Punjab Breaking: ਦਰਦਨਾਕ ਸੜਕ ਹਾਦਸੇ ‘ਚ ਮਾਂ ਅਤੇ ਬੱਚੇ ਦੀ ਮੌਤ
ਕੋਟਕਪੂਰਾ ਬਾਈਪਾਸ ‘ਤੇ ਵਿਸ਼ਵਕਰਮਾ ਚੌਕ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ
ਸੜਕ ਦੇ ਪੱਧਰ ਤੋਂ ਉੱਚੇ ਸੀਵਰੇਜ ਦੇ ਮੈਨਹੋਲ ਕਾਰਨ ਸੰਤੁਲਨ ਵਿਗੜਨ ਨਾਲ ਸੜਕ ‘ਤੇ ਡਿੱਗੇ ਮਾਂ-ਪੁੱਤ
ਇਲਾਕੇ ਦੇ ਲੋਕਾਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ; ਕਿਹਾ – ਪਹਿਲਾਂ ਵੀ ਕਈ ਵਾਰ ਹੋ ਚੁੱਕੇ ਹਨ ਹਾਦਸੇ, ਪਰ ਨਹੀਂ ਹੋਈ ਸੁਣਵਾਈ
ਮੋਗਾ:
ਮੋਗਾ ਦੇ ਕੋਟਕਪੂਰਾ ਬਾਈਪਾਸ ‘ਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਕਾਰਨ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਸੜਕ ਵਿਚਕਾਰ ਬਣੇ ਇੱਕ ਉੱਚੇ ਸੀਵਰੇਜ ਮੈਨਹੋਲ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ, ਜਿਸ ਦੇ ਸਿੱਟੇ ਵਜੋਂ ਇੱਕ 6 ਮਹੀਨੇ ਦੇ ਮਾਸੂਮ ਬੱਚੇ ਅਤੇ ਉਸਦੀ ਮਾਂ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੰਦ ਨਵਾਂ ਦੇ ਰਹਿਣ ਵਾਲੇ ਲਖਬੀਰ ਸਿੰਘ ਆਪਣੀ ਪਤਨੀ ਜੋਤੀ ਅਤੇ ਬੱਚਿਆਂ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਿਸੇ ਕੰਮ ਲਈ ਮੋਗਾ ਆ ਰਹੇ ਸਨ। ਜਦੋਂ ਉਹ ਕੋਟਕਪੂਰਾ ਬਾਈਪਾਸ ‘ਤੇ ਵਿਸ਼ਵਕਰਮਾ ਚੌਕ ਦੇ ਨਜ਼ਦੀਕ ਪਹੁੰਚੇ, ਤਾਂ ਸੜਕ ਦੇ ਵਿਚਕਾਰ ਬਣੇ ਸੀਵਰੇਜ ਮੈਨਹੋਲ ਦਾ ਢੱਕਣ ਸੜਕ ਦੇ ਪੱਧਰ ਦੇ ਬਰਾਬਰ ਨਹੀਂ ਸੀ, ਬਲਕਿ ਕਾਫ਼ੀ ਉੱਚਾ ਸੀ। ਅਚਾਨਕ ਮੋਟਰਸਾਈਕਲ ਉਸ ਉੱਚੇ ਢੱਕਣ ਦੇ ਉੱਪਰ ਚੜ੍ਹਨ ਕਾਰਨ ਬੇਕਾਬੂ ਹੋ ਗਿਆ, ਜਿਸ ਨਾਲ ਲਖਬੀਰ ਸਿੰਘ ਦੀ ਪਤਨੀ ਜੋਤੀ ਅਤੇ 6 ਮਹੀਨੇ ਦਾ ਬੇਟਾ ਮਨਵੀਰ ਸਿੰਘ ਸੜਕ ‘ਤੇ ਜਾ ਡਿੱਗੇ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਹਾਦਸਾ ਵਾਪਰਦੇ ਹੀ ਆਸ-ਪਾਸ ਦੇ ਲੋਕਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਵਾਂ ਜ਼ਖ਼ਮੀਆਂ ਨੂੰ ਇੱਕ ਨਿੱਜੀ ਵਾਹਨ ਰਾਹੀਂ ਤੁਰੰਤ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਹਸਪਤਾਲ ਵਿੱਚ ਡਿਊਟੀ ‘ਤੇ ਮੌਜੂਦ ਡਾਕਟਰਾਂ ਨੇ 6 ਮਹੀਨੇ ਦੇ ਮਾਸੂਮ ਮਨਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ ਗੰਭੀਰ ਰੂਪ ਵਿੱਚ ਜ਼ਖ਼ਮੀ ਮਾਂ ਜੋਤੀ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ।
ਇਸ ਦੁਖਦਾਈ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਵਿੱਚ ਪ੍ਰਸ਼ਾਸਨ ਦੇ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮ੍ਰਿਤਕ ਦੇ ਰਿਸ਼ਤੇਦਾਰ ਗੁਰਬਚਨ ਸਿੰਘ ਨੇ ਦੋਸ਼ ਲਗਾਇਆ ਕਿ ਇਹ ਹਾਦਸਾ ਸਿੱਧੇ ਤੌਰ ‘ਤੇ ਪ੍ਰਸ਼ਾਸਨਿਕ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸੜਕ ‘ਤੇ ਉੱਚੇ ਪਏ ਸੀਵਰੇਜ ਮੈਨਹੋਲ ਕਾਰਨ ਇਸ ਜਗ੍ਹਾ ‘ਤੇ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ, ਪਰ ਪ੍ਰਸ਼ਾਸਨ ਨੇ ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਇਸ ਨੂੰ ਠੀਕ ਨਹੀਂ ਕਰਵਾਇਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਸਮੇਂ ਸਿਰ ਜਾਗ ਜਾਂਦਾ ਤਾਂ ਅੱਜ ਇੱਕੋ ਪਰਿਵਾਰ ਦੀਆਂ ਦੋ ਕੀਮਤੀ ਜਾਨਾਂ ਨਾ ਜਾਂਦੀਆਂ ਅਤੇ ਇੱਕ ਹੱਸਦਾ-ਖੇਡਦਾ ਘਰ ਉਜੜਨੋਂ ਬਚ ਜਾਂਦਾ।






