਟੇਸ਼ਨਰੀ

ਪੰਜਾਬ ਨੈੱਟਵਰਕ

ਬੇਦਾਦਪੁਰ, 29 ਅਪ੍ਰੈਲ 2026:

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਅਤੇ ਉਨ੍ਹਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੇ ਯਤਨ ਲਗਾਤਾਰ ਜਾਰੀ ਹਨ।

ਇਸੇ ਲੜੀ ਤਹਿਤ ਸਰਕਾਰੀ ਮਿਡਲ ਸਕੂਲ ਬੇਦਾਦਪੁਰ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਭੇਜੇ ਗਏ ਨਵੇਂ ਕੰਪਿਊਟਰਾਂ ਨਾਲ ਤਿਆਰ ਕੀਤੀ ਗਈ ਕੰਪਿਊਟਰ ਲੈਬ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ।

ਇਸ ਲੈਬ ਦਾ ਉਦਘਾਟਨ ਪਿੰਡ ਬੇਦਾਦਪੁਰ ਦੇ ਸਰਪੰਚ ਅਜਮੇਰ ਸਿੰਘ (ਆਮ ਆਦਮੀ ਪਾਰਟੀ) ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕਾਨਵੈਂਟ ਸਕੂਲਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਕਲਸਟਰ ਸਕੂਲ ਦੇ ਨਰਿੰਦਰ ਕੁਮਾਰ ਧੀਰ ਨੇ ਦੱਸਿਆ ਕਿ ਸਰਕਾਰ ਸਿੱਖਿਆ ਦੇ ਖੇਤਰ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਕੁਮਾਰ ਵੀ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਰਹਿੰਦੇ ਹਨ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾਉਂਦੇ ਹਨ।

ਇਸ ਮੌਕੇ ਸਕੂਲ ਇੰਚਾਰਜ ਮੈਡਮ ਕਿਰਨ ਸ਼ਰਮਾ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਨ-ਲਿਖਣ ਲਈ ਕਾਪੀਆਂ, ਪੈਨ ਅਤੇ ਪਾਣੀ ਪੀਣ ਲਈ ਬੋਤਲਾਂ ਵੰਡੀਆਂ ਗਈਆਂ। ਸਕੂਲ ਸਟਾਫ਼ ਅਤੇ ਇਲਾਕਾ ਨਿਵਾਸੀਆਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਮੌਕੇ ਸਕੂਲ ਇੰਚਾਰਜ ਮੈਡਮ ਕਿਰਨ ਸ਼ਰਮਾ, ਮੈਡਮ ਸ਼ਾਕਸੀ ਸ਼ਰਮਾ, ਮੈਡਮ ਕਵਿਤਾ ਅਤੇ ਮੈਡਮ ਹਰਪ੍ਰੀਤ ਸਮੇਤ ਸਕੂਲ ਦਾ ਸਮੂਹ ਸਟਾਫ਼ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

 

JEE ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ CM ਮਾਨ ਨੇ ਕੀਤਾ ਸਨਮਾਨ

 

JEE ਪ੍ਰੀਖਿਆ ਪਾਸ ਕਰਨ ਵਾਲੇ ਫਿਰੋਜ਼ਪੁਰ ਦੇ 34 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ CM ਮਾਨ ਨੇ ਕੀਤਾ ਸਨਮਾਨ

ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ਦੇ 23 ਵਿਦਿਆਰਥੀਆਂ ਨੇ ਚਮਕਾਇਆ ਜ਼ਿਲੇ ਦਾ ਨਾਮ

ਫਿਰੋਜ਼ਪੁਰ, 29 ਅਪ੍ਰੈਲ 2026- ਪੰਜਾਬ ਸਰਕਾਰ ਵੱਲੋਂ ਇੱਕ ਪ੍ਰੇਰਣਾਦਾਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜੇ.ਈ.ਈ. ਪ੍ਰਤੀਯੋਗੀ ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ 360 ਵਿਦਿਆਰਥੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਨਮਾਨਿਤ ਕੀਤਾ ਗਿਆ।

ਇਸ ਸਮਾਗਮ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਯੋਗਤਾ ਅਤੇ ਉਨ੍ਹਾਂ ਦੀ ਮਿਹਨਤ ਨੂੰ ਹੋਰ ਉਤਸ਼ਾਹਿਤ ਕਰਨਾ ਹੈ ਤਾਂ ਜੋ ਹੋਰ ਵਿਦਿਆਰਥੀ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੁਣੇ ਗਏ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਕੁੱਲ 34 ਵਿਦਿਆਰਥੀ ਵੀ ਸ਼ਾਮਲ ਸਨ।

ਇਹ ਵਿਦਿਆਰਥੀ ਵੱਖ-ਵੱਖ ਸਰਕਾਰੀ ਸਕੂਲਾਂ ਨਾਲ ਸੰਬੰਧਿਤ ਸਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਦੇ 23 ਵਿਦਿਆਰਥੀ, ਸਕੂਲ ਆਫ ਐਮੀਨੈਂਸ ਫਿਰੋਜ਼ਪੁਰ ਸ਼ਹਿਰ ਦਾ 01, ਸਕੂਲ ਆਫ ਐਮੀਨੈਂਸ ਗੁਰੂਹਰਸਹਾਏ ਦੇ 02 , ਸਕੂਲ ਆਫ ਐਮੀਨੈਂਸ ਮਮਦੋਟ ਦੇ 2 , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੇ ਕੇ ਉਤਾੜ ਦਾ 1, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਕਣ ਖਾਂ ਵਾਲਾ 1, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਰੋਜ਼ਪੁਰ ਸ਼ਹਿਰ ਦਾ 1, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠਾ ਕਿਸ਼ਨ ਸਿੰਘ ਵਾਲਾ ਦਾ 1 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਦਾ 1 ਵਿਦਿਆਰਥੀ ਸ਼ਾਮਲ ਸੀ।

ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਿਸੇ ਗੱਲ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਵਿਦਿਆਰਥੀਆਂ ਨੂੰ ਉੱਚ ਸਿਖਲਾਈ ਦੇ ਮੌਕੇ ਪ੍ਰਦਾਨ ਕਰਨ ਲਈ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਸਫਲਤਾ ਸਿਰਫ਼ ਇੱਕ ਪੜਾਅ ਹੈ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰਨ ਲਈ ਲਗਾਤਾਰ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱਖਿਆ) ਫਿਰੋਜ਼ਪੁਰ ਮੁਨੀਲਾ ਅਰੋੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਨੇ ਸਨਮਾਨਿਤ ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਸਿਰਫ਼ ਵਿਦਿਆਰਥੀਆਂ ਦੀ ਨਹੀਂ, ਸਗੋਂ ਉਨ੍ਹਾਂ ਦੇ ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ।

ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਵਿਦਿਆਰਥੀ ਭਵਿੱਖ ਵਿੱਚ ਵੀ ਇਨ੍ਹਾਂ ਹੀ ਉੱਚਾਈਆਂ ਨੂੰ ਛੂਹਣਗੇ ਅਤੇ ਆਪਣੇ ਜ਼ਿਲ੍ਹੇ ਅਤੇ ਰਾਜ ਦਾ ਨਾਮ ਰੌਸ਼ਨ ਕਰਨਗੇ। ਇਹ ਸਮਾਰੋਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਵੱਡਾ ਉਤਸ਼ਾਹ ਬਣ ਕੇ ਸਾਹਮਣੇ ਆਇਆ ਹੈ, ਜਿਸ ਨਾਲ ਨਾ ਸਿਰਫ਼ ਵਿਦਿਆਰਥੀਆਂ ਦਾ ਹੌਸਲਾ ਵਧਿਆ ਹੈ, ਸਗੋਂ ਸਿੱਖਿਆ ਪ੍ਰਣਾਲੀ ਵਿੱਚ ਲੋਕਾਂ ਦਾ ਵਿਸ਼ਵਾਸ ਵੀ ਹੋਰ ਮਜ਼ਬੂਤ ਹੋਇਆ ਹੈ।

ਇਸ ਸਮਾਗਮ ਵਿੱਚ ਨੋਡਲ ਇੰਚਾਰਜ ਅਨਿਲ ਧਵਨ ਲੈਕਚਰਾਰ, ਅਮਨਦੀਪ ਕੌਰ ਲੈਕਚਰਾਰ, ਗੁਰਸੇਵਕ ਸਿੰਘ ਸਾਇੰਸ ਮਾਸਟਰ ਅਤੇ ਜਰਨੈਲ ਸਿੰਘ ਵਾਰਡਨ ਵਿਦਿਆਰਥੀਆਂ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 

ਕਿਸਾਨਾਂ ਲਈ ਵੱਡੀ ਖ਼ਬਰ: ਝੋਨੇ ਦੀ ਲੁਆਈ ਬਾਰੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ- ਸ਼ਡਿਊਲ ਜਾਰੀ

 

ਕਿਸਾਨਾਂ ਲਈ ਵੱਡੀ ਖ਼ਬਰ: ਝੋਨੇ ਦੀ ਲੁਆਈ ਬਾਰੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ- ਸ਼ਡਿਊਲ ਜਾਰੀ

Punjab Network

ਚੰਡੀਗੜ੍ਹ 29 ਅਪ੍ਰੈਲ 2026: ਝੋਨੇ ਦੇ ਸੀਜ਼ਨ ਲਈ ਬਿਜਾਈ ਅਤੇ ਬਿਜਲੀ ਸਪਲਾਈ ਦਾ ਮੁਕੰਮਲ ਸ਼ਡਿਊਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਾਰੀ ਕਰ ਦਿੱਤਾ ਹੈ।

ਸਰਕਾਰ ਨੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਅਤੇ ਬਿਜਲੀ ਦੇ ਪ੍ਰਬੰਧਨ ਲਈ ਸੂਬੇ ਨੂੰ ਚਾਰ ਵੱਖ-ਵੱਖ ਜ਼ੋਨਾਂ ਵਿੱਚ ਵੰਡ ਕੇ ਬਿਜਾਈ ਕਰਨ ਦਾ ਫੈਸਲਾ ਕੀਤਾ ਹੈ।

ਸੂਬੇ ਭਰ ਵਿੱਚ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ 31 ਮਈ ਤੱਕ ਕੀਤੀ ਜਾ ਸਕੇਗੀ। ਝੋਨੇ ਦੀ ਰਵਾਇਤੀ ਲੁਆਈ 1 ਜੂਨ ਤੋਂ ਪੜਾਅਵਾਰ ਸ਼ੁਰੂ ਹੋਵੇਗੀ।

ਜ਼ੋਨ ਅਨੁਸਾਰ ਬਿਜਾਈ ਦੀਆਂ ਤਰੀਕਾਂ….

  1. ਪਹਿਲਾ ਜ਼ੋਨ (15 ਮਈ ਤੋਂ): ਸਿੱਧੀ ਬਿਜਾਈ ਲਈ ਪੂਰਾ ਪੰਜਾਬ।
  2. ਦੂਜਾ ਜ਼ੋਨ (1 ਜੂਨ ਤੋਂ): ਗੁਰਦਾਸਪੁਰ, ਪਠਾਨਕੋਟ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ, ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ), ਫ਼ਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ।
  3. ਤੀਜਾ ਜ਼ੋਨ (5 ਜੂਨ ਤੋਂ): ਫ਼ਰੀਦਕੋਟ, ਬਠਿੰਡਾ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ।
  4. ਚੌਥਾ ਜ਼ੋਨ (9 ਜੂਨ ਤੋਂ): ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ)।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਖੇਤੀਬਾੜੀ ਸੈਕਟਰ ਨੂੰ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ। ਨਹਿਰੀ ਪਾਣੀ ਦੀ ਸਪਲਾਈ 1 ਮਈ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਬਿਜਾਈ ਵੇਲੇ ਦਿੱਕਤ ਨਾ ਆਵੇ।

ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਨੂੰ ਜ਼ੋਨਾਂ ਵਿੱਚ ਵੰਡਣ ਦੇ ਕਈ ਵੱਡੇ ਫਾਇਦੇ ਹੋਣਗੇ। ਬਿਜਲੀ ਗਰਿੱਡਾਂ ‘ਤੇ ਇਕਦਮ ਲੋਡ ਨਹੀਂ ਪਵੇਗਾ, ਜਿਸ ਨਾਲ ਬਿਜਲੀ ਸਪਲਾਈ ਬਿਹਤਰ ਰਹੇਗੀ।

ਸੀਜ਼ਨ ਲੰਬਾ ਹੋਣ ਕਾਰਨ ਕਿਸਾਨਾਂ ਨੂੰ ਲੇਬਰ (ਮਜ਼ਦੂਰਾਂ) ਦੀ ਕਮੀ ਨਹੀਂ ਆਵੇਗੀ। ਸਰਕਾਰ ਨੂੰ ਪਤਾ ਹੋਵੇਗਾ ਕਿ ਕਿਹੜੇ ਜ਼ੋਨ ਦੀ ਫ਼ਸਲ ਪਹਿਲਾਂ ਆਉਣੀ ਹੈ, ਜਿਸ ਨਾਲ ਮੰਡੀਆਂ ਵਿੱਚ ਪਹਿਲਾਂ ਹੀ ਪੁਖ਼ਤਾ ਪ੍ਰਬੰਧ ਕੀਤੇ ਜਾ ਸਕਣਗੇ ਅਤੇ ਭੀੜ ਨਹੀਂ ਪਵੇਗੀ।

ਵਾਢੀ ਵੇਲੇ ਵੀ ਕਿਸਾਨਾਂ ਨੂੰ ਕੰਬਾਈਨਾਂ ਲਈ ਜੱਦੋ-ਜਹਿਦ ਨਹੀਂ ਕਰਨੀ ਪਵੇਗੀ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਬਚਤ ਲਈ ਵੱਧ ਤੋਂ ਵੱਧ ਸਿੱਧੀ ਬਿਜਾਈ (DSR) ਵੱਲ ਧਿਆਨ ਦੇਣ।

 

ਸੁਪਰੀਮ ਕੋਰਟ ਦਾ ਅਹਿਮ ਫੈਸਲਾ; ਧਰਮ ਦੇ ਨਾਂ ‘ਤੇ ਸੜਕਾਂ ਨਹੀਂ ਕੀਤੀਆਂ ਜਾ ਸਕਦੀਆਂ ਜਾਮ

 

ਸੁਪਰੀਮ ਕੋਰਟ ਦਾ ਅਹਿਮ ਫੈਸਲਾ; ਧਰਮ ਦੇ ਨਾਂ ‘ਤੇ ਸੜਕਾਂ ਨਹੀਂ ਕੀਤੀਆਂ ਜਾ ਸਕਦੀਆਂ ਜਾਮ

Punjab Network

ਨਵੀਂ ਦਿੱਲੀ 29 ਅਪ੍ਰੈਲ 2026: ਸੁਪਰੀਮ ਕੋਰਟ ਨੇ ਇੱਕ ਅਹਿਮ ਟਿੱਪਣੀ ਕਰਦਿਆਂ ਕਿਹਾ ਹੈ ਕਿ ਧਾਰਮਿਕ ਗਤੀਵਿਧੀਆਂ ਦੇ ਨਾਂ ‘ਤੇ ਜਨਤਕ ਸੜਕਾਂ ਨੂੰ ਬੰਦ (ਜਾਮ) ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇਕਰ ਧਾਰਮਿਕ ਆਯੋਜਨਾਂ ਕਾਰਨ ਆਮ ਲੋਕਾਂ ਦੇ ਅਧਿਕਾਰ ਜਾਂ ਜ਼ਰੂਰੀ ਨਾਗਰਿਕ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ, ਤਾਂ ਸਰਕਾਰ ਇਸ ਵਿੱਚ ਦਖ਼ਲ ਦੇ ਸਕਦੀ ਹੈ।

ਮੁੱਖ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ 9 ਜੱਜਾਂ ਦੇ ਸੰਵਿਧਾਨਕ ਬੈਂਚ ਵੱਲੋਂ ਸਬਰੀਮਾਲਾ ਮੰਦਰ ਸਮੇਤ ਹੋਰ ਧਾਰਮਿਕ ਸਥਾਨਾਂ ‘ਤੇ ਔਰਤਾਂ ਨਾਲ ਹੁੰਦੇ ਵਿਤਕਰੇ ਅਤੇ ਧਾਰਮਿਕ ਆਜ਼ਾਦੀ ਦੇ ਘੇਰੇ ਨਾਲ ਸਬੰਧਤ ਪਟੀਸ਼ਨਾਂ ‘ਤੇ ਸੁਣਵਾਈ ਦੌਰਾਨ ਇਹ ਗੱਲ ਕਹੀ ਗਈ।

ਸਰਵਉੱਚ ਅਦਾਲਤ ਨੇ ਕਿਹਾ ਕਿ ਭਾਵੇਂ ਧਾਰਮਿਕ ਸੰਸਥਾਵਾਂ ਨੂੰ ਪੂਜਾ ਦੇ ਮਾਮਲਿਆਂ ਵਿੱਚ ਖ਼ੁਦਮੁਖਤਿਆਰੀ ਹਾਸਲ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਜਨਤਕ ਵਿਵਸਥਾ ਜਾਂ ਆਮ ਲੋਕਾਂ ਦੇ ਆਉਣ-ਜਾਣ ਵਿੱਚ ਵਿਘਨ ਪਾਉਣ।

ਜਸਟਿਸ ਬੀ.ਵੀ. ਨਾਗਰਥਨਾ ਨੇ ਨੋਟ ਕੀਤਾ ਕਿ ਧਾਰਮਿਕ ਸਮਾਗਮਾਂ ਦਾ ਆਯੋਜਨ ਕਰਨਾ ਜਨਤਕ ਸੜਕਾਂ ਨੂੰ ਰੋਕਣ ਦਾ ਜਾਇਜ਼ ਕਾਰਨ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਰਾਜ (ਸਰਕਾਰ) ਕੋਲ ਅਜਿਹੀਆਂ ਸਥਿਤੀਆਂ ਨੂੰ ਨਿਯੰਤਰਿਤ ਕਰਨ ਦੀ ਪੂਰੀ ਸ਼ਕਤੀ ਹੈ।

ਬੈਂਚ ਨੇ ਜ਼ੋਰ ਦਿੱਤਾ ਕਿ ਪੂਜਾ ਕਰਨ ਦੇ ਤਰੀਕੇ ‘ਤੇ ਅਦਾਲਤ ਫੈਸਲਾ ਨਹੀਂ ਸੁਣਾ ਸਕਦੀ, ਪਰ ਜਦੋਂ ਧਾਰਮਿਕ ਅਭਿਆਸਾਂ ਕਾਰਨ ਲੋਕਾਂ ਦੇ ਧਰਮ ਨਿਰਪੱਖ ਅਧਿਕਾਰਾਂ (Secular Rights) ਦਾ ਘਾਣ ਹੁੰਦਾ ਹੈ, ਤਾਂ ਦਖ਼ਲਅੰਦਾਜ਼ੀ ਸੰਭਵ ਹੈ।

ਅਦਾਲਤ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਨ ਦਾ ਮਤਲਬ ਇਹ ਨਹੀਂ ਕਿ ਉੱਥੇ ਕੋਈ ਢਾਂਚਾ ਜਾਂ ਨਿਯਮ ਨਾ ਹੋਵੇ। ਸੰਵਿਧਾਨਕ ਸਿਧਾਂਤਾਂ ਦੀ ਉਲੰਘਣਾ ਕੀਤੇ ਬਿਨਾਂ ਵਿਵਸਥਿਤ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਉਚਿਤ ਨਿਯਮ ਅਤੇ ਰੈਗੂਲੇਟਰੀ ਵਿਧੀ ਹੋਣੀ ਚਾਹੀਦੀ ਹੈ।

ਇਸ ਮਾਮਲੇ ਵਿੱਚ ਸੰਵਿਧਾਨ ਦੀ ਧਾਰਾ 25 ਅਤੇ 26 ਦੇ ਤਹਿਤ ਮਿਲੇ ਅਧਿਕਾਰਾਂ ‘ਤੇ ਵੱਖ-ਵੱਖ ਵਕੀਲਾਂ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ। ਅਦਾਲਤ ਨੇ ਦੁਹਰਾਇਆ ਕਿ ਧਾਰਮਿਕ ਆਜ਼ਾਦੀ ਜਨਤਕ ਵਿਵਸਥਾ ਅਤੇ ਗੈਰ-ਵਿਤਕਰੇ ਵਰਗੀਆਂ ਸੰਵਿਧਾਨਕ ਸੀਮਾਵਾਂ ਦੇ ਅਧੀਨ ਹੈ। ਇਸ ਮਾਮਲੇ ਦੀ ਸੁਣਵਾਈ ਭਲਕੇ ਵੀ ਜਾਰੀ ਰਹੇਗੀ।

 

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ; ਹੁਣ ਬੇਰੁਜ਼ਗਾਰ ਧੀਆਂ-ਪੁੱਤਰਾਂ ਨੂੰ ਵੀ ਮਿਲੇਗੀ 11000 ਰੁਪਏ ਪੈਨਸ਼ਨ

 

ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ ਪੰਜਾਬ ਸਰਕਾਰ; ਹੁਣ ਬੇਰੋਜ਼ਗਾਰ ਧੀਆਂ-ਪੁੱਤਰਾਂ ਨੂੰ ਵੀ ਮਿਲੇਗਾ ਪੈਨਸ਼ਨ ਦਾ ਲਾਭ

ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ 11,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ : ਮੋਹਿੰਦਰ ਭਗਤ

ਪੰਜਾਬ ਸਰਕਾਰ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ

ਚੰਡੀਗੜ੍ਹ, 29 ਅਪ੍ਰੈਲ 2026- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਸ ਸਬੰਧੀ ਆਜ਼ਾਦੀ ਘੁਲਾਟੀਆ, ਰੱਖਿਆ ਸੇਵਾਵਾਂ ਭਲਾਈ ਅਤੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ, ਉਨ੍ਹਾਂ ਦੀਆਂ ਵਿਧਵਾਵਾਂ, ਅਣਵਿਆਹੀਆਂ ਅਤੇ ਬੇਰੋਜ਼ਗਾਰ ਧੀਆਂ ਤੇ ਅਣਵਿਆਹੇ ਬੇਰੋਜ਼ਗਾਰ ਪੁੱਤਰਾਂ ਨੂੰ 11,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ।

ਮੰਤਰੀ ਨੇ ਕਿਹਾ ਕਿ ਸੁਤੰਤਰਤਾ ਸੰਗਰਾਮੀਆਂ ਨੇ ਦੇਸ਼ ਦੀ ਆਜ਼ਾਦੀ ਲਈ ਮਹਾਨ ਯੋਗਦਾਨ ਦਿੱਤੇ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਸਦਾ ਯਾਦ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਸਨਮਾਨ ਅਤੇ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ।

ਮੋਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ । ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸੁਤੰਤਰਤਾ ਸੰਗਰਾਮੀਆਂ ਦੀ ਦੇਸ਼ ਪ੍ਰਤੀ ਸੇਵਾ ਅਤੇ ਤਿਆਗ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਹਨ। ਪੰਜਾਬ ਸਰਕਾਰ ਉਨ੍ਹਾਂ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣ ਨੂੰ ਤਰਜੀਹ ਦੇ ਰਹੀ ਹੈ।