Join WhatsApp

Join Now

NEET ਪੇਪਰ ਲੀਕ ਮਾਮਲਾ: ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ‘ਤੇ ਅੜੀ ਕਾਕਰੋਚ ਜਨਤਾ ਪਾਰਟੀ, ਕੇਂਦਰ ਨਾਲ ਮੁਲਾਕਾਤ ਤੋਂ ਬਾਅਦ ਕੱਲ੍ਹ ਫਿਰ ਹੋਵੇਗੀ ਅਹਿਮ ਮੀਟਿੰਗ

On: July 24, 2026 3:32 PM

 

NEET ਪੇਪਰ ਲੀਕ ਮਾਮਲਾ: ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ‘ਤੇ ਅੜੀ ਕਾਕਰੋਚ ਜਨਤਾ ਪਾਰਟੀ, ਕੇਂਦਰ ਨਾਲ ਮੁਲਾਕਾਤ ਤੋਂ ਬਾਅਦ ਕੱਲ੍ਹ ਫਿਰ ਹੋਵੇਗੀ ਅਹਿਮ ਮੀਟਿੰਗ

21 ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਾਂ ਲਈ 1-1 ਕਰੋੜ ਦੇ ਮੁਆਵਜ਼ੇ ਸਮੇਤ 2 ਮੰਗਾਂ ਮੰਨਣ ਲਈ ਕੇਂਦਰ ਰਾਜ਼ੀ; ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ‘ਤੇ ਫਸਿਆ ਪੇਚ

ਨਵੀਂ ਦਿੱਲੀ, 24 ਜੁਲਾਈ 2026:

ਨੀਟ (NEET) ਪੇਪਰ ਲੀਕ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਸਿਆਸੀ ਹਲਚਲ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਇਸੇ ਲੜਾਈ ਦੇ ਤਹਿਤ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਅਤੇ ਕਾਕਰੋਚ ਜਨਤਾ ਪਾਰਟੀ ਦੇ ਆਗੂਆਂ ਵਿਚਕਾਰ ਇੱਕ ਬਹੁਤ ਹੀ ਮਹੱਤਵਪੂਰਨ ਮੀਟਿੰਗ ਹੋਈ। ਇਹ ਬੈਠਕ ਲਗਭਗ ਦੋ ਘੰਟੇ ਤੱਕ ਚੱਲੀ, ਜਿਸ ਵਿੱਚ ਕੇਂਦਰੀ ਮੰਤਰੀ ਜੇ.ਪੀ. ਨੱਡਾ ਅਤੇ ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਸਰਕਾਰ ਵੱਲੋਂ ਸ਼ਿਰਕਤ ਕੀਤੀ, ਜਦਕਿ ਕਾਕਰੋਚ ਜਨਤਾ ਪਾਰਟੀ ਦੀ ਪੂਰੀ ਪ੍ਰਤੀਨਿਧਤਾ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਵੱਲੋਂ ਕੀਤੀ ਗਈ।

ਦੋ ਘੰਟੇ ਚੱਲੀ ਇਸ ਲੰਬੀ ਗੱਲਬਾਤ ਤੋਂ ਬਾਅਦ ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੀਟਿੰਗ ਦੀਆਂ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ। ਦੂਜੇ ਪਾਸੇ, ਬੈਠਕ ਖ਼ਤਮ ਹੁੰਦਿਆਂ ਹੀ ਕਾਕਰੋਚ ਜਨਤਾ ਪਾਰਟੀ ਦੇ ਆਗੂ ਸਿੱਧੇ ਜੰਤਰ-ਮੰਤਰ ਪਹੁੰਚੇ, ਜਿੱਥੇ ਉਨ੍ਹਾਂ ਦੇ ਸਾਥੀ ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀ ਧਰਨੇ ‘ਤੇ ਬੈਠੇ ਸਨ। ਜੰਤਰ-ਮੰਤਰ ‘ਤੇ ਪਹੁੰਚ ਕੇ ਪਾਰਟੀ ਆਗੂਆਂ ਨੇ ਬੈਠਕ ਵਿੱਚ ਹੋਈ ਹਰ ਗੱਲਬਾਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਕਾਕਰੋਚ ਜਨਤਾ ਪਾਰਟੀ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਦੇ ਅੱਗੇ ਮੁੱਖ ਤੌਰ ‘ਤੇ ਤਿੰਨ ਵੱਡੀਆਂ ਮੰਗਾਂ ਰੱਖੀਆਂ ਸਨ। ਕੇਂਦਰ ਸਰਕਾਰ ਨੇ ਇਨ੍ਹਾਂ ਵਿੱਚੋਂ ਦੋ ਪ੍ਰਮੁੱਖ ਮੰਗਾਂ ਨੂੰ ਮੰਨਣ ਲਈ ਆਪਣੀ ਸਹਿਮਤੀ ਜਤਾਈ ਹੈ। ਨੀਟ ਪੇਪਰ ਲੀਕ ਹੋਣ ਤੋਂ ਬਾਅਦ ਮਾਨਸਿਕ ਤਣਾਅ ਅਤੇ ਦੁੱਖ ਵਿੱਚ ਆ ਕੇ ਸੁਸਾਈਡ ਕਰਨ ਵਾਲੇ 21 ਪੀੜਤ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਆਰਥਿਕ ਮੁਆਵਜ਼ਾ ਦਿੱਤਾ ਜਾਵੇਗਾ। ਸਰਕਾਰ ਨੇ ਇਸ ਗੱਲ ‘ਤੇ ਹਾਮੀ ਭਰਦਿਆਂ ਮੰਨਿਆ ਹੈ ਕਿ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨਾ ਅਤਿ ਜ਼ਰੂਰੀ ਹੈ।

ਭਾਵੇਂ ਸਰਕਾਰ ਦੋ ਮੰਗਾਂ ਮੰਨਣ ਲਈ ਤਿਆਰ ਹੋ ਗਈ ਹੈ, ਪਰ ਵਿਰੋਧ ਕਰ ਰਹੇ ਆਗੂਆਂ ਅਤੇ ਵਿਦਿਆਰਥੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਕਰਨਗੇ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਪੇਪਰ ਲੀਕ ਹੋਣ ਦੀ ਪੂਰੀ ਨੈਤਿਕ ਜ਼ਿੰਮੇਵਾਰੀ ਸਿੱਖਿਆ ਮੰਤਰੀ ਦੀ ਬਣਦੀ ਹੈ। ਜਦੋਂ ਤੱਕ ਧਰਮੇਂਦਰ ਪ੍ਰਧਾਨ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ, ਉਦੋਂ ਤੱਕ ਇਹ ਸੰਘਰਸ਼ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋਵੇਗਾ।

ਮੀਟਿੰਗ ਦੇ ਅੰਤ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਮਸਲੇ ਦੇ ਮੁਕੰਮਲ ਹੱਲ ਲਈ ਕੱਲ੍ਹ ਦੁਪਹਿਰ 3:30 ਵਜੇ (ਸਾਢੇ ਤਿੰਨ ਵਜੇ) ਕੇਂਦਰ ਸਰਕਾਰ ਅਤੇ ਕਾਕਰੋ ਜਨਤਾ ਪਾਰਟੀ ਦੇ ਨੁਮਾਇੰਦਿਆਂ ਵਿਚਕਾਰ ਦੂਜੇ ਗੇੜ ਦੀ ਮੁਲਾਕਾਤ ਹੋਵੇਗੀ। ਇਸ ਮੀਟਿੰਗ ਵਿੱਚ ਤੀਜੀ ਪ੍ਰਮੁੱਖ ਮੰਗ ਅਤੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਜੁੜੇ ਮੁੱਦਿਆਂ ‘ਤੇ ਦੋਵਾਂ ਧਿਰਾਂ ਵਿਚਾਲੇ ਮੁੜ ਚਰਚਾ ਕੀਤੀ ਜਾਵੇਗੀ। ਹੁਣ ਸਭ ਦੀਆਂ ਨਜ਼ਰਾਂ ਕੱਲ੍ਹ ਹੋਣ ਵਾਲੀ ਇਸ ਅਹਿਮ ਮੀਟਿੰਗ ‘ਤੇ ਟਿਕੀਆਂ ਹੋਈਆਂ ਹਨ।

 

Leave a Comment