ਅਧਿਆਪਕਾਂ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਖਿਲਾਫ਼ ਫੁੱਟਿਆ ਗੁੱਸਾ! DEO ਸੈਕੰਡਰੀ ਸੰਗਰੂਰ ਵੱਲੋਂ ਮੀਟਿੰਗ ‘ਚ ਅਧਿਆਪਕਾਂ ਪ੍ਰਤੀ ਵਿਵਹਾਰ ਬਾਰੇ ਮੁੜ ਵਿਚਾਰ ਕਰਨ ਦਾ ਭਰੋਸਾ
ਸੰਗਰੂਰ, 5 ਅਗਸਤ 2026- ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਸੰਗਰੂਰ ਦੀ ਮੀਟਿੰਗ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਗਰੂਰ ਨਾਲ ਹੋਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਤੇ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਪਿਛਲੇ ਦਿਨੀਂ ਜਥੇਬੰਦੀ ਵੱਲੋਂ ਅਧਿਆਪਕਾਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਅਧਾਰ ‘ਤੇ ਉਕਤ ਅਧਿਕਾਰੀ ਦੇ ਅਧਿਆਪਕਾਂ ਨਾਲ ਮਾੜੇ ਵਿਵਹਾਰ ਦੇ ਵਿਰੋਧ ਵਿੱਚ ਉਸ ਵਿਰੁੱਧ 4 ਅਗਸਤ ਨੂੰ ‘ਦਹਿਸ਼ਤ ਤੋੜੋ ਰੈਲੀ’ ਦਾ ਐਲਾਨ ਕੀਤਾ ਸੀ।
ਇਸ ਉਪਰੰਤ ਅਧਿਕਾਰੀ ਵੱਲੋਂ ਜਥੇਬੰਦੀ ਨੂੰ ਮੀਟਿੰਗ ਦਾ ਲਿਖਤੀ ਸੁਨੇਹਾ ਦਿੱਤਾ ਗਿਆ, ਜਿਸ ਤਹਿਤ ਇਹ ਮੀਟਿੰਗ ਹੋਈ। ਅਧਿਕਾਰੀ ਦੇ ਅਧਿਆਪਕਾਂ ਨਾਲ ਵਿਵਹਾਰ ਦਾ ਏਜੰਡਾ ਮੁੱਖ ਤੌਰ ‘ਤੇ ਵਿਸਥਾਰ ਨਾਲ ਵਿਚਾਰਿਆ ਗਿਆ। ਜਥੇਬੰਦੀ ਵੱਲੋਂ ਤੱਥਾਂ ਅਤੇ ਦਲੀਲਾਂ ਸਹਿਤ ਅਧਿਆਪਕਾਂ ਦਾ ਪੱਖ ਰੱਖਿਆ ਗਿਆ ਅਤੇ ਰੋਸ ਪ੍ਰਗਟ ਕੀਤਾ ਗਿਆ। ਅਧਿਕਾਰੀ ਵੱਲੋਂ ਵਿਸ਼ਵਾਸ਼ ਦਵਾਇਆ ਗਿਆ ਕਿ ਉਹ ਆਪਣੇ ਵਿਵਹਾਰ ਉੱਤੇ ਮੁੜ ਵਿਚਾਰ ਕਰਨਗੇ ਅਤੇ ਲੋੜ ਅਨੁਸਾਰ ਸੁਧਾਰ ਕਰਨਗੇ।
ਸ੍ਰੀਮਤੀ ਸੁਖਦੀਪ ਕੌਰ ਅਧਿਆਪਕਾ ਸਰਕਾਰੀ ਹਾਈ ਸਕੂਲ ਬਮਾਲ ਦੀ ਬੇਨਿਯਮੀ ਡੈਪੂਟੇਸ਼ਨ ਦੇ ਮੁੱਦੇ ‘ਤੇ ਡੀ.ਈ.ਓ. ਨੇ ਮੰਨਿਆ ਕਿ ਹਾਲਾਂਕਿ ਉਹਨਾਂ ਦੁਆਰਾ ਅਧਿਆਪਕਾ ਦੀ ਜਗ੍ਹਾ ‘ਤੇ 27 ਜੁਲਾਈ ਨੂੰ ਹੀ ਬਦਲਵਾਂ ਅਧਿਆਪਕ ਭੇਜ ਦਿੱਤਾ ਗਿਆ ਸੀ ਪ੍ਰੰਤੂ ਲਿਖਤੀ ਹੁਕਮ ਕੱਢਣ ਵਿੱਚ ਦੇਰੀ ਨਾਲ ਇਹ ਮਸਲਾ ਵਿਗੜ ਗਿਆ। ਅਧਿਕਾਰੀ ਨੇ ਜਥੇਬੰਦੀ ਦੁਆਰਾ ਰੱਖੇ ਇਤਰਾਜਾਂ ਸਬੰਧੀ ਭਵਿੱਖ ਵਿੱਚ ਖਿਆਲ ਰੱਖਣ ਦਾ ਭਰੋਸਾ ਦਿੱਤਾ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਪ੍ਰੈੱਸ ਸਕੱਤਰ ਜਸਬੀਰ ਨਮੋਲ ਤੇ ਸੀਨੀਅਰ ਆਗੂਆਂ ਬਲਬੀਰ ਲੌਂਗੋਵਾਲ ਤੇ ਗੁਰਚਰਨ ਖੋਖਰ ਨੇ ਕਿਹਾ ਕਿ ਭਵਿੱਖ ਵਿੱਚ ਜੇਕਰ ਜ਼ਰੂਰਤ ਮਹਿਸੂਸ ਹੋਈ ਤਾਂ ਇਸ ਮਸਲੇ ਵਿੱਚ ਜਥੇਬੰਦੀ ਕਰੜੇ ਜਥੇਬੰਦਕ ਐਕਸ਼ਨ ਲੈਣ ਤੋਂ ਝਿਜਕੇਗੀ ਨਹੀਂ।
ਉਹਨਾਂ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਭਵਿੱਖ ਵਿੱਚ ਉਕਤ ਜਾਂ ਕਿਸੇ ਵੀ ਹੋਰ ਅਧਿਕਾਰੀ ਦੁਆਰਾ ਉਹਨਾਂ ਨਾਲ ਕੋਈ ਵਧੀਕੀ ਕੀਤੀ ਜਾਂਦੀ ਹੈ ਤਾਂ ਉਹ ਤੁਰੰਤ ਜਥੇਬੰਦੀ ਦੇ ਧਿਆਨ ਵਿੱਚ ਲਿਆਉਣ ਜਾਵੇ ਤਾਂ ਕਿ ਅਧਿਆਪਕ ਦਾ ਰੁਤਬਾ ਕਾਇਮ ਰੱਖਿਆ ਜਾ ਸਕੇ ਅਤੇ ਮਾਣ-ਸਨਮਾਨ ਨਾਲ ਨੌਕਰੀ ਕਰਨ ਦੇ ਲੋਕਤੰਤਰੀ ਹੱਕ ਨੂੰ ਬਹਾਲ ਰੱਖਿਆ ਜਾ ਸਕੇ। ਵਫ਼ਦ ਵਿੱਚ ਉਕਤ ਤੋਂ ਇਲਾਵਾ ਬਲਾਕਾਂ ਦੇ ਆਗੂ ਸੁਖਦੀਪ ਸਿੰਘ, ਸੰਜੀਵ ਭੀਖੀ, ਰਵਿੰਦਰ ਸੁਨਾਮ, ਚੰਦਰ ਸ਼ੇਖਰ, ਵਿਨੋਦ ਮੂਣਕ ਤੇ ਜਸਵਿੰਦਰ ਸ਼ਾਹਪੁਰ ਸ਼ਾਮਿਲ ਸਨ।
















