ਅਧਿਆਪਕਾਂ ‘ਤੇ FIR ਦਰਜ ਕਰਨ ਦੀ ਸਿਫਾਰਿਸ਼ ਖਿਲਾਫ DC ਦਫ਼ਤਰ ਅੱਗੇ ਵਿਸ਼ਾਲ ਧਰਨਾ
ਸੰਗਰੂਰ, 29 ਮਈ 2026- ਲੰਘੀਆਂ ਨਗਰ ਕੌਂਸਲ ਚੋਣਾਂ ਵਿੱਚ ਜਨਗਣਨਾ ਡਿਊਟੀ ਕਾਰਨ ਚੋਣ ਡਿਊਟੀ ਨਾ ਦੇ ਸਕੇ 7 ਅਧਿਆਪਕਾਂ ਖਿਲਾਫ ਬੀ.ਡੀ.ਪੀ.ਓ. ਧੂਰੀ ਵੱਲੋਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸੰਗਰੂਰ ਨੂੰ ਅਧਿਆਪਕਾਂ ਉੱਤੇ ਐੱਫ.ਆਈ.ਆਰ. ਦਰਜ ਕਰਨ ਅਤੇ ਵਿਭਾਗੀ ਕਾਰਵਾਈ ਕਰਨ ਦੀ ਸਿਫਾਰਿਸ਼ ਵਾਲੇ ਪੱਤਰ ਖਿਲਾਫ ਅੱਜ ਡੀ.ਟੀ.ਐੱਫ.(ਦਿਗਵਿਜੇ ਪਾਲ) ਅਤੇ ਡੀ.ਟੀ.ਐੱਫ. (ਵਿਕਰਮ ਦੇਵ ਸਬੰਧਤ ਡੀ.ਐੱਮ.ਐੱਫ) ਵੱਲੋਂ ਭਰਾਤਰੀ ਅਧਿਆਪਕ,ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ ਦੇ ਸਹਿਯੋਗ ਨਾਲ ਡੀਸੀ ਸੰਗਰੂਰ ਦਫ਼ਤਰ ਦੇ ਮੁੱਖ ਗੇਟ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜਨਗਣਨਾ ਡਿਊਟੀ ਕਰਦੇ ਅਧਿਆਪਕਾਂ ਉੱਤੇ ਪਰਚਾ ਦਰਜ ਕਰਨ ਦਾ ਪੱਤਰ ਕੱਢਣਾ ਪ੍ਰਸ਼ਾਸ਼ਨ ਦੀ ਤਾਨਾਸ਼ਾਹੀ ਹੈ। ਇਹਨਾਂ ਚੋਣਾਂ ਵਿੱਚ ਬਹੁਤ ਥੋੜ੍ਹੀ ਗਿਣਤੀ ਵਿੱਚ ਅਮਲੇ ਦੀ ਲੋੜ ਸੀ ਅਤੇ ਬਹੁਤ ਸਾਰਾ ਅਜਿਹਾ ਅਮਲਾ ਵਾਫ਼ਰ ਮੌਜੂਦ ਸੀ ਜਿਹਨਾਂ ਦੀ ਜਨਗਣਨਾ ਡਿਊਟੀ ਨਹੀਂ ਸੀ ਅਤੇ ਉਹਨਾਂ ਨੂੰ ਚੋਣ ਡਿਊਟੀ ‘ਤੇ ਲਗਾਇਆ ਜਾ ਸਕਦਾ ਸੀ ਪ੍ਰੰਤੂ ਸੰਗਰੂਰ ਪ੍ਰਸ਼ਾਸ਼ਨ ਦੇ ਅੜੀਅਲ ਰਵੱਈਏ, ਅਧਿਆਪਕਾਂ ਪ੍ਰਤੀ ਸੰਵੇਦਨਹੀਣਤਾ ਅਤੇ ਕੁਪ੍ਰਬੰਧ ਕਾਰਨ ਅਧਿਆਪਕਾਂ ਨੂੰ ਮਾਨਸਿਕ ਸੰਤਾਪ ਹੰਢਾਉਣਾ ਪਿਆ।
ਅਧਿਆਪਕਾਂ ਦੇ ਸੂਚਿਤ ਕਰਨ ਦੇ ਬਾਵਜੂਦ ਵੀ ਉਹਨਾਂ ਦੀਆਂ ਦੂਹਰੀਆਂ-ਤੀਹਰੀਆਂ ਡਿਊਟੀਆਂ ਬਰਕਰਾਰ ਰੱਖੀਆਂ ਗਈਆਂ ਤੇ ਜਨਗਣਨਾ ਦੇ ਮਹੱਤਵਪੂਰਨ ਕੰਮ ਵਿੱਚ ਵੀ ਵਿਘਨ ਪਾਇਆ ਗਿਆ। ਜਦੋਂ ਅਧਿਆਪਕਾਂ ਨੇ ਪਿਛਲੇ ਦਿਨੀਂ ਇਸ ਖ਼ਿਲਾਫ਼ ਧਰਨਾ ਦਿੱਤਾ ਸੀ ਤਾਂ ਸੰਗਰੂਰ ਪ੍ਰਸ਼ਾਸ਼ਨ ਨੇ ਜਨਗਣਨਾ ਕਰਦੇ ਅਧਿਆਪਕਾਂ ਦੀ ਚੋਣ ਡਿਊਟੀ ਕੱਟਣ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਅਜਿਹਾ ਕਰਨ ਦੀ ਥਾਂ ‘ਤੇ ਉਹਨਾਂ ਨੂੰ ਨੋਟਿਸਾਂ ਅਤੇ ਪੁਲਿਸ ਕਾਰਵਾਈ ਦੇ ਪੱਤਰਾਂ ਨਾਲ ਨਿਵਾਜਿਆ ਗਿਆ।
ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਅਧਿਆਪਕ ਤੇ ਇਨਸਾਫ਼ ਪਸੰਦ ਲੋਕ ਅਧਿਆਪਕਾਂ ਨਾਲ ਅਜਿਹਾ ਧੱਕਾ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਵਿਰੁੱਧ ਡਟ ਕੇ ਸੰਘਰਸ਼ ਕਰਨਗੇ। ਸੰਗਰੂਰ ਪ੍ਰਸਾਸ਼ਨ ਵੱਲੋਂ ਡੀ.ਐੱਸ.ਪੀ. ਦਲਬੀਰ ਸਿੰਘ ਵੱਲੋਂ ਧਰਨੇ ਵਿੱਚ ਆ ਕੇ ਭਰੋਸਾ ਦਿੱਤਾ ਗਿਆ ਕਿ ਅਧਿਆਪਕ ਵਿਰੋਧੀ ਪੱਤਰ ਸੋਮਵਾਰ ਤੱਕ ਵਾਪਸ ਲੈ ਲਏ ਜਾਣਗੇ।
ਧਰਨੇ ਨੂੰ ਡੀ.ਟੀ.ਐੱਫ. ਦੇ ਦਾਤਾ ਸਿੰਘ ਨਮੋਲ,ਸੁਖਵਿੰਦਰ ਗਿਰ,ਬਲਬੀਰ ਲੌਂਗੋਵਾਲ,ਜਗਦੀਪ ਸਿੰਘ,ਦਲਜੀਤ ਸਫ਼ੀਪੁਰ, ਰਘਵੀਰ ਭਵਾਨੀਗੜ੍ਹ,6505 ਅਧਿਆਪਕ ਯੂਨੀਅਨ ਦੇ ਸੰਸਾਰ ਸਿੰਘ,ਗੌਰਮਿੰਟ ਟੀਚਰਜ਼ ਯੂਨੀਅਨ ਦੇ ਫ਼ਕੀਰ ਟਿੱਬਾ,ਐੱਸ.ਸੀ.ਬੀ.ਸੀ. ਯੂਨੀਅਨ ਦੇ ਕ੍ਰਿਸ਼ਨ ਦੁੱਗਾਂ,3704 ਅਧਿਆਪਕ ਯੂਨੀਅਨ ਦੇ ਜਸਵਿੰਦਰ ਸ਼ਾਹਪੁਰ,ਲੈਕਚਰਾਰ ਯੂਨੀਅਨ ਦੇ ਪਰਮਿੰਦਰ ਕੁਮਾਰ,1158 ਅਸਿਸਟੈਂਟ ਪ੍ਰੋਫੈਸਰ ਯੂਨੀਅਨ ਦੇ ਨਿਰਭੈ ਸਿੰਘ, ਬੀ.ਕੇ.ਯੂ. ਉਗਰਾਹਾਂ ਦੇ ਰਣਜੀਤ ਸਿੰਘ,ਬੀ.ਕੇ.ਯੂ.ਡਕੌਂਦਾ /ਧਨੇਰ ਦੇ ਪਰਵਿੰਦਰ ਸਿੰਘ,ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ,ਜ਼ਮਹੂਰੀ ਅਧਿਕਾਰ ਸਭਾ ਦੇ ਬਸ਼ੇਸਰ ਰਾਮ,ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੁਝਾਰ ਲੌਂਗੋਵਾਲ,ਜ਼ਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਦੇ ਬਿੱਕਰ ਹਥੋਆ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਜੀਤ ਨਮੋਲ,ਪੰਜਾਬ ਕਿਸਾਨ ਸਭਾ ਦੇ ਊਧਮ ਸਿੰਘ ਸੰਤੋਖਪੁਰਾ, ਸੀ.ਟੀ.ਯੂ.ਦੇ ਸਰਬਜੀਤ ਸਿੰਘ, ਪੀ.ਐੱਸ.ਯੂ. (ਲਲਕਾਰ) ਦੇ ਗੁਰਦੀਪ ਸਿੰਘ,ਪੀ.ਐੱਸ. ਯੂ. ਦੇ ਰਾਜਬੀਰ ਸਿੰਘ ਟੈਕਨੀਕਲ ਮਕੈਨੀਕਲ ਯੂਨੀਅਨ ਦੇ ਹਰਜੀਤ ਵਾਲੀਆ, ਜ਼ਿਲ੍ਹਾ ਪੈਨਸ਼ਨਰ ਐਸੋਸੀਏਸ਼ਨ ਦੇ ਸੀਤਾ ਰਾਮ ਸੰਬੋਧਨ ਕੀਤਾ। ਧਰਨੇ ਵਿੱਚ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਦੇ ਆਗੂ ਅਤੇ ਕਾਰਕੁਨ ਸ਼ਾਮਿਲ ਸਨ।






