ਮੰਗਲਵਾਰ, ਜੂਨ 2, 2026
Home Blog Page 83

ਸਿੱਖਿਆ ਵਿਭਾਗ ਦਾ ਵੱਡਾ ਐਕਸ਼ਨ! 14 ਲੈਕਚਰਾਰਾਂ ਨੂੰ ਡਿਮੋਟ ਕਰਨ ਦੇ ਹੁਕਮ

 

ਸਿੱਖਿਆ ਵਿਭਾਗ ਦਾ ਵੱਡਾ ਐਕਸ਼ਨ! 14 ਲੈਕਚਰਾਰਾਂ ਨੂੰ ਡਿਮੋਟ ਕਰਨ ਦੇ ਹੁਕਮ

ਲੁਧਿਆਣਾ ਜ਼ਿਲ੍ਹੇ ਦੇ ਸਭ ਤੋਂ ਵੱਧ ਅਧਿਆਪਕ ਪ੍ਰਭਾਵਿਤ

ਚੰਡੀਗੜ੍ਹ, 21 ਅਪ੍ਰੈਲ, 2026

ਪੰਜਾਬ ਸਿੱਖਿਆ ਵਿਭਾਗ ਵਿੱਚ ਸੀਨੀਅਰਟੀ ਸੂਚੀ ਨੂੰ ਲੈ ਕੇ ਚੱਲ ਰਿਹਾ ਸਾਲਾਂ ਪੁਰਾਣਾ ਵਿਵਾਦ ਹੁਣ ਅਧਿਆਪਕਾਂ ‘ਤੇ ਗਾਜ ਬਣ ਕੇ ਡਿੱਗਿਆ ਹੈ।

ਡਾਇਰੈਕਟੋਰੇਟ ਸਕੂਲ ਐਜੂਕੇਸ਼ਨ (ਸੈਕੰਡਰੀ) ਨੇ 2019 ਦੀ ਲੈਕਚਰਾਰ ਸੀਨੀਅਰਟੀ ਸੂਚੀ ਵਿੱਚ ਵੱਡੀਆਂ ਖਾਮੀਆਂ ਪਾਏ ਜਾਣ ਤੋਂ ਬਾਅਦ 14 ਲੈਕਚਰਾਰਾਂ ਨੂੰ ਡਿਮੋਟ (ਪਦ-ਘਟਾਉਣ) ਕਰਨ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ। ਇਸ ਕਾਰਵਾਈ ਵਿੱਚ ਸਭ ਤੋਂ ਵੱਡੀ ਮਾਰ ਲੁਧਿਆਣਾ ਜ਼ਿਲ੍ਹੇ ‘ਤੇ ਪਈ ਹੈ, ਜਿੱਥੋਂ ਦੇ ਇਕੱਲੇ 10 ਲੈਕਚਰਾਰਾਂ ਦੇ ਨਾਂ ਇਸ ਸੂਚੀ ਵਿੱਚ ਸ਼ਾਮਲ ਹਨ।

ਵਿਭਾਗ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ, 28 ਅਪ੍ਰੈਲ 2019 ਨੂੰ ਤਿਆਰ ਕੀਤੀ ਗਈ ਸੂਚੀ ਵਿੱਚ ਕਈ ਤਕਨੀਕੀ ਨੁਕਸ ਸਨ। ਸਾਲ 2023 ਅਤੇ 2024 ਦੌਰਾਨ ਮਿਲੀਆਂ ਸ਼ਿਕਾਇਤਾਂ ਦੀ ਪੜਤਾਲ ਤੋਂ ਪਤਾ ਲੱਗਾ ਕਿ ਕਈ ਅਧਿਆਪਕਾਂ ਦੀ ਤਰੱਕੀ ਨਿਰਧਾਰਿਤ ਯੋਗਤਾ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਗਈ ਸੀ।

ਵਿਭਾਗ ਹੁਣ 2008 ਤੋਂ 2024 ਤੱਕ ਦੇ ਰਿਕਾਰਡ ਦੀ ਮੁੜ ਪੜਤਾਲ ਕਰਕੇ ਇੱਕ ਨਵੀਂ ਅਤੇ ਪਾਰਦਰਸ਼ੀ ਸੀਨੀਅਰਟੀ ਸੂਚੀ ਤਿਆਰ ਕਰ ਰਿਹਾ ਹੈ। ਵਿਭਾਗ ਨੇ ਕੁਦਰਤੀ ਨਿਆਂ ਦੇ ਸਿਧਾਂਤ ਤਹਿਤ ਪ੍ਰਭਾਵਿਤ ਅਧਿਆਪਕਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਹੈ।

ਇਨ੍ਹਾਂ ਅਧਿਆਪਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਲਈ ਕਿਹਾ ਗਿਆ ਸੀ। ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜੇ ਅਧਿਆਪਕ ਗ਼ੈਰ-ਹਾਜ਼ਰ ਰਹਿਣਗੇ, ਉਨ੍ਹਾਂ ਦੇ ਮਾਮਲੇ ਵਿੱਚ ਵਿਭਾਗ ਉਪਲਬਧ ਰਿਕਾਰਡ ਦੇ ਆਧਾਰ ‘ਤੇ ਇੱਕਪੱਖੀ ਫੈਸਲਾ ਲੈ ਲਵੇਗਾ।

ਦੂਜੇ ਪਾਸੇ, ਇਸ ਫੈਸਲੇ ਨੇ ਸਿੱਖਿਆ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਜਿੱਥੇ ਇੱਕ ਵਰਗ ਇਸ ਨੂੰ ਪਾਰਦਰਸ਼ਤਾ ਵੱਲ ਚੁੱਕਿਆ ਕਦਮ ਦੱਸ ਰਿਹਾ ਹੈ, ਉੱਥੇ ਹੀ ਪ੍ਰਭਾਵਿਤ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਇਸ ਫੈਸਲੇ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਕਰ ਰਹੇ ਹਨ।

 

ਵੱਡੀ ਖ਼ਬਰ: ਪੰਜਾਬ ਪੁਲਿਸ ਦਾ ਥਾਣੇਦਾਰ 73000 ਰੁਪਏ ਰਿਸ਼ਵਤ ਲੈਂਦਾ ਗ੍ਰਿਫਤਾਰ

 

ਵੱਡੀ ਖ਼ਬਰ: ਪੰਜਾਬ ਪੁਲਿਸ ਦਾ ਥਾਣੇਦਾਰ 73000 ਰੁਪਏ ਰਿਸ਼ਵਤ ਲੈਂਦਾ ਗ੍ਰਿਫਤਾਰ

ਚੰਡੀਗੜ੍ਹ 21 ਅਪ੍ਰੈਲ 2026- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੁਲਿਸ ਥਾਣਾ ਜੈਤੋ, ਜ਼ਿਲ੍ਹਾ ਫਰੀਦਕੋਟ ਵਿੱਚ ਤਾਇਨਾਤ ਸਹਾਇਕ ਸਬ- ਇੰਸਪੈਕਟਰ ਹਰਪਾਲ ਸਿੰਘ ਨੂੰ 33,500 ਰੁਪਏ (ਕੁੱਲ੍ਹ ₹73,500) ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।

ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਜੈਤੋ ਤਹਿਸੀਲ ਜ਼ਿਲ੍ਹਾ ਫਰੀਦਕੋਟ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਪਤੀ ਅਤੇ ਸੱਸ ਵਿਰੁੱਧ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਕਤ ਏਐਸਆਈ ਹਰਪਾਲ ਸਿੰਘ ਜਾਂਚ ਅਧਿਕਾਰੀ ਸੀ।

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਏਐਸਆਈ ਨੇ ਇਸ ਕੇਸ ਵਿੱਚ ਉਸਦੀ ਮਦਦ ਕਰਨ ਅਤੇ ਪੁਲਿਸ ਰਿਮਾਂਡ ਨਾ ਲੈਣ ਦੇ ਬਦਲੇ 2 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।

ਸ਼ਿਕਾਇਤ ਕਰਤਾ ਵੱਲੋਂ ਬੇਨਤੀ ਕਰਨ ‘ਤੇ, ਸੌਦਾ 80,000 ਰੁਪਏ ਵਿੱਚ ਤੈਅ ਹੋ ਗਿਆ ਅਤੇ ਉਕਤ ਅਧਿਕਾਰੀ ਨੇ ਪਹਿਲੀ ਕਿਸ਼ਤ ਵਜੋਂ ਸ਼ਿਕਾਇਤਕਰਤਾ ਤੋਂ 40,000/- ਰੁਪਏ ਲੈ ਲਏ।

ਬੁਲਾਰੇ ਨੇ ਦੱਸਿਆ ਕਿ ਫਿਰ ਦੋਸ਼ੀ ਏਐਸਆਈ ਨੇ ਸ਼ਿਕਾਇਤਕਰਤਾ ਤੋਂ 40,000/- ਰੁਪਏ ਦੀ ਰਿਸ਼ਵਤ ਦੀ ਦੂਜੀ ਕਿਸ਼ਤ ਦੀ ਵੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ।

ਸ਼ਿਕਾਇਤਕਰਤਾ ਕੋਈ ਵੀ ਗੈਰ-ਕਾਨੂੰਨੀ ਢੰਗ ਅਪਨਾਉਣ ਲਈ ਤਿਆਰ ਨਹੀਂ ਸੀ, ਇਸ ਲਈ ਉਸਨੇ ਵਿਜੀਲੈਂਸ ਬਿਊਰੋ ਯੂਨਿਟ, ਫਰੀਦਕੋਟ ਨਾਲ ਰਾਬਤਾ ਕੀਤਾ।

ਉਸਦੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਏਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 33,500/- ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ।

ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

 

BREAKING- ਬਲਾਤਕਾਰ ਮਾਮਲੇ ‘ਚ ਗ੍ਰਿਫਤਾਰ AAP ਵਿਧਾਇਕ ਨੂੰ ਝਟਕਾ; ਜ਼ਮਾਨਤ ਅਰਜ਼ੀ ਰੱਦ

 

BREAKING- ਬਲਾਤਕਾਰ ਮਾਮਲੇ ‘ਚ ਗ੍ਰਿਫਤਾਰ AAP ਵਿਧਾਇਕ ਨੂੰ ਝਟਕਾ; ਜ਼ਮਾਨਤ ਅਰਜ਼ੀ ਰੱਦ

ਪਟਿਆਲਾ, 21 ਅਪ੍ਰੈਲ, 2026 – ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।

ਟ੍ਰਿਬਿਊਨ ਦੀ ਖ਼ਬਰ ਅਨੁਸਾਰ, ਪਟਿਆਲਾ ਦੀ ਅਦਾਲਤ ਨੇ ਸੋਮਵਾਰ ਨੂੰ ਵਿਧਾਇਕ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।

ਇਸ ਦੇ ਨਾਲ ਹੀ ਪੁਲਿਸ ਨੇ ਉਨ੍ਹਾਂ ‘ਤੇ ਦਰਜ ਇੱਕ ਪੁਰਾਣੇ ਖਣਨ ਮਾਮਲੇ ਵਿੱਚ ਵੀ ਰਸਮੀ ਗ੍ਰਿਫ਼ਤਾਰੀ ਪਾ ਲਈ ਹੈ।

ਵਿਧਾਇਕ ਪਠਾਣਮਾਜਰਾ ਨੂੰ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਨਵਦੀਪ ਕੌਰ ਗਿੱਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

ਥਾਣਾ ਸਿਵਲ ਲਾਈਨ ਪਟਿਆਲਾ ਵਿੱਚ ਉਨ੍ਹਾਂ ਖ਼ਿਲਾਫ਼ ਜਬਰ-ਜਨਾਹ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਹੈ।

ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਮਈ ਨੂੰ ਹੋਵੇਗੀ।

ਸਿਰਫ਼ ਜਬਰ-ਜਨਾਹ ਮਾਮਲਾ ਹੀ ਨਹੀਂ, ਬਲਕਿ ਪੁਲਿਸ ਨੇ ਥਾਣਾ ਜੁਲਕਾਂ ਵਿੱਚ 5 ਸਤੰਬਰ 2025 ਨੂੰ ਦਰਜ ਹੋਏ ਖਣਨ (Mining) ਕਾਨੂੰਨ ਤਹਿਤ ਕੇਸ ਵਿੱਚ ਵੀ ਵਿਧਾਇਕ ਦੀ ਗ੍ਰਿਫ਼ਤਾਰੀ ਪਾ ਲਈ ਹੈ।

ਐੱਸ.ਪੀ.ਡੀ. ਗੁਰਬੰਸ ਬੈਂਸ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਵਿਧਾਇਕ ਦਾ ਰਿਮਾਂਡ ਬਾਅਦ ਵਿੱਚ ਲਿਆ ਜਾਵੇਗਾ।

ਵਿਧਾਇਕ ਦੇ ਵਕੀਲਾਂ, ਬੀ.ਐੱਸ. ਭੁੱਲਰ ਅਤੇ ਐੱਸ.ਐੱਸ. ਸੱਗੂ ਨੇ ਅਦਾਲਤ ਵਿੱਚ ਇਤਰਾਜ਼ ਜਤਾਇਆ ਕਿ ਕੇਸ ਪਟਿਆਲਾ ਵਿੱਚ ਦਰਜ ਹਨ, ਪਰ ਵਿਧਾਇਕ ਨੂੰ ਬਠਿੰਡਾ ਜੇਲ੍ਹ ਵਿੱਚ ਰੱਖਿਆ ਗਿਆ ਹੈ।

ਅਦਾਲਤ ਦੇ ਹੁਕਮਾਂ ‘ਤੇ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਭੇਜਿਆ ਗਿਆ ਸੀ, ਪਰ ਜੇਲ੍ਹ ਪ੍ਰਸ਼ਾਸਨ ਨੇ ਐਂਟਰੀ ਪਾ ਕੇ ਉਨ੍ਹਾਂ ਨੂੰ ਮੁੜ ਬਠਿੰਡਾ ਜੇਲ੍ਹ ਭੇਜ ਦਿੱਤਾ। ਅਦਾਲਤ ਨੇ ਇਸ ‘ਤੇ ਸਖ਼ਤ ਨੋਟਿਸ ਲੈਂਦਿਆਂ ਜੇਲ੍ਹ ਪ੍ਰਸ਼ਾਸਨ ਤੋਂ 22 ਅਪ੍ਰੈਲ ਤੱਕ ਜਵਾਬ ਤਲਬ ਕੀਤਾ ਹੈ।

ਦੂਜੇ ਪਾਸੇ, ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਅਜਿਹਾ ਕੋਈ ਨੋਟਿਸ ਪ੍ਰਾਪਤ ਨਹੀਂ ਹੋਇਆ ਹੈ।

ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈ ਕੋਰਟ ‘ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਹੇਠਲੀ ਅਦਾਲਤ ਤੋਂ ਜ਼ਮਾਨਤ ਰੱਦ ਹੋਣ ਮਗਰੋਂ ਵਿਧਾਇਕ ਦੇ ਵਕੀਲ ਹੁਣ ਉੱਚ ਅਦਾਲਤ ਦਾ ਰੁਖ਼ ਕਰ ਸਕਦੇ ਹਨ।

 

ਵੱਡੀ ਖ਼ਬਰ: ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਡਿਬੜੂਗੜ੍ਹ ਪਹੁੰਚੀ ਪੰਜਾਬ ਪੁਲਿਸ

 

ਵੱਡੀ ਖ਼ਬਰ: ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਡਿਬੜੂਗੜ੍ਹ ਪਹੁੰਚੀ ਪੰਜਾਬ ਪੁਲਿਸ

ਅਜਨਾਲਾ ਕੇਸ ‘ਚ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਪਾਉਣ ਲਈ ਪੰਜਾਬ ਪੁਲਿਸ ਦੀ ਟੀਮ ਪਹੁੰਚੀ ਡਿਬਰੂਗੜ੍ਹ

ਅਜਨਾਲਾ/ਅੰਮ੍ਰਿਤਸਰ, 21 ਅਪ੍ਰੈਲ, 2026

ਆਸਾਮ ਦੀ ਡਿਬੜੂਗੜ੍ਹ ਜੇਲ੍ਹ ਵਿੱਚ ਐਨ.ਐਸ.ਏ. (NSA) ਤਹਿਤ ਬੰਦ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀਆਂ ਕਾਨੂੰਨੀ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।

ਅਜਨਾਲਾ ਥਾਣਾ ਕੇਸ ਵਿੱਚ ਰਸਮੀ ਤੌਰ ’ਤੇ ਗ੍ਰਿਫ਼ਤਾਰੀ ਪਾਉਣ ਲਈ ਪੰਜਾਬ ਪੁਲਿਸ ਦੀ ਇੱਕ ਉੱਚ ਪੱਧਰੀ ਟੀਮ ਅੱਜ ਡਿਬੜੂਗੜ੍ਹ ਪਹੁੰਚ ਚੁੱਕੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਅੰਮ੍ਰਿਤਪਾਲ ਸਿੰਘ ’ਤੇ ਲੱਗੀ ਐਨ.ਐਸ.ਏ. ਦੀ ਮਿਆਦ 22 ਅਪ੍ਰੈਲ ਨੂੰ ਖ਼ਤਮ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਦੀ ਤਿਆਰੀ ਖਿੱਚ ਲਈ ਗਈ ਹੈ।

ਪੁਲਿਸ ਟੀਮ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਥਾਣਾ ਅਜਨਾਲਾ ਵਿਖੇ ਦਰਜ ਵੱਖ-ਵੱਖ ਮੁਕਦਮਿਆਂ (ਜੋ ਪਿਛਲੇ ਸਾਲ ਅਜਨਾਲਾ ਥਾਣੇ ਦੇ ਬਾਹਰ ਹੋਈ ਹਿੰਸਾ ਨਾਲ ਸਬੰਧਤ ਹਨ) ਵਿੱਚ ਗ੍ਰਿਫ਼ਤਾਰ ਕੀਤਾ ਜਾਵੇਗਾ।

ਗ੍ਰਿਫ਼ਤਾਰੀ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ, ਉਨ੍ਹਾਂ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਪੁਲਿਸ ਵੱਲੋਂ ਕੇਸ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਅਦਾਲਤ ਤੋਂ ਅੰਮ੍ਰਿਤਪਾਲ ਸਿੰਘ ਦਾ ਪੁਲਿਸ ਰਿਮਾਂਡ ਵੀ ਮੰਗਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਲੰਬੇ ਸਮੇਂ ਤੋਂ ਆਸਾਮ ਦੀ ਜੇਲ੍ਹ ਵਿੱਚ ਬੰਦ ਹਨ ਅਤੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਜੇਲ੍ਹ ਵਿੱਚ ਰਹਿੰਦਿਆਂ ਹੀ ਖਡੂਰ ਸਾਹਿਬ ਸੀਟ ਤੋਂ ਵੱਡੀ ਜਿੱਤ ਦਰਜ ਕੀਤੀ ਸੀ।

ਹੁਣ ਜਦੋਂ ਐਨ.ਐਸ.ਏ. ਦੀ ਮਿਆਦ ਖ਼ਤਮ ਹੋਣ ਦੇ ਨੇੜੇ ਹੈ, ਤਾਂ ਪੰਜਾਬ ਪੁਲਿਸ ਵੱਲੋਂ ਪੁਰਾਣੇ ਕੇਸਾਂ ਵਿੱਚ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਕਾਰਵਾਈ ਨੂੰ ਲੈ ਕੇ ਸੂਬੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਵੱਲੋਂ ਹਰ ਹਰਕਤ ‘ਤੇ ਨਜ਼ਰ ਰੱਖੀ ਜਾ ਰਹੀ ਹੈ।

 

Punjab ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ; 13 ਅਧਿਕਾਰੀਆਂ ਦਾ ਤਬਾਦਲਾ

 

Punjab ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ; 13 ਅਧਿਕਾਰੀਆਂ ਦਾ ਤਬਾਦਲਾ

ਜਲੰਧਰ, 21 ਅਪ੍ਰੈਲ, 2026

ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਜਲੰਧਰ ਖੇਤਰੀ ਦਫ਼ਤਰ ਵਿੱਚ ਇੱਕ ਅਸਾਧਾਰਨ ਅਤੇ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਵਿਭਾਗ ਵੱਲੋਂ ਵੱਖ-ਵੱਖ ਰੈਂਕਾਂ ਦੇ 13 ਅਧਿਕਾਰੀਆਂ ਦਾ ਇੱਕੋ ਸਮੇਂ ਤਬਾਦਲਾ ਕਰ ਦਿੱਤਾ ਗਿਆ ਹੈ।

ਅਧਿਕਾਰੀਆਂ ਅਨੁਸਾਰ, ਆਮ ਤੌਰ ‘ਤੇ ਸਾਲਾਨਾ ਤਬਾਦਲਿਆਂ ਦੌਰਾਨ ਸਿਰਫ਼ 2-3 ਅਧਿਕਾਰੀਆਂ ਦੀ ਹੀ ਬਦਲੀ ਹੁੰਦੀ ਹੈ, ਪਰ ਇਸ ਵਾਰ ਇੰਨੇ ਵੱਡੇ ਪੱਧਰ ‘ਤੇ ਹੋਇਆ ਫੇਰਬਦਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਤਬਾਦਲਿਆਂ ਦੇ ਇਸ ਸਿਲਸਿਲੇ ਕਾਰਨ ਦਫ਼ਤਰ ਵਿੱਚ ਅਸਥਾਈ ਤੌਰ ‘ਤੇ ਸਟਾਫ਼ ਦੀ ਘਾਟ ਪੈਦਾ ਹੋ ਗਈ ਹੈ। ਜਾਣਕਾਰੀ ਅਨੁਸਾਰ, ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ, ਉਨ੍ਹਾਂ ਦੀ ਜਗ੍ਹਾ ਤਾਇਨਾਤ ਕੀਤੇ ਗਏ ਨਵੇਂ ਅਧਿਕਾਰੀਆਂ ਨੇ ਅਜੇ ਤੱਕ ਆਪਣੀਆਂ ਡਿਊਟੀਆਂ ਨਹੀਂ ਸੰਭਾਲੀਆਂ।

ਕਈ ਸਹਾਇਕ ਡਾਇਰੈਕਟਰਾਂ ਨੂੰ ਬੈਂਗਲੁਰੂ, ਹੈਦਰਾਬਾਦ, ਚੇਨਈ ਅਤੇ ਜੰਮੂ ਭੇਜਿਆ ਗਿਆ ਹੈ। ਜਲੰਧਰ ਵਿੱਚ ਨਵੇਂ ਅਧਿਕਾਰੀ ਚੰਡੀਗੜ੍ਹ, ਜੰਮੂ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਤੋਂ ਆਉਣੇ ਹਨ।

ਇਸ ਤੋਂ ਪਹਿਲਾਂ ਜਲੰਧਰ ED ਦੇ ਸਭ ਤੋਂ ਸੀਨੀਅਰ ਅਧਿਕਾਰੀ, ਜੁਆਇੰਟ ਡਾਇਰੈਕਟਰ ਰਵੀ ਤਿਵਾੜੀ ਦਾ ਤਬਾਦਲਾ ਚੇਨਈ ਕਰ ਦਿੱਤਾ ਗਿਆ ਸੀ। ਇਹ ਤਬਾਦਲਾ ਉਸ ਸਮੇਂ ਹੋਇਆ ਸੀ, ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਸੰਮਨ ਜਾਰੀ ਕੀਤੇ ਗਏ ਸਨ। ਇਸ ਵੇਲੇ ਦਿਨੇਸ਼ ਪੁਰੂਚੁਰੀ ਜਲੰਧਰ ਦਾ ਵਾਧੂ ਚਾਰਜ ਸੰਭਾਲ ਰਹੇ ਹਨ, ਜੋ ਮੁੱਖ ਤੌਰ ‘ਤੇ ਦਿੱਲੀ ਤੋਂ ਆਪਣਾ ਕੰਮਕਾਜ ਦੇਖਦੇ ਹਨ।

ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇੰਨੇ ਵੱਡੇ ਪੱਧਰ ‘ਤੇ ਹੋਏ ਫੇਰਬਦਲ ਤੋਂ ਬਾਅਦ ਨਵੀਂ ਟੀਮ ਨੂੰ ਸਥਿਰ ਹੋਣ ਅਤੇ ਪੂਰੀ ਗਤੀ ਨਾਲ ਜਾਂਚ ਸ਼ੁਰੂ ਕਰਨ ਵਿੱਚ 20 ਤੋਂ 30 ਦਿਨਾਂ ਦਾ ਸਮਾਂ ਲੱਗ ਸਕਦਾ ਹੈ।

ਕਈ ਅਹਿਮ ਮਾਮਲਿਆਂ ਦੀ ਜਾਂਚ ‘ਤੇ ਇਸ ਦਾ ਸਿੱਧਾ ਅਸਰ ਪੈਣ ਦੀ ਸੰਭਾਵਨਾ ਹੈ, ਕਿਉਂਕਿ ਕਈ ਤਬਦੀਲ ਕੀਤੇ ਗਏ ਅਧਿਕਾਰੀਆਂ ਨੇ ਇੱਥੇ ਸਿਰਫ਼ ਇੱਕ ਸਾਲ ਹੀ ਸੇਵਾ ਨਿਭਾਈ ਸੀ।

 

ਵੱਡੀ ਖ਼ਬਰ: ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

 

ਵੱਡੀ ਖ਼ਬਰ: ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਡੀ.ਐਸ.ਪੀ. ਯੋਗੇਸ਼ ਕੁਮਾਰ ਦੀ ਗੋਲੀ ਲੱਗਣ ਕਾਰਨ ਮੌਤ

Punjab Network

ਫਗਵਾੜਾ, 21 ਅਪ੍ਰੈਲ, 2026- ਫਗਵਾੜਾ ਵਿਖੇ ਅੱਜ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਵਿੱਚ ਤਾਇਨਾਤ ਡੀ.ਐਸ.ਪੀ. ਯੋਗੇਸ਼ ਕੁਮਾਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।

ਇਹ ਘਟਨਾ ਫਗਵਾੜਾ ਦੇ ਪੁਲਿਸ ਕੁਆਰਟਰ ਵਿੱਚ ਵਾਪਰੀ, ਜਿੱਥੇ ਉਨ੍ਹਾਂ ਦੇ ਆਪਣੇ ਹੀ ਸਰਕਾਰੀ ਰਿਵਾਲਵਰ ਤੋਂ ਗੋਲੀ ਚੱਲ ਗਈ। ਜਾਣਕਾਰੀ ਅਨੁਸਾਰ, ਡੀ.ਐਸ.ਪੀ. ਯੋਗੇਸ਼ ਕੁਮਾਰ ਆਪਣੇ ਕਮਰੇ ਵਿੱਚ ਇਕੱਲੇ ਸਨ।

ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਨੇੜੇ ਮੌਜੂਦ ਪੁਲਿਸ ਕਰਮਚਾਰੀ ਮੌਕੇ ‘ਤੇ ਪਹੁੰਚੇ, ਤਾਂ ਉਨ੍ਹਾਂ ਨੇ ਡੀ.ਐਸ.ਪੀ. ਨੂੰ ਖੂਨ ਨਾਲ ਲੱਥਪੱਥ ਗੰਭੀਰ ਹਾਲਤ ਵਿੱਚ ਦੇਖਿਆ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਅਫਸੋਸ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਕਿਵੇਂ ਵਾਪਰਿਆ ਹਾਦਸਾ?

ਐਸ.ਪੀ. ਫਗਵਾੜਾ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਡੀ.ਐਸ.ਪੀ. ਯੋਗੇਸ਼ ਕੁਮਾਰ ਦੀ ਹਾਲ ਹੀ ਵਿੱਚ ਐਸ.ਟੀ.ਐਫ਼. (STF) ਤੋਂ ਬਦਲੀ ਹੋ ਗਈ ਸੀ।

ਨਿਯਮਾਂ ਅਨੁਸਾਰ ਬਦਲੀ ਹੋਣ ਕਾਰਨ ਉਨ੍ਹਾਂ ਨੂੰ ਆਪਣਾ ਸਰਕਾਰੀ ਹਥਿਆਰ ਜਮ੍ਹਾਂ ਕਰਵਾਉਣਾ ਸੀ। ਅੱਜ ਉਹ ਹਥਿਆਰ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਉਸ ਦੀ ਸਫ਼ਾਈ ਕਰ ਰਹੇ ਸਨ, ਜਿਸ ਦੌਰਾਨ ਅਚਾਨਕ ਗੋਲੀ ਚੱਲ ਗਈ ਅਤੇ ਇਹ ਘਾਤਕ ਸਿੱਧ ਹੋਈ।

ਮੌਕੇ ‘ਤੇ ਪਹੁੰਚੇ ਉੱਚ ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਡੀ.ਐਸ.ਪੀ. ਦੀ ਅਚਨਚੇਤ ਮੌਤ ‘ਤੇ ਸਮੁੱਚੇ ਪੁਲਿਸ ਵਿਭਾਗ, ਸਾਥੀ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਯੋਗੇਸ਼ ਕੁਮਾਰ ਇੱਕ ਮਿਹਨਤੀ ਅਧਿਕਾਰੀ ਵਜੋਂ ਜਾਣੇ ਜਾਂਦੇ ਸਨ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਸੀ।

 

Canada ‘ਚ ਪੰਜਾਬੀ ਨੌਜਵਾਨ ਦੇ ਘਰ ਅਤੇ ਗੱਡੀਆਂ ਨੂੰ ਬਦਮਾਸ਼ਾਂ ਨੇ ਲਾਈ ਅੱਗ; ਕੰਧ ‘ਤੇ ਲਿਖਿਆ- ‘Go Back’

 

Canada ‘ਚ ਪੰਜਾਬੀ ਨੌਜਵਾਨ ਦੇ ਘਰ ਅਤੇ ਗੱਡੀਆਂ ਨੂੰ ਲਗਾਈ ਅੱਗ; ਕੰਧ ‘ਤੇ ਲਿਖਿਆ- ‘Go Back’

ਓਨਟਾਰੀਓ 21 ਅਪ੍ਰੈਲ, 2026

ਕੈਨੇਡਾ (Canada) ਦੇ ਸੂਬੇ ਓਨਟਾਰੀਓ ਵਿੱਚ ਇੱਕ ਭਾਰਤੀ ਪ੍ਰਵਾਸੀ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨਸਲੀ ਹਮਲੇ ਨੇ ਉੱਥੇ ਰਹਿ ਰਹੇ ਪੰਜਾਬੀ ਭਾਈਚਾਰੇ ਵਿੱਚ ਭਾਰੀ ਚਿੰਤਾ ਅਤੇ ਦਹਿਸ਼ਤ ਪੈਦਾ ਕਰ ਦਿੱਤੀ ਹੈ। ਅਣਪਛਾਤੇ ਹਮਲਾਵਰਾਂ ਨੇ ਅੰਮ੍ਰਿਤਸਰ ਨਾਲ ਸਬੰਧਤ ਹਰਪ੍ਰੀਤ ਸਿੰਘ ਦੇ ਘਰ ਅਤੇ ਵਾਹਨਾਂ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।

ਜਾਣਕਾਰੀ ਅਨੁਸਾਰ, ਹਮਲਾਵਰਾਂ ਨੇ ਘਰ ਦੇ ਬਾਹਰ ਖੜ੍ਹੇ ਤਿੰਨ ਵਾਹਨਾਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਭਿਆਨਕ ਅੱਗ ਵਿੱਚ ਦੋ ਵਾਹਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ।

ਜਦੋਂ ਇਹ ਹਮਲਾ ਹੋਇਆ, ਹਰਪ੍ਰੀਤ ਸਿੰਘ ਘਰ ਦੇ ਅੰਦਰ ਹੀ ਮੌਜੂਦ ਸੀ। ਅੱਗ ਤੇਜ਼ੀ ਨਾਲ ਘਰ ਵੱਲ ਫੈਲ ਰਹੀ ਸੀ, ਪਰ ਖ਼ੁਸ਼ਕਿਸਮਤੀ ਨਾਲ ਸਮੇਂ ਸਿਰ ਕਾਬੂ ਪਾ ਲਿਆ ਗਿਆ, ਜਿਸ ਕਾਰਨ ਘਰ ਨੂੰ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਅਤੇ ਜਾਨੀ ਨੁਕਸਾਨ ਨਹੀਂ ਹੋਇਆ।

ਇਸ ਹਮਲੇ ਦਾ ਸਭ ਤੋਂ ਗੰਭੀਰ ਅਤੇ ਚਿੰਤਾਜਨਕ ਪਹਿਲੂ ਇਹ ਹੈ ਕਿ ਹਮਲਾਵਰਾਂ ਨੇ ਘਰ ਦੀ ਕੰਧ ‘ਤੇ “ਵਾਪਸ ਜਾਓ” (Go Back) ਵਰਗੇ ਨਸਲੀ ਨਾਅਰੇ ਲਿਖੇ ਸਨ।

ਇਹ ਸਾਫ਼ ਤੌਰ ‘ਤੇ ਨਫ਼ਰਤ ਭਰੇ ਅਪਰਾਧ (Hate Crime) ਵੱਲ ਇਸ਼ਾਰਾ ਕਰਦਾ ਹੈ, ਜੋ ਪ੍ਰਵਾਸੀਆਂ ਨੂੰ ਡਰਾਉਣ ਦੇ ਮਕਸਦ ਨਾਲ ਕੀਤਾ ਗਿਆ ਜਾਪਦਾ ਹੈ।

ਇਹ ਸਾਰੀ ਵਾਰਦਾਤ ਘਰ ਦੇ ਬਾਹਰ ਲੱਗੇ ਸੀਸੀਟੀਵੀ (CCTV) ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਦੇਖਿਆ ਗਿਆ ਹੈ ਕਿ ਅੱਗ ਲਗਾਉਂਦੇ ਸਮੇਂ ਇੱਕ ਸ਼ੱਕੀ ਖ਼ੁਦ ਵੀ ਅੱਗ ਦੀ ਲਪੇਟ ਵਿੱਚ ਆ ਕੇ ਝੁਲਸ ਗਿਆ।

ਸਥਾਨਕ ਪੁਲਿਸ ਨੇ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਓਨਟਾਰੀਓ ਪੁਲਿਸ ਨੇ ਇਸ ਨੂੰ ਇੱਕ ਗੰਭੀਰ ਮਾਮਲਾ ਮੰਨਦਿਆਂ ਜਾਂਚ ਤੇਜ਼ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਲਈ ਇਲਾਕੇ ਦੇ ਹੋਰ ਕੈਮਰੇ ਵੀ ਖੰਗਾਲੇ ਜਾ ਰਹੇ ਹਨ।

ਕੈਨੇਡਾ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਫ਼ਰਤ ਫੈਲਾਉਣ ਵਾਲੇ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪ੍ਰਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

 

ਵੱਡੀ ਖ਼ਬਰ: ਪੰਜਾਬ ‘ਚ ਸੁਨਿਆਰੇ ਦੇ ਘਰ ‘ਤੇ ਪੈਟਰੋਲ ਬੰਬ ਨਾਲ ਹਮਲਾ

 

ਵੱਡੀ ਖ਼ਬਰ: ਪੰਜਾਬ ‘ਚ ਸੁਨਿਆਰੇ ਦੇ ਘਰ ‘ਤੇ ਪੈਟਰੋਲ ਬੰਬ ਨਾਲ ਹਮਲਾ

ਧੂਰੀ (ਸੰਗਰੂਰ) 21 ਅਪ੍ਰੈਲ, 2026- 

ਸੰਗਰੂਰ ਦੇ ਧੂਰੀ ਅਧੀਨ ਪੈਂਦੇ ਸ਼ਿਵਪੁਰੀ ਮੁਹੱਲੇ ਵਿੱਚ ਬੀਤੀ ਰਾਤ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਤਿੰਨ ਨਕਾਬਪੋਸ਼ ਹਮਲਾਵਰਾਂ ਨੇ ਇੱਕ ਸੁਨਿਆਰੇ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ।

ਖ਼ੁਸ਼ਕਿਸਮਤੀ ਇਹ ਰਹੀ ਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਟਨਾ ਨੇ ਪੂਰੇ ਇਲਾਕੇ ਵਿੱਚ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਜਾਣਕਾਰੀ ਅਨੁਸਾਰ, ਰਾਤ ਦੇ ਸਮੇਂ ਇੱਕ ਮੋਟਰਸਾਈਕਲ ‘ਤੇ ਸਵਾਰ ਤਿੰਨ ਨਕਾਬਪੋਸ਼ ਨੌਜਵਾਨ ਸ਼ਿਵਪੁਰੀ ਮੁਹੱਲੇ ਵਿੱਚ ਆਏ। ਉਨ੍ਹਾਂ ਨੇ ਸੁਨਿਆਰੇ ਦੇ ਘਰ ਦੇ ਸਾਹਮਣੇ ਮੋਟਰਸਾਈਕਲ ਰੋਕਿਆ ਅਤੇ ਜਲਦਾ ਹੋਇਆ ਪੈਟਰੋਲ ਬੰਬ ਘਰ ਦੇ ਅੰਦਰ ਸੁੱਟ ਦਿੱਤਾ।

ਬੰਬ ਡਿੱਗਦੇ ਹੀ ਅੱਗ ਦੀਆਂ ਲਪਟਾਂ ਉੱਠੀਆਂ, ਜਿਸ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਹੜਕੰਪ ਮਚ ਗਿਆ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਸਾਰੀ ਘਟਨਾ ਗੁਆਂਢ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਮੁਲਜ਼ਮਾਂ ਨੇ ਬੜੀ ਬੇਖ਼ੌਫ਼ੀ ਨਾਲ ਘਰ ‘ਤੇ ਹਮਲਾ ਕੀਤਾ। ਪੁਲਿਸ ਨੇ ਇਨ੍ਹਾਂ ਫੁਟੇਜਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਹਮਲੇ ਦੇ ਪਿੱਛੇ ਦੀ ਵਜ੍ਹਾ (ਕੋਈ ਪੁਰਾਣੀ ਰੰਜਿਸ਼ ਜਾਂ ਫਿਰੌਤੀ ਦੀ ਮੰਗ) ਬਾਰੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਕਾਰੋਬਾਰੀਆਂ, ਖ਼ਾਸ ਕਰਕੇ ਸੁਨਿਆਰਾ ਭਾਈਚਾਰੇ ਵਿੱਚ ਕਾਫੀ ਰੋਸ ਅਤੇ ਡਰ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

 

ਹਾਲ-ਏ-ਬਦਲਾਅ! CM ਮਾਨ ਦੇ ਜ਼‍ਿਲ੍ਹੇ ‘ਚ 117 ਪੋਸਟਾਂ ਲਈ ਹਜ਼ਾਰਾਂ ਬੇਰੁਜ਼ਗਾਰਾਂ ਦਾ ਆਇਆ ਹੜ੍ਹ

ਫ਼ੋਟੋ ਸ੍ਰੋਤ- ਜਾਗਰਣ

 

ਹਾਲ-ਏ-ਬਦਲਾਅ! CM ਮਾਨ ਦੇ ਜ਼‍ਿਲ੍ਹੇ ‘ਚ 117 ਪੋਸਟਾਂ ਲਈ ਹਜ਼ਾਰਾਂ ਬੇਰੁਜ਼ਗਾਰਾਂ ਦਾ ਆਇਆ ਹੜ੍ਹ

ਲੰਬੇ ਸਮੇਂ ਤੋਂ ਰੁਜ਼ਗਾਰ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ 117 ਅਸਾਮੀਆਂ ਦੀ ਇਸ ਭਰਤੀ ਨੇ ਇੱਕ ਉਮੀਦ ਜਗਾਈ ਸੀ, ਪਰ ਬੇਰੁਜ਼ਗਾਰਾਂ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ…

ਸੰਗਰੂਰ, 21 ਅਪ੍ਰੈਲ, 2026

ਸੰਗਰੂਰ ਦੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਸੋਮਵਾਰ ਨੂੰ ਬੇਰੁਜ਼ਗਾਰੀ ਦੀ ਇੱਕ ਦਰਦਨਾਕ ਤਸਵੀਰ ਸਾਹਮਣੇ ਆਈ। ਪੰਜਾਬ ਸਰਕਾਰ ਵੱਲੋਂ ਪ੍ਰਸਤਾਵਿਤ 117 ਆਮ ਆਦਮੀ ਗ੍ਰਾਮੀਣ ਕਲੀਨਿਕਾਂ ਵਿੱਚ ਸਟਾਫ ਨਰਸਾਂ (ਏ.ਐੱਨ.ਐੱਮ. ਅਤੇ ਜੀ.ਐੱਨ.ਐੱਮ.) ਦੀਆਂ ਅਸਾਮੀਆਂ ਲਈ ਰੱਖੀ ਗਈ ਭਰਤੀ ਪ੍ਰਕਿਰਿਆ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਪਹੁੰਚੇ, ਜਿੱਥੇ ਪ੍ਰਸ਼ਾਸਨਿਕ ਨਾਕਾਮੀ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਦੂਰ-ਦਰਾਜ ਤੋਂ ਆਏ ਸੈਂਕੜੇ ਉਮੀਦਵਾਰਾਂ ਲਈ ਨਾ ਤਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਸੀ ਅਤੇ ਨਾ ਹੀ ਬੈਠਣ ਲਈ ਕੋਈ ਸਹੂਲਤ ਦਿੱਤੀ ਗਈ ਸੀ। ਨੌਜਵਾਨਾਂ ਨੇ ਦੋਸ਼ ਲਾਇਆ ਕਿ ਉਹ ਬਾਹਰੋਂ ਫਾਰਮ ਭਰ ਕੇ ਲਿਆਏ ਸਨ, ਪਰ ਮੌਕੇ ‘ਤੇ ਵਿਭਾਗ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਅਤੇ ਨਵੇਂ ਫਾਰਮ ਭਰਨ ਲਈ ਮਜਬੂਰ ਕੀਤਾ, ਜਿਸ ਕਾਰਨ ਕਈ ਘੰਟੇ ਬਰਬਾਦ ਹੋਏ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿੱਚ ਸਾਰਾ ਦਿਨ ਅਫਰਾ-ਤਫਰੀ ਦਾ ਮਾਹੌਲ ਬਣਿਆ ਰਿਹਾ ਅਤੇ ਉਮੀਦਵਾਰਾਂ ਨੂੰ ਇੰਟਰਵਿਊ ਲਈ ਲੰਬੀਆਂ ਕਤਾਰਾਂ ਵਿੱਚ ਖੱਜਲ-ਖੁਆਰ ਹੋਣਾ ਪਿਆ।

ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਕੁੱਝ ਉਮੀਦਵਾਰਾਂ ਨੇ ਦੱਸਿਆ ਕਿ ਉਹ ਸਵੇਰੇ 7-8 ਵਜੇ ਤੋਂ ਹੀ ਦਫ਼ਤਰ ਪਹੁੰਚ ਗਏ ਸਨ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਰੁਜ਼ਗਾਰ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ 117 ਅਸਾਮੀਆਂ ਦੀ ਇਸ ਭਰਤੀ ਨੇ ਇੱਕ ਉਮੀਦ ਜਗਾਈ ਸੀ, ਪਰ ਸਿਹਤ ਵਿਭਾਗ ਦੇ ਬੇਤਰਤੀਬੇ ਪ੍ਰਬੰਧਾਂ ਨੇ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ।

ਪੰਜਾਬ ਸਰਕਾਰ ਪਿੰਡਾਂ ਵਿੱਚ ਆਮ ਆਦਮੀ ਗ੍ਰਾਮੀਣ ਕਲੀਨਿਕ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ, ਜਿਸ ਤਹਿਤ ਇਹ ਪੈਰਾ ਮੈਡੀਕਲ ਸਟਾਫ ਭਰਤੀ ਕੀਤਾ ਜਾਣਾ ਹੈ। ਪਰ ਸੰਗਰੂਰ ਵਿੱਚ ਹੋਈ ਇਸ ਭਰਤੀ ਦੌਰਾਨ ਸਾਹਮਣੇ ਆਈ ਬਦਇੰਤਜ਼ਾਮੀ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

 

Punjab Education News: ਹੁਣ ਸਰਕਾਰੀ ਸਕੂਲ ਦੇ ਰਹੇ ਨੇ ਕਾਨਵੈਂਟ ਸਕੂਲਾਂ ਨੂੰ ਟੱਕਰ- ਹਰਜੋਤ ਬੈਂਸ

 

Punjab Education News: ਹੁਣ ਸਰਕਾਰੀ ਸਕੂਲ ਦੇ ਰਹੇ ਨੇ ਕਾਨਵੈਂਟ ਸਕੂਲਾਂ ਨੂੰ ਟੱਕਰ- ਹਰਜੋਤ ਬੈਂਸ

ਸਿੱਖਿਆ ਖੇਤਰ ‘ਚ ਕ੍ਰਾਂਤੀਕਾਰੀ ਬਦਲਾਅ: ਹਰਜੋਤ ਬੈਂਸ ਵੱਲੋਂ ਬਿਭੌਰ ਸਾਹਿਬ ਸਕੂਲ ਵਿਖੇ 8 ਲੱਖ ਦੀ ਲਾਗਤ ਨਾਲ ਤਿਆਰ NSQF ਲੈਬ ਦਾ ਉਦਘਾਟਨ

ਨੰਗਲ/ਬਿਭੌਰ ਸਾਹਿਬ, 21 ਅਪ੍ਰੈਲ, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੀ ਮੁਹਿੰਮ ਨਿਰੰਤਰ ਜਾਰੀ ਹੈ।

ਇਸੇ ਲੜੀ ਤਹਿਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਭੌਰ ਸਾਹਿਬ ਵਿਖੇ ਲਗਭਗ 8 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਆਧੁਨਿਕ NSQF (ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ) ਲੈਬ ਦਾ ਉਦਘਾਟਨ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਿਰਫ਼ ਇਮਾਰਤਾਂ ਦੀ ਮੁਰੰਮਤ ਕਰਨਾ ਨਹੀਂ, ਸਗੋਂ ਸਰਕਾਰੀ ਸਕੂਲਾਂ ਨੂੰ ਇੰਨਾ ਅਧੁਨਿਕ ਬਣਾਉਣਾ ਹੈ ਕਿ ਉਹ ਪ੍ਰਾਈਵੇਟ ਮਾਡਲ ਅਤੇ ਕਾਨਵੈਂਟ ਸਕੂਲਾਂ ਦਾ ਮੁਕਾਬਲਾ ਕਰ ਸਕਣ।

ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਸਮਾਰਟ ਕਲਾਸਰੂਮ, ਨਵੀਆਂ ਲੈਬਾਂ ਅਤੇ ਖੇਡ ਮੈਦਾਨਾਂ ਵਰਗੀਆਂ ਸਹੂਲਤਾਂ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਵਿੱਚ ਵਾਧਾ ਕਰ ਰਹੀਆਂ ਹਨ।

ਨਵੀਂ NSQF ਲੈਬ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਬੈਂਸ ਨੇ ਦੱਸਿਆ, ਇਹ ਲੈਬ ਵਿਦਿਆਰਥੀਆਂ ਨੂੰ ਕਿੱਤਾਮੁਖੀ ਪੜ੍ਹਾਈ ਅਤੇ ਤਕਨੀਕੀ ਹੁਨਰ ਨਾਲ ਜੋੜੇਗੀ, ਤਾਂ ਜੋ ਉਹ ਭਵਿੱਖ ਵਿੱਚ ਰੋਜ਼ਗਾਰ ਦੇ ਕਾਬਲ ਬਣ ਸਕਣ।

ਇਸ ਸਕੂਲ ਵਿੱਚ ਪਹਿਲਾਂ ਵੀ ਕਰੀਬ 43 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ। ਸਰਕਾਰ ਵਿਦਿਆਰਥੀਆਂ ਨੂੰ ‘ਸਮੇਂ ਦੇ ਹਾਣੀ’ ਬਣਾਉਣ ਲਈ ਵਚਨਬੱਧ ਹੈ।

ਉਦਘਾਟਨ ਤੋਂ ਬਾਅਦ ਹਰਜੋਤ ਸਿੰਘ ਬੈਂਸ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਿਹਨਤ ਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਆ ਰਿਹਾ ਸੁਧਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਦਾ ਸਦਕਾ ਹੈ।

ਇਸ ਮੌਕੇ ਡਾ. ਸੰਜੀਵ ਗੌਤਮ (ਜ਼ਿਲ੍ਹਾ ਪ੍ਰਧਾਨ), ਪੰਮੂ ਢਿੱਲੋਂ, ਨਿਤਿਨ, ਰਣਜੀਤ ਸਿੰਘ, ਪ੍ਰਿੰਸੀਪਲ ਬਲਜੀਤ ਕੌਰ, ਅੰਜੂ ਸ਼ਰਮਾ ਅਤੇ ਹੋਰ ਪਤਵੰਤੇ ਸੱਜਣਾਂ ਸਮੇਤ ਸਕੂਲ ਦਾ ਸਟਾਫ਼ ਹਾਜ਼ਰ ਸੀ।