Punjab News: ਅਧਿਆਪਕ ਵਿਰੁੱਧ FIR ਦਰਜ! ਵਿਦਿਆਰਥੀ ਖ਼ੁਦਕੁਸ਼ੀ ਮਾਮਲੇ ‘ਚ ਹੋਈ ਕਾਰਵਾਈ

 

ਅਧਿਆਪਕ ਵਿਰੁੱਧ FIR ਦਰਜ! ਵਿਦਿਆਰਥੀ ਖ਼ੁਦਕੁਸ਼ੀ ਮਾਮਲੇ ‘ਚ ਹੋਈ ਕਾਰਵਾਈ!

ਕਿਤਾਬਾਂ ਦੇ ਬਹਾਨੇ ਕਥਿਤ ਮਾਨਸਿਕ ਪਰੇਸ਼ਾਨੀ ਨੇ ਲਈ ਵਿਦਿਆਰਥੀ ਦੀ ਜਾਨ; ਰੋਡੇ ਕਾਲਜ ਦਾ ਅਧਿਆਪਕ ਪੁਲਿਸ ਸ਼ਿਕੰਜੇ ‘ਚ।

ਫਰੀਦਕੋਟ, 6 ਮਈ 2026- ਫਰੀਦਕੋਟ ਦੇ ਪਿੰਡ ਸੁਖਾਂਵਾਲਾ ਦੇ ਇੱਕ 20 ਸਾਲਾ ਵਿਦਿਆਰਥੀ ਯੋਗੇਸ਼ ਸ਼ਰਮਾ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।

ਸਦਰ ਪੁਲਿਸ ਸਟੇਸ਼ਨ ਫਰੀਦਕੋਟ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਗੁਰੂ ਤੇਗ ਬਹਾਦਰਗੜ੍ਹ (ਰੋਡੇ) ਸਥਿਤ ਗੁਰੂ ਨਾਨਕ ਸਰਕਾਰੀ ਕਾਲਜ ਦੇ ਅਧਿਆਪਕ ਹਰਦੀਪ ਸਿੰਘ ਬਰਾੜ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਮ੍ਰਿਤਕ ਦੇ ਪਿਤਾ ਗੁਰਸੇਵਕ ਪਾਲ ਅਨੁਸਾਰ, ਬੀ.ਏ. ਪਹਿਲੇ ਸਾਲ ਦਾ ਵਿਦਿਆਰਥੀ ਯੋਗੇਸ਼ 24 ਅਪ੍ਰੈਲ 2026 ਨੂੰ ਕਾਲਜ ਲਈ ਘਰੋਂ ਨਿਕਲਿਆ ਸੀ।

ਉਸ ਨੇ ਆਪਣੇ ਚਾਚੇ ਨੂੰ ਫ਼ੋਨ ਕਰਕੇ ਗੂਗਲ ਪੇ ਰਾਹੀਂ ਪੈਸਿਆਂ ਦੀ ਮੰਗ ਕੀਤੀ ਸੀ ਅਤੇ ਦੱਸਿਆ ਸੀ ਕਿ ਅਧਿਆਪਕ ਹਰਦੀਪ ਸਿੰਘ ਬਰਾੜ, ਜੋ ਲਾਇਬ੍ਰੇਰੀ ਇੰਚਾਰਜ ਵੀ ਹਨ, ਰੋਲ ਨੰਬਰ ਜਾਰੀ ਕਰਨ ਅਤੇ ਲਾਇਬ੍ਰੇਰੀ ਦੀਆਂ ਕਿਤਾਬਾਂ ਦੇ ਬਦਲੇ ਰਕਮ ਦੀ ਮੰਗ ਕਰ ਰਹੇ ਹਨ।

ਪਰਿਵਾਰ ਦਾ ਦੋਸ਼ ਹੈ ਕਿ ਅਧਿਆਪਕ ਵੱਲੋਂ ਕਥਿਤ ਤੌਰ ‘ਤੇ ਜ਼ਲੀਲ ਕੀਤੇ ਜਾਣ ਕਾਰਨ ਯੋਗੇਸ਼ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋ ਗਿਆ ਅਤੇ ਉਸ ਨੇ 25 ਅਪ੍ਰੈਲ ਨੂੰ ਸਰਹਿੰਦ ਨਹਿਰ ਵਿੱਚ ਛਾਲ ਮਾਰ ਦਿੱਤੀ।

ਯੋਗੇਸ਼ ਦੀ ਭਾਲ ਤੋਂ ਬਾਅਦ 2 ਮਈ ਨੂੰ ਉਸ ਦੀ ਲਾਸ਼ ਫਾਜ਼ਿਲਕਾ ਜ਼ਿਲ੍ਹੇ ਵਿੱਚ ਪੈਂਦੀ ਅਬੋਹਰ ਬ੍ਰਾਂਚ ਨਹਿਰ ਤੋਂ ਬਰਾਮਦ ਹੋਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਯੋਗੇਸ਼ ਨੇ ਆਪਣੀ ਇੰਸਟਾਗ੍ਰਾਮ ਆਈਡੀ ‘ਤੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਸੀ।

ਇਸ ਪੋਸਟ ਵਿੱਚ ਉਸ ਨੇ ਲਿਖਿਆ ਸੀ ਕਿ “ਰੋਡੇ ਕਾਲਜ ਦੇ ਮੋਟੇ ਸਰ ਨੂੰ ਸਜ਼ਾ ਦਿੱਤੀ ਜਾਵੇ” ਅਤੇ ਪਰਿਵਾਰ ਨੂੰ ਯਾਦ ਕਰਨ ਦੀ ਗੱਲ ਕਹੀ ਸੀ।

ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਅਤੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਅਧਿਆਪਕ ਹਰਦੀਪ ਸਿੰਘ ਬਰਾੜ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।